
ਗ਼ੁਰਬਤ ਦਾ ਨਖਰਾ
ਨਾ ਕੋਲ ਹੈ ਮੇਰੇ ਦੌਲਤ
ਨਾ ਹੁਸਨ, ਇਲਮ, ਨਾ ਹਿਕਮਤ
ਨਾ ਰੁਤਬਾ ਤੇ ਨਾ ਸ਼ੌਕਤ
ਨਾ ਕਿਸੇ ਕਿਸਮ ਦੀ ਅਜ਼ਮਤ ।
ਨਾ ਹੌਸਲਾ ਮੇਰਾ ਆਲੀ
ਨਾ ਚਿਹਰਾ ਮੇਰਾ ਜਲਾਲੀ
ਹੈ ਵਰਦੀ ਮੇਰੀ ਕਾਲੀ
ਅੰਦਰ ਹੈ ਮੇਰਾ ਖ਼ਾਲੀ ।
ਨਾ ਅਕਲ ਹੈ ਨਾ ਸ਼ਕਲ
ਤੇ ਜੀਅੜਾ ਭੀ ਹੈ ਬੇਕਲ
ਨਾ ਕਿਸੇ ਕਿਸਮ ਦੀ ਅਟਕਲ
ਨਾ ਕਿਸੇ ਕਿਸਮ ਦਾ ਵੱਲ ।
ਨਾ ਖ਼ੁਸ਼ੀ, ਨਾ ਬਦਨੀ ਸੇਹਤ
ਨਾ ਵਡਿਆਂ ਵਾਲੀ ਬਰਕਤ
ਨਾ ਮੇਰੇ ਸਦਕਾ ਵਸਦੀ
ਕਦੇ ਅੱਲਾ ਵਾਲੀ ਰਹਿਮਤ ।
ਨਾ ਦੀਨ ਨਾ ਕੋਈ ਧਰਮ
ਨਾ ਆਪਣਾ ਉਸ ਦਾ ਕਰਮ
ਦਿਲ ਅੰਦਰ ਛਾਲੇ ਬਹੁਤ
ਜਿਗਰੇ ਦੇ ਅੰਦਰ ਵਰਮ ।
ਨਾ ਕੋਈ ਹੈ ਮੇਰਾ ਆਪਣਾ
ਮੈਂ ਸਭ ਤੋਂ ਹਾਂ ਬੇਗਾਨਾ
ਹਾਂ ਐਸਾ ਬੇ-ਸਰੋ ਸਾਮਾਂ
ਮੰਜ਼ਲ ਨਾ ਕੋਈ ਠਿਕਾਣਾ ।
ਸਿਰ ਦੇ ਅੰਦਰ ਵਹਿਸ਼ਤ
ਤੇ ਦਿਲ ਦੇ ਅੰਦਰ ਦਹਿਸ਼ਤ
ਨਾ ਕੋਈ ਉਠਾਂਦਾ ਮੈਨੂੰ
ਨਾ ਉਠਣ ਦੀ ਹੈ ਤਾਕਤ ।
ਗ਼ੁਰਬਤ ਦਾ ਮੈਨੂੰ ਗ਼ਮ ਹੈ
ਸਿਰ ਨਾਲ ਸ਼ਰਮ ਦੇ ਖ਼ਮ ਹੈ
ਪਰ ਪੇਸ਼ ਨਾ ਕੋਈ ਜਾਂਦੀ
ਇਹ ਹੈ ਕਹਿਰ, ਸਿਤਮ ਹੈ ।
ਹਾਂ ਫਿਰ ਭੀ ਉਤਾਂਹ ਨੂੰ ਤੱਕਦਾ
ਨਾ ਅਰਸ਼ ਨੂੰ ਤੱਕਣੋਂ ਝਕਦਾ
ਖ਼ਾਹ ਪਹੁੰਚ ਕਿਤੇ ਨਹੀਂ ਸਕਦਾ
ਨਹੀਂ ਤਾਂਘ ਤਾਂਘਣੋਂ ਥਕਦਾ ।
ਡਾ. ਦੀਵਾਨ ਸਿੰਘ ਕਾਲੇਪਾਣੀ