Copyright & copy; 2019 ਪੰਜਾਬ ਟਾਈਮਜ਼, All Right Reserved
ਮੌਤ ਦੇ ਮੂੰਹ ਪਾ ਰਹੀ ਹੈ ਚੰਗੇ ਭਵਿੱਖ ਦੀ ਆਸ

ਮੌਤ ਦੇ ਮੂੰਹ ਪਾ ਰਹੀ ਹੈ ਚੰਗੇ ਭਵਿੱਖ ਦੀ ਆਸ

ਗੈਰਕਾਨੂੰਨੀ ਪਰਵਾਸ ਦੇ ਦਿਲ ਕੰਬਾਊ ਅੰਕੜੇ

ਚੰਡੀਗੜ੍ਹ: ਚੰਗੇ ਭਵਿੱਖ ਦੀ ਭਾਲ ਵਿਚ ਮੈਕਸੀਕੋ ਤੋਂ ਅਮਰੀਕਾ ਜਾ ਰਹੇ ਸੈਂਕੜੇ ਸ਼ਰਨਾਰਥੀ ਆਪਣੀ ਜਾਨ ਗੁਆ ਰਹੇ ਹਨ। ਇਸ ਸਾਲ 27 ਜੂਨ ਤੱਕ 1,224 ਸ਼ਰਨਾਰਥੀਆਂ ਦੀ ਮੌਤ ਹੋਣ ਦੀ ਖਬਰ ਹੈ। ਇਨ੍ਹਾਂ ਵਿਚੋਂ 170 ਲੋਕ ਅਮਰੀਕੀ-ਮੈਕਸੀਕੋ ਸਰਹੱਦ ‘ਤੇ ਮਾਰੇ ਗਏ ਹਨ।
ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਆਫ ਮਾਈਗ੍ਰੇਸ਼ਨ ਮੁਤਾਬਕ ਜਨਵਰੀ 2015 ਤੋਂ ਲੈ ਕੇ 27 ਜੂਨ 2019 ਤੱਕ 32,182 ਪਰਵਾਸੀਆਂ ਦੀ ਮੌਤ ਹੋਈ ਹੈ। ਇਸ ਦੌਰਾਨ ਅਮਰੀਕਾ ਮੈਕਸੀਕੋ ਸਰਹੱਦ ‘ਤੇ 2,075 ਲੋਕ ਮਾਰੇ ਗਏ। ਮੱਧ ਅਮਰੀਕਾ ਦੇਸ਼ਾਂ ਵਿਚ ਰਹਿਣ ਵਾਲੇ ਲੋਕ ਅਮਰੀਕਾ ਵਿਚ ਸ਼ਰਨ ਮੰਗਦੇ ਹਨ ਪਰ ਹੁਣ ਏਸ਼ਿਆਈ ਤੇ ਖਾਸ ਕਰ ਕੇ ਪੰਜਾਬੀਆਂ ਦਾ ਰੁਝਾਨ ਵੀ ਇਸ ਗੈਰ ਕਾਨੂੰਨੀ ਪਰਵਾਸ ਵੱਲ ਵਧ ਰਿਹਾ ਹੈ।
ਅਮਰੀਕਾ ਦੇ ਸਰਕਾਰੀ ਅੰਕੜਿਆਂ ਮੁਤਾਬਕ ਸਾਲ 2017 ਵਿਚ 55,584 ਲੋਕਾਂ ਨੇ ਸ਼ਰਨ ਮੰਗੀ ਸੀ ਜਦਕਿ ਅਗਲੇ ਸਾਲ 92,959 ਸ਼ਰਨਾਰਥੀਆਂ ਨੇ ਅਮਰੀਕਾ ਵਿਚ ਸ਼ਰਨ ਲਈ ਬਿਨੈ ਕੀਤਾ ਸੀ। ਮਾਈਗ੍ਰੇਸ਼ਨ ਡੇਟਾ ਐਨਾਲੇਸਿਸ ਸੈਂਟਰ, ਆਈ.ਓ.ਐਮ. ਮੁਤਾਬਕ ਸਭ ਤੋਂ ਵੱਧ ਮੌਤਾਂ ਭੂ ਮੱਧ ਸਾਗਰ ਵਿਚ ਹੋਈਆਂ ਹਨ। ਇਥੇ 18,515 ਸ਼ਰਨਾਰਥੀ ਸਫਰ ਦੌਰਾਨ ਮਾਰੇ ਗਏ। ਪਿਛਲੇ ਦਿਨੀਂ ਰਿਓ ਗਾਂਡ ਨਦੀ ਪਾਰ ਕਰਦੇ ਹੋਏ ਸਾਲਵੇਡੇਰੀਅਨ ਨਾਗਰਿਕ ਆਸਕਰ ਤੇ ਉਸ ਦੀ 23 ਮਹੀਨਿਆਂ ਦੀ ਧੀ ਵਲੇਰੀਆ ਦੀਆਂ ਲਾਸ਼ਾਂ ਦੀ ਤਸਵੀਰ ਵਾਇਰਲ ਹੋਈਆਂ ਸਨ।
ਦੱਸ ਦਈਏ ਕਿ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦੇ ਰੁਝਾਨ ਦੇ ਰਾਹ ਵਿਚ ਆਉਂਦੀਆਂ ਮੁਸ਼ਕਲਾਂ ਦੇ ਬਾਵਜੂਦ ਪੰਜਾਬੀਆਂ ਵਿਚ ਪਰਵਾਸ ਦੀ ਖਿੱਚ ਵਧ ਰਹੀ ਹੈ। ਪਿਛਲੇ ਕੁਝ ਸਾਲਾਂ ਤੋਂ ਹਜ਼ਾਰਾਂ ਵਿਦਿਆਰਥੀਆਂ ਦੇ ਅਮਰੀਕਾ, ਕੈਨੇਡਾ, ਆਸਟਰੇਲੀਆ ਆਦਿ ਦੇਸ਼ਾਂ ਨੂੰ ਪੜ੍ਹਾਈ ਲਈ ਜਾਣ ਦੇ ਨਾਲ ਨਾਲ ਗੈਰਕਾਨੂੰਨੀ ਪਰਵਾਸ ਵੀ ਜਾਰੀ ਹੈ। ਪਿਛਲੇ ਦਿਨੀਂ ਅਮਰੀਕਾ-ਮੈਕਸੀਕੋ ਸਰਹੱਦ ਉਤੇ ਲੂ ਲੱਗਣ ਕਾਰਨ ਛੇ ਸਾਲਾ ਬੱਚੀ ਗੁਰਪ੍ਰੀਤ ਕੌਰ ਦੀ ਹੋਈ ਦਿਲ ਦਹਿਲਾ ਦੇਣ ਵਾਲੀ ਮੌਤ ਪਰਵਾਸ ਦੇ ਦੁਖਾਂਤ ਦੀ ਮੂੰਹ ਬੋਲਦੀ ਮਿਸਾਲ ਹੈ। ਗੁਰਪ੍ਰੀਤ ਕੌਰ ਦਾ ਪਿਤਾ 2013 ਤੋਂ ਅਮਰੀਕਾ ਵਿਚ ਹੈ। ਮਾਂ ਨੇ ਧੀ ਨੂੰ ਨਾਲ ਲੈ ਕੇ ਗੈਰਕਾਨੂੰਨੀ ਤਰੀਕੇ ਨਾਲ ਮੈਕਸੀਕੋ ਸਰਹੱਦ ਟੱਪ ਕੇ ਅਮਰੀਕਾ ਪੁੱਜਣ ਦਾ ਖਤਰਾ ਸਹੇੜ ਲਿਆ। ਅਮਰੀਕਾ ਪਹੁੰਚ ਵੀ ਗਏ ਪਰ ਮਾਸੂਮ ਗੁਰਪ੍ਰੀਤ ਦੀ ਪਾਣੀ ਦੀ ਪਿਆਸ ਬੁਝਾਉਣ ਲਈ ਮਾਂ ਉਸ ਨੂੰ ਹੋਰਾਂ ਪਰਵਾਸੀਆਂ ਕੋਲ ਛੱਡ ਕੇ ਪਾਣੀ ਲੈਣ ਗਈ। ਵਾਪਸ ਆਉਂਦਿਆਂ ਤੱਕ ਉਸ ਦੀ ਧੀ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੀ ਸੀ। ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੁਰਪ੍ਰੀਤ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਇਹ ਖਤਰਾ ਸਹੇੜਿਆ ਸੀ।
ਗੈਰਕਾਨੂੰਨੀ ਪਰਵਾਸ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਵੱਡਾ ਮੁੱਦਾ ਰਿਹਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਗੈਰਕਾਨੂੰਨੀ ਪਰਵਾਸ ਰੋਕਣ ਲਈ ਉਹ ਮੈਕਸੀਕੋ ਦੀ ਸਰਹੱਦ ਉਤੇ ਦੋ ਹਜ਼ਾਰ ਕਿਲੋਮੀਟਰ ਲੰਬੀ ਕੰਧ ਬਣਵਾਉਣਗੇ। ਇਸ ਫੈਸਲੇ ਨੂੰ ਲਾਗੂ ਕਰਨ ਦੇ ਮੁੱਦੇ ਉਤੇ ਰਾਸ਼ਟਰਪਤੀ ਅਤੇ ਅਮਰੀਕਾ ਦੇ ਚੁਣੇ ਹੋਏ ਸਦਨਾਂ ਦਰਮਿਆਨ ਤਣਾਅ ਵਾਲੀ ਸਥਿਤੀ ਵੀ ਰਹੀ ਹੈ।
ਵੱਡਾ ਸਵਾਲ ਇਹ ਹੈ ਕਿ ਪੰਜਾਬੀਆਂ ਦਾ ਪੰਜਾਬ ਤੋਂ ਏਨਾ ਮੋਹ ਭੰਗ ਕਿਉਂ ਹੋ ਗਿਆ ਹੈ ਕਿ ਉਹ ਹਰ ਹਰਬਾ ਵਰਤ ਕੇ ਵਿਦੇਸ਼ਾਂ ਵਿਚ ਵੱਸਣਾ ਚਾਹੁੰਦੇ ਹਨ। ਸਪੱਸ਼ਟ ਹੈ ਕਿ ਪੰਜਾਬ ਦੇ ਰਾਜ-ਪ੍ਰਬੰਧ ਦੀ ਕਾਰਗੁਜ਼ਾਰੀ ਇਸ ਕਦਰ ਖਰਾਬ ਹੋ ਚੁੱਕੀ ਹੈ ਕਿ ਲੋਕਾਂ ਨੂੰ ਸੂਬੇ ਵਿਚ ਚੰਗੇ ਭਵਿੱਖ ਦੀ ਆਸ ਨਹੀਂ ਰਹੀ।
ਪੰਜ ਸਾਲ ਤੋਂ ਨਿੱਤ ਇਕ ਪਰਵਾਸੀ ਬੱਚੇ ਦੀ ਹੋ ਰਹੀ ਹੈ ਮੌਤ
ਸੰਯੁਕਤ ਰਾਸ਼ਟਰ ਪਰਵਾਸੀ ਏਜੰਸੀ ਨੇ ਕਿਹਾ ਹੈ ਕਿ ਪਿਛਲੇ ਪੰਜ ਸਾਲਾਂ ਤੋਂ ਦੁਨੀਆ ਭਰ ‘ਚ ਰੋਜ਼ਾਨਾ ਔਸਤਨ ਇਕ ਪਰਵਾਸੀ ਬੱਚੇ ਦੀ ਮੌਤ ਹੋ ਜਾਂਦੀ ਹੈ ਜਾਂ ਲਾਪਤਾ ਹੋ ਜਾਂਦੇ ਹਨ। ਅਮਰੀਕੀ-ਮੈਕਸਿਕੋ ਸਰਹੱਦ ਜਾਂ ਹੋਰ ਖਤਰਨਾਕ ਸਫਰ ਦੌਰਾਨ ਬੱਚਿਆਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ। ਪਰਵਾਸੀਆਂ ਬਾਰੇ ਕੌਮਾਂਤਰੀ ਜਥੇਬੰਦੀ ਦੀ ਤਾਜ਼ਾ ਰਿਪੋਰਟ ‘ਫੈਟਲ ਜਰਨੀਜ਼’ ‘ਚ ਖੁਲਾਸਾ ਕੀਤਾ ਗਿਆ ਹੈ ਕਿ 2014 ਤੋਂ ਲੈ ਕੇ ਹੁਣ ਤਕ 32 ਹਜ਼ਾਰ ਵਿਅਕਤੀ ਖਤਰਨਾਕ ਯਾਤਰਾਵਾਂ ਦੌਰਾਨ ਮਾਰੇ ਗਏ ਹਨ। ਇਨ੍ਹਾਂ ‘ਚ ਛੇ ਮਹੀਨਿਆਂ ਦੇ ਬੱਚਿਆਂ ਸਮੇਤ 1600 ਬੱਚੇ ਸ਼ਾਮਲ ਹਨ। ਰਿਪੋਰਟ ਮੁਤਾਬਕ ਭੂ-ਮੱਧ ਸਾਗਰ ਸਭ ਤੋਂ ਖਤਰਨਾਕ ਰਾਹ ਹੈ ਜਿਥੇ 17 ਹਜ਼ਾਰ 900 ਵਿਅਕਤੀ ਮਾਰੇ ਜਾ ਚੁੱਕੇ ਹਨ। ਇਨ੍ਹਾਂ ‘ਚੋਂ ਕਈ ਲਿਬੀਆ ਅਤੇ ਇਟਲੀ ਵਿਚਕਾਰਲੇ ਸਫਰ ਦੌਰਾਨ ਆਪਣੀ ਜਾਨ ਗੁਆ ਚੁੱਕੇ ਹਨ। ਜਥੇਬੰਦੀ ਨੇ ਅਮਰੀਕੀ-ਮੈਕਸਿਕੋ ਸਰਹੱਦ ‘ਤੇ 2014 ਤੋਂ ਹਰ ਸਾਲ ਮੌਤਾਂ ਦੀ ਗਿਣਤੀ ਵਧਣ ‘ਤੇ ਵੀ ਚਿੰਤਾ ਜਤਾਈ ਅਤੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ 1900 ਤੋਂ ਵੱਧ ਵਿਅਕਤੀ ਮਾਰੇ ਜਾ ਚੁੱਕੇ ਹਨ।