ਰੰਗ ਮਾਣ ਲੈ

ਰੰਗ ਮਾਣ ਲੈ

ਸੰਸੇ ਜੀਓ ਮਲੀਨ ਹੈ, ਦਿਸਦਾ ਆਰ ਨਾ ਪਾਰ ।
ਰਹਿੰਦਾ ਖੂੰਹਦਾ ਡੋਬਿਆ, ਮੁੱਲਾਂ ਦੀ ਸਰਕਾਰ ।

ਗਯਾਨ-ਗੜਾ ਕੁਝ ਪੈ ਗਿਆ, ਹੋਈ ਕਰਮਾਂ ਦੀ ਮਾਰ ।
ਅਗਨ ਅਕਲ ਦੀ ਭੁੰਨਿਆਂ, ਸੋਚਾਂ ਕੀਤਾ ਖਵਾਰ ।

ਨਾ ਕੁਝ ਰਸ ਹਰਿਆਵਲੀ ਖੁਸ਼ਕੀ ਦੀ ਭਰਮਾਰ ।
ਹੱਸਣ ਖੇਲਣ ਨੱਸਿਆ, ਹੋ ਗਈ ਖੁਸ਼ੀ ਉਡਾਰ ।

ਦੁਨੀਆਂ ਸੜੀਅਲ ਹੋ ਗਈ, ਮੂਧਾ ਬੱਠਲ ਮਾਰ ।
ਦਵੈਖ ਈਰਖਾ ਕਰ ਦਈ, ਚਿੰਤਾ ਚਿਖਾ ਤਿਆਰ ।

ਛਡਕੇ ਸਹਸ ਸਿਆਣਪਾਂ, ਭੈ ਭਰਮੋਂ ਹੋ ਪਾਰ ।
ਫਿੱਕਾ ਬੋਲਣ ਦੂਰ ਕਰ, ਭੁੱਲਾਂ ਮਨੋਂ ਵਿਸਾਰ ।

ਪੈਰੀਂ ਪੈ ਮਨਾ ਲਏ, ਵਿਛੜਿਆ ਜੇ ਯਾਰ ।
ਪਯਾਰ ਨਪੀੜਨੇ ਪੀੜ ਲੈ, ਘੁਟ ਗਲਵਕੜੀ ਮਾਰ ।

ਥੋੜੀ ਛੁਟੀ ਮਿਲੀ ਆ, ਕਰ ਲੈ ਰੱਜ ਪਿਆਰ ।
ਦੇਖੀ ਜਾਊ ਜਦ ਆਵਸੀ, ਹਾਲਾਂ ਮੌਤ ਵਿਸਾਰ ।

ਪ੍ਰੇਮ ਨਾਲ ਮਨ ਮਾਂਜਕੇ, ਹੋ ਜਾ ਸਹਜ ਸਵਾਰ ।
ਰਸ ਮੰਡਲ ਵਿਚ ਉਠ ਜਾ, ਸੰਸੇ ਸੋਚ ਵਿਚਾਰ ।

ਰੰਗ ਮਾਣ ਲੈ ਪਿਆਰਿਆ, ਕਰ ਲੈ ਮੌਜ ਬਹਾਰ ।
ਬਾਰ ਬਾਰ ਮਿਲਣਾ ਨਹੀਂ, ਇਹ ਮਨੁੱਖ ਤਨ ਯਾਰ ।

ਡਾ. ਦੀਵਾਨ ਸਿੰਘ ਕਾਲੇਪਾਣੀ