Copyright & copy; 2019 ਪੰਜਾਬ ਟਾਈਮਜ਼, All Right Reserved
ਸਚ ਖੰਡਿ ਵਸੈ ਨਿਰੰਕਾਰੁ

ਸਚ ਖੰਡਿ ਵਸੈ ਨਿਰੰਕਾਰੁ

ਸੈਂਤੀਵੀਂ ਪਉੜੀ ਦੇ ਦੂਜੇ ਅੱਧ ਵਿਚ ਗੁਰੂ ਸਾਹਿਬ ਸਚ ਖੰਡ ਦਾ ਜ਼ਿਕਰ ਕਰਦੇ ਹਨ। ਇਹ ਸਚ ਖੰਡ ਕੀ ਹੈ? ਸਾਧਾਰਨ ਤੇ ਵਿਸ਼ੇਸ਼-ਦੋਵੇਂ ਅਰਥਾਂ ਵਿਚ ਇਹ ਖੰਡ ਸਚ ਦੇ ਅਧਿਕਾਰ (ਧੋਮਅਨਿ) ਵਾਲਾ ਖੇਤਰ ਹੈ, ਜਿੱਥੇ ਪਰਮ-ਸਤਿ ਦਾ ਨਿਵਾਸ ਹੈ; ਪਰ ਇਹ ਖੇਤਰ ਹੈ ਕਿਥੇ? ਅਧਿਆਤਮਵਾਦੀਆਂ ਦੀ ਸੁਣੋ ਤਾਂ ਇਹ ਦੂਰ ਕਿਤੇ ਅਸਮਾਨ ਵਿਚ ਜਾਂ ਦੂਜੀ ਦੁਨੀਆਂ ਵਿਚ ਹੈ। ਉਹ ਇਹ ਵੀ ਕਹਿ ਸਕਦੇ ਹਨ ਕਿ ਉਸ ਦੇ ਘਰ ਦਾ ਕਿਸੇ ਨੂੰ ਨਹੀਂ ਪਤਾ। ਪਤਾ ਨਾ ਹੋਣਾ ਕੋਈ ਦਲੀਲ ਨਹੀਂ, ਕਿਉਂਕਿ ਇਸ ਦਾ ਬਾਣੀ ਨਾਲ ਕੋਈ ਸਬੰਧ ਨਹੀਂ।

ਜਦੋਂ ਗੁਰੂ ਸਾਹਿਬ ਨੇ ਲਿਖਿਆ ਹੈ ਤਾਂ ਇਹ ਮੰਨ ਕੇ ਚਲਣਾ ਪਵੇਗਾ ਕਿ ਇਹ ਕਿਤੇ ਤਾਂ ਹੈ ਅਤੇ ਜਿੱਥੇ ਕਿਤੇ ਇਹ ਹੈ, ਨਿਰੰਕਾਰ ਵੀ ਉੱਥੇ ਹੀ ਹੈ। ਕਈ ਅਜੋਕੇ ਸਿੱਖ ਵਿਦਵਾਨ ਕਹਿੰਦੇ ਹਨ ਕਿ ਇਹ ਖੰਡ ਮਨੁੱਖ ਦੇ ਦਿਮਾਗ ਵਿਚ ਹੈ। ਅਰਥਾਤ ਇਹ ਉੱਥੇ ਹੈ, ਜਿੱਥੇ ਉਹ ਕਹਿੰਦੇ ਹਨ ਕਿ ‘ਦਸਵਾਂ ਦਵਾਰ’ ਹੈ। ਉਨ੍ਹਾਂ ਅਨੁਸਾਰ ਭਗਤੀਆਂ ਤੇ ਤਪਸਿਆਵਾਂ ਉਪਰੰਤ ਇਸ ਦਵਾਰ ਦੇ ਖੁਲ੍ਹਣ ਨਾਲ ਹੀ ਸਚ ਖੰਡ ਵਿਚ ਪ੍ਰਵੇਸ਼ ਕਰੀਦਾ ਹੈ ਤੇ ਉੱਥੇ ਨਿਰੰਕਾਰ ਦੇ ਦਰਸ਼ਨ ਹੁੰਦੇ ਹਨ; ਪਰ ਗੁਰੂ ਸਾਹਿਬ ਤਾਂ ਕਹਿੰਦੇ ਹਨ ਕਿ ਉਹ ਕੁਦਰਤ ਵਿਚ ਵਸਦਾ ਹੈ। ਇਸ ਤਰ੍ਹਾਂ ਸਚ ਖੰਡ ਮਨੁੱਖੀ ਸਿਰ ਵਿਚ ਨਹੀਂ, ਸਗੋਂ ਕੁਦਰਤ ਵਿਚ ਹੈ। ਤਾਂ ਫਿਰ ਦਸਮ ਦਵਾਰ ਦੀ ਗੱਲ ਮਨ-ਘੜ੍ਹਤ ਹੈ ਅਰਥਾਤ ਇਹ ਇਕ ਅਧਿਆਤਮਵਾਦੀ ਤੁੱਕਾ ਹੈ। ਇਸ ਦਾ ਮਤਲਬ ਹੋਇਆ ਕਿ ਦਸਮ ਦੁਆਰ ਖੋਲ੍ਹਣ ਦੀ ਆਸ ਵਿਚ ਧਿਆਨ-ਤਪੱਸਿਆਵਾਂ ਕਰਨਾ ਕਰਮ ਕਾਂਡ ਹੈ, ਪਰ ਕੁਝ ਵੀ ਕਹੋ ਅਜੋਕੇ ਵਿਦਵਾਨ ਦਸਮ ਦਵਾਰ ਨੂੰ ਹੱਥੋਂ ਨਹੀਂ ਨਿਕਲਣ ਦਿੰਦੇ। ਮੁੜ ਆਪਣੀ ਗੱਲ ‘ਤੇ ਆਉਂਦੇ ਉਹ ਕਹਿੰਦੇ ਹਨ ਕਿ ਪਰਮ-ਸਤਿ ਭਾਵੇਂ ਵਸਦਾ ਸ੍ਰਿਸ਼ਟੀ ਵਿਚ ਹੈ, ਪਰ ਉਸ ਦਾ ਅਨੁਭਵ ਤਾਂ ਮੱਥੇ ਵਾਲਾ ਦਸਮ ਦਵਾਰ ਖੁਲ੍ਹਣ ਨਾਲ ਹੀ ਹੁੰਦਾ ਹੈ। ਉਹ ਸਮਝਦੇ ਹਨ ਕਿ ਬਾਦਸ਼ਾਹ ਭਾਵੇਂ ਕਿਸੇ ਕਮਰੇ ਵਿਚ ਬੈਠਾ ਹੋਵੇ, ਪਰ ਉਸ ਨੂੰ ਮਿਲਣ ਤਾਂ ਮਹਿਲ ਦੇ ਦਰਵਾਜੇ ਥਾਣੀਂ ਜਾਣਾ ਪੈਂਦਾ ਹੈ। ਉਨ੍ਹਾਂ ਦੀ ਇਹ ਉਕਤੀ ਵੀ ਉਨ੍ਹਾਂ ਲਈ ਸੁਖਾਵੀਂ ਨਹੀਂ, ਕਿਉਂਕਿ ਪੱਕੇ ਅਧਿਆਤਮਵਾਦੀਆਂ ਵਾਂਗ ਉਹ ਸਾਹਮਣੇ ਪਈ ਕੁਦਰਤ ਨੂੰ ਵੀ ਦਸਮ ਦਵਾਰ ਰਾਹੀਂ ਦੇਖਣਾ ਚਾਹੁੰਦੇ ਹਨ।

ਇਸ ਲਈ ਅਜੋਕੇ ਸਿੱਖ ਵਿਦਵਾਨਾਂ, ਪੁਜਾਰੀਆਂ ਤੇ ਪ੍ਰਚਾਰਕਾਂ ਦੇ ਹੱਥਾਂ ਵਿਚ ਸਚ ਖੰਡ ਤੇ ਨਿਰੰਕਾਰ ਇਕ ਮ੍ਰਿਗ-ਤ੍ਰਿਸ਼ਨਾ ਵਾਂਗ ਹਨ, ਜਿਨ੍ਹਾਂ ਦਾ ਜ਼ਿਕਰ ਤਾਂ ਸਾਰੇ ਕਰਦੇ ਹਨ, ਪਰ ਪਤਾ ਕਿਸੇ ਨੂੰ ਨਹੀਂ ਕਿ ਉਹ ਕੀ ਹਨ ਤੇ ਕਿੱਥੇ ਹਨ। ਉਨ੍ਹਾਂ ਦੇ ਸੋਹਲੇ ਸਭ ਗਾਉਂਦੇ ਹਨ, ਪਰ ਸੇਧ ਕਿਸੇ ਕੋਲ ਨਹੀਂ ਹੈ। ਸੋਹਲੇ ਵੀ ਤਾਂ ਹੀ ਕਹਿ ਸਕਦੇ ਹਾਂ ਜੇ ਉਹ ਸੰਜੀਦਗੀ ਨਾਲ ਇਸ ਦੀ ਭਾਲ ਵਿਚ ਜੁਟੇ ਹੋਣ; ਪਰ ਜੇ ਮਨੋਰਥ ਪੈਸਾ ਇਕੱਠਾ ਕਰਨਾ ਹੋਵੇ, ਫਿਰ ਤਾਂ ਕਿਸੇ ਪੂਜਾ ਪਾਠ ਤੇ ਗਾਉਣ ਵਜਾਉਣ ਦਾ ਵੀ ਕੋਈ ਮਹੱਤਵ ਨਹੀਂ।

ਜੇ ਕਿਸੇ ਨੇ ਸਚ ਖੰਡ ਖੋਜਣਾ ਹੋਵੇ, ਤਾਂ ਉਹ ਇਸ ਦੀ ਨਿਸ਼ਾਨਦੇਹੀ ਲਈ ਆਪ ਜਪੁਜੀ ਦੀ ਇਹ ਪਉੜੀ ਵਿਚਾਰੇ। ਇਸ ਵਿਸ਼ੇ ‘ਤੇ ਉਨ੍ਹਾਂ ਦੇ ਵਿਚਾਰ ਜਾਣਨ ਲਈ ਇਹ ਹੀ ਇਕ ਯੋਗ ਕਾਰਜ ਹੈ। ਜੇ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਜਪੁਜੀ ਦੀ ਇਸ ਪਉੜੀ ਦਾ ਇਹ ਹਿੱਸਾ ਅੱਛੀ ਤਰ੍ਹਾਂ ਪੜ੍ਹ ਕੇ ਸਮਝ ਲੈਣ ਤਾਂ ਉਹ ਸਚ ਖੰਡ ਬਾਰੇ ਗੁਰੂ ਸਾਹਿਬ ਦੇ ਦਿੱਤੇ ਕਈ ਸੂਤਰ ਜਾਣ ਸਕਦੇ ਹਨ। ਪਹਿਲਾ ਇਹ ਕਿ ਗੁਰੂ ਸਾਹਿਬ ਨੇ ਇਸ ਪਉੜੀ ਵਿਚ ‘ਸਚ ਖੰਡਿ ਵਸੈ ਨਿਰੰਕਾਰੁ’ ਨੂੰ ਕਰਮ ਖੰਡ ਦੇ ਵਰਣਨ ਤੋਂ ਤੁਰੰਤ ਬਾਅਦ ਲਿਖਿਆ ਹੈ। ਇਸ ਲਈ ਜਿਸ ਸਚ ਖੰਡ ਦੀ ਗੱਲ ਉਹ ਕਰਦੇ ਹਨ, ਉਹ ਕਰਮ ਖੰਡ ਤੇ ਹੋਰ ਖੰਡਾਂ ਵਾਂਗ ਇਸ ਧਰਤੀ ਉੱਤੇ ਹੀ ਹੈ। ਭਾਵ ਜੋ ਧਰਤੀ ਆਪਣੇ ਬਹੁ-ਪਰਤੀ ਚੌਗਿਰਦੇ ਤੇ ਵਾਤਾਵਰਣ ਵਿਚ ਘਿਰੀ ਇਕ ਧਰਮਸਾਲ ਹੈ, ਜਿੱਥੇ ਬੇਪ੍ਰਵਾਹ ਵਿਚਰਦੇ ਕੁਦਰਤੀ ਨਿਯਮਾਂ ਦੇ ਪੱਕੇ ਸਮੀਕਰਣ ਬਣੇ ਹੋਏ ਹਨ, ਤਾਂ ਸਚ ਖੰਡ ਉੱਥੇ ਹੀ ਹੈ। ਸਿੱਧੇ ਸ਼ਬਦਾਂ ਵਿਚ ਕਹੀਏ, ਸਚ ਖੰਡ ਵੀ ਦੂਜੇ ਸਭ ਖੰਡਾਂ ਵਾਂਗ ਇਸ ਧਰਤੀ ਧਰਮਸਾਲ ਦਾ ਹੀ ਹਿੱਸਾ ਹੈ, ਕਿਉਂਕਿ ਇਸ ਦਾ ਜ਼ਿਕਰ ਵੀ ਦੂਜੇ ਖੰਡਾਂ ਦੇ ਨਾਲ ਇਸੇ ਧਰਤੀ ਦੇ ਸੰਦਰਭ ਵਿਚ ਕੀਤਾ ਹੋਇਆ ਹੈ। ਵਿਚਾਰ ਪਲਟ ਕੇ ਗੱਲ ਕਰੀਏ ਤਾਂ ਸਚ ਖੰਡ ਧਰਤੀ ਤੋਂ ਬਾਹਰ ਨਹੀਂ ਹੈ ਭਾਵ ਇਸ ਤੋਂ ਪਰ੍ਹੇ ਨਹੀਂ ਹੈ। ਭਾਵ, ਨਾ ਇਹ ਅੰਬਰਾਂ ਵਿਚ ਹੈ, ਨਾ ਕਲਪਨਾ ਵਿਚ, ਨਾ ਵਿਚਾਰਾਂ ਵਿਚ ਅਤੇ ਨਾ ਹੀ ਅਖੌਤੀ ਦਸਮ ਦੁਆਰ ਦੇ ਅੰਦਰ ਹੈ। ਇਹ ਕੁਦਰਤ ਦੇ ਨਿਯਮਾਂ ਵਿਚ ਬੰਨੀ ਧਰਤੀ ਤੇ ਉਸ ਦੇ ਵਾਯੂਮੰਡਲ ਵਿਚ ਹੈ। ਅਰਥਾਤ ਇਹ ਕੋਈ ਭਾਵਵਾਚਕ ਜਾਂ ਅਧਿਆਤਮਕ ਅਰਥਾਤ ਮਿਥਿਆ ਸਥਾਨ ਨਹੀਂ, ਸਗੋਂ ਇਕ ਯਥਾਰਥਕ ਥਾਂ ਹੈ, ਜੋ ਸੱਚੀ ਮੁੱਚੀ ਹੈ ਤੇ ਲੱਭੀ ਜਾ ਸਕਦੀ ਹੈ।

ਦੂਜਾ ਸੂਤਰ ਇਹ ਕਿ ਇਹ ਸਥਾਨ ਧਰਤੀ ਦੇ ਨਾਲ ਨਾਲ ਇਸ ਦੇ ‘ਰਾਤੀ ਰੁਤੀ ਤਿਥੀ ਵਾਰ’ ਆਦਿ ਦੇ ਚੌਗਿਰਦੇ ਵਿਚ ਵੀ ਹੈ, ਜਿਥੇ ‘ਖੰਡ ਮੰਡਲ ਵਰਭੰਡ’ ਹਨ। ਇਸ ਦਾ ਮਤਲਬ ਇਹ ਨਹੀਂ ਕਿ ਸਚ ਖੰਡ ਨੂੰ ਧਰਤੀ ਛੱਡ ਕੇ ਦੂਜੇ ਗ੍ਰਹਿਆਂ ‘ਤੇ ਲੱਭਣ ਜਾਣਾ ਪਵੇਗਾ। ਜੋ ਬਾਹਰਲੇ ਬ੍ਰਹਿਮੰਡ ਵਿਚ ਹੈ, ਉਹੀ ਧਰਤੀ ‘ਤੇ ਹੈ ਅਤੇ ਉਹੀ ਧਰਤੀ ਦੀਆਂ ਸਭ ਵਸਤਾਂ ਵਿਚ ਹੈ। ਇਸ ਲਈ ਗੁਰੂ ਸਾਹਿਬ ਅਨੁਸਾਰ ਇਸ ਨੂੰ ਧਰਤੀ ‘ਤੇ ਰਹਿੰਦਿਆਂ ਧਰਤੀ ਦੇ ਵਿਚ ਹੀ ਖੋਜਿਆ ਜਾ ਸਕਦਾ ਹੈ। ਭਾਵ ਚੌਲ ਦੀ ਖੋਜ ਲਈ ਥਾਈਲੈਂਡ ਦੇ ਖੇਤਾਂ ਵਿਚ ਜਾਣਾ ਜਰੂਰੀ ਨਹੀਂ, ਘਰ ਦੇ ਬਾਹਰ ਉੱਗੀ ਜੀਰੀ ਵਿਚ ਵੀ ਉਹੀ ਚੌਲ ਹੈ। ਜੇ ਵਿਸਥਾਰ ਨਾਲ ਕਹੀਏ, ਸਚ ਖੰਡ ਕੁਦਰਤ ਦੇ ਹਰ ਜ਼ੱਰੇ ਵਿਚ ਸਥਿੱਤ ਹੈ, ਭਾਵ ਇਹ ਤਾਰਿਆਂ, ਸਿਤਾਰਿਆਂ, ਗ੍ਰਹਿਆਂ, ਉਲਕਾਵਾਂ, ਬਲੈਕ ਹੋਲਾਂ ਤੇ ਪੁਲਾੜੀ ਗਲੈਕਸੀਆਂ ਵਿਚ ਹੈ। ਇਹ ਹਵਾ, ਪਾਣੀ, ਅਗਨੀ, ਧੁਪ, ਛਾਂ, ਧਰਤੀ, ਪਸੂ, ਪੰਛੀਆਂ ਤੇ ਬਨਾਸਪਤੀ ਸਭ ਵਿਚ ਹੈ। ਇਹ ਪੱਥਰ, ਕੰਕਰ, ਰੇਤ, ਪਹਾੜ, ਖਣਿਜ, ਲਾਵਾ, ਝੀਲ, ਬੀਚ ਤੇ ਤਲਾਬ ਵਿਚ ਵੀ ਹੈ। ਇੱਥੋਂ ਤੀਕ ਕਿ ਇਹ ਘਰ, ਛੱਪਰ, ਕੰਧ, ਇੱਟ, ਬੂਹਾ, ਸਮਿੰਟ, ਫਰਸ਼, ਟੂਟੀ, ਪਾਈਪ, ਲੱਕੜ ਆਦਿ ਸਭ ਵਿਚ ਹੈ। ਕਹਿਣ ਨੂੰ ਤਾਂ ਇਨ੍ਹਾਂ ਬੇਅੰਤ ਚੀਜ਼ਾਂ ਨੂੰ ‘ਸਮੱਸਤ ਪਦਾਰਥ’ ਕਹਿ ਕੇ ਦੋ ਸ਼ਬਦਾਂ ਵਿਚ ਗੱਲ ਮੁਕਾਈ ਜਾ ਸਕਦੀ ਹੈ, ਪਰ ਇੱਦਾਂ ਕਰਨ ਨਾਲ ਇਸ ਵਿਆਖਿਆ ਦੇ ‘ਮਾਰਕਸਵਾਦੀ’ ਹੋ ਜਾਣ ਦਾ ਡਰ ਹੈ! ਇਸ ਲਈ ‘ਪਦਾਰਥ’ ਦਾ ਨਾਂ ਲਏ ਬਿਨਾ ਵੱਖ ਵੱਖ ਸਥੂਲ ਚੀਜ਼ਾਂ ਦੇ ਨਾਂ ਗਿਣਾ ਕੇ ਗੱਲ ਕਰਨਾ ਹੀ ਵਧੇਰੇ ਠੀਕ ਹੈ, ਭਾਵੇਂ ਇੱਦਾਂ ਗੱਲ ਕਹਿਣੀ ਕਠਿਨ ਹੀ ਕਿਉਂ ਨਾ ਹੋਵੇ। ਮੁੱਕਦੀ ਗੱਲ, ਸਚ ਖੰਡ ਸਭ ਚੀਜ਼ਾਂ ਅੰਦਰ ਹੈ ਤੇ ਇਸ ਦੀ ਖੋਜ ਕਿਸੇ ਵੀ ਦੁਨਿਆਵੀ ਵਸਤੂ ਵਿਚ ਕੀਤੀ ਜਾ ਸਕਦੀ ਹੈ।

ਤੀਜਾ ਸੂਤਰ ਸਚ ਖੰਡ ਦੀ ਰੂਪ ਰੇਖਾ ਬਾਰੇ ਹੈ। ਜੋ ਲੋਕ ਕਹਿੰਦੇ ਹਨ ਕਿ ਨਿਰੰਕਾਰ ਪੱਤੇ ਪੱਤੇ ਵਿਚ ਵਸਦਾ ਹੈ, ਉਹ ਤੁੱਕੇ ਦੇ ਮਾਹਰ ਹਨ, ਪਰ ਉਨ੍ਹਾਂ ਦਾ ਤੁੱਕਾ ਪੂਰੀ ਤਰ੍ਹਾਂ ਸਹੀ ਨਹੀਂ ਹੈ। ਨਿਰੰਕਾਰ ਪੱਤਿਆਂ ਵਿਚ ਹੈ ਤਾਂ ਸਹੀ, ਪਰ ਬਾਹਰ ਖੁੱਲ੍ਹਾ ਨਹੀਂ ਬੈਠਿਆ ਹੋਇਆ, ਜਿੱਥੇ ਦੁਨੀਆਂ ਉਸ ਨੂੰ ਵੇਖ ਸਕੇ। ਸਚ ਖੰਡ ਹਰ ਪੱਤੇ ਦੇ ਹਰ ਛੋਟੇ ਸੈੱਲ ਦੀ ਡੂੰਘਾਈ ਵਿਚ ਬਣਿਆ ਹੋਇਆ ਹੈ ਤੇ ਨਿਰੰਕਾਰ ਉਸ ਸਚ ਖੰਡ ਦੇ ਧੁਰ ਅੰਦਰ ਵਿਚ ਰਹਿੰਦਾ ਹੈ। ਇਹ ਇੰਨਾ ਭੀੜਾ ਤੇ ਤੰਗ ਅਸਥਾਨ ਹੈ ਕਿ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹ ਅਣੂਆਂ ਤੋਂ ਵੀ ਅੱਗੇ ਪ੍ਰਮਾਣੂੰਆਂ ਵਿਚ ਹੈ ਤੇ ਜੇ ਇਸ ਤੋਂ ਵੀ ਛੋਟੀ ਕੋਈ ਚੀਜ਼ ਸੰਭਵ ਹੈ, ਇਹ ਉੱਥੇ ਵੀ ਹੈ। ਇਸ ਤੋਂ ਇਕ ਨਿੱਕਾ ਸਿੱਟਾ (ਛੋਰੋਲਲਅਰੇ) ਇਹ ਨਿਕਲਦਾ ਹੈ ਕਿ ਨਿਰੰਕਾਰ ਦਾ ਕੋਈ ਲੰਮਾ ਚੌੜਾ ਸ਼ਾਹੀ ਦਰਬਾਰ ਨਹੀਂ ਹੈ, ਉਹ ਤਾਂ ਸਚ ਖੰਡ ਦੀ ਛੋਟੀ ਜਿਹੀ ਥਾਂ ਵਿਚ ਰਹਿ ਕੇ ਕੁਦਰਤ ਦਾ ਕੰਮ ਕਾਜ ਸੰਭਾਲਦਾ ਹੈ। ਦੂਜਾ ਛੋਟਾ ਸਿੱਟਾ ਇਹ ਕਿ ਜੇ ਨਿਰੰਕਾਰ ਦਾ ਨਿਵਾਸ ਅਸਥਾਨ ਇੰਨਾ ਛੋਟਾ ਹੈ ਤਾਂ ਨਿਰੰਕਾਰ ਆਕਾਰ ਪੱਖੋਂ ਉਸ ਤੋਂ ਕਿਤੇ ਛੋਟਾ ਹੋਵੇਗਾ! ਪਰ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ, ਇਹ ਯਥਾਰਥ ਦਾ ਹਿੱਸਾ ਹੈ ਤੇ ਇਸ ਲਈ ਇਸ ਦੀ ਖੋਜ ਸੰਭਵ ਹੈ। ਪਰ ਜੇ ਕਿਸੇ ਨੇ ਨਿਰੰਕਾਰ ਜਾਂ ਪਰਮ-ਸਤਿ ਨੂੰ ਖੋਜਣਾ ਹੈ, ਉਸ ਨੂੰ ਪਹਿਲਾਂ ਇਸ ਧਰਤੀ ‘ਤੇ ਹੀ ਉਸ ਦੇ ਨਿਵਾਸ ਅਸਥਾਨ ਭਾਵ ਸਚ ਖੰਡ ਨੂੰ ਖੋਜਣਾ ਪਵੇਗਾ। ਇਸ ਖੋਜ ਦੀ ਵਿਧੀ ਪੂਜਾ ਪਾਠ ਦੀ ਨਹੀਂ, ਸਗੋਂ ਗਣਿਤ ਵਿਗਿਆਨ ਦੀ ਹੈ।

ਚੌਥਾ ਸੂਤਰ ਇਹ ਕਿ ਗੁਰੂ ਸਾਹਿਬ ਨੇ ਇਸ ਪਉੜੀ ਵਿਚ ਅਖੌਤੀ ਬ੍ਰਹਮ ਗਿਆਨੀਆਂ ਨੂੰ ਕਰਤਾ ਪੁਰਖ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਨ ਦਾ ਦੂਜਾ ਮੌਕਾ ਦਿੱਤਾ ਹੈ। ਭਾਵ ਜੋ ਵਿਦਵਾਨ ਮੂਲ ਮੰਤਰ ਦੇ ਵਿਸ਼ੇਸ਼ਣਾਂ ਤੋਂ ਕਰਤਾ ਪੁਰਖ ਦਾ ਸਰੂਪ ਨਾ ਸਮਝ ਸਕੇ, ਉਹ ਇੱਥੋਂ ਸਮਝ ਸਕਦੇ ਹਨ। ਮਿਸਾਲ ਵਜੋਂ ਜੋ ਨਿਰੰਕਾਰ ਪੱਥਰ ਜਿਹੇ ਨਿਰਜਿੰਦ (ੀਨੋਰਗਅਨਚਿ) ਪਦਾਰਥ ਵਿਚ ਵੀ ਮੌਜੂਦ ਹੈ ਤਾਂ ਉਹ ਜਾਨ ਜਾਂ ਆਤਮਾ ਵਾਲੀ ਚੀਜ਼ ਨਹੀਂ ਹੋ ਸਕਦੀ। ਗੁਰੂ ਸਾਹਿਬ ਨੇ ਇਸ ਵਿਚਾਰ ਨਾਲ ਪਹਿਲਾਂ ਤੋਂ ਹੀ ਸਹਿਮਤੀ ਪ੍ਰਗਟਾਈ ਹੋਈ ਹੈ, ਕਿਉਂਕਿ ਮੂਲਮੰਤਰ ਵਿਚ ਉਨ੍ਹਾਂ ਨੇ ਉਸ ਨੂੰ ਅਜੂਨੀ ਕਿਹਾ ਹੈ। ਇਸ ਅਨੁਸਾਰ ਜਿਸ ਪਰਮ-ਸਤਿ ਨੂੰ ਭਗਤ ਜਨ ਹਜਾਰਾਂ ਮਨੁੱਖੀ ਨਾਂਵਾਂ ਨਾਲ ਪੁਕਾਰਦੇ ਹਨ, ਉਨ੍ਹਾਂ ਦਾ ਇਸ ਨਿਰਜਿੰਦ ਨੂੰ ਇਵੇਂ ਪੁਕਾਰਨਾ ਉਚਿੱਤ ਨਹੀਂ ਹੈ। ਸੋ ਗੁਰੂ ਸਾਹਿਬ ਨੇ ਵੀ ਇਸ ਲਈ ਕੋਈ ਮਨੁੱਖੀ ਸੰਬੋਧਨ ਨਹੀਂ ਵਰਤਿਆ, ਜੇ ਕਿਤੇ ਕੋਈ ਵਰਤਿਆ ਹੈ, ਉਹ ਸਿਰਫ ਵਿਅਕਤੀਕਰਨ ਦੇ ਮੰਤਵ ਲਈ ਹੈ। ਇਸ ਲਈ ਸਹੀ ਦਿਸ਼ਾ ਵਿਚ ਕੰਮ ਕਰਨ ਵਾਲਿਆਂ ਲਈ ਇਸ ਭੁਲੇਖਾ ਪਾਊ ਮਨੁੱਖੀ ਧਾਰਨਾ ਦਾ ਕੋਈ ਮਹੱਤਵ ਨਹੀਂ ਹੈ।

ਪੰਜਵਾਂ ਸੂਤਰ ਇਹ ਕਿ ਸਚ ਖੰਡ ਇਕ ਘਰ ਜਾਂ ਦਰਬਾਰ ਵਾਂਗ ਨਹੀਂ ਹੈ, ਸਗੋਂ ਇਹ ਇਕ ਕਾਰਖਾਨੇ ਜਿਹਾ ਸਥਾਨ ਹੈ। ਇੱਥੇ ਨਿਰੰਕਾਰ ਕਿਸੇ ਸਿੰਘਾਸਨ ‘ਤੇ ਬੈਠਾ ਹੁਕਮਰਾਨੀ ਨਹੀਂ ਕਰਦਾ, ਸਗੋਂ ਕੰਮ-ਕਿੱਤੇ ਵਿਚ ਮਸ਼ਰੂਫ ਰਹਿੰਦਾ ਹੈ। ਭਾਵ ਉਹ ਮਲਕ ਭਾਗੋ ਵਾਂਗ ਦੂਜਿਆਂ ‘ਤੇ ਹੁਕਮ ਨਹੀਂ ਝਾੜਦਾ, ਸਗੋਂ ਭਾਈ ਲਾਲੋ ਵਾਂਗ ਸੱਚੀ ਕਿਰਤ ਕਰਦਾ ਹੈ। ਗੁਰੂ ਸਾਹਿਬ ਨੇ ਲਿਖਿਆ ਹੈ, ‘ਕਰਿ ਕਰਿ ਵੇਖੈ ਨਦਰਿ ਨਿਹਾਲ’, ਭਾਵ ਉਹ ਇਕ ਸੱਚੇ ਕੀਰਤੀ ਵਾਂਗ ਆਪਣੀ ਕਿਰਤ ਦੀਆਂ ਕ੍ਰਿਤੀਆਂ ਅਰਥਾਤ ਨਮੂਨਿਆਂ ਨੂੰ ਵੇਖ ਕੇ ਅਨੰਦ ਮਹਿਸੂਸ ਕਰਦਾ ਹੈ। ਉਹ ਵੱਡੇ-ਵੱਡੇ ਖੰਡਾਂ ਵਰਭੰਡਾਂ ਤੋਂ ਲੈ ਕੇ ਛੋਟੇ ਛੋਟੇ ਜੀਵਾਂ ਦੀ ਰਚਨਾ ਕਰਦਾ ਹੈ। ਜਿਸ ਜਿਸ ਤਰ੍ਹਾਂ ਦੇ ਜੀਵ ਬਣਾਉਂਦਾ ਹੈ, ਉਸੇ ਤਰ੍ਹਾਂ ਦੇ ਹੀ ਉਨ੍ਹਾਂ ਨੂੰ ਕੰਮ ਧੰਦੇ ਸੌਂਪਦਾ ਹੈ। ਉਸ ਦੀ ਇਹ ਉਤਪਾਦਨ ਕ੍ਰਿਆ ਇੱਛਤ ਨਹੀਂ, ਨਿਯਮ ਆਧਾਰਿਤ ਹੈ। ਇਸੇ ਲਈ ਇਹ ਨਾ ਕਦੇ ਰੁਕਦੀ ਹੈ ਤੇ ਨਾ ਇਸ ਵਿਚ ਕੋਈ ਕੁਤਾਹੀ ਹੁੰਦੀ ਹੈ, ਪਰ ਆਦਰਸ਼ਵਾਦੀ ਤੇ ਅਧਿਆਤਮਵਾਦੀ ਵਿਦਵਾਨ ਇਸ ਸੂਤਰ ਨੂੰ ਕਦੇ ਪਕੜ ਨਾ ਸਕੇ। ਇਸ ਲਈ ਉਹ ਨਿਰੰਕਾਰ ਨੂੰ ਇਕ ਸ਼ਕਤੀਸ਼ਾਲੀ ਮੁਕਟਧਾਰੀ ਹੁਕਮਰਾਨ ਦੇ ਰੂਪ ਵਿਚ ਦੇਖਦੇ ਰਹੇ, ਜੋ ਗਲਤ ਹੈ।

ਸਚ ਖੰਡ ਦਾ ਛੇਵਾਂ ਸੂਤਰ ਹੈ ਕਿ ਇਹ ਖੰਡ ਸੁਚਾ ਤੇ ਪਵਿੱਤਰ (ੜਰਿਗਨਿ) ਹੈ। ਇਸ ਦਾ ਭਾਵ ਇਹ ਨਹੀਂ ਕਿ ਇਹ ਕੋਈ ਸਾਫ ਸਫਾਈ ਵਾਲਾ ਦੁੱਧ-ਸਰਫ ਨਾਲ ਧੋਤਾ ਪੂਜਨੀਕ ਸਥਾਨ ਹੈ, ਸਗੋਂ ਇਹ ਕਿ ਇਹ ਹਾਲੇ ਤੀਕ ਮਨੁੱਖੀ ਛੋਹ, ਪਹੁੰਚ ਤੇ ਸੋਚ ਤੋਂ ਬਾਹਰ ਹੈ। ਇਹ ਨਿਰਮਲ ਹੈ, ਕਿਉਂਕਿ ਇਸ ਨੂੰ ਕਿਸੇ ਨੇ ਜੱਥ ਲਾ ਕੇ ਭਿੱਟਿਆ ਜਾਂ ਖਰਾਬ ਨਹੀਂ ਕੀਤਾ। ਇੱਥੇ ਕਿਸੇ ਦਾ ਪੈਰ ਤਾਂ ਕੀ, ਨਜ਼ਰ ਵੀ ਨਹੀਂ ਪਈ, ਕਿਉਂਕਿ ਇਸ ਪਾਸੇ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਤੇ ਇਸ ਤੀਕ ਪਹੁੰਚਣ ਦੇ ਕਿਸੇ ਕੋਲ ਸਾਧਨ ਵੀ ਨਹੀਂ। ਬੱਸ ਇਸ ਨਿਵੇਕਲੀ ਥਾਂ ਵਿਚ ਰਹਿ ਕੇ ਨਿਰੰਕਾਰ ਭਾਵ ਸੈਭੰ ਕਰਤਾ ਪੁਰਖ ਆਪਣੇ ਨਿਰਭਉ ਨਿਰਵੈਰ ਅਰਥਾਤ ਸੁਤੰਤਰ ਅੰਦਾਜ਼ ਵਿਚ ਬ੍ਰਹਿਮੰਡ ਦੀ ਕਰਤਾਗੀਰੀ ਕਰ ਰਿਹਾ ਹੈ। ਇਹੀ ਉਸ ਸੱਚੇ ਦੀ ਸੱਚੀ ਕਾਰ ਹੈ, ਜਿਸ ਨੂੰ ਦੇਖ ਦੇਖ ਉਹ ਨਿਹਾਲ ਹੋਈ ਜਾਂਦਾ ਹੈ, ਭਾਵ ਠੀਕ ਮੰਨੀ ਜਾਂਦਾ ਹੈ।

ਇਸ ਸਬੰਧੀ ਸੱਤਵਾਂ ਸੂਤਰ ਇਹ ਹੈ ਸਚ ਖੰਡ ਵਿਚ ਝਾਕਣਾ ਲੋਹੇ ਦੇ ਕਿਲੇ ਵਿਚ ਸੁਰਾਗ਼ ਕਰਨ ਵਾਂਗ ਹੈ। ਇਸ ਦਾ ਵਰਨਣ ਕਰਨਾ ਲੋਹਾ ਭੰਨਣ ਵਾਂਗ ਹੈ। ਗੁਰੂ ਸਾਹਿਬ ਇਸ ਬਾਰੇ ਸੋਚ ਕੇ ਹੈਰਾਨ ਹੋਈ ਜਾਂਦੇ ਹਨ ਤੇ ਇਸ ਸਿੱਟੇ ਤੇ ਪਹੁੰਚਦੇ ਹਨ ਕਿ ਇਸ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੈ। ਜਿਸ ਨੂੰ ਦੇਖਿਆ ਨਹੀਂ ਉਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। “ਨਾਨਕ ਕਥਨਾ ਕਰੜਾ ਸਾਰੁ” ਦੇ ਇਹੀ ਅਰਥ ਨਿਕਲਦੇ ਹਨ। ਗੁਰੂ ਸਾਹਿਬ ਨੇ ਸਿਰਫ ਕੁਝ ਨਿਸ਼ਾਨੀਆਂ ਦਿੱਤੀਆਂ ਹਨ, ਭਾਵ ਇਕ ਸੇਧ ਦਿੱਤੀ ਹੈ, ਪਰ ਵਿਸਥਾਰ ਨਾਲ ਦੱਸਣ ਯੋਗ ਕੁਝ ਨਹੀਂ ਪਾਇਆ। ਪਾਉਣਾ ਤਾਂ ਇਸ ਨੂੰ ਇਹ ਸੇਧ ਲੈ ਕੇ ਖੋਜੀ ਵਿਦਵਾਨਾਂ ਭਾਵ ਵਿਗਿਆਨਕਾਂ ਨੇ ਹੈ। ਇਸ ਤੋਂ ਇਕ ਬਾਰੀਕ ਸਿੱਟਾ ਇਹ ਵੀ ਨਿਕਲਦਾ ਹੈ ਕਿ ਜੇ ਸਚ ਖੰਡ ਬਾਰੇ ਗੁਰੂ ਸਾਹਿਬ ਜਿਹੇ ਬੁੱਧੀਮਾਨਾਂ ਨੇ ਹੀ ਬਹੁਤਾ ਕੁਝ ਨਹੀਂ ਦੱਸਿਆ ਤਾਂ ਜਾਪਾਂ, ਪਾਠਾਂ ਤੇ ਭਜਨ ਬੰਦਗੀ ਵਾਲੇ ਅਧਿਆਤਮਵਾਦੀਆਂ ਨੂੰ ਇਸ ਬਾਰੇ ਕੀ ਪਤਾ ਹੋ ਸਕਦਾ ਹੈ? ਉਨ੍ਹਾਂ ਦੇ ਇਹ ਫੋਕਟ ਕਾਰਜ ਇਸ ਨੂੰ ਪਾਉਣ ਲਈ ਉਨੇ ਕੁ ਹੀ ਕਾਰਆਮਦ ਹੋ ਸਕਦੇ ਹਨ, ਜਿੰਨੇ ਕਰੋਨਾ ਨੂੰ ਭਜਾਉਣ ਲਈ ਟੱਲੀਆਂ, ਥਾਲੀਆਂ ਤੇ ਤਾਲੀਆਂ!

ਸਚ ਖੰਡ ਦਾ ਅੱਠਵਾਂ ਸੂਤਰ ਇਸ ਦੇ ਨਾਂ ਬਾਰੇ ਹੈ। ਇਸ ਮੁਤਾਬਿਕ ਸਚ ਖੰਡ ਇਕ ਭਾਵਆਤਮਿਕ ਨਾਂ ਨਹੀਂ, ਸਗੋਂ ਇਕ ਸਾਧਾਰਨ ਤੇ ਸਮੂਹਿਕ ਨਾਂ ਹੈ। ਇਸ ਦਾ ਅਰਥ ਇਹ ਹੈ ਕਿ ਅਸਤਿਤਵ ਵਜੋਂ ਸਚ ਖੰਡ ਇਕ ਨਹੀਂ, ਸਗੋਂ ਅਸੰਖ ਤੇ ਅਨੰਤ ਹਨ, ਪਰ ਆਕਾਰ ਤੇ ਕਾਰਜ ਪੱਖੋਂ ਉਹ ਸਭ ਇਕੋ ਜਿਹੇ ਗੁਣਾਂ ਵਾਲੇ ਹਨ। ਇਸ ਲਈ ਇਨ੍ਹਾਂ ਸਭਨਾਂ ਨੂੰ ਇਕ ਹੀ ਸਾਂਝੇ (ਛੋਮਮੋਨ) ਨਾਮ ਨਾਲ ਸੱਦਿਆ ਜਾਂਦਾ ਹੈ। ਇਹ ਇਵੇਂ ਹੈ, ਜਿਵੇਂ ਇਕ ਪੱਥਰ ਦੇ ਅਨੇਕ ਟੁਕੜੇ ਕਰਨ ਨਾਲ ਇਸ ਦਾ ਅੰਸ਼ ਅਨੇਕ ਟੁਕੜਿਆਂ ਵਿਚ ਚਲਾ ਜਾਂਦਾ ਹੈ; ਪਰ ਕਿਉਂਕਿ ਇਨ੍ਹਾਂ ਸਾਰੇ ਅੰਸ਼ਾਂ ਦੇ ਇਕੋ ਜਿਹੇ ਗੁਣ-ਆਕਾਰ ਹਨ, ਇਸ ਲਈ ਇਨ੍ਹਾਂ ਵਿਚੋਂ ਇਕ ਨੂੰ ਜਾਣਨ ਨਾਲ ਬਾਕੀ ਸਭ ਦਾ ਗਿਆਨ ਹੋ ਜਾਂਦਾ ਹੈ।

-ਚੱਲਦਾ

ਇਸ ਲਈ ਇਨ੍ਹਾਂ ਸਭਨਾਂ ਨੂੰ ਸੰਬੋਧਨ ਕਰਨ ਲਈ ਇਕ ਬਚਨੀ ਨਾਮ ਵਰਤਣਾ ਵਧੇਰੇ ਠੀਕ ਹੈ। ਅਰਥਾਤ ਜਦੋਂ ਕਹੀਏ ਕਿ ਬੇਰ ਬੇਰੀ ‘ਤੇ ਲਗਦਾ ਹੈ ਤਾਂ ਇਹ ਇਕ ਬੇਰ ਦੀ ਗੱਲ ਨਹੀਂ, ਸਭ ਬੇਰ ਹੀ ਬੇਰੀ ‘ਤੇ ਲਗਦੇ ਹਨ। ਜਿਵੇਂ ਬੇਰ ਅਨੇਕ ਹਨ, ਇਵੇਂ ਹੀ ਸਚ ਖੰਡ ਅਨੇਕ ਹਨ, ਪਰ ਅਸੀਂ ਸਭ ਦਾ ਬਿਰਤਾਂਤ ਇਕਵਚਨ ਨਾਮ ਨਾਲ ਕਰ ਦਿੰਦੇ ਹਾਂ। ਇਹ ਇਕਵਚਨੀ ਗੱਲ ਸਚ ਖੰਡ ਤੇ ਨਿਰੰਕਾਰ ‘ਤੇ ਵੀ ਲਾਗੂ ਹੁੰਦੀ ਹੈ।

ਸਚ ਖੰਡ ਦਾ ਨੌਵਾਂ ਸੂਤਰ ਇਸ ਦੇ ਮਾਡਲ ਤੇ ਖੋਜ ਵਿਧੀ ਬਾਰੇ ਹੈ। ਸਚ ਖੰਡ ਪਦਾਰਥ ਦੀ ਤਹਿ ਵਿਚ ਉਹ ਥਾਂ ਹੈ, ਜਿੱਥੇ ਦਿੱਸਦੇ ਪਦਾਰਥੀ ਸੰਸਾਰ ਦੀ ਰੂਪ-ਰੇਖਾ ਘੜੀ ਜਾਂਦੀ ਹੈ। ਇਹ ਥਾਂ ਅਨੁਭਵੀ ਦੁਨੀਆਂ ਦਾ ਵਿੱਢ-ਸਥਾਨ (ੰਕਟਟਨਿਗਸ) ਹੈ। ਇਹ ਇਵੇਂ ਹੀ ਹੈ, ਜਿਵੇਂ ਮੋਬਾਈਲ ਫੋਨ ਦੀ ਸਕਰੀਨ ਦੇ ਰੰਗਾਂ, ਸ਼ਕਲਾਂ ਅਤੇ ਅੱਖਰਾਂ ਦੀ ਅਦਲਾ ਬਦਲੀ ਹੇਠਲੀ ਤਹਿ ਵਿਚ ਜਾ ਕੇ ਸੈਟਿੰਗਜ਼ ਵਿਚੋਂ ਹੁੰਦੀ ਹੈ। ਕਿਸੇ ਵੈਬ-ਪੇਜ ਦੀ ਬਾਹਰਲੀ ਬਣਤਰ ਤੇ ਇਬਾਰਤ ਵੀ ਇਸ ਦੇ ਅੰਦਰ ਪਏ ਸੋਰਸ ਪੇਜ ਦੀ ਕੋਡ ਭਾਸ਼ਾ ਬਦਲਣ ਨਾਲ ਬਦਲ ਹੁੰਦੀ ਹੈ। ਇਸੇ ਤਰ੍ਹਾਂ ਜਗਤ ਦੀ ਰਚਨਾ ਦਾ ਕੰਟਰੋਲ ਇਸ ਦੇ ਪਦਾਰਥ ਦੀਆਂ ਐਟਮੀ ਡੂੰਘਾਈਆਂ ਵਿਚ ਜਾ ਕੇ ਹੈ। ਇਸ ਲਈ ਜੋ ਲੋਕ ਅੱਖਾਂ ਬੰਦ ਕਰ ਕੇ ਹੀ ਸੱਚ ਖੰਡ ਦੇ ਦਰਸ਼ਨਾਂ ਦੀ ਅਭਿਲਾਸ਼ਾ ਰੱਖਦੇ ਹਨ, ਉਹ ਆਪ ਤਾਂ ਅੰਧਕਾਰ ਵਿਚ ਫਸੇ ਹੋਏ ਹਨ, ਦੂਜਿਆਂ ਨੂੰ ਵੀ ਇਸ ਵਿਚ ਪਾ ਰਹੇ ਹਨ।

ਸੋ ਇਸ ਪਉੜੀ ਵਿਚ ਗੁਰੂ ਸਾਹਿਬ ਨੇ ਸੱਚ ਖੰਡ ਬਾਰੇ ਇਕ ਬੁਝਾਰਤ ਦੇ ਅਤੇ-ਪਤੇ ਵਾਂਗ ਕੁਝ ਅਹਿਮ ਸੁਰਾਗ ਦਿੱਤੇ ਹਨ; ਪਰ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਇਨ੍ਹਾਂ ਨੂੰ ਵਰਤਣ ਦੇ ਨੇੜੇ ਵੀ ਨਹੀਂ ਜਾਂਦੇ। ਕਾਰਨ ਇਹ ਕਿ ਨਾ ਉਨ੍ਹਾਂ ਦੀ ਅਜਿਹੀ ਸਿੱਖਿਆ (ਓਦੁਚਅਟਿਨ) ਹੈ, ਨਾ ਸਿਖਲਾਈ? (ਠਰਅਨਿਨਿਗ), ਨਾ ਲਗਨ (1ਪਟਟੁਦਕ) ਅਤੇ ਨਾ ਮਨੋਰਥ (ਘੋਅਲ)। ਉਨ੍ਹਾਂ ਦੀ ਕਰਮਕਾਂਡੀ ਪਹੁੰਚ ਉਨ੍ਹਾਂ ਨੂੰ ਅਧਿਆਤਮਵਾਦ ਵਾਲੇ ਪਾਸੇ ਲੈ ਜਾਂਦੀ ਹੈ। ਇਹ ਤੱਥ ਉਨ੍ਹਾਂ ਦੀਆਂ ਇਸ ਪਉੜੀ ਦੀਆਂ ਹੇਠ ਦਿੱਤੀਆਂ ਵਿਆਖਿਆਵਾਂ ਤੋਂ ਭਲੀਭਾਂਤ ਸਪਸ਼ਟ ਹੋ ਜਾਂਦੇ ਹਨ। ਪਹਿਲਾਂ ਪਉੜੀ ਦੀਆਂ ਸਬੰਧਤ ਤੁਕਾਂ ਹਾਜਰ ਹਨ ਤੇ ਫਿਰ ਵਿਆਖਿਆਵਾਂ।

ਸਚ ਖੰਡਿ ਵਸੈ ਨਿਰੰਕਾਰੁ॥

ਕਰਿ ਕਰਿ ਵੇਖੈ ਨਦਰਿ ਨਿਹਾਲ॥

ਤਿਥੈ ਖੰਡ ਮੰਡਲ ਵਰਭੰਡ॥

ਜੇ ਕੋ ਕਥੈ ਤ ਅੰਤ ਨ ਅੰਤ॥

ਤਿਥੈ ਲੋਅ ਲੋਅ ਆਕਾਰ॥

ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥

ਵੇਖੈ ਵਿਗਸੈ ਕਰਿ ਵੀਚਾਰੁ॥

ਨਾਨਕ ਕਥਨਾ ਕਰੜਾ ਸਾਰੁ॥੩੭॥

ਪਉੜੀ ਦੇ ਇਸ ਹਿੱਸੇ ਵਿਚ ਗੁਰੂ ਸਾਹਿਬ ਕਹਿੰਦੇ ਹਨ ਕਿ ਇਸ ਧਰਤੀ ‘ਤੇ ਬਾਕੀ ਖੰਡਾਂ ਦੇ ਨਾਲ ਨਾਲ ਇਕ ਸਚ ਖੰਡ ਵੀ ਹੈ, ਜਿੱਥੇ ਨਿਰੰਕਾਰ ਭਾਵ ਸ੍ਰਿਸ਼ਟੀ ਦੇ ਰਚਣਹਾਰ ਦਾ ਨਿਵਾਸ ਅਸਥਾਨ ਅਰਥਾਤ ਕਾਰਜ-ਖੇਤਰ (ੱੋਰਕਸਹੋਪ) ਹੈ। ਇਸ ਵਿਚ ਉਹ ਆਪਣੀਆਂ ਕਲਾ ਕ੍ਰਿਤੀਆਂ ਘੜ੍ਹਦਾ ਹੈ ਤੇ ਉਨ੍ਹਾਂ ਨੂੰ ਪ੍ਰਸੰਨ ਚਿੱਤ ਨਿਹਾਰਦਾ ਹੈ। ਇਸ ਵਿਚ ਉਸ ਨੇ ਵੱਡੇ ਵੱਡੇ ਭੂ-ਭਾਗ, ਤਾਰਾ-ਮੰਡਲ ਭਾਵ ਸਮੁੱਚਾ ਸੰਸਾਰ ਘੜ੍ਹ ਰੱਖਿਆ ਹੈ। ਜੇ ਕੋਈ ਇਸ ਦਾ ਵਰਣਨ ਕਰਨ ਲੱਗੇ ਤਾਂ ਉਹ ਪੂਰਾ ਨਾ ਕਰ ਸਕੇ। ਇੱਥੇ ਉਹ ਤਰ੍ਹਾਂ ਤਰ੍ਹਾਂ ਦੇ ਜਿਸਮਾਂ ਆਕਾਰਾਂ ਦੇ ਜੀਵ ਵੀ ਘੜ੍ਹਦਾ ਹੈ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਗੁਣਾਂ ਅਨੁਸਾਰ ਕੰਮ ਸੌਂਪਦਾ ਹੈ। ਉਹ ਕਹਿੰਦੇ ਹਨ ਕਿ ਇਸ ਨੂੰ ਵਰਣਨ ਕਰਨਾ ਲੋਹੇ ਨੂੰ ਤੋੜਨ ਜਿੰਨਾ ਕਠਿਨ ਹੈ।

ਇਸ ਪਉੜੀ ਦੀ ਵਿਆਖਿਆ ਕਰਦਿਆਂ ਡਾ. ਕੁਲਵੰਤ ਸਿੰਘ ਲਿਖਦੇ ਹਨ, “ਸੱਚ-ਖੰਡ (ਸੱਚਾਈ ਦਾ ਮੰਡਲ, ਮਨ ਦੀ ਬੰਦਗੀ ਦੀ ਅਵਸਥਾ) ਵਿਚ ਨਿਰੰਕਾਰ (ਜਿਸ ਦੀ ਸ਼ਕਲ-ਸੂਰਤ ਨਹੀਂ, ਭਾਵ ਵਾਹਿਗੁਰੂ) ਰਹਿੰਦਾ ਹੈ। ਵਾਹਿਗੁਰੂ ਇਹ ਰਚਨਾ ਕਰਕੇ (ਭਗਤਾਂ ਦੇ ਮਨ ਦੀ ਭਗਤੀ-ਭਾਵ ਵਾਲੀ ਅਵਸਥਾ ਬਣਾ ਕੇ), ਉਨ੍ਹਾਂ ਨੂੰ ਮਿਹਰ ਦੀ ਨਜ਼ਰ ਦੇ ਨਾਲ ਦੇਖ ਕੇ ਨਿਹਾਲ (ਸ਼ਾਂਤੀ ਭਰੀ ਖੁਸ਼ੀ) ਕਰਦਾ ਹੈ (ਧਿਆਨ ਕਰਦਾ, ਪਾਲਦਾ ਹੈ। ਆਪਣੇ ਨਾਲ ਮਿਲਾਉਂਦਾ ਹੈ)। ਉੱਚੀ ਆਤਮਿਕ ਅਵਸਥਾ ਵਿਚ, ਆਤਮਿਕ ਸੂਝ-ਬੂਝ ਬਹੁਤ ਵੱਧ ਜਾਂਦੀ ਹੈ। ਉਨ੍ਹਾਂ ਨੂੰ ਸਾਰੀ ਕੁਦਰਤ ਦੀ ਸਮਝ ਆ ਜਾਂਦੀ ਹੈ ਕਿ ਇਹ ਸਾਰੀ ਰਚਨਾ ਪਰਮਾਤਮਾ ਦੀ ਕੀਤੀ ਹੈ, ਹਰ ਥਾਂ ਹਰ ਚੀਜ਼ ਵਿਚ ਵਾਹਿਗੁਰੂ ਹੈ। ਜੇ ਕੋਈ ਲੇਖਾ ਲਾਉਣਾ ਚਾਹੇ (ਕਿ ਪਰਮਾਤਮਾ ਅਤੇ ਇਹਦੀ ਰਚਨਾ ਕਿੱਡੀ ਹੈ ਕਿ ਜਿਸ ਦਾ ਇਹਨੂੰ ਗਿਆਨ ਹੋ ਗਿਆ ਹੈ) ਤਾਂ ਭਾਈ ਕੁਦਰਤ ਦਾ ਤੇ ਕੋਈ ਅੰਤ ਨਹੀ! ਉਥੇ (ਰੱਬ ਦੀ ਕੁਦਰਤ ਵਿਚ, ਭਗਤ ਦੇ ਮਨ ਦੀ ਅਵਸਥਾ ਵਿਚ) ਬੇਅੰਤ ਸੰਸਾਰਾਂ ਦੀ ਬਣਤਰ, ਰਚਨਾ ਹੈ। ਭਗਤ ਨੂੰ ਇਨ੍ਹਾਂ ਦਾ-ਕੁਦਰਤ ਦੀ ਖੇਡ ਦਾ, ਗਿਆਨ ਹੋ ਜਾਂਦਾ ਹੈ ਕਿ ਇਹਦਾ ਅੰਤ ਨਹੀਂ ਅਤੇ ਇਹਨੂੰ ਬਣਾਉਣ ਵਾਲਾ ਬੇਅੰਤ ਹੈ, ਕੁਦਰਤ ਵਿਚ ਪਰਮਾਤਮਾ ਵਸਦਾ ਹੈ। ਜਿਸ ਤਰ੍ਹਾਂ ਵਾਹਿਗੁਰੂ ਚਾਹੁੰਦਾ ਹੈ, ਉਸੇ ਤਰ੍ਹਾਂ ਹੀ ਸੰਸਾਰ ਦਾ ਸਾਰਾ ਕਾਰ-ਵਿਹਾਰ ਚਲਦਾ ਹੈ (ਸਭ ਉਹਦੇ ਹੁਕਮ ਵਿਚ ਹਨ। ਕਿਸੇ ਦੀ ਬੰਦਗੀ, ਗਿਆਨ-ਸਭ ਪਰਮਾਤਮਾ ਦੇ ਹੱਥ ਹੈ)। ਵਾਹਿਗੁਰੂ ਆਪਣਾ ਕੀਤਾ ਦੇਖ ਖੁਸ਼ ਹੁੰਦਾ ਹੈ। (ਕੀਤੇ ਦੀ ਖੁਸ਼ੀ ਦੇ ਨਾਲ ਸੰਭਾਲ ਕਰਦਾ ਹੈ)। ਨਾਨਕ, ਵਾਹਿਗੁਰੂ ਦੇ (ਕੰਮਾਂ, ਰਚਨਾ, ਕਿਰਪਾ ਅਤੇ ਹੋਰ ਵਡਿਆਈਆਂ) ਬਾਰੇ ਕੁਝ ਕਹਿਣਾ ਬੜੀ ਔਖੀ ਗੱਲ ਹੈ ਕਿ ਜਿੱਦਾਂ ਸਖਤ ਸਾਰ (ਲੋਹਾ) ਖਾਣਾ ਹੋਵੇ।”

ਇਸੇ ਤਰ੍ਹਾਂ ਇਸ ਬਾਰੇ ਪ੍ਰੋ. ਸਾਹਿਬ ਸਿੰਘ ਲਿਖਦੇ ਹਨ, “ਸੱਚ ਖੰਡ ਵਿਚ (ਭਾਵ, ਅਕਾਲ ਪੁਰਖ ਨਾਲ ਇਕ-ਰੂਪ ਹੋਣ ਵਾਲੀ ਅਵਸਥਾ ਵਿਚ) ਮਨੁੱਖ ਦੇ ਅੰਦਰ (ਉਹ ਅਕਾਲ ਪੁਰਖ) ਆਪ ਹੀ ਵੱਸਦਾ ਹੈ, ਜੋ ਸ੍ਰਿਸ਼ਟੀ ਨੂੰ ਰਚ ਰਚ ਕੇ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਕਰਦਾ ਹੈ। ਉਸ ਅਵਸਥਾ ਵਿਚ (ਭਾਵ, ਅਕਾਲ ਪੁਰਖ ਨਾਲ ਇਕ-ਰੂਪ ਹੋਣ ਵਾਲੀ ਅਵਸਥਾ ਵਿਚ) ਮਨੁੱਖ ਨੂੰ ਬੇਅੰਤ ਖੰਡ, ਬੇਅੰਤ ਮੰਡਲ ਤੇ ਬੇਅੰਤ ਬ੍ਰਹਿਮੰਡ (ਦਿਸਦੇ ਹਨ, ਇਤਨੇ ਬੇਅੰਤ ਕਿ) ਜੇ ਕੋਈ ਮਨੁੱਖ ਉਨ੍ਹਾਂ ਦਾ ਕਥਨ ਕਰਨ ਲੱਗੇ, ਤਾਂ ਉਨ੍ਹਾਂ ਦੇ ਓੜਕ ਨਹੀਂ ਪਾ ਸਕਦੇ। ਉਸ ਅਵਸਥਾ ਵਿਚ ਬੇਅੰਤ ਭਵਨ ਤੇ ਅਕਾਰ ਦਿੱਸਦੇ ਹਨ (ਜਿਨ੍ਹਾਂ ਸਭਨਾਂ ਵਿਚ) ਉਸੇ ਤਰ੍ਹਾਂ ਕਾਰ ਚਲ ਰਹੀ ਹੈ, ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ (ਭਾਵ, ਇਸ ਅਵਸਥਾ ਵਿਚ ਅੱਪੜ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਵਰਤਦੀ ਦਿੱਸਦੀ ਹੈ)। (ਉਸ ਨੂੰ ਪਰਤੱਖ ਦਿੱਸਦਾ ਹੈ ਕਿ) ਅਕਾਲ ਪੁਰਖ ਵਿਚਾਰ ਕਰ ਕੇ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ। ਹੇ ਨਾਨਕ! ਇਸ ਅਵਸਥਾ ਦਾ ਕਥਨ ਕਰਨਾ ਬੜਾ ਹੀ ਔਖਾ ਹੈ (ਭਾਵ, ਇਹ ਅਵਸਥਾ ਬਿਆਨ ਨਹੀਂ ਹੋ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ)।”

ਇਹ ਦੋਵੇਂ ਵਿਦਵਾਨ ਸਚ ਖੰਡ ਨੂੰ ਮਨੁੱਖੀ ਮਨ ਦੀ ਉੱਚੀ ਅਵਸਥਾ ਮੰਨਦੇ ਹਨ, ਜਿੱਥੇ ਅਕਾਲ ਪੁਰਖ ਨਿਵਾਸ ਕਰਦਾ ਹੈ। ਉਹ ਕਹਿੰਦੇ ਹਨ ਕਿ ਜੇ ਮਨੁੱਖ ਮਨ ਦੀ ਅਵਸਥਾ ਉੱਚੀ ਕਰ ਲਵੇ ਤਾਂ ਉਸ ਨੂੰ ਸਚ ਖੰਡ ਦੇ ਨਾਲ ਕਈ ਹੋਰ ਭਵਨ ਤੇ ਆਕਾਰ ਵੀ ਦਿਖਾਈ ਦਿੰਦੇ ਹਨ, ਜਿਨ੍ਹਾਂ ਦਾ ਬਿਆਨ ਕਰਨਾ ਔਖਾ ਹੈ। ਪਰ ਗੁਰੂ ਸਾਹਿਬ ਨੇ ਤਾਂ ਕਿਹਾ ਹੈ ਕਿ ਉਸ ਦੀਆਂ ਬਣਾਈਆਂ ਵਸਤਾਂ ਵਿਚ ਤਰ੍ਹਾਂ ਤਰ੍ਹਾਂ ਦੇ ਖੰਡ, ਮੰਡਲ ਤੇ ਵਰਮੰਡ ਵੀ ਹਨ, ਜਿਨ੍ਹਾਂ ਦੀ ਗਿਣਤੀ ਇੰਨੀ ਹੈ ਕਿ ਜੇ ਕੋਈ ਦੱਸੇ ਤਾਂ ਵੀ ਵਰਣਨ ਨਾ ਹੋਵੇ। ਉਨ੍ਹਾਂ ਨੇ ਤਾਂ ਕਿਤੇ ਨਹੀਂ ਕਿਹਾ ਕਿ ਇਹ ਸਾਰਾ ਕੁਝ ਉੱਚੀ ਮਾਨਸਿਕ ਅਵਸਥਾ ਨਾਲ ਦਿਖਾਈ ਦੇ ਜਾਂਦਾ ਹੈ। ਮਾਨਸਿਕ ਸੋਚ ਬਾਰੇ ਤਾਂ ਉਨ੍ਹਾਂ ਨੇ ‘ਸੋਚੈ ਸੋਚਿ ਨ ਹੋਵਈ’ ਲਿਖਿਆ ਹੈ। ਇਹ ਵਿਦਵਾਨ ਖਿਆਲ ਕਰਨ ਕਿ ਜੇ ਇਹ ਖੰਡ, ਭਵਨ ਤੇ ਆਕਾਰ ਕਿਸੇ ਮਾਨਸਿਕ ਅਵਸਥਾ ਨਾਲ ਦਿਖਾਈ ਦੇ ਜਾਣ, ਫਿਰ ਹੁਕਮ ਜਾਣਨ ਦੀ ਤੇ ਖੋਜ ਕਰਨ ਦੀ ਕੀ ਲੋੜ ਹੈ!

ਕੀ ਲੋੜ ਹੈ ਫਿਰ ਵਿਗਿਆਨਕ ਵਿਧੀ ਦੀ ਤੇ ਗਣਿਤੀ ਵਿਧਾਨ ਦੀ। ਫਿਰ ਤਾਂ ਲੋਕ ਬੱਸ ਸਮਾਧੀਆਂ ਵਿਚ ਜਾਣ, ਉਚੀ ਮਾਨਸਿਕ ਅਵਸਥਾ ਬਣਾਉਣ, ਸੱਚ ਖੰਡ ਦੀ ਸੈਰ ਕਰ ਆਉਣ, ਆ ਕੇ ਇਸ ਦੇ ਗੁਣ ਗਾਉਣ ਤੇ ਆਪਣੇ ਆਪ ਨੂੰ ਪਰਮਾਤਮਾ ਦੀ ਵਿਸ਼ੇਸ਼ ਕਿਰਪਾ ਦੇ ਪਾਤਰ ਦੱਸ ਕੇ ਆਪਣੀ ਸ਼ੋਭਾ ਬਣਾਉਣ। ਕੋਈ ਪੁੱਛੇ ਤਾਂ ਇਹੀ ਕਹਿਣ ਕਿ ਇਸ ਬਾਰੇ ਕੁਝ ਕਹਿਣਾ ‘ਲੋਹੇ ਦੇ ਚਣੇ’ ਚਬਾਉਣ ਬਰਾਬਰ ਹੈ। ਇਸੇ ਪਖੰਡ ਦਾ ਨਾਮ ਤਾਂ ਅਧਿਆਤਮਵਾਦ ਹੈ!

 

ਲੇਖਕ  :  ਡਾ. ਗੋਬਿੰਦਰ ਸਿੰਘ ਸਮਰਾਓ

ਫੋਨ: 408-634-2310