ਰੁਝਾਨ ਖ਼ਬਰਾਂ
ਸਿੱਖ ਤੇ ਗੁਰੂ ਦਾ ਨਾਤਾ ਸੱਚਾ

ਸਿੱਖ ਤੇ ਗੁਰੂ ਦਾ ਨਾਤਾ ਸੱਚਾ

ਪਰਮਾਤਮਾ ਦੀ ਰਚੀ ਸ੍ਰਿਸ਼ਟੀ ਵਿਸਮਾਦ ਨਾਲ ਭਰਪੂਰ ਹੈ। ਗੁਰੂ ਨਾਨਕ ਸਾਹਿਬ ਰਬੀ ਨਜਰ ਨਾਲ ਸ੍ਰਿਸ਼ਟੀ ਦੇ ਮੂਲ ਤਤ ਸਚ ਨੂੰ ਵੇਖਣ ਤੇ ਪਰਖਣ ‘ਚ ਕਾਮਿਆਬ ਹੋਏ। ਆਪ ਦੇ ਸੰਸਾਰ ਆਗਮਨ ਦਾ ਮਨੋਰਥ ਹੀ ਸਚ ਨੂੰ ਪ੍ਰਤਖ ਕਰਨਾ ਤੇ ਮਨੁਖੀ ਜੀਵਨ ਦਾ ਅੰਗ ਬਣਾਉਣਾ ਸੀ। ਗੁਰੂ ਸਾਹਿਬ ਨੇ ਇਸ ਸਚ ਨੂੰ ਪੂਰੇ ਬ੍ਰਹਮੰਡ ਦੇ ਕਿਣਕੇ , ਕਿਣਕੇ ਅੰਦਰ ਵਰਤਦਿਆਂ ਵੇਖਿਆ। ਸੰਸਾਰ ਸਚ ਦੀ ਤਾਕਤ ਚਲ ਰਿਹਾ ਹੈ ਤੇ ਸਚ ਦੀ ਹੀ ਸ਼ੋਭਾ ਹੋ ਰਹੀ ਹੈ। ਸਚ ਦੀ ਅਸੀਮ ਵਡਿਆਈ ਭਾਰੀ ਵਿਸਮਾਦ ਪੈਦਾ ਕਰਨ ਵਾਲੀ ਸੀ। ਸੰਸਾਰ ਦੀ ਹਰ ਰਚਨਾ , ਪਲ ਪਲ ਘਟ ਰਹੀ ਹਰ ਘਟਨਾ ਵਿਸਮਾਦ ਨਾਲ ਭਰੀ ਹੋਈ ਹੈ . ਆਪਣੇ ਆਲੇ ਦੁਆਲੇ ਜਾਂ ਦੂਰ ਜਿਥੇ ਤਕ ਨਿਗਾਹ ਜਾਂਦੀ ਹੈ ਵਿਸਮਾਦ ਹੀ ਵਿਸਮਾਦ ਹੈ ” ਵਿਸਮਾਦੁ ਨੇੜੈ ਵਿਸਮਾਦੁ ਦੂਰਿ , ਵਿਸਮਾਦੁ ਦੇਖੈ ਹਾਜਰਾ ਹਜੂਰਿ ”। ਗੁਰੂ ਨਾਨਕ ਸਾਹਿਬ ਨੇ ਸਚ ਨੂੰ ਪਰਮਾਤਮਾ ਦਾ ਪ੍ਰਤੀਕ ਤੇ ਵਿਸਮਾਦ ਨੂੰ ਪਰਮਾਤਮਾ ਦੀ ਮਹਾਨਤਾ ਨਿਸ਼ਾਨ ਬਣਾਇਆ। ਮਨੁਖ ਦਾ ਹਿਤ ਇਸ ਸਚ ਤੇ ਵਿਸਮਾਦ ਤੋਂ ਹੀ ਸਿਧ ਹੋਣਾ ਸੀ ਜੋ ਕੂਕਰ ਵਾਂਗੂੰ ਹਰ ਦਿਸ਼ਾ ‘ਚ ਭਟਕ ਰਿਹਾ ਸੀ ਤੇ ਸਤ ਕੂੜ ਦਾ ਭੇਦ ਭੁਲ ਗਿਆ ਸੀ ” ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ , ਲੋਭਿ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ”। ਮਾਇਆ ਤੇ ਵਿਕਾਰਾਂ ਕਾਰਣ ਮਨੁਖ ਪਰਮਾਤਮਾ ਦੀ ਹੋਂਦ ਤੇ ਉਸ ਦੀ ਵਡਿਆਈ ਤੋਂ ਦੂਰ ਹੋ ਗਿਆ ਸੀ। ਉਸ ਨੇ ਆਪਣੇ ਲਈ ਵਖ ਆਪਣਾ ਸੰਸਾਰ ਰਚ ਲਿਆ। ਭਾਈ ਗੁਰਦਾਸ ਜੀ ਦੇ ਵਚਨ ਅਨੁਸਾਰ ਸਹੁਰਾ ਘਰ , ਪੇਕਾ ਘਰ ਤੇ ਨਾਨਕਾ ਘਰ ਇਹ ਤਿੰਨ ਮਿਲ ਕੇ ਮਨੁਖ ਦੀ ਸੋਚ ਨੂੰ ਨਿਕੀ ਜਿਹੀ ਹਦ ਅੰਦਰ ਬੰਨ ਰਹੇ ਸਨ। ਆਪਾ ਇਨ੍ਹਾਂ ਘਰਾਂ ਨਾਲ ਜੋੜੇ ਰਖਨ ਲਈ ਹੀ ਮਨੁਖ ਜੀਵਨ ਭਰ ਜੁਗਤ ਕਰਦਾ ਰਹਿੰਦਾ ਸੀ ” ਸੁਇਨਾ ਰੂਪਾ ਸੰਜੀਐ ਹੀਰਾ ਪਰਵਾਲਾ ”। ਇਸ ਜੰਜਾਲ ‘ਚ ਉਲਝ ਕੇ ਉਹ ਪਰਮਾਤਮਾ ਨੂੰ ਵਿਸਾਰ ਬਹਿੰਦਾ ਸੀ । ਗੁਰਮਤਿ ਨੇ ਇਸ ਲਈ ਸਖ਼ਤ ਵਰਜਣਾ ਕੀਤੀ ” ਮੇਰੀ ਮੇਰੀ ਕਿਆ ਕਰਹਿ ਜਿਨਿ ਦੀਆ ਸੋ ਪ੍ਰਭੁ ਲੋੜਿ ”। ਮਨੁਖ ਨੂੰ ਮਾਇਆ ਦੇ ਲਿਸ਼ਕਾਰੇ , ਘਰ ਪਰਿਵਾਰ ਦੇ ਮੋਹ ਤੇ ਵਿਕਾਰਾਂ ਦੇ ਖੁਆਰ ਕਰਨ ਵਾਲੇ ਰੰਗ ਤਾਂ ਚੇਤੇ ਆਉਂਦੇ ਰਹੇ ਪਰ ਜੋ ਜੀਵਨ ਉਸ ਨੂੰ ਮਿਲਿਆ ਉਸ ਦੇ ਵਿਸਮਾਦ ਨੂੰ ਵੀ ਉਹ ਵੇਖ ਨਹੀਂ ਸਕਿਆ ” ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ ”। ਵਾਹਿਗੁਰੂ ਦਾ ਗਿਆਨ ਸਾਰੇ ਭਰਮ ਤੋੜ ਕੇ ਸਚ ਨਾਲ ਜੋੜਨ ਵਾਲਾ ਸੀ ” ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ , ਪੂਰੈ ਗੁਰਿ ਸਭ ਸੋਝੀ ਪਾਈ ”। ਗੁਰੂ ਦੀ ਸ਼ਰਣ ‘ਚ ਆਉਣ ਵਾਲੇ ਸਿਖ ਨੂੰ ਗੁਰੂ ਜੀਵਨ ਦੇ ਸਚੇ ਮਾਰਗ ਤੇ ਪਾਉਂਦਾ ਹੈ। ਗੁਰੂ ਆਪਣੇ ਸਿਖ ਦਾ ਸਦਾ ਹੀ ਭਲਾ ਚਾਹੁੰਦਾ ਹੈ। ਸਿਖ ਦੀ ਸਮਰਪਣ ਦੀ ਉਮੰਗ ਤੇ ਗੁਰੂ ਦੀ ਭਲਾਈ ਦੀ ਭਾਵਨਾ ਦੋਵੇ ਮਿਲ ਕੇ ਇਕ ਸਚੇ ਸਾਕ ਨੂੰ ਜਨਮ ਦਿੰਦਿਆਂ ਹਨ। ਭਾਈ ਗੁਰਦਾਸ ਜੀ ਨੇ ਗੁਰੂ ਤੇ ਸਿਖ ਦੇ ਰਿਸ਼ਤੇ ਦੀ ਗਹਿਰਾਈ ਨਾਲ ਪੜਤਾਲ ਕਰਦਿਆਂ ਇਸ ਦੇ ਕਿੰਨੇ ਹੀ ਮਨੋਹਰ ਪਖ ਸਾਹਮਣੇ ਰਖੇ। ਭਾਈ ਗੁਰਦਾਸ ਜੀ ਨੇ ਕਿਹਾ ਕਿ ਗੁਰੂ ਤੇ ਸਿਖ ਦਾ ਸੰਬੰਧ ਅੰਮ੍ਰਿਤ ਵੇਲੇ ਦੇ ਪਾਵਨ ਗੀਤ ਜਿਹਾ ਹੈ ਤੇ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲਾ ਹੈ। ਇਹ ਰਿਸ਼ਤਾ ਗੁਰਸਿਖ ਨੂੰ ਅੰਤਰਮੁਖੀ ਬਣਾਉਣ ਵਾਲਾ ਤੇ ਸਦਾ ਕਾਇਮ ਰਹਿਣ ਵਾਲਾ ਹੈ। ਗੁਰੂ ਤੇ ਸਿਖ ਵਿਚਕਾਰ ਜੋ ਢੂੰਗੀ ਪ੍ਰੀਤਿ ਪੈਦਾ ਹੁੰਦਾ ਹੈ ਉਹ ਕਥਨ ਤੋਂ ਪਰੇ ਹੈ। ਇਸ ਸਾਕ ਤੇ ਨਤੀਜੇ ਸਭ ਤੋਂ ਫਲਦਾਈ ਹੁੰਦੇ ਹਨ ਕਿਉਂਕਿ ਇਸ ਅੰਦਰ ਸਚ ਹੀ ਸਿਰਮੌਰ ਹੈ ਤੇ ਸੁਖ ਦੇਣ ਵਾਲਾ ਹੈ। ਗੁਰਸਿਖ ਗਿਆਨ ਨਾਲ ਇੰਨਾ ਭਰਪੂਰ ਹੋ ਜਾਂਦਾ ਹੈ ਕਿ ਕਿਸੇ ਭੁਲੇਖੇ ਦਾ ਸ਼ੰਕਾ ਦੀ ਕੋਈ ਥਾਂ ਹੀ ਨਹੀਂ ਬਚਦੀ। ਗੁਰਸਿਖੀ ਤੇ ਜੀਵਨ ਅੰਦਰ ਸੰਜਮ ਆ ਜਾਂਦਾ ਹੈ ਤੇ ਸ੍ਰੇਸ਼ਟ ਆਚਾਰ ਬਣਦਾ ਹੈ। ਇਸ ਸੰਬੰਧ ਦੇ ਕਾਇਮ ਹੋਣ ਨਾਲ ਗੁਰਸਿਖ ਦੇ ਜੀਵਨ ‘ਚ ਸਚ ਵਸ ਜਾਂਦਾ ਹੈ ਤੇ ਉਹ ਕੂੜ ਸੋਚ , ਕੂੜ ਕਿਰਿਆਵਾਂ ਤੋਂ ਦੂਰ ਹੋ ਜਾਂਦਾ ਹੈ। ਗੁਰਸਿਖ ਆਪਣੇ ਗੁਰੂ ਦੀਆਂ ਸਿਖਿਆਵਾਂ , ਉਪਦੇਸ਼ਾਂ ਤੇ ਕੋਈ ਸ਼ੰਕਾ ਨਹੀਂ ਕਰਦਾ ਤੇ ਭਰੋਸੇ ਨਾਲ ਅਮਲ ਕਰਦਾ ਹੈ। ਵਾਹਿਗੁਰੂ ਕੋਲੋਂ ਸਿਖ ਨੂੰ ਜੀਵਨ ਦੀ ਜਾਚ ਹਾਸਲ ਹੁੰਦੀ ਹੈ . ਗੁਰਸਿਖ ਆਪਣੀ ਹੋਂਦ ਨੂੰ ਗੁਰੂ ‘ਚ ਸਮੋ ਕੇ ਅਨਹੋੰਦਾ ਬਣ ਜਾਂਦਾ ਹੈ। ਇਹ ਭਾਰੀ ਵਿਸਮਾਦ ਹੈ ਜਿਸ ਨੂੰ ਜਾਣਨਾ ਔਖਾ ਹੈ। ਭਾਈ ਗੁਰਦਾਸ ਜੀ ਨੇ ਕਿਹਾ ਕਿ ਜਿਵੇਂ ਚੰਦਨ ਦਾ ਸੰਗ ਕਰਨ ਵਾਲੀ ਵਨਸਪਤੀ ਵੀ ਚੰਦਨ ਦੀ ਸੁਗੰਧ ਵਾਲੀ ਹੋ ਜਾਂਦੀ ਹੈ ਪਰ ਕਿਵੇਂ ਹੁੰਦੀ ਹੈ ਇਹ ਕੋਈ ਨਹੀਂ ਜਾਣਦਾ। ਇਕ ਦੀਵੇ ਤੋਂ ਦੂਜਾ ਦੀਵਾ ਬਾਲੀਏ ਤਾਂ ਦੁਹਾਂ ਦੀ ਰੋਸ਼ਨੀ ਇਕੋ ਜਿਹੀ ਹੀ ਜਾਪਦੀ ਹੈ। ਜਲ ਅੰਦਰ ਹੋਰ ਜਲ ਮਿਲਾ ਦੇਣ ਨਾਲ ਜਲ ਦਾ ਕੋਈ ਭੇਦ ਨਹੀਂ ਰਹਿੰਦਾ। ਕੀੜੀ ਭ੍ਰਿੰਗੀ ਨਾਲ ਰਲ ਕੇ ਭ੍ਰਿੰਗੀ ਹੀ ਹੋ ਜਾਂਦੀ ਹੈ। ਸਪ ਆਪਣੀ ਕੂੰਜ ਛਡ ਕੇ ਅਲਗ ਹੋ ਜਾਂਦਾ ਹੈ। ਇਹ ਭੇਦ ਵੀ ਕੋਈ ਨਹੀਂ ਜਾਣਦਾ। ਭਾਈ ਗੁਰਦਾਸ ਸਾਹਿਬ ਨੇ ਸਮਝਾਉਣ ਲਈ ਇਹ ਮਿਸਾਲਾਂ ਦਿਤੀਆਂ ਤਾਂ ਜੋ ਗੁਰੂ ਤੇ ਸਿਖ ਦੇ ਪਾਵਨ ਰਿਸ਼ਤੇ ਦੀ ਵਡਿਆਈ ਤੇ ਤਰਕ ਬਹਿਸ ਕਰਨ ਤੋਂ ਬਚਿਆ ਜਾ ਸਕੇ ਜੋ ਬੇਮਤਲਬ ਹੈ। ਭਾਈ ਗੁਰਦਾਸ ਜੀ ਨੇ ਕਿਹਾ ਕਿ ਵਾਹਿਗੁਰੂ ਤੇ ਗੁਰਸਿਖ ਦਾ ਨਾਤਾ ਬੇਸ਼ਕੀਮਤੀ ਹੈ ” ਪੀਰ ਮੁਰੀਦਾਂ ਪਿਰਹੜੀ ਲਖ ਮੁਲੀਅਨਿ ਕਖੈ ”। ਵਾਹਿਗੁਰੂ ਗੁਣਾਂ ਦਾ ਸੋਮਾ ਹੈ ਤੇ ਆਪਣੀ ਸ਼ਰਣ ‘ਚ ਆਉਣ ਵਾਲੇ ਗੁਰਸਿਖ ਦੀ ਝੋਲੀ ਗੁਣਾਂ ਨਾਲ ਭਰ ਰਿਹਾ ਹੈ।
ਪੀਰ ਮੁਰੀਦਾਂ ਪਿਰਹੜੀ ਗੁਣ ਗੁਣੀ ਪਰੋਵੈ॥
ਵਾਹਿਗੁਰੂ ਨਾਲ ਗੁਰਸਿਖ ਦਾ ਜੁੜਨਾ ਆਪਣੀ ਝੋਲੀ ਵਿਚ ਗੁਣ ਪ੍ਰਾਪਤ ਕਰਨਾ ਹੈ। ਆਪਣੀ ਜੀਵਨ ਜਾਚ ਗੁਰੂ ਦੇ ਬਖਸ਼ੇ ਹੋਏ ਗੁਣਾਂ ਦੇ ਅਨੁਕੂਲ ਬਣਾਉਣਾ ਹੈ। ਪਰਮਾਤਮਾ ਕੋਲ ਤਾਂ ਗੁਣਾਂ ਦੀ ਹੀ ਦਾਤ ਹੈ। ਉਸ ਨੇ ਗੁਣਾਂ ਦੀ ਹੀ ਬਖਸ਼ਿਸ਼ ਕਰਨੀ ਹੈ । ਜੇ ਕੋਈ ਇਸ ਤੋਂ ਵਖਰੀ ਕੋਈ ਆਸ ਲੈ ਕੇ ਗੁਰੂ ਦੇ ਦਰਬਾਰ ਵਿਚ ਜਾਂਦਾ ਹੈ ਤਾਂ ਉਹ ਕਿਵੇਂ ਪੂਰੀ ਹੋਵੇਗੀ ” ਦੂਜੀ ਆਸ ਵਿਣਾਸੁ ਹੈ ਪੂਰੀ ਕਿਉ ਹੋਵੈ ”। ਅਜਿਹੀ ਆਸ ਗੁਰੂ ਨਾਲ ਨਾਤਾ ਤੋੜਨ ਵਾਲੀ ਹੈ। ਗੁਰਸਿਖ ਜੇ ਸੰਸਾਰਕ ਮਾਇਆ ‘ਚ ਹੀ ਫਸਿਆ ਹੋਇਆ ਹੈ , ਸੰਸਾਰਕ ਪਦਾਰਥਾਂ ਤੇ ਰਿਸ਼ਤਿਆਂ ਦਾ ਮੋਹ ਪਾਲ ਰਿਹਾ ਹੈ ਤਾਂ ਉਹ ਵੀ ਦੁਖ ਦੇਣ ਵਾਲਾ ਹੈ ” ਦੂਜਾ ਮੋਹ ਸੁ ਧ੍ਰੋਹ ਸਭੁ ਓਹੁ ਅੰਤਿ ਵਿਗੋਵੈ ”। ਇਹ ਗੁਰੂ ਤੇ ਸਿਖ ਦੇ ਸੰਬੰਧ ਨਾਲ ਛਲ ਹੈ। ਗੁਰਸਿਖ ਦੇ ਕਰਮ , ਸੰਗਤ ਤੇ ਭਾਵਨਾਵਾਂ ਜੇ ਵਾਹਿਗੁਰੂ ਦੀਆਂ ਸਿਖਿਆਵਾਂ ਦੀ ਮਰਿਆਦਾ ਅੰਦਰ ਨਹੀਂ ਤਾਂ ਜੀਵਨ ਨਿਹਫਲ ਹੋ ਜਾਨ ਵਾਲਾ ਹੈ। ਗੁਰਸਿਖ ਨਿਤਨੇਮ ਕਰ ਰਿਹਾ ਹੈ , ਗੁਰੂ ਘਰ ਨਤਮਸਤਕ ਹੋ ਰਿਹਾ ਹੈ , ਸੇਵਾ ਕਰ ਰਿਹਾ ਹੈ ਜਾਂ ਗੁਰਸਿਖੀ ਦੇ ਨਾਂ ਤੇ ਕੋਈ ਵੀ ਹੋਰ ਕਰਮ ਕਰ ਰਿਹਾ ਹੈ ਤਾਂ ਉਹ ਸਭ ਕੁਝ ਵਾਹਿਗੁਰੂ ਤੇ ਗੁਰਸਿਖ ਦੇ ਸਚੇ ਸੰਬੰਧ ਨੂੰ ਪਰਿਪਕ ਕਰਨ ਵਾਲਾ ਹੋਣਾ ਚਾਹੀਦੇ ਤਾਂ ਹੀ ਉਹ ਗੁਰੂ ਦੇ ਦਰਬਾਰ ਅੰਦਰ ਪਰਵਾਨ ਹੁੰਦਾ ਹੈ। ਗੁਰਸਿਖ ਸਦਾ ਹੀ ਵਾਹਿਗੁਰੂ ਨਾਲ ਆਪਣੇ ਸੰਬੰਧ ਦੀ ਨਿਰਮਲਤਾ ਨੂੰ ਚੇਤੇ ਰਖੇ ਤੇ ਆਪਣੀ ਭਾਵਨਾ ਨਾਲ ਦ੍ਰਿੜ੍ਹ ਕਰਨ ਦੇ ਜਤਨ ਕਰਦਾ ਰਹੇ। ਕੋਈ ਅਜਿਹਾ ਕਰਮ ਨਾ ਕਰੇ ਜੋ ਵਾਹਿਗੁਰੂ ਦੇ ਹੁਕਮ ਤੋਂ ਬਾਹਰ ਹੋਵੇ ਤੇ ਅੰਤ ਪਛਤਾਵਾ ਹਥ ਲਗੇ।
ਜਾ ਤੇ ਘਾਲ ਨ ਬਿਰਥੀ ਜਾਈਐ ॥
ਆਠ ਪਹਰ ਸਿਮਰਹੁ ਪ੍ਰਭੁ ਅਪਨਾ ਮਨਿ ਤਨਿ ਸਦਾ ਧਿਆਈਐ ॥
ਹਰ ਸਾਕ , ਹਰ ਰਿਸ਼ਤੇ ਦਾ ਇਕ ਵਖਰਾ ਆਨੰਦ ਹੈ। ਪਿਤਾ ਪ੍ਰਸੰਨ ਹੋਵੇ ਤਾਂ ਸੰਤਾਨ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ। ਪਤੀ ਆਪਣੀ ਪਤਨੀ ਤੇ ਖੁਸ਼ ਹੋ ਕੇ ਰਾਜ ਪਾਟ ਵੀ ਕੁਰਬਾਨ ਕਰ ਦਿੰਦਾ ਹੈ। ਮਾਂ ਆਪਣੇ ਧੀ ਪੁਤ ਲਈ ਆਪਾ ਵੀ ਵਾਰ ਦਿੰਦੀ ਹੈ। ਇਹ ਤਾਂ ਹਕੀਕਤ ਬਣਦਾ ਹੈ ਜਦੋਂ ਸੰਤਾਨ ਆਗਿਆਕਾਰੀ ਹੋਵੇ , ਪਤਨੀ ਸੁਲਖਣੀ ਹੋਵੇ। ਗੁਰੂ ਅਮਰਦਾਸ ਜੀ ਨੇ ਵਚਨ ਕੀਤੇ ਕਿ ਵਾਹਿਗੁਰੂ ਦਿਆਲ ਹੋਵੇ ਤਾਂ ਗੁਰਸਿਖ ਦੀ ਭਗਤੀ ਕਬੂਲ ਹੋ ਜਾਂਦੀ ਹੈ , ਸਾਰੇ ਸੰਤਾਪ ਦੂਰ ਹੋ ਜਾਂਦੇ ਹਨ , ਕੋਈ ਦੁਖ ਨਹੀਂ ਰਹਿੰਦਾ , ਪਰਮਾਤਮਾ ਦੇ ਪ੍ਰੇਮ ਦੀ ਅਵਸਥਾ ਬਣ ਜਾਂਦੀ ਹੈ ਤੇ ਕਾਲ ਦਾ ਡਰ ਵੀ ਦੂਰ ਹੋ ਜਾਂਦਾ ਹੈ। ਵਾਹਿਗੁਰੂ ਕਿਰਪਾ ਕਰਦਾ ਹੈ ਤਾਂ ਤਨ ਨਿਰੋਗ ਤੇ ਮਨ ਪਰਮਾਤਮਾ ਦੀ ਪ੍ਰੀਤਿ ਨਾਲ ਭਰਪੂਰ ਹੋ ਜਾਂਦਾ ਹੈ। ਵਾਹਿਗੁਰੂ ਦੀ ਦਇਆ ਹੋਵੇ ਤਾਂ ਪਰਮਾਤਮਾ ਵੀ ਮਿਲ ਜਾਂਦਾ ਹੈ ” ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ ”। ਇਹ ਸਾਰੇ ਫਲ ਜੀਵਨ ‘ਚ ਤਾਂ ਮਿਲਦੇ ਹਨ ਜਦੋਂ ਸਤਿਗੁਰੁ ਨਾਲ ਜੋੜੇ ਹੋਏ ਸੰਬੰਧ ਨੂੰ ਨਿਭਾਉਣ ਦਾ ਸੰਕਲਪ ਪੂਰਾ ਕੀਤੇ ਜਾਵੇ। ਗੁਰਸਿਖ ਆਪਣੀ ਗੁਰਸਿਖੀ ਸਾਬਤ ਕਰਨ ਤੋਂ ਬਾਅਦ ਹੀ ਸਤਿਗੁਰੁ ਦੀ ਦਇਆ ਦਾ ਹਕਦਾਰ ਬਣਦਾ ਹੈ। ਸਿਖ ਕੌਮ ਅੰਦਰ ਆਏ ਨਿਘਾਰ ਦੀ ਚਰਚਾ ਅਜ ਆਮ ਹੈ। ਹਰ ਪਧਰ ਤੇ ਚਿੰਤਾ ਹੈ। ਇਸ ਤੇ ਚਿੰਤਾ ਤੋਂ ਜਿਆਦਾ ਚਿੰਤਨ ਦੀ ਲੋੜ ਹੈ ਕਿ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਅਗੇ ਗੁਰਸਿਖ ਨਿਤ ਸਿਰ ਨਿਵਾ ਰਿਹਾ ਹੈ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਉਸ ਨੇ ਕਿਹੋ ਜਿਹੇ ਸੰਬੰਧ ਬਨਾਏ ਹਨ ਤੇ ਉਸ ਸੰਬੰਧ ਲਈ ਉਹ ਕਿੰਨਾ ਗੰਭੀਰ ਹੈ। ਗੁਰਸਿਖ ਦੇ ਗੁਣ ਕੀ ਹਨ , ਉਸ ਦਾ ਨਿਤਨੇਮ। ਸ਼ੁਭ ਕਰਮ ਤੇ ਵਾਹਿਗੁਰੂ ਤੇ ਭਰੋਸਾ ਕਿੰਨਾ ਹੈ ਇਸ ਬਾਰੇ ਵੀਚਾਰਨ ਦੀ ਲੋੜ ਹੈ। ਗੁਰਸਿਖ ਤੇ ਗੁਰੂ ਨਾਲ ਸੰਬੰਧ ਗੁਰਬਾਣੀ ਤੈ ਕਰਦੀ ਹੈ। ਇਹ ਗੁਰਸਿਖ ਦੀ ਆਪਣੀ ਮਰਜ਼ੀ ਤੇ ਵਿਆਖਿਆ ਦਾ ਵਿਸ਼ਾ ਨਹੀਂ। ਸੰਸਾਰਕ ਸਾਕ , ਸੰਬੰਧ ਵਕਤ ਤੇ ਸੰਜੋਗ ਦੇ ਹੁੰਦੇ ਹਨ। ਸਚਾ ਸਾਕ ਵਾਹਿਗੁਰੂ ਨਾਲ ਹੈ। ਇਸ ਸਾਕ ਪ੍ਰਤੀ ਪੂਰਣ ਸਚਿਆਰ ਬਣਨ ਨਾਲ ਹੀ ਸਾਕ ਨਿਭਦਾ ਹੈ।

– ਡਾ. ਸਤਿੰਦਰਪਾਲ ਸਿੰਘ