ਰੁਝਾਨ ਖ਼ਬਰਾਂ
ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਜੋ ਬਾਇਡਨ ਅਤੇ ਟਰੰਪ ‘ਚ ਫਸਵਾਂ ਮੁਕਾਬਲਾ

ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਜੋ ਬਾਇਡਨ ਅਤੇ ਟਰੰਪ ‘ਚ ਫਸਵਾਂ ਮੁਕਾਬਲਾ

ਜੋ ਬਾਇਡਨ ਬਣ ਸਕਦੇ ਹਨ ਅਮਰੀਕਾ ਦੇ ਅਗਲੇ ਰਾਸ਼ਟਰਪਤੀ

ਕੈਨੇਡੀਅਨ ਪੰਜਾਬ ਟਾਇਮਜ਼ ਬਿਊਰੋ (ਇਸ਼ਪ੍ਰੀਤ ਕੌਰ?): ਅਮਰੀਕਾ ਵਿੱਚ 3 ਨਵੰਬਰ ‘ਚ ਨੂੰ ਹੋਈਆਂ ਚੋਣਾਂ, ਜਿਸ ਵਿੱਚ ਡੌਨਲਡ ਟਰੰਪ ਅਤੇ ਜੋ ਬਾਇਡਨ ਦਰਮਿਆਨ ਸਖਤ ਮੁਕਾਬਲਾ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਅਮਰੀਕੀ ਚੋਣਾਂ ‘ਚ ਰਿਕਾਰਡ 100 ਮਿਲੀਅਨ ਤੋਂ ਵੱਧ ਲੋਕਾਂ ਨੇ ਵੋਟ ਪਾਈ ਹੈ। ਡਾਕ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਅਜੇ ਜਾਰੀ ਹੈ ਜਿਸ ਕਾਰਨ ਅਮਰੀਕੀ ਨਾਗਰਿਕਾਂ ਨੂੰ ਅੰਤਿਮ ਚੋਣ ਨਤੀਜਿਆਂ ਲਈ ਅਜੇ ਹੋਰ ਉਡੀਕ ਕਰਨੀ ਪੈ ਰਹੀ ਹੈ।
ਮੌਜੂਦਾ ਰੁਝਾਨ ਅਨੁਸਾਰ ਡੈਮੋਕ੍ਰੇਟਿਕ ਊਮੀਦਵਾਰ ਜੋ ਬਾਇਡਨ 264 ਸੀਟਾਂ ਨਾਲ ਚੋਣਾਂ ‘ਚ ਅੱਗੇ ਚੱਲ ਰਹੇ ਹਨ ਅਤੇ ਰਿਪਬਲਿਕਨ ਊਮੀਦਵਾਰ ਡੌਨਲਡ ਟਰੰਪ 214 ਸੀਟਾਂ ਨਾਲ ਪਛੜੇ ਹੋਏ ਹਨ। ਅਮਰੀਕਾ ਦੇ ਕੁਝ ਸੂਬਿਆਂ ਦੇ ਅੰਤਿਮ ਨਤੀਜੇ ਆਉਣੇ ਅਜੇ ਬਾਕੀ ਹਨ, ਪਰ ਕੁਲ ਮਿਲਾ ਕੇ ਹਾਲ ਦੀ ਘੜੀ ਬਾਇਡਨ ਦਾ ਪਲੜਾ ਭਾਰੀ ਜਾਪਦਾ ਹੈ। ਇਨ੍ਹਾਂ ਸੂਬਿਆਂ ਵਿੱਚ ਕਰੋਨਾਵਾਇਰਸ ਮਹਾਮਾਰੀ ਕਾਰਨ ਡਾਕ ਰਾਹੀਂ ਪ੍ਰਾਪਤ ਹੋਈਆਂ ਵੋਟਾਂ ਦੀ ਗਿਣਤੀ ਅਜੇ ਜਾਰੀ ਹੈ। ਅਮਰੀਕੀ ਮੀਡੀਆ ਦੀਆਂ ਤਾਜ਼ਾ ਰਿਪੋਰਟਾਂ ਅਨੁਸਾਰ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਮੁਕੰਮਲ ਹੋਣ ਤੋਂ ਦੋ ਦਿਨ ਬਾਅਦ ਬਾਇਡਨ 264 ਇਲੈਕਟੋਰਲ ਵੋਟਾਂ ਨਾਲ 270 ਦੇ ਕ੍ਰਿਸ਼ਮਈ ਅੰਕੜੇ ਦੇ ਨੇੜੇ ਢੁੱਕ ਗਏ ਹਨ ਜਦਕਿ ਟਰੰਪ ਨੇ ਅਜੇ ਤੱਕ 214 ਵੋਟਾਂ ਪ੍ਰਾਪਤ ਕੀਤੀਆਂ ਹਨ। ਚਾਰ ਸੂਬਿਆਂ-ਜੌਰਜੀਆ, ਪੈਨਸਿਲਵੇਨੀਆ, ਨਾਰਥ ਕੈਰੋਲੀਨਾ ਅਤੇ ਨੇਵਾਡਾ ਵਿੱਚ ਨਤੀਜੇ ਐਲਾਨੇ ਜਾਣੇ ਅਜੇ ਬਾਕੀ ਹਨ ਕਿਉਂਕਿ ਇਨ੍ਹਾਂ ਸੂਬਿਆਂ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ।
ਉਧਰ ਅਦਾਲਤ ਨੇ ਅਮਰੀਕੀ ਸਦਰ ਡੋਨਲਡ ਟਰੰਪ ਦੀ ਕੈਂਪੇਨ ਵੱਲੋਂ ਮਿਸ਼ੀਗਨ ਵਿੱਚ ਵੋਟਾਂ ਦੀ ਚੱਲ ਰਹੀ ਗਿਣਤੀ ਨੂੰ ਰੋਕਣ ਦੀ ਮੰਗ ਕਰਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਮਿਸ਼ੀਗਨ ਅਦਾਲਤ ਦੀ ਜੱਜ ਸਿੰਥੀਆ ਸਟੀਫ਼ਨਜ਼ ਨੇ ਇਹ ਫੈਸਲਾ ਸੁਣਾਉਂਦਿਆਂ ਕਿਹਾ ਕਿ ਉਹ ਲਿਖਤ ਫੈਸਲਾ ਸ਼ੁੱਕਰਵਾਰ ਨੂੰ ਜਾਰੀ ਕਰੇਗੀ। ਇਸ ਦੌਰਾਨ ਜੋਅ ਬਾਇਡੇਨ ਨੇ ਜੇਤੂ ਨੇਤਾ ਵਾਂਗ ਭਾਸ਼ਣ ਦਿੰਦਿਆਂ ਕਿਹਾ ਕਿ ਅਸੀਂ ਬਹੁਮੱਤ ਤੋਂ ਜ਼ਿਆਦਾ ਇਲੈਕਟ੍ਰੋਲ ਕਾਲਜ ਜਿੱਤਣ ਵੱਲ ਵਧ ਰਹੇ ਹਾਂ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਜਿੱਤ ਤੋਂ ਬਾਅਦ ਰੀਪਬਲਿਕਨ ਤੇ ਡੈਮੋਕ੍ਰੈਟ ਰਾਜਾਂ ਵਿਚਾਲੇ ਕੋਈ ਭੇਦਭਾਵ ਨਹੀਂ ਹੋਵੇਗਾ, ਸਾਰੇ ਮਿਲ ਕੇ ਅਮਰੀਕਾ ਨੂੰ ਅੱਗੇ ਵਧਾਵਾਂਗੇ। ਵੋਟਾਂ ਦੀ ਗਿਣਤੀ ਦੌਰਾਨ ਹਿੰਸਾ ਫੈਲਣ ਦੇ ਖ਼ਦਸ਼ੇ ਕਾਰਣ ਅਮਰੀਕਾ ਵਿੱਚ ਸਖ਼ਤ ਸੁਰੱਖਿਆ ਚੌਕਸੀ ਵੀ ਰੱਖੀ ਜਾ ਰਹੀ ਹੈ।