ਮੈਂ ਸੁੰਞੀ

ਮੈਂ ਸੁੰਞੀ

ਮੈਂ ਸੁੰਞੀ, ਮੈਂ ਸੁੰਞੀ ਵੇ ਲੋਕਾ, ਖੱਲੜ ਮੇਰਾ ਖਾਲੀ,
ਸੱਖਣਾ ਇਹ ਕਲਬੂਤ ਮਿਰਾ, ਪਿਆ ਉਡਦਾ ਆਲ ਦੁਆਲੀ ।
ਛੁੱਟ ਗਏ ਸਭ ਸਾਕ ਤੇ ਨਾਤੇ, ਟੁੱਟ ਗਈ ਭਾਈ-ਵਾਲੀ,
ਸ਼ੀਰੀਂ ਦੁਨੀਆਂ ਨਾਲ ਨਾ ਕੋਈ, ਟੁੱਟੀ ਪੇੜ ਤੋਂ ਡਾਲੀ ।
ਟੁੱਟ ਪਈ ਕਿਸੇ ਉੱਚੇ ਦੇ ਸੰਗੋਂ ? ਹੋ ਗਈ ਭੈੜੀ ਹਾਲੀ,
ਰੋਲ ਲੰਘਾਊਆਂ ਫੀਤੀ ਫੀਤੀ, ਕੀਤੀ ਵਾਂਗ ਪਰਾਲੀ ।
ਦਰਦਾਂ ਵਾਲਿਓ ਦਰਦ ‘ਚ ਆਓ, ਆਖੋ ਜਾ ਮੇਰੇ ਮਾਲੀ,
ਹੌਲੀ ਕੱਖਾਂ ਤੋਂ ਅੱਜ ਹੋ ਰਹੀ, ਨਾਲ ਪ੍ਰੇਮ ਜੋ ਪਾਲੀ ।
ਡਗ ਮਗ ਡੋਲੇ, ਥਰ ਥਰ ਕੰਬੇ, ਹਿਲਦੀ ਵਾਂਗਰ ਡਾਲੀ,
ਠੇਡਾ ਲੱਗਾ, ਰਾਹ ਵਿਚ ਢੱਠੀ, ਕਿਸੇ ਨਾ ਆਣ ਉਠਾਲੀ ।
ਉਖੜੀ ਲੱਗਾਂ, ਟੁਟੜੀ ਜੁੜ ਜਾਂ, ਦਸੋ ਚਾਲ ਸੁਚਾਲੀ,
ਹੇ ਭਰਪੂਰੋ ਝੋਲੀ ਭਰ ਦਿਓ, ਆਈ ਦਰ ਤੇ ਸਵਾਲੀ ।
ਰਸ ਰਸ ਭਰ ਜਾਂ, ਭਰ ਭਰ ਡੁਲ੍ਹਾਂ, ਵੱਗਾਂ ਹਾੜ ਸਿਆਲੀ,
ਵਗਦੀ ਜਾਵਾਂ, ਵੰਡਦੀ ਜਾਵਾਂ, ਮੂਲ ਨਾ ਹੋਵਾਂ ਖਾਲੀ ।
ਨਾ ਹੱਸਾਂ, ਨਾ ਹੁੱਸਾਂ, ਹੁੱਟਾਂ, (ਮੇਰਾ) ਵਾਲੀ ਮੇਰੇ ਨਾਲੀ,
ਰੋਵਾਂ, ਹੱਸਾਂ, ਪਹਿਰਾਂ, ਫਾੜਾਂ, ਸਾਈਂ ਰਖੇ ਸੰਭਾਲੀ ।

ਡਾ. ਦੀਵਾਨ ਸਿੰਘ ਕਾਲੇਪਾਣੀ