Copyright © 2019 - ਪੰਜਾਬੀ ਹੇਰਿਟੇਜ
ਇਮਰਾਨ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਪਾਕਿ ‘ਚ ਹਾਫਿਜ਼ ਸਈਦ ਗ੍ਰਿਫ਼ਤਾਰ

ਇਮਰਾਨ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਪਾਕਿ ‘ਚ ਹਾਫਿਜ਼ ਸਈਦ ਗ੍ਰਿਫ਼ਤਾਰ

ਲਾਹੌਰ : ਪਾਕਿਸਤਾਨ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਅਮਰੀਕਾ ਦੌਰੇ ਤੋਂ ਠੀਕ ਪਹਿਲਾਂ ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਅੱਤਵਾਦੀ ਹਾਫਿਜ਼ ਸਈਦ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਫਿਜ਼ ਨੂੰ ਅੱਤਵਾਦੀ ਸਰਗਰਮੀਆਂ ਲਈ ਧਨ ਮੁਹਈਆ ਕਰਵਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਸੰਯੁਕਤ ਰਾਸ਼ਟਰ ਵੱਲੋਂ ਐਲਾਨਿਆ ਗਿਆ ਅੰਤਰਰਾਸ਼ਟਰੀ ਅੱਤਵਾਦੀ ਹੈ ਅਤੇ ਅਮਰੀਕਾ ਨੇ ਉਸ ‘ਤੇ ਇਕ ਕਰੋੜ ਡਾਲਰ (ਕਰੀਬ 70 ਕਰੋੜ ਰੁਪਏ) ਦਾ ਇਨਾਮ ਰੱਖਿਆ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਅੱਤਵਾਦ ਰੋਕੂ ਵਿਭਾਗ (ਸੀਟੀਡੀ) ਨੇ ਹਾਫਿਜ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਟੀਡੀ ਦੇ ਅਧਿਕਾਰੀ ਨੇ ਦੱਸਿਆ, ‘ਸੀਟੀਡੀ ਦੀ ਟੀਮ ਨੇ ਜਮਾਤ-ਉਦ-ਦਾਵਾ ਦੇ ਸਰਗਨੇ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਜਦੋਂ ਉਹ ਗੱਜਰਾਂਵਾਲਾ ਤੋਂ ਲਾਹੌਰ ਜਾ ਰਿਹਾ ਸੀ। ਉਸ ਨੂੰ ਲਾਹੌਰ ਤੋਂ ਕਰੀਬ 80 ਕਿਲੋਮੀਟਰ ਦੂਰ ਗੁੱਜਰਾਂਵਾਲਾ ਸ਼ਹਿਰ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ।’ ਹਾਫਿਜ਼ ਨੂੰ ਗੁੱਜਰਾਂਵਾਲਾ ‘ਚ ਅੱਤਵਾਦ ਰੋਕੂ ਅਦਾਲਤ (ਏਟੀਸੀ) ਸਾਹਮਣੇ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਸੱਤ ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੂੰ ਲਾਹੌਰ ਦੀ ਉੱਚ ਸੁਰੱਖਿਆ ਵਾਲੀ ਕੋਟ ਲਖਪਤ ਜੇਲ੍ਹ ਲਿਜਾਇਆ ਗਿਆ। ਸੀਟੀਡੀ ਨੇ ਦੱਸਿਆ ਕਿ ਹਾਫਿਜ਼ ਸਈਦ ਸਮੇਤ ਜਮਾਤ-ਉਦ-ਦਾਵਾ ਦੇ 13 ਅਹਿਮ ਲੋਕਾਂ ਵਿਰੁੱਧ 23 ਐੱਫਆਈਆਰ ਦਰਜ ਕੀਤੀਆਂ ਸਨ।