ਜ਼ਰੂਰੀ ਹੈ ਕੋਲੈਸਟ੍ਰੋਲ ਬਾਰੇ ਸਹੀ ਜਾਣਕਾਰੀ

ਜ਼ਰੂਰੀ ਹੈ ਕੋਲੈਸਟ੍ਰੋਲ ਬਾਰੇ ਸਹੀ ਜਾਣਕਾਰੀ 

ਕੋਲੈਸਟ੍ਰੋਲ ਦੇ ਪੱਧਰ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈ। ਇਸ ਦਾ ਘੱਟ ਪੱਧਰ ਸਿਹਤ ਲਈ ਚੰਗਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕੋਲੈਸਟ੍ਰੋਲ ਹੈ ਕੀ ਅਤੇ ਇਸ ਦਾ ਘੱਟ ਪੱਧਰ ਕਿਉਂ ਸੁਰੱਖਿਅਤ ਹੈ? ਕੋਲੈਸਟ੍ਰੋਲ ਇਕ ਫੈਟੀ ਪਦਾਰਥ ਹੁੰਦਾ ਹੈ ਜਿਸ ਦਾ ਨਿਰਮਾਣ ਮਨੁੱਖ ਦੇ ਜਿਗਰ ਵਿਚ ਹੁੰਦਾ ਹੈ। ਇਹ ਡੇਅਰੀ ਉਤਪਾਦਾਂ ਅਤੇ ਮੀਟ ਆਦਿ ਵਿਚ ਵੀ ਪਾਇਆ ਜਾਂਦਾ ਹੈ।
ਕੋਲੈਸਟ੍ਰੋਲ ਦੀ ਕੁਝ ਮਾਤਰਾ ਦੀ ਸਰੀਰ ਨੂੰ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਸੈੱਲਾਂ ਦੇ ਕੰਮ ਕਰਨ ਦੀ ਸਮਰੱਥਾ ਅਤੇ ਮੁਰੰਮਤ ਲਈ ਇਸ ਦੀ ਲੋੜ ਹੁੰਦੀ ਹੈ। ਸਰੀਰ ਵਿਚ ਵਿਟਾਮਿਨ ‘ਡੀ’ ਦੇ ਨਿਰਮਾਣ ਲਈ ਅਤੇ ਕਈ ਮਹੱਤਵਪੂਰਨ ਹਾਰਮੋਨ ਜਿਵੇਂ ਇਸਟ੍ਰੋਜਨ, ਟੇਸਟੋਸਟੀਰੋਨ ਆਦਿ ਦੇ ਨਿਰਮਾਣ ਲਈ ਵੀ ਇਸ ਦੀ ਲੋੜ ਹੁੰਦੀ ਹੈ। ਸਾਡਾ ਸਰੀਰ ਆਪਣੀ ਲੋੜ ਦੇ ਮੁਤਾਬਿਕ ਇਸ ਦਾ ਨਿਰਮਾਣ ਕਰ ਲੈਂਦਾ ਹੈ। ਚਾਹੇ ਤੁਸੀਂ ਸ਼ਾਕਾਹਾਰੀ ਹੋ ਤਾਂ ਵੀ ਤੁਹਾਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਨਹੀਂ ਪੈਂਦੀ।
ਕੋਲੈਸਟ੍ਰੋਲ ਇਕ ਲਿਪਿਡ ਹੈ ਜੋ ਪ੍ਰੋਟੀਨ ਦੇ ਨਾਲ ਮਿਸ਼ਰਤ ਹੋ ਕੇ ਲਿਪੋਪ੍ਰੋਟੀਨ ਬਣ ਜਾਂਦਾ ਹੈ।
ਲੋ ਡੇਨਿਸਟੀ ਲਿਪੋਪ੍ਰੋਟੀਨ ਜਾਂ ਐਲ. ਡੀ. ਐਲ. ਕੋਲੈਸਟ੍ਰੋਲ ਨੂੰ ਬੁਰਾ ਕੋਲੈਸਟ੍ਰੋਲ ਮੰਨਿਆ ਜਾਂਦਾ ਹੈ ਕਿਉਂਕਿ ਇਹ ਖੂਨ ਵਹਿਣੀਆਂ ਦੀਆਂ ਦੀਵਾਰਾਂ ਨਾਲ ਇਕ ਪਲਾਸਟਰ ਦੇ ਰੂਪ ਵਿਚ ਚਿਪਕ ਜਾਂਦਾ ਹੈ। ਇਸ ਨਾਲ ਖੂਨ ਦੇ ਪ੍ਰਵਾਹ ਵਿਚ ਰੁਕਾਵਟ ਆਉਂਦੀ ਹੈ ਅਤੇ ਦਿਲ ਦੇ ਰੋਗ ਅਤੇ ਅਧਰੰਗ ਦੀ ਸੰਭਾਵਨਾ ਵਧ ਜਾਂਦੀ ਹੈ। ਹਾਈ ਡੈਂਸਿਟੀ ਲਿਪੋਪ੍ਰੋਟੀਨ ਜਾਂ ਐਚ. ਡੀ. ਐਲ. ਕੋਲੈਸਟ੍ਰੋਲ ਚੰਗਾ ਹੁੰਦਾ ਹੈ, ਕਿਉਂਕਿ ਇਹ ਉਸ ਪਲਾਸਟਰ ਨੂੰ ਉਤਾਰ ਕੇ ਵਾਪਸ ਜਿਗਰ ਤੱਕ ਪਹੁੰਚਾਉਂਦਾ ਹੈ ਅਤੇ ਖੂਨ ਵਹਿਣੀਆਂ ਨੂੰ ਸਾਫ਼ ਰੱਖਣ ਵਿਚ ਮਦਦ ਕਰਦਾ ਹੈ। ਕੋਲੈਸਟ੍ਰੋਲ ਦੇ ਪੱਧਰ ਦੀ ਜਾਂਚ ਖੂਨ ਟੈਸਟ ਰਾਹੀਂ ਕੀਤੀ ਜਾਂਦੀ ਹੈ ਪਰ ਕੋਲੈਸਟ੍ਰੋਲ ਦੀ ਕੁੱਲ ਜਾਂਚ ਸਭ ਕੁਝ ਪੂਰੀ ਤਰ੍ਹਾਂ ਨਹੀਂ ਦੱਸ ਸਕਦੀ, ਕਿਉਂਕਿ ਜੇ ਐਲ. ਡੀ. ਐਲ. ਦਾ ਪੱਧਰ ਜ਼ਿਆਦਾ ਹੋਵੇ ਅਤੇ ਐਚ. ਡੀ. ਐਲ. ਘੱਟ ਤਾਂ ਪਲਾਸਟਰ ਖੂਨ ਵਹਿਣੀਆਂ ਵਿਚ ਆਪਣੀ ਜਗ੍ਹਾ ਬਣਾ ਹੀ ਰਿਹਾ ਹੁੰਦਾ ਹੈ। ਜੇ ਐਲ. ਡੀ.ਐਲ. ਦਾ ਪੱਧਰ ਖੂਨ ਦੀ ਪ੍ਰਤੀ ਡੈਸਿਲਿਟਰ ਮਾਤਰਾ ਵਿਚ 130 ਮਿਲੀਗ੍ਰਾਮ ਤੋਂ ਜ਼ਿਆਦਾ ਹੋਵੇ ਤਾਂ ਦਿਲ ਦੇ ਰੋਗ ਅਤੇ ਸ਼ੂਗਰ ਦੀ ਸੰਭਾਵਨਾ ਵਧਦੀ ਹੈ। ਜਿਨ੍ਹਾਂ ਲੋਕਾਂ ਨੂੰ ਦਿਲ ਦੇ ਰੋਗ ਅਤੇ ਸ਼ੂਗਰ ਹੈ, ਉਨ੍ਹਾਂ ਵਿਚ ਇਹ ਪੱਧਰ 70 ਜਾਂ ਇਸ ਤੋਂ ਘੱਟ ਹੋਣਾ ਚਾਹੀਦਾ ਹੈ।
ਔਰਤਾਂ ਵਿਚ ਐਚ. ਡੀ. ਐਲ. ਦਾ ਪੱਧਰ 50 ਜਾਂ ਇਸ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ ਅਤੇ ਮਰਦਾਂ ਵਿਚ 40 ਜਾਂ ਇਸ ਤੋਂ ਜ਼ਿਆਦਾ। ਬੱਚਿਆਂ ਨੂੰ ਆਮ ਤੌਰ ‘ਤੇ ਕੋਲੈਸਟ੍ਰੋਲ ਦੀ ਜਾਂਚ ਦੀ ਲੋੜ ਨਹੀਂ ਹੁੰਦੀ। ਹਾਂ, ਜੇ ਖਾਨਦਾਨੀ ਗੰਭੀਰ ਸਮੱਸਿਆ ਹੋਵੇ ਤਾਂ ਜਾਂਚ ਕਰਾਈ ਜਾ ਸਕਦੀ ਹੈ ਪਰ ਜੇ ਤੁਸੀਂ 20 ਸਾਲ ਦੀ ਉਮਰ ਵਿਚ ਹੋ ਅਤੇ ਟੀ. ਵੀ. ਜਾਂ ਕੰਪਿਊਟਰ ਨਾਲ ਚਿਪਕੇ ਬੈਠੇ ਰਹਿੰਦੇ ਹੋ, ਸਰੀਰਕ ਕਸਰਤ ਨਹੀਂ ਕਰਦੇ ਤਾਂ ਤੁਹਾਨੂੰ ਵੀ ਇਸ ‘ਤੇ ਧਿਆਨ ਦੇਣ ਦੀ ਲੋੜ ਪੈ ਸਕਦੀ ਹੈ। ਹਰ 5 ਸਾਲ ਬਾਅਦ ਕੋਲੈਸਟ੍ਰੋਲ ਦੀ ਜਾਂਚ ਕਰਾਓ ਅਤੇ 40 ਸਾਲ ਦੀ ਉਮਰ ਤੋਂ ਬਾਅਦ ਸਾਲ ਵਿਚ ਇਕ ਵਾਰ ਜ਼ਰੂਰ ਜਾਂਚ ਕਰਾਓ। ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਦੀਆਂ ਦਵਾਈਆਂ ਹਨ ਪਰ ਮਾਹਿਰਾਂ ਦੀ ਰਾਏ ਤੋਂ ਬਿਨਾਂ ਇਨ੍ਹਾਂ ਦਾ ਸੇਵਨ ਨਾ ਕਰੋ। ਦਵਾਈਆਂ ਤੋਂ ਇਲਾਵਾ ਵੀ ਤੁਸੀਂ ਇਨ੍ਹਾਂ ਤਰੀਕਿਆਂ ਨੂੰ ਵੀ ਅਜ਼ਮਾ ਸਕਦੇ ਹੋ-
– ਫਾਈਬਰ ਦਾ ਸੇਵਨ ਜ਼ਿਆਦਾ ਕਰੋ। ਫਲਾਂ ਅਤੇ ਸਬਜ਼ੀਆਂ ਵਿਚ ਮੌਜੂਦ ਰੇਸ਼ਿਆਂ ਦੀ ਮਾਤਰਾ ਤੁਹਾਡੇ ਸਰੀਰ ਵਿਚੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਸਹਾਇਤਾ ਕਰਦੀ ਹੈ।
– ਸਿਕਮੰਡ ਮਿਲਕ ਜਾਂ ਘੱਟ ਚਰਬੀ ਵਾਲੇ ਡੇਅਰੀ ਉਤਪਾਦਾਂ ਦਾ ਸੇਵਨ ਕਰੋ।
– ਮੋਨੋਸੇਚੂਰੇਟਿਡ ਚਰਬੀ ਦਾ ਸੇਵਨ ਕਰੋ ਜਿਵੇਂ ਆਲਿਵ, ਕੇਨੋਲਾ ਆਇਲ।
– ਮੱਛੀ ਵਰਗੇ ਟਿਊਨਾ, ਸਾਲਮਨ, ਮੇਕਰੇਲ ਦਾ ਸੇਵਨ ਕਰੋ, ਕਿਉਂਕਿ ਇਨ੍ਹਾਂ ਵਿਚ ਓਮੇਗਾ 3 ਫੈਟੀ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਸ ਦਾ ਪ੍ਰਭਾਵ ਸੁਰੱਖਿਆਤਮਿਕ ਹੁੰਦਾ ਹੈ।
* ਕਸਰਤ ਸਰੀਰਕ ਅਤੇ ਮਾਨਸਿਕ ਤੰਦਰੁਸਤੀ, ਦੋਵਾਂ ਲਈ ਫਾਇਦੇਮੰਦ ਹੈ। ਕਸਰਤ ਨਾਲ ਐਲ. ਡੀ. ਐਲ. ਦਾ ਪੱਧਰ ਘੱਟ ਹੁੰਦਾ ਹੈ ਅਤੇ ਐਚ. ਡੀ. ਐਲ. ਦਾ ਪੱਧਰ ਵਧਦਾ ਹੈ। ਨਾਲ ਹੀ ਦਿਲ ਅਤੇ ਫੇਫੜਿਆਂ ਦੇ ਕੰਮ ਕਰਨ ਦੀ ਸਮਰੱਥਾ ਵਿਚ ਸੁਧਾਰ ਆਉਂਦਾ ਹੈ।

– ਸੋਨੀ ਮਲਹੋਤਰਾ