ਅਮਰੀਕੀ ਸੰਸਦੀ ਕਮੇਟੀ ਸਾਹਮਣੇ ਪੇਸ਼ ਹੋਏ ਸੋਸ਼ਲ ਮੀਡੀਆ ਕੰਪਨੀਆਂ ਦੇ ਉੱਚ ਅਧਿਕਾਰੀ

ਅਮਰੀਕੀ ਸੰਸਦੀ ਕਮੇਟੀ ਸਾਹਮਣੇ ਪੇਸ਼ ਹੋਏ ਸੋਸ਼ਲ ਮੀਡੀਆ
ਕੰਪਨੀਆਂ ਦੇ ਉੱਚ ਅਧਿਕਾਰੀ

ਚੋਣਾਂ ‘ਚ ਵਿਦੇਸ਼ੀ ਦਖ਼ਲ ਰੋਕਣ ਦਾ ਦਿੱਤਾ ਭਰੋਸਾ

ਵਾਸ਼ਿੰਗਟਨ : ਸੋਸ਼ਲ ਮੀਡੀਆ ਦਿੱਗਜ ਫੇਸਬੁਕ ਤੇ ਟਵਿੱਟਰ ਦੇ ਉੱਚ ਅਧਿਕਾਰੀ ਅਮਰੀਕੀ ਸੰਸਦੀ ਕਮੇਟੀ ਸਾਹਮਣੇ ਪੇਸ਼ ਹੋਏ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਅਮਰੀਕਾ ਤੇ ਦੁਨੀਆ ਦੇ ਹੋਰਨਾਂ ਦੇਸ਼ਾਂ ‘ਚ ਹੋਣ ਵਾਲੀਆਂ ਚੋਣਾਂ ‘ਚ ਵਿਦੇਸ਼ੀ ਦਖ਼ਲ ਰੋਕਣ ਲਈ ਕਦਮ ਚੁੱਕ ਰਹੇ ਹਨ। ਸੰਸਦੀ ਕਮੇਟੀ ਨੇ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਸੁਰੱਖਿਆ ਮਸਲਿਆਂ ‘ਤੇ ਪੁੱਛਗਿੱਛ ਲਈ ਫੇਸਬੁਕ ਦੀ ਸੀਈਓ ਸ਼ੈਰਿਲ ਸੈਂਡਬਰਗ ਤੇ ਟਵਿੱਟਰ ਦੇ ਸੀਈਓ ਜੈਕ ਡੋਰਜੀ ਨੂੰ ਤਲਬ ਕੀਤਾ ਸੀ।  ਅਮਰੀਕਾ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਪਹਿਲਾਂ ਇਹ ਦਾਅਵਾ ਕੀਤਾ ਸੀ ਕਿ 2016 ਦੀਆਂ ਰਾਸ਼ਟਰਪਤੀ ਚੋਣਾਂ ‘ਚ ਰੂਸ ਨੇ ਦਖ਼ਲ ਦਿੱਤਾ ਸੀ। ਇਸ ਚੋਣ ‘ਚ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਸਨ। ਪਿਛਲੀ ਜੁਲਾਈ ‘ਚ ਫਿਨਲੈਂਡ ਦੀ ਰਾਜਧਾਨੀ ਹੈਲਸਿੰਕੀ ‘ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਅਮਰੀਕੀ ਹਮਰੁਤਬਾ ਟਰੰਪ ਨਾਲ ਸਿਖਰ ਵਾਰਤਾ ਦੌਰਾਨ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ। ਟਰੰਪ ਪਹਿਲਾਂ ਹੀ ਇਨ੍ਹਾਂ ਦੋਸ਼ਾਂ ਨੂੰ ਠੁਕਰਾ ਚੁੱਕੇ ਹਨ। ਸੈਂਡਬਰਗ ਨੇ ਸੈਨੇਟ ਦੀ ਖ਼ੁਫ਼ੀਆ ਮਾਮਲਿਆਂ ਦੀ ਕਮੇਟੀ ਦੇ ਮੈਂਬਰਾਂ ਨੂੰ ਕਿਹਾ, ‘ਅਸੀਂ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਤੇ ਹੋਰਨਾਂ ਦੇਸ਼ਾਂ ‘ਚ ਹੋਣ ਵਾਲੀਆਂ ਚੋਣਾਂ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਜਰਮਨੀ ਤੇ ਇਟਲੀ ਤੋਂ ਲੈ ਕੇ ਮੈਕਸੀਕੋ ‘ਚ ਹੋਈਆਂ ਹਾਲੀਆ ਚੋਣਾਂ ‘ਚ ਸਾਡੇ ਯਤਨ ਦੇ ਨਤੀਜੇ ਸਾਹਮਣੇ ਆ ਰਹੇ ਹਨ। ਅਸੀਂ ਬਾਹਰੀ ਮਾਹਿਰਾਂ, ਭਾਈਵਾਲਾਂ, ਸਰਕਾਰਾਂ ਤੇ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਖ਼ਤਰਿਆਂ ਤੇ ਦੁਰਵਰਤੋਂ ਰੋਕਣ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ।’