Copyright © 2019 - ਪੰਜਾਬੀ ਹੇਰਿਟੇਜ
ਫੈਡਰਲ ਚੋਣਾਂ ਲਈ ਐਡਵਾਂਸ ਵੋਟਿੰਗ 11 ਤੋਂ 14 ਅਕਤੂਬਰ ਤੱਕ, ਤਿਆਰੀਆਂ ਮੁਕੰਮਲ

ਫੈਡਰਲ ਚੋਣਾਂ ਲਈ ਐਡਵਾਂਸ ਵੋਟਿੰਗ 11 ਤੋਂ 14 ਅਕਤੂਬਰ ਤੱਕ, ਤਿਆਰੀਆਂ ਮੁਕੰਮਲ

ਵੈਨਕੂਵਰ, : ਆਮ ਚੋਣਾਂ ਵਿਚ ਵੱਧ ਤੋਂ ਵੱਧ ਪੋਲਿੰਗ ਯਕੀਨੀ ਬਣਾਉਣ ਖ਼ਾਤਰ ਇਲੈਕਸ਼ਨਜ਼ ਕੈਨੇਡਾ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ 11 ਅਕਤੂਬਰ ਤੋਂ 14 ਅਕਤੂਬਰ ਤੱਕ ਹੋਣ ਵਾਲੀ ਐਡਵਾਂਸ ਪੋਲਿੰਗ ਲਈ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਕੈਨੇਡਾ ਦੇ 2 ਕਰੋੜ 80 ਲੱਖ ਲੋਕਾਂ ਨੂੰ ਵੋਟਰ ਜਾਣਕਾਰੀ ਕਾਰਡ ਭੇਜੇ ਗਏ ਹਨ ਜੋ ਇਸ ਹਫ਼ਤੇ ਦੇ ਅੰਤ ਤੱਕ ਉਨਾਂ ਕੋਲ ਪਹੁੰਚ ਜਾਣਗੇ। ਇਲੈਕਸ਼ਨਜ਼ ਕੈਨੇਡਾ ਨੇ ਦੱਸਿਆ ਕਿ ਜਿਹੜੇ ਲੋਕ 21 ਅਕਤੂਬਰ ਨੂੰ ਆਪਣੇ ਸ਼ਹਿਰ ਵਿਚ ਨਹੀਂ ਹੋਣਗੇ ਉਨਾਂ ਵਾਸਤੇ ਐਡਵਾਂਸ ਪੋਲਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਵੋਟਰ ਕਾਰਡ ਵਿਚ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਜਿਹੜੇ ਵੋਟਰਾਂ ਨੂੰ ਇਸ ਹਫ਼ਤੇ ਦੇ ਅੰਤ ਤੱਕ ਵੋਟਰ ਕਾਰਡ ਨਹੀਂ ਮਿਲਦੇ, ਉਨਾਂ ਨੂੰ ਖ਼ੁਦ ਰਿਟਰਨਿੰਗ ਅਫ਼ਸਰ ਕੋਲ ਜਾ ਕੇ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਜਾਂ ਉਹ ਆਨਲਾਈਨ ਰਜਿਸਟ੍ਰੇਸ਼ਨ ਵੀ ਕਰਵਾਈ ਜਾ ਸਕਦੀ ਹੈ। ਰਜਿਸਟ੍ਰੇਸ਼ਨ ਵਾਸਤੇ ਲਾਜ਼ਮੀ ਹੈ ਕਿ ਸਬੰਧਤ ਸ਼ਖਸ ਕੈਨੇਡੀਅਨ ਸਿਟੀਜ਼ਨ ਹੋਵੇ ਅਤੇ ਉਸ ਦੀ ਉਮਰ 18 ਸਾਲ ਜਾਂ ਇਸ ਤੋਂ ਉਪਰ ਹੋਵੇ। ਆਪਣੀ ਸ਼ਨਾਖ਼ਤ ਦੇ ਸਬੂਤ ਵਜੋਂ ਸਬੰਧਤ ਸ਼ਖਸ ਡਰਾਇਵਿੰਗ ਲਾਇਸੰਸ ਪੇਸ਼ ਕਰ ਸਕਦਾ ਹੈ। ਇਸ ਤੋਂ ਇਲਾਵਾ ਫ਼ੈਡਰਲ ਜਾਂ ਸੂਬਾ ਸਰਕਾਰ ਦੁਆਰਾ ਜਾਰੀ ਆਈ.ਡੀ. ਕਾਰਡ ਵੀ ਪ੍ਰਵਾਨ ਕੀਤੇ ਜਾਣਗੇ।