ਪੱਥਰੀ ਵਾਲਾ ਨਗ : (ਵਿਅੰਗ)

ਪੱਥਰੀ ਵਾਲਾ ਨਗ : (ਵਿਅੰਗ)

– ਪਿੰਡ ਦੀ ਸੱਥ ਵਿੱਚੋਂ

ਪਸ਼ੂਆਂ ਦਾ ਵਪਾਰੀ ਰੇਸ਼ਮ ਦਖਾਣ ਸੱਥ ਕੋਲ ਆ ਕੇ ਸਾਇਕਲ ਦੇ ਖੱਬੇ ਪਾਸਿਉਂ ਉੱਤਰਦਿਆਂ ਹੀ ਸੱਥ ‘ਚ ਥੜ੍ਹੇ ‘ਤੇ ਲੱਤਾਂ ਲਮਕਾਈ ਬੈਠੇ ਬਾਬੇ ਆਤਮਾ ਸਿਉਂ ਨੂੰ ਕਹਿੰਦਾ, ”ਸਣਾ ਬਈ ਬਾਬਾ! ਕੀ ਚੱਜ ਹਾਲ ਐ। ਵੇਚਣੀ ਐਂ ਫਿਰ ਝੋਟੀ ਕੁ ਰੱਖਣੀ ਐਂ?”
ਬਾਬੇ ਦੇ ਕੋਲ ਬੈਠਾ ਸੀਤਾ ਮਰਾਸੀ ਕਹਿੰਦਾ, ”ਕਿਉਂਹ ਤੂੰ ਲੈਣੀ ਐਂ ਕੁ ਐਮੇਂ ਪੂਛਾਂ ਈਂ ਮਰੋੜ ਦਾ ਫਿਰਦੈਂ?”
ਰੇਸ਼ਮ ਦਖਾਣ ਬੋਲਿਆ, ”ਲੈਣੀ ਕਰਕੇ ਤਾਂ ਪੁੱਛਿਆ। ਸੂਅ ਤਾਂ ਪਈ ਹੋਣੀ ਐ ਬਾਬਾ ਕੁ ਅਜੇ ਲੈਂਦੀ ਐ ਕੁਸ ਦਿਨ?”
ਨਾਥਾ ਅਮਲੀ ਦਖਾਣ ਦਾ ਸੁਆਲ ਸੁਣ ਕੇ ਕਹਿੰਦਾ, ”ਕਿੱਦੇਂ ਦੀ ਤਾਂ ਸੂਈ ਵੀ ਐ ਓਏ। ਹੁਣ ਤਾਂ ਕੱਟਾ ਵੀ ਗੱਭਰੂ ਹੋ ਗਿਆ ਹੋਣਾ, ਤੈਨੂੰ ਹੁਣ ਯਾਦ ਆਇਐ ਝੋਟੀ ਦਾ ਸੂਆ। ਕਿੱਥੇ ਰਹਿਨੈਂ ਯਾਰ ਤੂੰ। ਪਹਿਲਾਂ ਤੂੰ ਇਉਂ ਦੱਸ ਬਈ ਤੂੰ ਵਪਾਰੀ ਐ ਕੁ ਪਛਾਰੀ ਐਂ। ਲੈਣੀ ਨ੍ਹੀ ਤੂੰ ਕਰਨੀ ਨ੍ਹੀ। ਪੁੱਛ ਪਛਈਆ ਇਉਂ ਕਰਦੈਂ ਜਿਮੇਂ ਲੱਕ ਨੂੰ ਬਾਸਣੀ ਬੰਨ੍ਹੀ ਫਿਰਦੈਂ ਬਈ ਝੋਟੀ ਖਰੀਦ ਕੇ ਈ ਘਰੇ ਵੜਣੈਂ?”
ਨਾਥੇ ਅਮਲੀ ਦੀ ਗੱਲ ਤੋਂ ਹੱਸ ਕੇ ਬਾਬੇ ਆਤਮਾ ਸਿਉਂ ਨੇ ਪੁੱਛਿਆ, ”ਨਾਥਾ ਸਿਆਂ! ਵਪਾਰੀ ਤਾਂ ਸੁਣਦੇ ਆਏ ਆਂ, ਆਹ ਪਛਾਰੀ ਕੀ ਹੁੰਦਾ ਬਈ?”
ਅਮਲੀ ਕਹਿੰਦਾ, ”ਐਮੇਂ ਈਂ ਪੂਛਾਂ ਮਰੋੜਣ ਆਲੇ ਨੂੰ ਪਛਾਰੀ ਕਹਿੰਦੇ ਐ ਬਾਬਾ। ਜੱਲ੍ਹੇ ਕੇ ਨੇਕ ਆਂਗੂੰ ਚੀਜ ਤਾਂ ਕੋਈ ਲੈਣੀ ਨ੍ਹੀ ਹੁੰਦੀ ਕਰਨੀ ਨ੍ਹੀ ਹੁੰਦੀ, ਭਾਅ ਥੋਕ ਦਾ ਪੁੱਛੀ ਜਾਊ। ਪਹਿਲਾਂ ਪਹਿਲਾਂ ਤਾਂ ਨੇਕ ਨੂੰ ਵੀ ਹੱਟਾਂ ਆਲੇ ਬਹਾ-ਬਹਾ ਚਾਹ ਪਿਆਉਂਦੇ ਹੁੰਦੇ ਸੀ ਬਈ ਖਣੀ ਇਹੀ ਸਾਰੀ ਹੱਟ ਖਰੀਦ ਕੇ ਲੈ ਜੂ। ਜਦੋਂ ਉਨ੍ਹਾਂ ਨੂੰ ਪਤਾ ਲੱਗ ਗਿਆ ਬਈ ਇਹਨੇ ਲੈਣਾ ਤਾਂ ਕੁਸ ਹੁੰਦਾ ਨ੍ਹੀ, ਐਮੇਂ ਉੱਜੜੀਆਂ ਖੱਡਾਂ ‘ਚ ਈ ਹੱਥ ਪਾਉਣ ਆਲਿਆਂ ‘ਚੋਂ ਐ ਇਹੇ, ਫੇਰ ਹੱਟੀਆਂ ਆਲੇ ਨੇਕ ਨੂੰ ਵੇਖ ਕੇ ਦੂਰੋਂ ਈ ਇਉਂ ਹੋਕਰੇ ਮਾਰਨ ਲੱਗ ਜਿਆ ਕਰਨ ਜਿਮੇਂ ਸਬਜੀ ਮੰਡੀ ‘ਚ ਵਿਕਣ ਆਈ ਫੁੱਲ ਗੋਭੀ ਦੇ ਢੇਰ ਨੂੰ ਮੂੰਹ ਮਾਰਦੇ ਅਵਾਰਾ ਪਸੂਆਂ ਨੂੰ ਗੋਭੀ ਵੇਚਣ ਆਇਆ ਜੱਟ ਲਲਕਰਦਾ ਹੁੰਦਾ। ਉਹੀ ਗੱਲ ਇਹਦੀ ਰੇਸ਼ਮ ਦੀ ਐ। ਇਹਨੇ ਹੁਣ ਝੋਟੀ ਲੈਣੀ ਤਾਂ ਹੈਨ੍ਹੀ। ਇਹ ਤਾਂ ਐਮੇਂ ਐਧਰ ਓਧਰ ਦੀਆਂ ਗੱਲਾਂ ਮਾਰ ਕੇ ਵੇਹਲੇ ਨੇ ਦਿਨ ਟਪਾਉਣੈਂ।”
ਅਮਲੀ ਵੱਲੋਂ ਰੇਸ਼ਮ ਨੇ ਆਵਦੇ ‘ਤੇ ਤਵਾ ਧਰਿਆ ਸੁਣ ਕੇ ਸਾਇਕਲ ਚੁੱਕਿਆ ਤੇ ਸੱਥ ‘ਚੋਂ ਭੱਜ ਗਿਆ ਬਈ ਹੁਣ ਅਮਲੀ ਮੇਰੀ ਸਾਰੀ ਜਮ੍ਹਾਂਬੰਦੀ ਖੋਲ੍ਹਕੇ ਬਹਿ ਜੂ। ਜਦੋਂ ਰੇਸ਼ਮ ਸੱਥ ‘ਚੋਂ ਚਲਾ ਗਿਆ ਤਾਂ ਸੀਤੇ ਮਰਾਸੀ ਨੇ ਅਮਲੀ ਨੂੰ ਪੁੱਛਿਆ,
”ਅਮਲੀਆ ਇਹ ਤਾਂ ਹੁਣ ਗਿਆ ਭੱਜ। ਹੁਣ ਤੂੰ ਇਉਂ ਦੱਸ ਬਈ ਜੇ ਇਹਨੇ ਕੁਸ ਲੈਣਾ ਦੇਣਾ ਨ੍ਹੀ ਹੁੰਦਾ ਤਾਂ ਇਹਨੂੰ ਪਿੰਡ ‘ਚ ਵਪਾਰੀ ਕਿਉਂ ਕਹਿੰਦੇ ਐ?”
ਅਮਲੀ ਤਰੱਭ ਕੇ ਬੋਲਿਆ, ”ਆਹ! ਵਪਾਰੀ ਐ ਇਹ ਸੱਤਾਂ ਚੁੱਲਿਆਂ ਦੀ ਸੁਆਹ! ਫੱਟੇ ਚੱਕਾਂ ਦੇ ਬਿੱਕਰ ਦੀਆਂ ਕੁਕੜੀਆਂ ਨੂੰ ਕਿਤੇ ਝੁਲਸ ਰੋਗ ਪੈ ਗਿਆ। ਉਹਦੀਆਂ ਕੁਕੜੀਆਂ ਮਰੀ ਜਾਣ। ਜਿਹੜੀਆਂ ਮਾੜੀਆਂ ਮੋਟੀਆਂ ਬਚੀਆਂ ਸੀ, ਉਹ ਇਹਨੇ ਕਿਤੇ ਓਧਰਲੇ ਗੁਆੜ ਆਲੇ ਝਿੱਫਾਂ ਦੇ ਮਖਤਿਆਰੇ ਨੂੰ ਰਾਤੋ ਰਾਤ ਮੁੱਲ ਦੁਆ ‘ਤੀਆਂ। ਮਖਤਿਆਰੇ ਦੀ ਕੁੜੀ ਦੇ ਵਿਆਹ ‘ਚ ਵੇਖ ਲਾ ਪੰਜ ਸੱਤ ਦਿਨ ਰਹਿੰਦੇ ਸੀ। ਉਹ ਤਾਂ ਕਰਕੇ ਸਸਤੀਆਂ ਸਮਝ ਕੇ ਲੈ ਗਿਆ ਬਈ ਵਿਆਹ ‘ਚ ਜੰਨ ਨੂੰ ਝੜਕਾ ਝੁੜਕਾ ਵੀ ਦੇਣਾ ਪਊ। ਸੱਠ ਸੱਤਰ ਕੁਕੜੀਆਂ ਸੀ। ਕੁਕੜੀਆਂ ਅਗਲੇ ਦਿਨ ਝਿੱਫਾਂ ਦੇ ਘਰੇ ਜਾ ਕੇ ਆਥਣ ਨੂੰ ਸਾਰੀਆਂ ਈ ਫੰਘ ਝਾੜ ਗੀਆਂ। ਉਹਦੇ ‘ਚੋਂ ਬਿੱਕਰ ਤੋਂ ਕਿਤੇ ਇਹੇ ਪਾਂਜਾ ਸਾਤਾ ਦਲਾਲੀ ਦਾ ਲੈ ਗਿਆ ਹੋਣਾ, ਵੱਸ ਐਨੀ ਗੱਲ ‘ਤੇ ਫੱਟੇ ਚੱਕਾਂ ਨੇ ਇਹਦਾ ਨਾਂ ਵਪਾਰੀ ਧਰ ‘ਤਾ। ਗੱਲ ਚੱਕਣ ਨੂੰ ਤੈਨੂੰ ਪਤਾ ਬਈ ਫੱਟ ਚੱਕ ਪਹਿਲਾਂ ਤੋਂ ਈ ਗੱਲ ਬਣਾਉਣ ਦੇ ਫੱਟੇ ਚੱਕ ਦਿੰਦੇ ਐ। ਤਾਹੀਉਂ ਬਿੱਕਰ ਕਿਆਂ ਨੂੰ ਫੱਟੇ ਚੱਕ ਕਹਿੰਦਾ ਸਾਰਾ ਪਿੰਡ। ਹੋਰ ਵਪਾਰ ਨੂੰ ਕਿਤੇ ਇਹੇ ਗਾਹਾਂ ਚੱਕ ਸ਼ੇਰੇ ਆਲੇ ਆਲਾ ਦੀਨਾ ਵਪਾਰੀ ਐ ਬਈ ਜੈਤੋ ਆਲੀ ਅੱਧੀ ਮੰਡੀ ਦੇ ਪਸੂ ਖਰੀਦ ਕੇ ਲੈ ਜੂ।”
ਸੀਤਾ ਮਰਾਸੀ ਮੁਖਤਿਆਰੇ ਕਿਆਂ ਦੀ ਕੁਕੜੀਆਂ ਦੀ ਸਸਤੀ ਖਰੀਦ ‘ਤੇ ਤੋੜਾ ਝਾੜਦਾ ਹੱਸ ਕੇ ਕਹਿੰਦਾ, ”ਫੇਰ ਤਾਂ ਅਮਲੀਆ ਪਤੀਲੇ ਦਾ ਮੁੱਲ ਤਪਲੇ ਈ ਖਾ ਗੇ ਹੈਂਅ। ਨਾਲੇ ਜਦੋਂ ਕੁੱਕੜ ਕੁਕੜੀਆਂ ਨੂੰ ਕੋਈ ਬਮਾਰੀ ਪੈ ਜੇ ਨਾਹ, ਇਹ ਜਾਨਵਰ ਫਿਰ ਬਹੁਤਾ ਚਿਰ ਨ੍ਹੀ ਰਹਿੰਦਾ ਹੁੰਦਾ।”
ਅਮਲੀ ਦੀ ਝੁਲਸ ਰੋਗ ਵਾਲੀ ਗੱਲ ਟੁੱਕ ਕੇ ਜੋਗਾ ਕਾਮਰੇਡ ਬੋਲਿਆ, ”ਝੁਲਸ ਰੋਗ ਤਾਂ ਅਮਲੀਆ ਫਸਲਾਂ ਨੂੰ ਪੈਂਦਾ ਹੁੰਦਾ ਓਏ, ਤੂੰ ਜਾਨਵਰਾਂ ਨੂੰ ਪਾਈ ਜਾਨੈਂ।”
ਕਾਮਰੇਡ ਦੀ ਗੱਲ ਸੁਣ ਕੇ ਅਮਲੀ ਕਹਿੰਦਾ, ”ਚੱਲ! ਜੇ ਝੁਲਸ ਰੋਗ ਨਾ ਹੋਇਆ ਤਾਂ ਕੋਈ ਹੋਰ ਮਰਨ ਮਰਾਉਣ ਆਲੀ ਬਮਾਰੀ ਪੈ ਗੀ ਹੋਣੀ ਐਂ। ਐਮੇਂ ਬਿਨਾਂ ਕਿਸੇ ਬਮਾਰੀ ਤੋਂ ਤਾਂ ਨ੍ਹੀ ਮਰੀਆਂ ਕੁਕੜੀਆਂ। ਮਰੀਆਂ ਤਾਂ ਕਾਮਰੇਟਾ ਬਮਾਰੀ ਨਾਲ ਈ ਐ ਕੁ ਉਈਂ ਕਿਸੇ ਖੁਸ਼ੀ ‘ਚ ਮਰ ਗੀਆਂ?”
ਮਾਹਲਾ ਨੰਬਰਦਾਰ ਕਹਿੰਦਾ, ”ਆਹ ਪਿੱਛੇ ਜੇ ਮਹੀਨਾ ਕੁ ਹੋਇਆ ਸੁਣਿਐਂ ਇਹਨੂੰ ਰੇਸ਼ਮ ਨੂੰ ਵੀ ਕੋਈ ਰੋਗ ਰਾਗ ਲੱਗ ਗਿਆ ਸੀ। ਕਹਿੰਦੇ ਮੰਡੀ ਆਲੇ ਕਪਲਾ ਡਾਕਦਾਰ ਦੇ ਦਾਖਲ ਰਿਹਾ ਕਈ ਦਿਨ।”
ਸੀਤਾ ਮਰਾਸੀ ਹੱਸ ਕੇ ਕਹਿੰਦਾ, ”ਭੋਲ਼ੇ ਦਾ ਵੀ ਭਗਵਾਨ ਈਂ ਹੁੰਦਾ ਨੰਬਰਦਾਰਾ। ਇਹ ਤਾਂ ਕਹਿੰਦੇ ਬਚ ਗਿਆ ਅਜੇ। ਇਹਨੂੰ ਤਾਂ ਐਹੋ ਜੀ ਬਮਾਰੀ ਚਿੰਬੜੀ ਸੀ, ਜੇ ਨਾ ‘ਰਾਮ ਆਉਂਦਾ ਤਾਂ ਛੱਕੇ ਛੁੱਟ ਜਾਣੇ ਸੀ ਸਾਰੇ ਟੱਬਰ ਦੇ।”
ਮਰਾਸੀ ਦੀ ਗੱਲ ਸੁਣ ਕੇ ਨਾਥਾ ਅਮਲੀ ਮਰਾਸੀ ਨੂੰ ਕੌੜ ਤੁੰਮੇ ਵਾਂਗੂੰ ਕਤਾੜ ਕੇ ਪੈ ਗਿਆ, ”ਕਿਹੜਾ ਰੋਗ ਸੀ ਓਏ ਐਹੋ ਜਾ ਇਹਨੂੰ ਜਿਹੜਾ ਖਾ ਜਾਂਦਾ। ਤੁਸੀਂ ਵੀ ਪਤੰਦਰੋਂ ਹਰੇਕ ਗੱਲ ਦੀ ਸੂਈ ਚੜ੍ਹਾ ਕੇ ਈ ਰੱਖਦੇ ਐਂ। ਸੀ ਤਾਂ ਇਹਦੇ ਢਿੱਡ ‘ਚ ਪਥਰੀ, ਤੁਸੀਂ ਇਹਨੂੰ ਫੱਟੇ ਚੱਕਾਂ ਆਲਿਆਂ ਦੀਆਂ ਕੁਕੜੀਆਂ ਨਾਲ ਰਲਾ ‘ਤਾ। ਡਾਕਦਾਰ ਨੇ ਪਥਰੀ ਕੱਢ ‘ਤੀ, ਇਹਨੂੰ ‘ਰਾਮ ਆ ਗਿਆ। ਹੁਣ ਇਹ ਗਾਹਾਂ ਕਾਨਿਆਂ ਆਲੀ ਆਲਾ ਵੱਡਾ ਸਰਦਾਰਾ ਮੁੱਚ ਬਣਿਆਂ ਫਿਰਦਾ ਖੜ੍ਹਦਾ ਖੜੋਂਦਾ ਈ ਨ੍ਹੀ ਕਿਤੇ।”
ਬਾਬੇ ਨੇ ਅਮਲੀ ਨੂੰ ਪੁੱਛਿਆ, ”ਅਮਲੀਆ ਮੁੱਚ ਕਾਹਤੋਂ ਕਹਿੰਦੇ ਐ ਸਰਦਾਰੇ ਨੂੰ ਬਈ?”
ਅਮਲੀ ਕਹਿੰਦਾ, ”ਹੇਠੋਂ ਉੱਤੋਂ ਇੱਕੋ ਜਾ ਈ ਚੌੜਾ ਭੀੜਾ ਜਾ ਭਾਰੀ ਕਿੱਕਰ ਦੇ ਮੋਟੇ ਮੁੱਚ ਅਰਗਾ। ਲੋਕ ਵੀ ਵੇਖ ਕੇ ਈ ਨਾਂਅ ਧਰਦੇ ਅਗਲੇ ਦਾ। ਐਮੇਂ ਬਿਨਾਂ ਗੱਲ ਤੋਂ ਨ੍ਹੀ ਕਿਸੇ ਦਾ ਨਾਂਅ ਪੈਂਦਾ। ਜਮਾਂ ਮਣਕੇ ਠਣਕਾ ਮਾਰਦੈ ਐ।”
ਬੁੱਘਰ ਦਖਾਣ ਕਹਿੰਦਾ, ”ਜਿਹੜੀ ਨਾ ਖੜ੍ਹਣ ਖੜ੍ਹੋਣ ਆਲੀ ਗੱਲ ਐ ਉਹ ਤਾਂ ਫੇਰ ਡਾਕਦਾਰ ਨੇ ਗੋਡੇ ‘ਚੋਂ ਪਥਰੀ ਕੱਢ ਕੇ ਲੱਗਦਾ ਮੋਟੇ ਦੰਦਿਆਂ ਆਲੀ ਕੋਈ ਵੱਡੀ ਗਲਾਰੀ ਪਾ ਕੇ ਬਰੈਕ ਖੋਹਲ ‘ਤੇ ਹੋਣੇ ਐਂ ਜੀਹਦੇ ਕਰਕੇ ਚੱਕਰ ਵਧ ਗੇ। ਤਾਹੀਉਂ ਖੜ੍ਹਦਾ ਖੜੋਂਦਾ ਨ੍ਹੀ।”
ਨਾਥਾ ਅਮਲੀ ਬੁੱਘਰ ਨੂੰ ਕਹਿੰਦਾ, ”ਗੋਡੇ ‘ਚ ਨ੍ਹੀ ਸੀ ਓਏ ਪਥਰੀ, ਢਿੱਡ ‘ਚ ਸੀ। ਲਉਂ ਹੋਰ ਸੁਣ ਲੋ ਇਹਦੀ ਗੁੱਜਰ ਆਲੀਏ ਦਿਆਲੇ ਦੀ।”
ਨਿਹਾਲ ਝਿਓਰ ਕਾ ਗੋਰਖਾ ਕਹਿੰਦਾ, ”ਇੱਕ ਆਹ ਛਾਂਪ ਜੀ ਪਤਾ ਨ੍ਹੀ ਕਿਥੋਂ ਲੈ ਕੇ ਪਾਈ ਫਿਰਦਾ, ਅਕੇ ਨੌ ਹਜਾਰ ਲੱਗਿਆ ਇਹਦੇ ‘ਤੇ। ਲੈ ਦੱਸ ਬਾਬਾ, ਨੌ ਹਜਾਰ ਦੀ ਮੱਝ ਲੈਂਦਾ, ਸਾਰਾ ਟੱਬਰ ਰੱਜ ਰੱਜ ਦੁੱਧ ਪੀਂਦਾ। ਕੌਣ ਦੇਵੇ ਅਕਲ ਇਨ੍ਹਾਂ ਲੋਕਾਂ ਨੂੰ?”
ਨਾਥਾ ਅਮਲੀ ਗੋਰਖੇ ਵੱਲ ਵੀ ਇਉਂ ਝਾਕਿਆ ਜਿਮੇਂ ਬੱਛੀ ਭੀੜੀ ਕਰਕੇ ਬੰਨ੍ਹੀ ਹੁੰਦੀ ਐ। ਗੋਰਖੇ ਦੀ ਬਾਂਹ ਝੰਜੋੜ ਕੇ ਕਹਿੰਦਾ, ”ਅੱਗੇ ਇੱਕ ਮੌਲੜ ਜੀ ਮੱਝ ਰੱਖੀ ਤਾਂ ਸੀ। ਜਿੱਦੇਂ ਪਹਿਲੇ ਦਿਨ ਘਰੇ ਲੈ ਕੇ ਆਇਆ ਓਹਨੇ ਘਰੇ ਵੜਦੀ ਨੇ ਕਿਤੇ ਗੋਹਾ ਕਰ ‘ਤਾ। ਰੇਸ਼ਮ ਦੀ ਬਹੂ ਨੇ ਤਾਂ ਤਲ਼ ਪੱਟ ਲਿਅ੍ਹਾ ‘ਤੀ। ਕਹੇ ‘ਇਹਨੂੰ ਹੁਣੇ ਈਂ ਬਾਹਰ ਕੱਢ ਖੋਲੜ ਨੂੰ, ਬਾਹਰ ਗਲੀ ‘ਚ ਬੰਨ੍ਹ ਕੇ ਆ। ਘਰੇ ਤਾਂ ਇਹ ਤੜਕੇ ਨੂੰ ਮੁਸ਼ਕ ਆਲੀ ਬੂ ਵਰਾਹ ਦੂ’। ਗਰਮੀਆਂ ਦੇ ਬਾਬਾ ਦਿਨ ਸੀ, ਰੇਸ਼ਮ ਨੇ ਬਹੂ ਦੀ ਕੁੱਤੇ ਖਾਣੀ ਤੋਂ ਡਰਦੇ ਨੇ ਰਾਤ ਨੂੰ ਕਿਤੇ ਮੱਝ ਬਾਹਰ ਬੀਹੀ ‘ਚ ਬੰਨ੍ਹ ‘ਤੀ। ਆਪ ਸਾਰਾ ਟੱਬਰ ਕੋਠੇ ‘ਤੇ ਚੜ੍ਹਕੇ ਸੌਂ ਗਿਆ। ਰਾਤ ਨੂੰ ਕੋਈ ਮੱਝ ਖੋਲ੍ਹ ਕੇ ਲੈ ਗਿਆ। ਤੜਕੇ ਉੱਠਿਆਂ ਤੋਂ ਜਦੋਂ ਪਤਾ ਲੱਗਿਆ ਬਈ ਮੱਝ ਤਾਂ ਚੋਰੀ ਹੋ ਗੀ, ਅਕੇ ਰੇਸ਼ਮ ਦੀ ਬਹੂ ਆਂਢ ਗੁਆਂਢ ‘ਚ ਕਹਿੰਦੀ ਫਿਰੇ ‘ਘਰ ‘ਚੋਂ ਕੀ ਪਿੰਡ ‘ਚੋਂ ਈ ਮੁਸ਼ਕ ਚੱਕਿਆ ਗਿਆ’। ਹੁਣ ਗੱਲ ਤਾਂ ਇਹ ਐ ਬਈ ਜਦੋਂ ਅੱਗੇ ਨ੍ਹੀ ਬਹੂ ਨੇ ਮੱਝ ਘਰੇ ਵੜਣ ਦਿੱਤੀ ਹੁਣ ਕਿੱਥੋਂ ਕੋਟ ਸ਼ਮੀ੍ਹਰ ਆਲੀ ਖੁਰਲੀ ‘ਤੇ ਬੰਨ੍ਹ ਲੂ ।”
ਸੀਤਾ ਮਰਾਸੀ ਕਹਿੰਦਾ, ”ਚੱਲੋ ਛੱਡੋ ਯਾਰ ਮੱਝ ਦੀ ਗੱਲ। ਆਹ ਛਾਂਪ ਦੀ ਗੱਲ ਦੱਸੋ ਜਿਹੜੀ ਗੋਰਖਾ ਦੱਸਦਾ ਬਈ ਕਹਿੰਦਾ ਨੌ ਹਜਾਰ ਲੱਗਿਆ। ਐਹੋ ਜਾ ਕਿਹੜਾ ਮਣਕਾ ਪਰੋਤਾ ਸਨਿਆਰੇ ਨੇ ਜਿਹੜਾ ਐਨਾਂ ਮਹਿੰਗਾ?”
ਬਿਸ਼ਨੇ ਕਾ ਲੱਭਾ ਕਹਿੰਦਾ, ”ਰੇਸ਼ਮ ਤਾਂ ਇਉਂ ਦੱਸਦਾ ਬਈ ਤਾਂਬੇ ‘ਤੇ ਤਾਂ ਪੰਜ ਸੌ ਈ ਲੱਗਿਆ, ਆਹ ਜਿਹੜਾ ਵਿੱਚ ਨਗ ਨੁਗ ਐ, ਇਹਦੇ ‘ਤੇ ਸਾਢੇ ਅੱਠ ਹਜਾਰ ਲੱਗ ਗਿਆ।”
ਅਮਲੀ ਕਹਿੰਦਾ, ”ਹੁਣ ਛਾਂਪ ਦੀ ਵੀ ਸੁਣ ਲੋ ਫਿਰ। ਇਹ ਜਿਹੜਾ ਕੋਈ ਨਗ ਨੁਗ ਛਾਂਪ ‘ਚ ਪਾਈ ਫਿਰਦਾ, ਇਹ ਹੀਰਾ ਹੂਰਾ ਜਾਂ ਚਮਕ ਪੱਥਰ ਨ੍ਹੀ ਕੋਈ। ਇਹ ਤਾਂ ਜਿਹੜੀ ਡਾਕਦਾਰ ਨੇ ਪ੍ਰੇਸ਼ਨ ਕਰਕੇ ਢਿੱਡ ‘ਚੋਂ ਪਥਰੀ ਕੱਢੀ ਐ, ਉਹ ਐ। ਇਹ ਸੋਨੂੰ ਬੁੱਧੂ ਬਣਾਉਂਦਾ।”
ਬਾਬੇ ਆਤਮਾ ਸਿਉਂ ਨੇ ਅਮਲੀ ਨੂੰ ਹੈਰਾਨੀ ਨਾਲ ਪੁੱਛਿਆ, ”ਉਹ ਪਥਰੀ ਕਿਮੇਂ ਬਈ?”
ਅਮਲੀ ਕਹਿੰਦਾ, ”ਜਦੋਂ ਡਾਕਦਾਰ ਨੇ ਪਥਰੀ ਕੱਢ ਕੇ ਰੇਸ਼ਮ ਨੂੰ ਵਖਾਈ ਬਈ ਆਹ ਪਥਰੀ ਨਿਕਲੀ ਐ ਤੇਰੇ ਢਿੱਡ ‘ਚੋਂ। ਅਕੇ ਰੇਸ਼ਮ ਦਖਾਣ ਡਾਕਦਾਰ ਨੂੰ ਕਹਿੰਦਾ ‘ਮੈਂ ਘਰੇ ਲੈ ਜਾਂ ਇਹੇ’। ਰੇਸ਼ਮ ਪਥਰੀ ਘਰੇ ਲਿਆਇਆ। ਉਹ ਇਹਨੇ ਹੁਣ ਛਾਂਪ ‘ਚ ਪਾ ਲੀ। ਤਾਂ ਕਰਕੇ ਕਹਿੰਦਾ ਬਈ ਨੌ ਹਜਾਰ ਲੱਗਿਆ।”
ਸੀਤਾ ਮਰਾਸੀ ਕਹਿੰਦਾ, ”ਫੇਰ ਪੱਥਰ ਨਿੱਕਲਿਆ ਤਾਂ ਢਿੱਡ ‘ਚੋਂ ਐਂ, ਨੌ ਹਜਾਰ ਕਾਸਤੇ ਲੱਗ ਗਿਆ?”
ਅਮਲੀ ਮਰਾਸੀ ਨੂੰ ਨੇਰ੍ਹੀ ‘ਚ ਉੱਡੀ ਆਉਂਦੀ ਪੋਹਲ਼ੀ ਵਾਂਗੂੰ ਚਿੰਬਰ ਗਿਆ, ”ਓਏ ਮਰਦਾਨੇ ਕਿਆ ਜਦੋਂ ਰੇਸ਼ਮ ਨੂੰ ਪੁੱਛਿਆ ਬਈ ਤੂੰ ਕਿੱਥੋਂ ਆ ਗਿਆ ਛਾਂਪ ‘ਤੇ ਨੌ ਹਜਾਰ ਲਾਉਣ ਆਲਾ ਸਰਾਮਾਂ ਬੋਦਲਾਂ ਆਲਾ ਕਰਤਾਰ ਸਿਉਂ, ਤਾਂ ਰੇਸ਼ਮ ਕਹਿੰਦਾ ‘ਸਾਢੇ ਅੱਠ ਹਜਾਰ ਤਾਂ ਡਾਕਦਾਰ ਨੇ ‘ਪ੍ਰੇਸਨ ਦਾ ਲੈ ਲਿਆ। ਪੰਜ ਸੌ ਦੁਆਈ ਬੂਟੀ ‘ਤੇ ਲੱਗ ਗਿਆ। ਪੱਥਰੀ ਮੈਂ ਛਾਂਪ ‘ਚ ਪੁਆ ਲੀ ਬਈ ਇਹ ਪਥਰੀ ਨੇ ਈਂ ਨੌ ਹਜਾਰ ਲੁਆਇਆ ਮੇਰਾ। ਫੇਰ ਨੌ ਹਜਾਰ ਦੀ ਓ ਈ ਹੋਈ। ਅਕੇ ਮੈਂ ਕਿਹੜਾ ਵੱਧ ਘੱਟ ਪੈਂਸੇ ਦੱਸ ਕੇ ਵਿੱਚੋਂ ਕੁਸ ਖਾ ਲਿਆ। ਆਹ ਗੱਲ ਐ ਛਾਂਪ ਦੀ ਮੀਰ। ਤੁਸੀਂ ਆਖਿਆ ਖਣੀ ਸੱਚੀਉਂ ਈ ਨੌ ਹਜਾਰ ਲਾ ‘ਤਾ ਹੋਣਾ ਇਹਨੇ। ਚਾਹ ਤਾਂ ਸਾਰਾ ਟੱਬਰ ਸੁੱਕੇ ਦੁੱਧ ਦੀ ਬਣਾ ਕੇ ਪੀਂਦਾ, ਛਾਂਪ ‘ਤੇ ਕਿੱਥੋਂ ਪੈਂਸੇ ਲਾਉਣ ਆਲਾ ਆ ਗਿਆ ਇਹੇ ਸਮਾਲਸਰ ਆਲਾ ਮੁੱਲਖਾ।”
ਗੱਲਾਂ ਕਰਦਿਆਂ ਤੋਂ ਏਨੇ ਚਿਰ ਨੂੰ ਬੋਘੜ ਚੌਂਕੀਦਾਰ ਸੱਥ ‘ਚ ਆ ਕੇ ਬਾਬੇ ਆਤਮਾ ਸਿਉਂ ਨੂੰ ਕਹਿੰਦਾ, ”ਬਾਬਾ ਜੀ! ਪਚੈਤ ਘਰ ‘ਚ ਪਿਲਸਨਾਂ ਦੇ ਕਾਤਕ ਭਰਨ ਆਲੇ ਅਸਫਰ ਆਏ ਐ, ਜੀਹਨੇ ਕਿਸੇ ਨੇ ਆਵਦੇ ਕਾਤਕ ਭਰਨੇ ਐਂ ਪਚੈਤ ਘਰ ‘ਚ ਜਾਵੜੋ।”
ਚੌਂਕੀਦਾਰ ਦਾ ਸੁਨੇਹਾ ਸੁਣਦੇ ਸਾਰ ਹੀ ਸੱਥ ‘ਚ ਬੈਠੇ ਸਾਰੇ ਜਣੇ ਉੱਠ ਕੇ ਪੰਚਾਇਤ ਘਰ ਨੂੰ ਚੱਲ ਪਏ।

-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113