ਪੀੜਾਂ ਦੀ ਪੰਡ

ਪੀੜਾਂ ਦੀ ਪੰਡ

ਢੋਅ ਢੋਅ ਕੇ ਪੀੜਾਂ ਦੀਆਂ ਪੰਡਾਂ,
ਮੈਂ ਥੱਕੀ ਮੈਂ ਹਾਰੀ।
ਵੇ ਰਾਹੀਆ, ਮੈਨੂੰ ਪੰਡ ਚੁਕਾ ਜਾ,
ਮੇਰੀ ਪੰਡ ਪੀੜਾਂ ਦੀ ਭਾਰੀ।

ਮੇਰੀ ਪੰਡ ਵਿਚ ਘੁਟ ਕੇ ਬੰਨੀਆਂ,
ਘੂਰਾਂ ਝਿੜਕਾਂ ਮਾਰਾਂ।
ਬੋਲ ਜਲੀਲੀ ਧੱਕੇ-ਧੌਲ਼ੇ ,
ਮੂੰਹ ਆਈਆਂ ਗੰਦੀਆਂ ਗਾਲਾਂ।
ਹੋ ਜਲੀਲ ਹੰਢਾਈ ਜਾਵਾਂ,
ਸਭ ਕੁਝ ਬਾਰੋ ਬਾਰੀ।

ਮੇਰੀ ਪੰਢ ਬਚੀਆਂ ਦੀਆਂ ਲਾਸ਼ਾਂ,
ਨਾਲ ਖੂਨ ਦੇ ਰੰਗੀਆਂ।
ਧੌਣ ਮਰੋੜੀ ਤੋੜੇ ਮਣਕੇ,
ਨਾਲੇ ਤੋੜੀਆਂ ਸੰਘੀਆਂ।
ਨੰਨ੍ਹੇ ਕਰੰਗ ਧੀਆਂ ਦੇ ਬੰਨੇ,
ਕਈ ਸੈ ਲੱਖ ਹਜਾਰੀ।

ਮੇਰੀ ਪੰਡ ਵਿਚ ਬਨੀਆਂ ਕੁੜੀਆਂ,
ਨਵੀਆਂ ਸੱਜ ਵਿਆਹੀਆਂ।
ਦਾਜ ਦੈਂਤ ਦੇ ਧੱਕੇ ਚੜੀਆਂ,
ਮੁੜ ਨਾ ਪੇਕੇ ਆਈਆਂ।
ਜੁੜ ਗਏ ਕਾਨ੍ਹੀ ਸਿੜੀ ਚੁਕ ਲਈ,
ਰਾਹ ਮੜੀਆਂ ਦੇ ਤਿਆਰੀ।

ਜੋਬਨ ਰੱਤ ਵਿਧਵਾ ਦੀਆਂ ਪੀੜਾਂ,
ਜਿਊਂਦੀ ਚਿਖਾਂ ਹੰਢਾਵੈ।
ਦੈਂਤ-ਸਮਾਜ ਸੰਗਲਾਂ ਨਾਲ ਬੰਨੀ,
ਦਸ ਕਿਧਰ ਨੂੰ ਜਾਵੇ।
ਇਸ ਸਮਾਜ ਕਲਿਹਣੇ ਅੱਗੇ,
ਨਹੀ ਚਲਦੀ ਹੁਸ਼ਿਆਰੀ।

ਪੀੜਾਂ ਦੀਆਂ ਪੰਡਾਂ ਜੁਗਾਂ ਜੁਗਾਂ ਤੋਂ,
ਸਿਰ ਮੇਰੇ ਤੇ ਧਰੀਆਂ।
ਰੋ ਧੋ ਤੜਪ ਕੇ ਜੂੰਨ ਹੰਢਾਅ,
ਪੰਡ ਪੀੜਾਂ ਹੇਠ ਹੀ ਮਰੀਆਂ।

”ਸਰਾਂ’ ਮੈਂ ਤਾਂ ਖੁਦ ਪੰਡ ਪੀੜਾਂ ਦੀ,
ਅਦਿ ਕਾਲ ਤੋਂ ਨਾਰੀ।
ਵੇ ਰਾਹੀਆ ਮੇੈਂਨੂੰ ਪੰਡ ਚੁਕਾ ਜਾਹ,
ਮੇਰੀ ਪੰਡ ਪੀੜਾਂ ਦੀ ਭਾਰੀ

ਬਲਵੰਤ ਸਰਾਂ ਮੱਦੋਕੇ
604-217-0177