ਰੁਝਾਨ ਖ਼ਬਰਾਂ
ਦੁਨੀਆ ਭਰ ਦੇ ਸਿਆਸਤਦਾਨ ਅਤੇ ਮਸ਼ਹੂਰ ਹਸਤੀਆਂ ਕਿਸਾਨ ਅੰਦੋਲਨ ਦੇ ਸਮੱਰਥਨ ‘ਚ ਨਿੱਤਰੀਆਂ

ਦੁਨੀਆ ਭਰ ਦੇ ਸਿਆਸਤਦਾਨ ਅਤੇ ਮਸ਼ਹੂਰ ਹਸਤੀਆਂ ਕਿਸਾਨ ਅੰਦੋਲਨ ਦੇ ਸਮੱਰਥਨ ‘ਚ ਨਿੱਤਰੀਆਂ

ਸਰੀ, (ਇਸ਼ਪ੍ਰੀਤ ਕੌਰ): ਭਾਰਤ ‘ਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਅਮਰੀਕਾ ਦੀ ਪੌਪ ਗਾਇਕਾ ਰੀਹਾਨਾ ਦੇ ਟੀਵਟ ਤੋਂ ਬਾਅਦ ਇੱਕ ਨਵੀਂ ਦਿਸ਼ਾ ਮਿਲੀ ਹੈ। ਰੀਹਾਨਾ ਦੇ ਟਵੀਟ ਤੋਂ ਬਾਅਦ ਦੁਨੀਆ ਭਰ ‘ਚ ਸਿਆਸਤਦਾਨਾਂ ਅਤੇ ਮਸ਼ਹੂਰ ਹਸਤੀਆਂ ਨੇ ਵੀ ਕਿਸਾਨ ਅੰਦੋਲਨ ਦਾ ਸਮੱਰਥਨ ਕੀਤਾ ਹੈ। ਅਮਰੀਕਾ ਦੀ ਮਸ਼ਹੂਰ ਗਾਇਕਾ ਰੋਬਿਨ ਰੀਹਾਨਾ ਨੇ ਟਵੀਟ ਕਰਿਦਆ ਸੁਆਲ ਕੀਤਾ ਹੈ ਕਿ ”ਆਪਾਂ ਇਹਨਾਂ ਦੀ ਗੱਲ ਕਿਉਂ ਨਹੀਂ ਕਰ ਰਹੇ”। ਇਸ ਟਵੀਟ ਤੋਂ ਬਾਅਦ ਦੁਨੀਆ ਭਰ ਦੀਆਂ ਕਈ ਹਸਤੀਆਂ ਨੇ ਕਿਸਾਨ ਅੰਦੋਲਨ ਦਾ ਸਮੱਰਥਨ ਕੀਤਾ। ਗ੍ਰੇਟਾ ਥੰਨਬਰਗ ਨੇ ਵੀ ਕਿਸਾਨ ਅੰਦੋਲਨ ਦਾ ਸਮੱਥਨ ਕਰਦਿਆ ਟਵੀਟ ਕੀਤਾ ਜਿਸ ਤੋਂ ਬਾਅਦ ਭਾਰਤ ਸਰਕਾਰ ਦੀ ਦੁਨੀਆ ਭਰ ‘ਚ ਹੋ ਰਹੀ ਇਸ ਬਦਨਾਮੀ ਤੋਂ ਬੌਖਲਾਏ ਬੀ.ਜੇ.ਪੀ. ਦੇ ਕਈ ਸਮੱਰਥਕਾਂ ਨੇ ਗ੍ਰੇਟਾ ਥਨਬਰਗ ਦੇ ਪੋਸਟ ਵੀ ਸਾੜੇ। ਗ੍ਰੇਟਾ ਨੇ ਟਵੀਟ ਕੀਤਾ ਸੀ ਜਿਸ ਵਿਚ ਉਸ ਨੇ ਕਿਹਾ ਸੀ ਕਿ ਸਾਰੇ ਭਾਰਤ ਦੇ ਕਿਸਾਨਾਂ ਪ੍ਰਤੀ ਇਕਜੁੱਟ ਹਨ।
ਖਾਸ ਗੱਲ ਇਹ ਹੈ ਕਿ ਇਸ ਦੌਰਾਨ ਇਕ ਦਸਤਾਵੇਜ਼ ਵੀ ਸ਼ੇਅਰ ਕੀਤਾ ਗਿਆ ਸੀ। ਇਸ ਵਿਚ ਭਾਰਤ ਸਰਕਾਰ ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਦਬਾਅ ਬਣਾਉਣ ਦੀ ਯੋਜਨਾ ਲਿਖੀ ਹੋਈ ਸੀ। ਇਸ ਯੋਜਨਾ ਨੂੰ ਪੰਜ ਪੱਧਰਾਂ ‘ਤੇ ਵੀ ਵੰਡਿਆ ਗਿਆ ਹੈ। ਇਸ ਦੇ ਨਾਲ ਹੀ ਕਿਸਾਨ ਅੰਦੋਲਨ ਦਾ ਸਮੱਰਥਨ ਕਰਦਿਆ ਅਮਰੀਕਨ ਫੁੱਟਬਾਲ ਟੀਮ ਦੇ ਖਿਡਾਰੀ ਵੱਲੋਂ 10,000 ਹਜ਼ਾਰ ਡਾਲਰ ਦੀ ਰਕਮ ਭਾਰਤ ਦੇ ਕਿਸਾਨਾਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਦਰਅਸਲ, ਇਸ ਸਬੰਧੀ ਸਮਿੱਥ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ । ਉਸਨੇ ਟਵੀਟ ਕਰਦਿਆਂ ਲਿਖਿਆ,” ”ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਮੈਂ ਕਿਸਾਨ ਅੰਦੋਲਨ ਦੌਰਾਨ ਜਾਨਾਂ ਬਚਾਉਣ ਲਈ ਭਾਰਤ ਵਿੱਚ ਕਿਸਾਨਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ $10,000 ਦਾਨ ਕੀਤੇ ਹਨ । ਮੈਨੂੰ ਉਮੀਦ ਹੈ ਕਿ ਅਸੀਂ ਕਿਸੇ ਦੀ ਅਤਿਰਿਕਤ ਜ਼ਿੰਦਗੀ ਨੂੰ ਗੁਆਚਣ ਤੋਂ ਰੋਕ ਸਕਦੇ ਹਾਂ।” ਇਸ ਖਿਡਾਰੀ ਵੱਲੋਂ ਇਹ ਰਕਮ ਕਿਸਾਨਾਂ ਦੀ ਮੈਡੀਕਲ ਹੈਲਪ ਲਈ ਦਿੱਤੀ ਗਈ ਹੈ।
ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਨੇ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਨੇ ਬੁੱਧਵਾਰ ਨੂੰ ਟਵੀਟ ਵਿਚ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਲੋਕਤੰਤਰ ਖਤਰੇ ਵਿਚ ਹੈ।
ਮੀਨਾ ਨੇ ਅੱਗੇ ਲਿਖਿਆ,”ਕੱਟੜਪੰਥੀ ਰਾਸ਼ਟਰਵਾਦ ਅਮਰੀਕੀ ਰਾਜਨੀਤੀ, ਭਾਰਤ ਜਾਂ ਕਿਸੇ ਹੋਰ ਦੂਜੀ ਜਗ੍ਹਾ ‘ਤੇ ਉਨੀ ਹੀ ਵੱਡੀ ਤਾਕਤ ਹੈ। ਇਸ ਨੂੰ ਉਦੋਂ ਹੀ ਰੋਕਿਆ ਜਾ ਸਕਦਾ ਹੈ ਜਦੋਂ ਲੋਕ ਇਸ ਅਸਲੀਅਤ ਨੂੰ ਮਹਿਸੂਸ ਕਰ ਸਕਣ ਕਿ ਫਾਸੀਵਾਦ ਤਾਨਾਸ਼ਾਹ ਕਿਤੇ ਨਹੀਂ ਜਾਣ ਵਾਲਾ ਜਦੋਂ ਤੱਕ ਕਿ ਅਸੀਂ ਸੰਗਠਿਤ ਨਹੀਂ ਹੋਵਾਂਗੇ।” ਜ਼ਿਕਰਯੋਗ ਹੈ ਕਿ ਅਮਰੀਕਾ ਦੇ ਮੀਡੀਆ ਵੱਲੋਂ ਭਾਰਤ ਦੇ ਕਿਸਾਨੀ ਸੰਘਰਸ਼ ਬਾਬਤ ਤੱਥਾਂ ਦੇ ਅਧਾਰਿਤ ਰਿਪੋਰਟ ਪੇਸ਼ ਕਰਨ ਤੋਂ ਬਾਅਦ ਦੁਨੀਆ ਭਰ ਵਿੱਚ ਇਸ ਸੰਘਰਸ਼ ਨੂੰ ਵੱਡੀ ਗਿਣਤੀ ਵਿੱਚ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ।
ਉਧਰ ਬ੍ਰਿਟੇਨ ‘ਚ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦੇ ਹੱਕਾਂ, ਉਨ੍ਹਾਂ ਦੀ ਸੁਰੱਖਿਆ ਅਤੇ ਪ੍ਰੈਸ ਦੀ ਆਜ਼ਾਦੀ ਨੂੰ ਲੈ ਕੇ ਕੌਂਸਲਰ ਗੁਰਚਰਨ ਸਿੰਘ ਮੇਡਨਹੈੱਡ ਵਲੋਂ ਪਾਈ ਪਟੀਸ਼ਨ ‘ਤੇ ਹੁਣ ਤੱਕ 1 ਲੱਖ 5 ਹਜ਼ਾਰ ਤੋਂ ਵੱਧ ਲੋਕਾਂ ਨੇ ਦਸਤਖ਼ਤ ਕੀਤੇ ਹਨ, ਜਿਸ ਤਹਿਤ ਯੂ.ਕੇ. ਦੀ ਸੰਸਦ ਵਿਚ ਇਸ ਮੁੱਦੇ ‘ਤੇ ਬਹਿਸ ਹੋਣੀ ਹੁਣ ਲਾਜ਼ਮੀ ਹੈ।
ਯੂ.ਕੇ. ਦੇ ਸੰਸਦੀ ਨਿਯਮਾਂ ਅਨੁਸਾਰ ਜੇ ਕਿਸੇ ਪਟੀਸ਼ਨ ‘ਤੇ 10 ਹਜ਼ਾਰ ਲੋਕ ਦਸਤਖ਼ਤ ਕਰਦੇ ਹਨ ਤਾਂ ਸਰਕਾਰ ਨੂੰ ਉਸ ਦਾ ਜਵਾਬ ਦੇਣਾ ਹੁੰਦਾ ਹੈ, ਜੇ ਕਿਸੇ ਪਟੀਸ਼ਨ ਤੇ 1 ਲੱਖ ਤੋਂ ਵੱਧ ਦਸਤਖ਼ਤ ਹੁੰਦੇ ਹਨ ਤਾਂ ਉਸ ਮੁੱਦੇ ‘ਤੇ ਸੰਸਦ ਵਿਚ ਬਹਿਸ ਕਰਵਾਉਣੀ ਹੁੰਦੀ ਹੈ। ਪਰ ਇਹ ਬਹਿਸ ਕਦੋਂ ਹੋਵੇਗੀ ਇਸ ਬਾਰੇ ਅਜੇ ਸਪੱਸ਼ਟ ਨਹੀਂ। ਕਿਉਂਕਿ ਕੋਰੋਨਾ ਕਾਰਨ ਲੱਗੀ ਤਾਲਾਬੰਦੀ ਵਜੋਂ ਪਾਬੰਦੀਆਂ ਲੱਗੀਆਂ ਹੋਈਆਂ ਹਨ, ਸੰਸਦੀ ਪਟੀਸ਼ਨ ਕਮੇਟੀ ਇਸ ਲਈ ਆਨਲਾਈਨ ਜਾਂ ਹੋਰ ਕੋਈ ਰਸਤਾ ਕੱਢਦੀ ਹੈ ਤਾਂ ਇਹ ਸਮਾਂ ਹੀ ਦੱਸੇਗਾ।