ਸਿਲਤ

ਸਿਲਤ

ਸਿਲਤ ਚੁਭੀ ਪੈਰ ਵਿੱਚ
ਬੜੀ ਦੁਖਦਾਈ ਸੀ
ਤੁਰਨਾ ਔਖਾ ਹੋ ਗਿਆ।
ਸੂਈ ਨਾਲ ਕੱਢੀ
ਵਿੱਚੇ ਹੀ ਟੁੱਟ ਗਈ।
ਗੁੜ ਤੇ ਪਿਆਜ ਬੰਨ੍ਹਿਆ
ਮਾਸ ਗਲ ਕੇ ਨਿਕਲ ਗਈ
ਸ਼ੁਕਰ ਕੀਤਾ।
ਸਿਲਤ ਹੱਥ ਵਿੱਚ ਚੁਭੀ
ਕੰਮ-ਕਾਰ ਤੋਂ ਔਖ ਹੋ ਗਈ
ਚਲੋ ਪੱਟੀ ਬੰਨ੍ਹੀ,ਸਿਲਤ ਕੱਢੀ
ਆਰਾਮ ਆਇਆ।
ਸਿਲਤ ਨਹੁੰ ਵਿੱਚ ਚੁਭੀ
ਹੋਰ ਵੀ ਦੁਖਦਾਈ ਸੀ
ਜਾਪਿਆ, ਬਹੁਤ ਦੁਖਦਾਈ ਹੈ।
ਮੋਚਨੇ ਨਾਲ ਕੱਢ ਦਿੱਤੀ
ਸੁਖ ਦਾ ਸਾਹ ਆਇਆ।
ਸਿਲਤ ਦਿਲ ਵਿਚ ਚੁਭੀ
ਡੂੰਘੀ ਹੋਰ ਡੂੰਘੀ ਚੁਭਦੀ ਗਈ
ਕਿਸੇ ਨੂੰ ਨਜਰ ਨਾ ਆਈ।
ਅਲਟਰਾਸਾਊਂਡ ਨਾ ਐਕਸਰੇ ‘ਚ
ਕਿਤੇ ਨਾ ਦਿੱਤੀ ਦਿਖਾਈ
ਪਰ ਸਿਲਤ ਦੀ ਪੀੜ ਨੇ ਪੂਰੀ ਦੇਹ ਕੰਬਾਈ।
‘ਅਮਰ’ ਦੀ ਨੀਂਦ ਉਡਾਈ।
ਗੁੜ, ਗੰਢਾ ਨਾ ਮੋਚਨਾ
ਨਾ ਸੂਈ ਹੀ ਕੰਮ ਆਈ।
ਇਹ ਸਿਲਤ ਕਿੰਨੀ ਦੁਖਦਾਈ।
ਇਹ ਸਿਲਤ ਸਭ ਤੋਂ ਦੁਖਦਾਈ।

– ਅਮਰਜੀਤ ਮੋਰਿੰਡਾ