ਏਸ਼ੀਆਈ ਖੇਡਾਂ 2018 : ਚੀਨ ਦੀ ਜੇਤੂ ਸਰਦਾਰੀ ਬਰਕਰਾਰ, ਭਾਰਤ ਰਿਹਾ 8ਵੇਂ ਨੰਬਰ ‘ਤੇ

ਏਸ਼ੀਆਈ ਖੇਡਾਂ 2018 : ਚੀਨ ਦੀ ਜੇਤੂ ਸਰਦਾਰੀ ਬਰਕਰਾਰ,
ਭਾਰਤ ਰਿਹਾ 8ਵੇਂ ਨੰਬਰ ‘ਤੇ

ਏਸ਼ੀਆਈ ਖੇਡਾਂ 2018 ਜੋ ਜਕਾਰਤਾ ਵਿਖੇ 18 ਸਤੰਬਰ ਤੋਂ 2 ਅਕਤੂਬਰ ਤੱਕ ਚੱਲੀਆਂ। ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਛੱਡਦੀਆਂ ਹੋਈਆਂ ਇੱਕ ਨਿਵੇਕਲਾ ਇਤਿਹਾਸ ਛੱਡਦੀਆਂ ਹੋਈਆਂ ਸਮਾਪਤ ਹੋਈਆਂ। ਏਸ਼ੀਆਈ ਖੇਡਾਂ ਵਿਚ ਇੱਕ ਵਾਰ ਫਿਰ ਚੀਨ ਨੇ ਆਪਣੀ ਜੇਤੂ ਸਰਦਾਰੀ ਨੂੰ ਬਰਕਰਾਰ ਰੱਖਦਿਆਂ ਤਗਮਾ ਸੂਚੀ ਵਿਚ ਪਹਿਲਾ ਸਥਾਨ ਹਾਸਲ ਕੀਤਾ। 1982 ਏਸ਼ੀਅਨ ਖੇਡਾਂ ਤੋਂ ਲਗਾਤਾਰ ਉੱਪਰਲੇ ਸਥਾਨ ਤੇ ਚਲਦਾ ਆ ਰਿਹਾ ਚੀਨ ਇਸ ਵਾਰ 132 ਸੋਨੇ ਦੇ, 92 ਚਾਂਦੀ ਦੇ, 65 ਕਾਂਸੀ ਦੇ, ਅਤੇ ਕੁੱਲ 289 ਤਗਮਿਆਂ ਨਾਲ ਪਹਿਲੇ ਸਥਾਨ ‘ਤੇ ਰਿਹਾ। ਇਹ 16 ਸਾਲ ਬਾਅਦ ਚੀਨ ਦੀ ਸਰਦਾਰੀ ਨੂੰ ਥੋੜ੍ਹਾ ਜਿਹਾ ਖੋਰਾ ਲੱਗਿਆ ਜਦੋਂ ਉਹ ਤਗਮਾ ਸੂਚੀ ਵਿਚ 300 ਤੋਂ ਅੰਕੜਾ ਪਾਰ ਨਹੀਂ ਕਰ ਸਕਿਆ। ਜਿਸਤੋਂ ਬਾਅਦ ਜਪਾਨ ਨੇ 74 ਸੋਨੇ ਦੇ ੫੬ ਚਾਂਦੀ ਦੇ, 74 ਕਾਂਸੀ ਦੇ ਤੇ ਕੁੱਲ 175 ਤਗਮਿਆਂ ਨਾਲ ਦੂਸਰਾ ਸਥਾਨ ਤੇ ਕੋਰੀਆ 49 ਸੋਨੇ ਦੇ, 57 ਚਾਂਦੀ ਦੇ ਅਤੇ 70 ਕਾਂਸੀ ਦੇ ਤੇ ਕੁੱਲ 176 ਤਗਮਿਆਂ ਨਾਲ ਤੀਸਰਾ ਸਥਾਨ ਹਾਸਲ ਕੀਤਾ। ਇਹ ਤਿੰਨ ਮੁਲਕ ਹੀ ਅਜਿਹੇ ਹਨ ਜਿੰਨ੍ਹਾਂ ਦਾ ਜੇਤੂ ਅੰਕੜਾ 100 ਤੋਂ ਉਤੇ ਰਿਹਾ। ਜਦਕਿ ਭਾਰਤ 15 ਸੋਨੇ ਦੇ, 24 ਚਾਂਦੀ ਦੇ, 30 ਕਾਂਸੀ ਦੇ, ਕੁੱਲ 69 ਤਗਮਿਆਂ ਨਾਲ 8ਵੇਂ ਸਥਾਨ ‘ਤੇ ਰਿਹਾ। ਪਿਛਲੀਆਂ ਏਸ਼ੀਅਨ ਖੇਡਾਂ ਵਿਚ ਭਾਰਤ ਨੇ 57 ਤਗਮੇ ਜਿੱਤੇ ਸਨ। ਇਸ ਵਾਰ 570 ਭਾਰਤੀ ਖਿਡਾਰੀਆਂ ਦੇ ਟੋਲੇ ਵਿੱਚੋਂ ਭਾਰਤ ਨੇ ਅਥਲੈਟਿਕ ਵਿਚ ਵਧੀਆ ਖੇਡ ਦਾ ਮੁਜਾਹਰਾ ਕੀਤਾ। ਅਥਲੈਟਿਕਸ ਵਿਚ ਭਾਰਤ ਨੇ 7 ਸੋਨੇ ਦੇ 10 ਚਾਂਦੀ ਦੇ ਤੇ 2 ਕਾਂਸੀ ਦੇ ਤੇ ਕੁੱਲ 19 ਤਗਮੇ ਜਿੱਤੇ। ਸ਼ੂਟਿੰਗ ਵਿਚ ਭਾਰਤ ਨੂੰ 9 ਤਗਮੇ ਮਿਲੇ, ਜਦਕਿ ਕੁਸ਼ਤੀ ਵਿਚ ਸਿਰਫ 3 ਤਗਮੇ ਹੀ ਮਿਲੇ। ਕੁਝ ਅਜਿਹੀਆਂ ਜਾਣੀਆਂ ਅਣਜਾਣੀਆਂ ਖੇਡਾਂ ਸਨ ਜਿੰਨ੍ਹਾਂ ਨੇ ਭਾਰਤ ਦੀ ਲਾਜ ਬਚਾਈ। ਜਿਸ ਤਰ੍ਹਾਂ ਬ੍ਰਿਜ, ਰੋਇੰਗ, ਫਿਲਿੰਗ, ਬੁਸੂ, ਸਕੁਐਸ਼, ਆਦਿ ਖੇਡਾਂ ‘ਚ ਭਾਰਤ ਨੇ ਤਗਮੇ ਜਿੱਤੇ ਪਰ ਭਾਰਤ ਨੂੰ ਵੱਡੀ ਨਿਰਾਸ਼ਾ ਕਬੱਡੀ ਤੇ ਹਾਕੀ ਵਿਚ ਮਿਲੀ। ਜਦੋਂ ਭਾਰਤੀ ਟੀਮਾਂ ਸੋਨ ਤਗਮੇ ਦੀਆਂ ਦਾਅਵੇਦਾਰ ਹੁੰਦੇ ਬਾਵਜੂਦ ਵੀ ਸੋਨ ਤਗਮੇ ਤੋਂ ਦੂਰ ਹੀ ਰਹੀਆਂ।
ਕਬੱਡੀ ਵਿਚ ਇਰਾਨ ਨੇ ਨਵਾਂ ਇਤਿਹਾਸ ਰਚਿਆ। ਜਦਕਿ ਇਰਾਨ ਨੇ ਮੁੰਡਿਆਂ ਤੇ ਕੁੜੀਆਂ ਦੇ ਦੋਵੇਂ ਵਰਗਾਂ ਵਿਚ ਸੋਨ ਤਗਮਾ ਜਿੱਤਿਆ। ਹਾਕੀ ਮੁੰਡਿਆਂ ਵਿਚ ਭਾਰਤ ਹੱਥੋਂ 8 ਗੋਲਾਂ ਤੇ ਹਾਰਨ ਵਾਲੀ ਜਪਾਨ ਦੀ ਟੀਮ ਕੋਰੀਆ, ਮਲੇਸ਼ੀਆ, ਪਾਕਿਸਤਾਨ ਨੂੰ ਹਰਾ ਕੇ ਨਾ ਕਿ ਕਰਿਸ਼ਮੇ ਵਾਲਾ ਇੱਕ ਇਤਿਹਾਸ ਰਚਿਆ ਸਗੋਂ ਓਲੰਪਿਕ ਖੇਡਾਂ ਲਈ 52 ਸਾਲ ਬਾਅਦ ਆਪਣੀ ਐਂਟਰੀ ਪੱਕੀ ਕੀਤੀ। ਕੁੜੀਆਂ ਦੀ ਹਾਕੀ ‘ਚ ਵੀ ਜਪਾਨ ਨੇ ਭਾਰਤ ਨੂੰ 2-1 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਬਾਕੀ ਟੀਮ ਖੇਡਾਂ ਵਾਲੀਬਾਲ, ਹੈਂਡਬਾਲ, ਬਾਸਕਿਟਬਾਲ ਵਿਚ ਭਾਰਤੀ ਖਿਡਾਰੀ ਦੀਵਾ ਲਾਇਆਂ ਵੀ ਲੱਭੇ ਨਹੀਂ। ਫੁੱਟਬਾਲ ‘ਚ ਮਰਦਾਂ ਦੇ ਵਰਗ ਵਿਚ ਦੱਖਣੀ ਕੋਰੀਆ ਦੀ ਸਰਦਾਰੀ ਰਹੀ ਜਦਕਿ ਕੁੜੀਆਂ ਦੇ ਵਰਗ ਵਿਚ ਜਪਾਨ ਨੇ ਚੀਨ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਪੰਜਾਬ ਦੇ 56 ਖਿਡਾਰੀ ਏਸ਼ੀਅਨ ਖੇਡਾਂ ਵਿਚ ਗਏ ਸਨ। ਅਰਪਿੰਦਰ ਸਿੰਘ ਅਤੇ ਮਨਦੀਪ ਸਿੰਘ ਨੇ ਸੋਨ ਤਗਮਾ ਜਿੱਤ ਕੇ ਪੰਜਾਬ ਦੇ ਅਥਲੀਟਾਂ ਦੀ ਚਮਕ ਨੂੰ ਪੂਰੀ ਦੁਨੀਆ ‘ਚ ਬਿਖੇਰਿਆ। ਸਵਰਨ ਸਿੰਘ ਨੇ ਰੋਇੰਗ ਵਿਚ ਸੋਨ ਤਗਮਾ ਜਿੱਤ ਕੇ ਪੰਜਾਬ ਦਾ ਨਾਂਅ ਚਮਕਾਇਆ। ਪਰ ਪਹਿਲਵਾਨ ਸੁਸ਼ੀਲ ਕੁਮਾਰ, ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਅਤੇ ਹੋਰ ਟੈਨਿਸ ਖਿਡਾਰੀਆਂ ਨੇ ਭਾਰਤ ਦੇ ਪੱਲੇ ਵੱਡੀ ਨਿਰਾਸ਼ਤਾ ਪਾਈ। ਕੁੇੱਲ ਮਿਲਾ ਕੇ 1549 ਮੈਡਲਾਂ ਵਿਚੋਂ ਚੀਨ ਦੀ ਜੇਤੂ ਸਰਦਾਰੀ ਰਹੀ। ਜਦਕਿ ਭਾਰਤ ਨੂੰ 202 ਦੀਆਂ ਏਸ਼ੀਅਨ ਖੇਡਾਂ ਲਈ ਹੁਣ ਤੋਂ ਹੀ ਬੜੀ ਗੰਭੀਰਤਾ ਲੈਣੀ ਪਵੇਗੀ। ਕਿਉਂਕਿ ਇੰਡੋਨੇਸ਼ੀਆ ਇਰਾਨ, ਚੀਨੀ ਤਾਇਪੇ, ਉਜ਼ਬੇਕਿਸਤਾਨ, ਆਦਿ ਹੋਰ ਨਿੱਕੇ-ਨਿੱਕੇ ਮੁਲਕ, ਖੇਡਾਂ ਵਿਚ ਬੜੀ ਤੇਜੀ ਨਾਲ ਅੱਗੇ ਵਧ ਰਹੇ ਹਨ। ਕੁੱਲ ਮਿਲਾ ਕੇ ਜਕਾਰਤਾ ਦੀਆਂ 2018 ਏਸ਼ੀਅਨ ਖੇਡਾਂ ਦਾ ਉਘਾਟਨੀ ਅਤੇ ਸਮਾਪਤੀ ਸਮਾਰੋਹ ਇੱਕ ਨਿਵੇਕਲੀਆਂ ਪੈੜਾਂ ਪਾਉਂਦੀਆਂ 2022 ਚੀਨ ਵਿਖੇ ਫਿਰ ਤੋਂ ਮਿਲਣ ਦੇ ਵਾਅਦੇ ਨਾਲ ਮਹਾਂਕੁੰਭ ਧੂੰਮ ਧੜੱਕੇ ਨਾਲ ਸਮਪਤ ਹੋਇਆ।

-ਜਗਰੂਪ ਸਿੰਘ ਜਰਖੜ, ਖੇਡ ਲੇਖਕ
9814300722