ਸਿੱਖ ਪੰਥ ਦੇ ਵਿਦਵਾਨ ਗਿਆਨੀ ਦਿੱਤ ਸਿੰਘ ਜੀ

ਸਿੱਖ ਪੰਥ ਦੇ ਵਿਦਵਾਨ ਗਿਆਨੀ ਦਿੱਤ ਸਿੰਘ ਜੀ

ਇੰਗਲੈਂਡ ਦੀਆਂ ਅਖਬਾਰਾਂ ਵਿੱਚ 19 ਵੀਂ ਸਦੀ ਦੇ ਦੂਜੇ ਅੱਧ ਵਿੱਚ ਇਹ ਖ਼ਬਰ ਛੱਪ ਗਈ ਕਿ ਸਿੱਖ ਕੌਮ ਖਤਮ ਹੋ ਰਹੀ ਹੈ, ਅਤੇ ਆਉਂਦੇ 25 ਸਾਲਾਂ ਤਕ ਜਦ ਕਿਸੇ ਨੇ ਸਿੱਖ ਦੇ ਦਰਸ਼ਨ ਕਰਨੇ ਹੋਣਗੇ ਤਾਂ ਉਸ ਨੂੰ ਅਜਾਇਬ ਘਰ ਵਿੱਚ ਕੇਵਲ ਫੋਟੋ ਹੀ ਮਿਲਣਗੀਆਂ। ਇੰਝ ਉਹ ਲਿਖਦੇ ਵੀ ਕਿਉਂ ਨਾ, ਜਦੋਂ ਮਹਾਰਾਜਾ ਰਣਜੀਤ ਸਿੱਘ ਵੇਲੇ ਸਿੰਘਾਂ ਦੀ ਗਿਣਤੀ ਇਕ ਕਰੋੜ ਤੋਂ ਵੀ ਵਧ ਸੀ, ਪਰ 1881ਦੀ ਮਰਦੱਮ ਸ਼ੁਮਾਰੀ ਮੁਤਾਬਿਕ ਲਦਪਗ 18ਲਖ ਰਹਿ ਗਈ ਸੀ ।ਸੋ, ਐਸਾ ਖਿਆਲ ਸੁਭਾਵਕ ਸੀ; ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਸ ਕੌਮ ਦੇ ਬਾਰੇ ਉਹ 1881ਵਿੱਚ ਲਿੱਖ ਰਹੇ ਹਨ, ਉਹ ਕੇਵਲ 38ਸਾਲਾਂ ਬਾਅਦ ਉਹਨਾਂ ਨਾਲ ਟੱਕਰ ਲਵੇਗੀ ਤੇ ਉਹਨਾਂ ਨੂੰ ਈਨ ਮਨਵਾ ਕੇ ਸਾਹ ਲਵੇਗੀ ਪਰ ਇਹ ਹੋਇਆ ਕਿਸ ਤਰ੍ਹਾਂ ? ਇਸ ਮਹਾਨ ਸਾਕੇ ਦਾ ਹੀਰੋ ਕੌਣ ਹੈ ? ਉਤਰ: ਗਿਆਨੀ ਸਿੰਘ ਜੀ ਹਨ।
ਸਾਡੀ ਕੌਮ ਵੀ ਨਿਰਾਲੀ ਹੈ।ਜਿੰਨ੍ਹੀ ਸਪੱਸ਼ਟ ਗੁਰਮਤਿ-ਵਿਚਾਰਧਾਰਾ ਅਤੇ ਨਿਆਰਾਪਨ ਗੁਰੂ ਸਾਹਿਬਾਨ ਨੇ ਇਸ ਨੂੰ ਦਿਤਾ ਹੈ; ਉਨ੍ਹੀ ਹੀ ਇਹ ਭਰਮਾਂ, ਵਿਹਮਾਂ ਵਿੱਚ ਫ਼ਸ ਕੇ ਆਪਣੀ ਹੋਂਦ ਲਈ ਖ਼ਤਰਾ ਪੈਦਾ ਕਰ ਰਹੀ ਹੈ।ਅੱਜ ਦੀ ਤਾਂ ਗੱਲ ਹੀ ਛੱਡੋ ਅੱਜ ਤੋਂ 150 ਸਾਲ ਪਹਿਲਾਂ ਵੀ ਇਸੇ ਹੀ ਬੀਮਾਰੀ ਵਿੱਚ ਫਸੀ ਪਈ ਸੀ।
ਅਕਾਲ ਪੁਰਖ ਬੇਅੰਤ ਹੈ। ਜਦੋਂ ਵੀ ਕੌਮ ਤੇ ਭੀੜ ਆਉਂਦੀ ਹੈ, ਉਹ ਖਾਲਸੇ ਨੂੰ ਭੀੜਾ ਰੂਪੀ ਅਗਨੀ ਵਿੱਚੋਂ ਸੋਨਾ ਬਣਾਕੇ ਕਢੱਦਾ ਆਇਆ ਹੈ।ਉਸ ਸਮੇਂ ਕੌਮ ਦਾ ਵੱਡਾ ਹਿੱਸਾ ਸਨਾਤਨੀ ਬਣ ਚੁਕਾ ਸੀ।ਗੁਰਮਤਿ ਤੋਂ ਅਣਜਾਣ ਹੋ ਕੇ ਠੇਡੇ ਖਾ ਰਹੇ ਸੀ ਅਤੇ ਸਾਹਹੀਣ ਹੋਇਆ ਪਿਆ ਸੀ ।ਉਸ ਸਮੇਂ ਇਸ ਨੂੰ ਅੰਗਰੇਜ਼ਾਂ ਦੀ ਗੁਲਾਮੀ, ਬਹੁ ਗਿਣਤੀ ਦੇ ਪ੍ਰਭਾਵ ਅਤੇ ਗੁਰੂ ਡੰਮ ਨੇ ਆ ਘੇਰਿਆ ਸੀ ।ਕੌਮ ਫੁਟ ਦਾ ਸ਼ਕਿਾਰ ਵੀ ਹੋਈ ਸੀ।ਐਸੇ ਬਿਪਤਾ ਭਰੇ ਸਮੇਂ ਵਿੱਚ ਗਿ: ਦਿਤ ਸਿੰਘ ਜੀ ਹਰ ਮੁਹਾਜ਼ ਉਤੇ ਡਟ ਗਏ।ਕੀ ਸਨਾਤਨੀ, ਕੀ ਆਰੀਆ ਸਮਾਜੀ, ਕੀ ਗੁਰਦੁਆਰਿਆਂ ਦੇ ਪੁਜਾਰੀ, ਸੱਭ ਨਾਲ ਟੱਕਰ ਲੈ ਕੇ ਗਿਆਨੀ ਜੀ ਨੇ ਕੌਮ ਨੂੰ ਆਪਣੇ ਪੈਰਾਂ ਉਤੇ ਖੜ੍ਹਾ ਕਰ ਦਿੱਤਾ। ਆਓ, ਇਨ੍ਹਾਂ ਦੇ ਜੀਵਨ ਤੋਂ ਕੁਝ ਸਿਖੀਏ ਤੇ ਕੌਮ ਨੂੰ ਕੁੰਭਕਰਨੀ ਨੀਂਦ ਵਿੱਚੋਂ ਜਗਾਉਣ ਦਾ ਉਪਰਾਲਾ ਕਰੀਏ।
ਗਿਆਨੀ ਦਿਤ ਸਿੰਘ ਜੀ ਦਾ ਜਨਮ ੨੧ ਅਪਰੈਲ ੧੮੫੨ ਨੂੰ ਪਟਿਆਲਾ ਰਿਆਸਤ ਦੇ ਨਗਰ ਅਨੰਦਪੁਰ ਕਲੌੜ ਵਿੱਚ ਭਾਈ ਦਿਵਾਨ ਸਿੰਘ ਜੀ ਦੇ ਘਰ ਵਿੱਚ ਹੋਇਆ।ਆਪ ਛੋਟੀ ਉਮਰ ਤੋਂ ਹੀ ਬਹਿਸ ਮੁਬਾਹਿਸਿਆਂ ਵਿੱਚ ਰੁਚੀ ਰਖਣ ਲਗ ਪਏ ਸਨ ਅਤੇ ਵਾਹਿਗੁਰੂ ਨੇ ਇੰਨ੍ਹੀ ਬਿਬੇਕ-ਬੁਧੀ ਬਖ਼ਸ਼ੀ ਸੀ ਕਿ ਖੋਟੇ ਖੱਰੇ ਵਿੱਚ ਸਹਿਜੇ ਹੀ ਨਿਖੇੜਾ ਕਰ ਲੈਂਦੇ ਸਨ।ਆਪ ਦੀ ਇਸ ਲਗਨ ਤੇ ਖਿਆਲਾਂ ਨੂੰ ਵੇਖ ਕੇ ਆਪ ਦੇ ਪਿਤਾ ਭਾਈ ਦਿਵਾਨ ਸਿੰਘ ਜੀ ਨੇ ਆਪ ਨੂੰ ਆਪਣੇ ਇਕ ਸਤਸੰਗੀ ਗੁਲਾਬ ਦਾਸੀਏ ਮਹਾਤਮਾ ਗੁਰਬਖਸ਼ ਸਿੰਘ ਜੀ ਦੇ ਡੇਰੇ, ਪਿੰਡ ਤਿਉੜ, ਜਿਲਾ ਅੰਬਾਲਾ ਵਿੱਖੇ ੧੦ ਕੁ ਸਾਲ ਦੀ ਉਮਰ ਵਿੱਚ ਹੀ ਭੇਜ ਦਿੱਤਾ।ਮਹਾਤਮਾ ਜੀ ਨੇ ਤੀਖਰ ਬੁਧੀ ਦੇ ਅਸਰ ਨੂੰ ਕਬੂਲਿਆਂ, ਕਿਉਂਕਿ ਉਨ੍ਹਾਂ ਵੇਖਿਆ ਕਿ ਆਪ ਅੱਖਰੀ ਗਿਆਨ ਝਟ ਹੀ ਗ੍ਰਹਿਣ ਕਰੀ ਜਾ ਰਹੇ ਹਨ।ਗੁਰਬਾਣੀ ਦੇ ਕੁਝ ਗ੍ਰੰਥ, ਜਿਵੇਂ ਪੰਜ ਗ੍ਰੰਥੀ, ਦਸ ਗ੍ਰੰਥੀ, ਭਾਈ ਗੁਰਦਾਸ ਜੀ ਦੀਆਂ ਵਾਰਾਂ,ਭਗਤ ਬਾਣੀ ਆਦਿ ਨੂੰ ਦੋ ਕੁ ਸਾਲਾਂ ਵਿੱਚ ਹੀ ਪੜ੍ਹ ਲਿਆ ਅਤੇ ਇਨ੍ਹਾਂ ਦੇ ਅਰਥ ਤੇ ਭਾਵਾਂ ਨੂੰ ਵੀ ਸਮਝਣ ਵਿੱਚ ਕਸਰ ਨਾ ਰਹੀ।ਆਪ ਇੰਨੇ ਮਿਹਨਤੀ ਤੇ ਚੰਗੇ ਬੁਧੀ ਵਾਲੇ ਸਾਬਤ ਹੋਏ ਕਿ ਪੰਜ ਛੇ ਸਾਲਾਂ ਵਿੱਚ ਹੀ ਉਰਦੂ ਅਤੇ ਪੰਜਾਬੀ ਦੇ ਨਾਲ ਪਿੰਗਲ ਵਿਆਕਰਣ, ਵੇਦਾਂਤ ਅਤੇ ਰਾਜਨੀਤੀ ਦੇ ਵੀ ਕਿੰਨੇ ਹੀ ਗ੍ਰੰਥਾਂ ਦਾ ਅਧਿਐਨ ਕਰ ਲਿਆ।੧੭-੧੮ ਸਾਲ ਦੀ ਉਮਰ ਵਿੱਚ ਆਪ ਜੀ ਦੀਆਂ ਪਿੰਗਲ, ਵਿਆਕਰਣ ਤੇ ਵਿਦਾਂਤਕ ਬਹਿਸਾਂ ਦੀਆਂ ਧੁੰਮਾਂ ਪੈ ਗਈਆਂ। ਭਾਈ ਗੁਰਬਖਸ ਸਿੰਘ ਜੀ ਗੁਲਾਬਦਾਸੀਏ ਮਹਾਤਮਾ ਦੀ ਸ਼ਰੇਣੀ ਵਿੱਚੋਂ ਸਨ, ਤੇ ਇਹ ਗੁਲਾਬਦਾਸੀਏ ਦੇ ਜ਼ੇਰੇ ਹੀ ਉਨ੍ਹੀ ਦਿਨੀ ਬਹੁਤੀ ਚਰਚਾ ਵਾਰਤਾ ਆਦਿ ਕਰਨ ਦੇ ਕੇਂਦਰ ਬਣੇ ਸਨ। ਪਰ ਦੂਜੇ ਬੰਨੇ ਆਮ ਸਿੱਖੀ ਦੀ ਹਾਲਤ ਬੜੀ ਨਿਘਰੀ ਹੋਈ ਸੀ। ਇਹ ਸਮਾਂ ਅੰਗਰੇਜ ਰਾਜ ਦਾ ਸੀ ਤੇ ਇਸਾਈਅਤ ਦੇ ਪ੍ਰਚਾਰ ਲਈ ਵੱਡੇ ਵੱਡੇ ਪਾਦਰੀ ਪੰਜਾਬ ਵਿੱਚ ਭੇਜੇ ਜਾ ਰਹੇ ਸਨ। ਉਸ ਸਮੇਂ ਸਿੱਖ ਪੰਥ ਦੀ ਦਿਸ਼ਾ ਲੂਣਹਰਾਮੀ ਡੋਗਰਿਆਂ ਦੀ ਅਕ੍ਰਿਤਘਣਤਾ ਕਾਰਨ ੧੮੪੯ ਈ. ਵਿੱਚ ਪੰਜਾਬ ਚੋਂ ਸਿੱਖ ਰਾਜ ਖਤਮ ਹੋ ਚੁੱਕਾ ਸੀ।ਜਿਸ ਦੇ ਫਲਸਰੂਪ ਕੌਮ ਵਿੱਚ ਇੰਨੀ ਆਤਮਹੀਣਤਾ ਆਈ ਕਿ ਕੌਮ ਲੜ ਖੜਾ ਗਈ। ਮੌਕਾ ਪ੍ਰਸਤ ਬਣੇ ਸਿੱਖ ਦੁਬਾਰਾ ਹਿੰਦੂ ਮੱਤ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ। ਸਤਲੁਜ ਤੋਂ ਉਰਾਰ ਦੇ ਸਿੱਖ ਸਰਦਾਰ, ਮਹਾਰਾਜੇ ਆਦਿ ਤਾਂ ਪਹਿਲਾਂ ਹੀ ੧੮੦੭ ਈ: ਵਿਚ ਆਪਣੀਆਂ ਕੁਰਸੀਆਂ ਖਾਤਰ ਅੰਗਰੇਜਾਂ ਦੇ ਜੀ-ਹਜੂਰੀਏ ਬਣ ਚੁੱਕੇ ਸਨ ਤੇ ਹੁਣ ਸਤਲੁਜ ਪਾਰ ਦੇ ਸਿੱਖ ਆਗੂਆਂ ਨੂੰ ਆਪਣੀ ਜਾਨ ਬਚਾਉਣ ਲਈ ਅੰਗਰੇਜਾਂ ਦੀ ਈਨ ਮੰਨਣੀ ਪਈ ਤੇ ਲਗਪਗ ਸਾਰੇ ਆਗੂ ਭਾਈ ਮਹਾਰਾਜ ਸਿੰਘ ਜੀ ਨੂੰ ਛੱਡ ਕੇ ਅੰਗਰੇਜਾਂ ਦੀ ਝੋਲੀ ਵਿਚ ਜਾ ਪਏ ਸਨ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਸਿੱਖ ਕੌਮ ਦੀ ਗਿਣਤੀ ਇਕ ਕਰੋੜ ਤੋਂ ਉਪਰ ਸੀ, ਪਰ ਗਿ:ਦਿੱਤ ਸਿੰਘ ਜੀ ਦੇ ਸਮੇਂ ਤਕ ਕੇਵਲ ੧੮ ਕੁ ਲੱਖ ਦੇ ਲਗਪਗ ਹੀ ਰਹਿ ਗਈ ਸੀ। ਸਿੱਖ ਫੋਜੀ ਹੁਣ ਅੰਗਰੇਜ ਦੀ ਫੋਜ ਭਰਤੀ ਹੋਣ ਲਗ ਪਏ ਸਨ ਪਰ ਇਸ ਦੇ ਬਾਵਜੂਦ ਵੀ ਅੰਗਰੇਜ ਦੀ ਇਹ ਕੋਸ਼ਸ਼ਿ ਜਾਰੀ ਰਹੀ ਕਿ ਸਿੱਖਾਂ ਨੂੰ ਜਥੇਬੰਧਕ ਤੌਰ ਤੇ ਇਕਠਾ ਨਾ ਹੋਣ ਦਿਤਾ ਜਾਵੇ। ਪਰ ਸਿੱਖਾਂ ਨੇ ਨਾਮਧਾਰੀ ਲਹਿਰ ਦੇ ਰੂਪ ਵਿਚ ਅੰਗਰੇਜਾਂ ਦੀ ਇਸ ਪਾਬੰਧੀ ਦੇ ਖਿਲਾਫ ਸਿਰ ਚੁਕਿਆ।
ਇਸ ਤੋਂ ਬਾਅਦ ਈਸਾਈਅਤ ਦੇ ਪ੍ਰਚਾਰ ਦੇ ਨਾਲ ਨਾਲ ਆਰੀਆ ਸਮਾਜੀਆਂ ਦੇ ਪਰਚਾਰ ਨੇ ਵੀ ਸਿੱਖ ਪੰਥ ਨੂੰ ਭਾਰੀ ਢਾਹ ਲਾਉਣੀ ਸ਼ੁਰੂ ਕਰ ਦਿਤੀ। ੧੮੮੧ ਈ: ਦੀ ਮਰਦਮ ਸ਼ੁਮਾਰੀ ਵਿਚ ਸਿੱਖਾਂ ਦੀ ਗਿਣਤੀ ਕੇਵਲ ੧੮ ਲਖ ੫੩ ਹਜਾਰ ੪੨੯ ਰਹਿ ਗਈ।
ਗਿਆਨੀ ਦਿਤ ਸਿੰਘ ਜੀ ਜਦ ਕਾਫੀ ਵਿਦਿਆ ਪ੍ਰਾਪਤ ਕਰ ਚੁੱਕੇ ਤਾਂ ਗੁਲਾਬਦਾਸੀ ਸੰਤਾਂ ਦੀ ਇਛਿਆ ਅਨੁਸਾਰ ਉਨ੍ਹਾਂ ਦੇ ਲਾਹੌਰ ਵਾਲੇ ਪ੍ਰਸਿਧ ਡੇਰੇ ਵਿੱਚ ਆ ਗਏ।ਚੱਠਿਆਂ ਵਾਲੇ ਦੇ ਸੰਤ ਦੇਸਾ ਸਿੰਘ ਜੀ ਦੀ ਸੰਗਤ ਨਾਲ ਆਪ ਹੁਣ ਸਾਧਾਂ ਵਾਲੇ ਫਕੀਰੀ ਲਿਬਾਸ ਦੇ ਧਾਰਨੀ ਹੋ ਗਏ ਤੇ ਸੱਭ ਤੋਂ ਪਹਿਲਾਂ ਆਪ ਨੇ ਗੁਲਾਬ ਦਾਸੀਆਂ ਦੇ ਪ੍ਰਚਾਰਕ ਦੇ ਤੌਰ ਹੀ ਲੋਕਾਂ ਦੀਆਂ ਮੀਟਿੰਗਾਂ ਵਿੱਚ ਆਪਣੇ ਲੈਕਚਰ ਦਿੱਤੇ।
ਇਸ ਸਮੇਂ ਪੰਜਾਬ ਵਿੱਚ ਅੰਗਰੇਜ਼ ਪੂਰੇ ਜ਼ੋਰ ਨਾਲ ਇਸਾਈ ਮਤ ਦਾ ਪ੍ਰਚਾਰ ਕਰ ਰਿਹਾ ਸੀ।ਇਸ ਪ੍ਰਚਾਰ ਦੇ ਵਿਰੋਧ ਵਿੱਚ ਆਰੀਆ ਸਮਾਜ ਦੀ ਲਹਿਰ ਹੋਂਦ ਵਿੱਚ ਆਈ।ਸਿੱਖਾਂ ਨੇ ਆਰੀਆ ਸਮਾਜੀਆਂ ਦੀ ਮਦੱਦ ਕੀਤੀ, ਕਿਉਂਕਿ ਆਰੀਆ ਸਮਾਜੀ ਵੀ ਮੂਰਤੀ ਪੂਜਾ ਨਹੀਂ ਕਰਦੇ ਤੇ ਸਿੱਖ ਵੀ ਮੂਰਤੀ ਪੂਜਕ ਨਹੀਂ ਹਨ।ਗਿਆਨੀ ਦਿੱਤ ਸਿੰਘ ਜੀ ਭਾਈ ਜਵਾਹਰ ਸਿੰਘ ਜੀ ਦੇ ਮਿਤਰ ਸਨ ਅਤੇ ਇਹਨਾਂ ਦੇ ਰਾਂਹੀਂ ਹੀ ਸੁਆਮੀ ਦਯਾ ਨੰਦ ਨਾਲ ਇਹਨਾਂ ਦਾ ਸੰਪਰਕ ਪੈਦਾ ਹੋਇਆ ।ਬਚਨ-ਬਿਲਾਸ ਕੀਤੇ ਹੋਏ ਤਾਂ ਸਵਾਮੀ ਦਯਾ ਨੰਦ ਜੀ ਜਾਣ ਗਏ ਕਿ ਇਹ ਸਾਡੇ ਵਿਰੁਧ ਹੋ ਗਏ ਹਨ।ਉਨ੍ਹਾਂ ਗਿਆਨੀ ਜੀ ਨੂੰ ਬਹੁਤ ਜ਼ੋਰ ਲਾਇਆ ਕਿ ਆਰੀਆ ਸਮਾਜ ਦੇ ਪ੍ਰਚਾਰ ਵਾਸਤੇ ਸਾਡਾ ਸਾਥ ਦੇਣ।ਗਿਆਨੀ ਜੀ ਜਿਨ੍ਹਾਂ ਗੁਲਾਬਦਾਸੀ ਸੰਤਾਂ ਦੇ ਸਭ ਤੋਂ ਪਹਿਲੇ ਪ੍ਰਚਾਰਕ ਬਣੇ ਸਨ, ਉਨ੍ਹਾਂ ਗੁਰਬਲਾਸੀਆਂ ਨੇ ਹੀ ਸੱਭ ਤੋਂ ਪਹਿਲਾਂ ਆਰੀਆ ਸਮਾਜ ਦਾ ਪ੍ਰਭਾਵ ਕਬੂਲ ਕਰਕੇ ਉਨ੍ਹਾਂ ਦੇ ਪੈਰੋਕਾਰ ਬਣਨਾ ਪ੍ਰਵਾਨ ਕਰ ਲਿਆ ਸੀ ।ਗਿਆਨੀ ਜੀ ਵੀ ਕੁਝ ਚਿਰ ਉਹਨਾਂ ਦੇ ਪ੍ਰੋਗਰਾਮ ਮੁਤਾਬਿਕ ਹੀ ਕੰਮ ਕਰਦੇ ਹਰੇ।
ਲਾਹੌਰ ਵਿੱਚ ਰਹਿੰਦਿਆਂ ਗਿਆਨੀ ਜੀ ਦੀ ਓਰੀਐਂਟਲ ਕਾਲਜ ਦੇ ਪ੍ਰੋ: ਗੁਰਮੁਖ ਸਿੰਘ ਜੀ ਨਾਲ ਇਕ ਵਾਰੀ ਭੇਂਟ ਹੋ ਗਈ।ਪ੍ਰੋਫੈਸਰ ਸਾਹਿਬ ਬੜੇ ਸੂਝਵਾਨ, ਦੂਰ ਦੀ ਸੋਚਣ ਵਾਲੇ ਗੁਰਸਿੱਖ ਸਨ।ਉਨ੍ਹਾਂ ਨੇ ਜ਼ੋਰ ਦਿੱਤਾ ਕਿ ਗਿਆਨੀ ਦਿਤ ਸਿੰਘ ਜੀ ‘ਗਿਆਨੀ’ ਦੀ ਸਿਖਿਆ ਪਾਸ ਕਰਨ ਤੇ ਫਿਰ ਇਥੇ ਉਨ੍ਹਾਂ ਕੋਲ ਲਾਹੌਰ ਵਿੱਚ ਹੀ ਰਹਿਣ।ਪ੍ਰੋ: ਗੁਰਮੁਖ ਸਿੰਘ ਜੀ ਦੀ ਸੰਗਤ ਦੀ ਬਦੌਲਤ ਗਿਆਨੀ ਜੀ ਨੇ ਸਿੱਖੀ ਦੇ ਪ੍ਰਭਾਵ ਨੂੰ ਕਬੂਲ ਲਿਆ।ਆਪ ਗੁਰਸਿੱਖੀ ਜੀਵਨ ਦੇ ਸਾਂਚੇ ਵਿੱਚ ਹੌਲੀ ਹੌਲੀ ਢਲ ਗਏ।ਗੁਰਮਤਿ ਫਲਾਸਫੀ ਦੇ ਮਹਾਨ ਸਿਧਾਂਤ ਨੇ ਇਹਨਾਂ ਦੀ ਕਾਇਆ ਕਲਪ ਕਰ ਦਿੱਤੀ।ਇਕ ਸਾਲ ਵਿੱਚ ਗਿਆਨੀ ਪਾਸ ਕਰ ਲਈ।ਓਦੋਂ ਗਿਆਨੀ ਦੀ ਭੜ੍ਹਾਈ ਵਿੱਚ ਅੱਜ ਵਾਂਗ ਨਿਰੀਆਂ ਕਿੱਸੇ ਕਹਾਣੀਆਂ ਹੀ ਨਹੀਂ ਸਨ, ਬਲਕਿ ਗੂੜ੍ਹ-ਗਿਆਨ ਦਾ ਮਸਾਲਾ ਪੜ੍ਹਨਾ ਪੈਂਦਾ ਸੀ।ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੂੜ੍ਹ ਭਾਵਾਂ ਨੂੰ ਸਮਝਣ ਤੇ ਆਮ ਅਰਥਾਂ ਤੋਂ ਜਾਂਣੂ ਹੋਣ ਦੀ ਲੋੜ ਪੈਂਦੀ ਸੀ।ਇਸ ਲਈ ਉਥੇ ਗੁਰਮਤਿ ਫਲਾਸਫੀ ਦੇ ਲੈਕਚਰਾਂ ਦਾ ਖਾਸ ਪ੍ਰਬੰਧ ਸੀ।ਗਿਆਨੀ ਦੀ ਪ੍ਰੀਖਿਆ ਚੰਗੇ ਨੰਬਰਾਂ ਵਿੱਚ ਪਾਸ ਕਰਨ ਉਪ੍ਰੰਤ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਜੋਰ ਦੇਣ ਤੇ ਆਪ ਉਥੇ ਕਾਲਜ ਵਿੱਚ ਹੀ ਮਨੁਖਤਾ ਦੇ ਗੁਣਾ ਉਤੇ ਲੈਕਚਰ ਦੇਣ ਲਗ ਪਏ ਅਤੇ ਉਦੋਂ ਤੋਂ ਆਪ ਦੀ ਬੋਲਣ ਸ਼ਕਤੀ ਵਿੱਚ ਵਾਧਾ ਹੋਣ ਲਗਾ।ਫਿਰ ਆਪ ਨੂੰ ਕਿਸੇ ਕਾਲਜ ਵਿੱਚ ਹੀ ਪੱਕੇ ਤੌਰ ਤੇ ਧਾਰਮਕ ਪ੍ਰੋਫੈਸਰ ਦੀ ਡੀਊਟੀ ਸੌਂਪ ਦਿੱਤੀ ਗਈ।ਜਿਸ ਨੂੰ ਆਪ ਨੇ ਇੰਨੀ ਯੋਗਤਾ ਨਾਲ ਨਿਭਾਇਆ ਕਿ ਦੋ ਕੁ ਸਾਲਾਂ ਵਿੱਚ ਹੀ ਆਪ ਦੇ ਹੁਨਰ ਦੀਆ ਧੁੰਮਾਂ ਪੈ ਗਈਆਂ ।ਇਕ ਵਿਦਵਤਾ, ਦੂਜੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੀ ਸੰਗਤ ਨੇ ਆਪ ਦੀ ਪ੍ਰਸਿੱਧਤਾ ਨੂੰ ਚਾਰ ਚੰਨ ਲਾ ਦਿਤੇ।ਦੂਜੇ ਪਾਸੇ ਆਰੀਆ ਸਮਾਜੀਆ ਦੀ ਲਹਿਰ ਨੂੰ ਸੁਧਾਰਕ ਤੇ ਈਸਾਈਅਤ ਦੇ ਉਲਟ ਸਮਝ ਕੇ ਸਿੱਖ, ਅਜੇ ਸੁਆਮੀ ਦਯਾ ਨੰਦ ਦੇ ਵਿਰੋਧੀ ਨਹੀਂ ਸਨ ਬਣੇ ਤੇ ਹਰ ਥਾਂ ਉਨ੍ਹਾਂ ਦਾ ਸਵਾਗਤ ਹੀ ਕੀਤਾ ਜਾ ਰਿਹਾ ਸੀ, ਪਰ ਸਿਆਣੇ ਤੇ ਦੂਰਅੰਦੇਸ਼ੀ ਸਿੱਖਾਂ ਨੇ ਸੁਆਮੀ ਦਯਾ ਨੰਦ ਦੇ ਪਰਚਾਰ ਨੂੰ ਸਿੱਖਾਂ ਲਈ ਮਾਰੂ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ; ਕਿਉਂਕਿ ਇਕ ਤਾਂ ਇਨ੍ਹਾਂ ਦੀ ਫਿਲਾਸਫੀ ਇਕ ਅਕਾਲ ਪੁਰਖ ਦੀ ਬਜਾਏ ਕੇਵਲ ਕੁਦਰਤ ਤਕ ਹੀ ਸੀਮਿਤ ਸੀ, ਤੇ ਦੂਜਾ ਮੁੰਡਨ ਆਦਿ ਦੇ ਇਹ ਪੱਕੇ ਹਾਮੀ ਸਨ।ਸਿੱਖਾਂ ਦੀ ਹਮਾਇਤ ਨੇ ਦਯਾ ਨੰਦ ਦਾ ਕਾਫੀ ਹੌਸਲਾ ਵਧਾਇਆ ਤੇ ਉਸ ਨੂੰ ਹੰਕਾਰ ਦੀ ਟੀਸੀ ਤੇ ਜਾ ਪਹੁੰਚਾਇਆ।ਉਹ ( ਦਯਾ ਨੰਦ ) ਆਪਣੇ ਆਪ ਨੂੰ ਰੱਬ ਹੀ ਸਮਝਣ ਲੱਗ ਪਇਆ ਤੇ ਹਰੇਕ ਨਾਲ ਬਹਿਸਾਂ ਕਰਨ ਲਗ ਪਿਆ। ਜੋ ਜੀਅ ਆਇਆ ਲਿਖੀ ਗਿਆ ਇਥੋਂ ਤਕ ਕਿ ਉਸ ਨੇ ਗੁਰੂ ਸਾਹਿਬਾਨ ਦੇ ਵਿਰੁਧ ਵੀ ਕਬੋਲ ਬੋਲੇ ਤੇ ਆਪਣੇ ਗਰੰਥ ‘ਸਤਿਆਰਥ ਪ੍ਰਕਾਸ਼’ ਵਿੱਚ ਗੁਰੂ ਸਾਹਿਬਾਨ ਦੇ ਵਿਰੁਧ ਬਹੁਤ ਗੱਲਤ ਗੱਲਾਂ ਲਿਖੀਆਂ।
ਉਸ ਸਮੇਂ ਹੀ ਨਾਮਧਾਰੀ ਲਹਿਰ ਦੀ ਸਿੱਖਾਂ ਅੰਦਰ ਇਕ ਹੋਰ ਬੀਮਾਰੀ ਵੀ ਫੈਲਦੀ ਜਾ ਰਹੀ ਸੀ।ਗੁਰੂ ਡੰਮ ਦਾ ਵੀ ਚੰਗਾ ਬੋਲ ਬਾਲਾ ਸੀ।ਇਕ ਪਾਸੇ ਨਾਮਧਾਰੀ ਦੂਜੇ ਪਾਸੇ ਨਿੰਰਕਾਰੀ ਤੀਜੇ ਪਾਸੇ ਗੁਰੂ ਅੰਸ਼ਾਂ ਦੇ ਕੁਝ ਸਾਹਿਬਜ਼ਾਦੇ; ਬਾਬਾ ਖੇਮ ਸਿੰਘ ਜੀ ਬੇਦੀ ਆਦਿ ਜੋ ਗੁਰੂ ਅੰਸ਼ ਵਿੱਚੋਂ ਸਨ, ਉਹ ਹਰ ਵੇਲੇ ਇਹੀ ਪ੍ਰਚਾਰ ਕਰਦੇ ਸਨ।
੧੮੭੩ ਈ: ਦੇ ਅੰਤ ਵਿਚ ਇਸਾਈਅਤ ਦੇ ਹੜ੍ਹ ਅੰਦਰ ਮਿਸ਼ਨ ਸਕੂਲ ਅੰਮ੍ਰਿਤਸਰ ਦੇ ਚਾਰ ਲੜਕੇ ਇਸਾਈ ਬਣਨ ਲਗੇ ਸਨ ਕਿ ਸਿੱਖ ਸੰਗਤ ਨੂੰ ਪਤਾ ਲਗ ਗਿਆ।ਇਸ ਗੱਲ ਨੇ ਸਿੱਖਾਂ ਨੂੰ ਟੁੰਬ ਦਿਤਾ।ਸੋ ਸਿੱਖ ਮੁਖੀਆਂ ਵੱਲੋਂ ਇਸ ਬੀਮਾਰੀ ਦੀ ਰੋਕ ਥਾਮ ਲਈ ੧੮੭੪ ਈ: ਵਿੱਚ ਹੀ, ਅੰਮ੍ਰਿਤਸਰ ਵਿੱਚ, ਸ੍ਰੀ ਗੁਰੂ ਸਿੰਘ ਸਭਾ ਕਾਇਮ ਕਰ ਲਈ।
ਜਿਵੇਂ ਇਸ ਸਮੇਂ ਆਰ: ਐਸ: ਐਸ: ਤੇ ਹੋਰ ਹਿੰਦੂ ਕਟੜ ਪਾਰਟੀਆਂ ਸਿੱਖਾਂ ਨੂੰ ਹਿੰਦੂ ਹੀ ਸਮਝਦੇ ਹਨ; ਉਵੇਂ ਹੀ ਧਰਮ ਪ੍ਰਚਾਰ ਦੀ ਅਣਹੋਂਦ ਕਾਰਨ, ਆਮ ਸਿੱਖ ਨੂੰ ਹਿੰਦੂਆਂ ਦਾ ਹਿਸਾ ਸਮਝ ਰਹੇ ਸਨ। ਸੋ, ਸੁਆਮੀ ਦੇ ਪ੍ਰਚਾਰ ਕਾਰਨ ਸਿੱਖ ਧੜਾਧੜ ਪਤਿਤ ਹੋਣ ਲਗੇ।ਇਸ ਧਾਰਮਿਕ ਹਮਲੇ ਨੂੰ ਰੋਕਣ ਲਈ ਕੌਮ ਦਰਦੀ ਮੈਦਾਨ ਵਿਚ ਉਤਰ ਆਏ।ਕਈ ਗੁਰਸਿੱਖਾਂ ਦੀ ਮਿਹਨਤ ਤੇ ਦ੍ਰਿੜਤਾ ਸਦਕਾ ਉਸ ਸਮੇਂ ਸਿੰਘ ਸਭਾ ਦੀ ਮਹਾਨ ਲਹਿਰ ਵਜੂਦ ਵਿਚ ਆਈ।ਗਿਆਨੀ ਦਿਤ ਸਿੰਘ ਜੀ ਨੇ ਉਸ ਸਮੇਂ ਆਰੀਆ ਸਮਾਜੀ ਸੁਆਮੀ ਨਾਲ ਟੱਕਰ ਲਈ ਤੇ ਗੁਰਮੱਤ ਦੇ ਅਟੱਲ ਅਸੂਲਾਂ ਨਾਲ ਉਸ ਨੂੰ ਤਕੜੀ ਹਾਰ ਦਿਤੀ।ਗਿਆਨੀ ਜੀ ਨੇ ਤਿੰਨ ਵਾਰ ਸੁਆਮੀ ਨਾਲ ਬਹਿਸ ਕੀਤੀ ਤੇ ਤਿੰਨੇ ਵਾਰ ਉਸ ਨੂੰ ਹਾਰ ਦਿਤੀ।
੧੮੭੪ ਈ: ਵਿਚ ਅੰਮ੍ਰਿਤਸਰ ਸਭ ਤੋਂ ਪਹਿਲੇ ਸਿੰਘ ਸਭਾ ਬਣੀ; ਪਰ ਕਈਆਂ ਕਾਰਨਾ ਕਰਕੇ ਢਿੱਲੀ ਪੈ ਗਈ ਸੀ।੧੮੭੮ ਈ: ਵਿਚ ਲਾਹੌਰ ਵੀ ਸਿੰਘ ਸਭਾ ਕਾਇਮ ਹੋ ਗਈ ਤੇ ਇਸ ਦੇ ਮੋਢੀ ਪ੍ਰ: ਗੁਰਮੁਖ ਸਿੰਘ ਤੇ ਗਿਆਨੀ ਦਿਤ ਸਿੰਘ ਜੀ ਸਨ।੧੮੮੦ ਈ: ਵਿਚ ਸੱਭ ਤੋਂ ਪਹਿਲੇ ਗੁਰਮੁਖੀ ਦਾ ਅਖਬਾਰ ਲਾਹੌਰ ਸਿੰਘ ਸਭਾ ਦੇ ਪ੍ਰਬੰਧ ਹੇਠ ਨਿਕਲਿਆ, ਜਿਸ ਵਿੱਚ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿਤ ਸਿੰਘ ਜੀ ਦੇ ਮਜ਼ਮੂਨ ਨਿਕਲਨੇ ਸ਼ੁਰੂ ਹੋਏ, ਜਿਨ੍ਹਾਂ ਨੇ ਇਹਨਾਂ ਖਿਆਲਾਂ ਨੂੰ ਅਪਨਾਇਆ ਤੇ ਹਰ ਸ਼ਹਿਰ ਤੇ ਕਸਬੇ ਵਿੱਚ ਸਿੰਘ ਸਭਾਵਾਂ ਬਣਨੀਆਂ ਸ਼ੁਰੂ ਹੋ ਗਈਆਂ । ਜੋ ਸੱਭ ਲਾਹੌਰ ਸਿੰਘ ਸਭਾ ਨਾਲ ਸੰਬੰਧਤ ਹੁੰਦੀਆਂ ਸਨ।
ਸਿੰਘ ਸਭਾ ਲਹਿਰ ਦਾ ਮੁਖ ਪ੍ਰਯੋਜਨ ਸਿੱਖ ਧਰਮ ਦਾ ਪ੍ਰਚਾਰ ਹੀ ਸੀ, ਪਰ ਇਸ ਦੇ ਨਾਲ ਸਮੇਂ ਦੇ ਵਾਤਾਵਰਨ ਦਾ ਅਸਰ ਤਾਂ ਉਸ ਤੇ ਪੈਣਾ ਹੀ ਸੀ।ਕਈ ਥਾਂਈਂ ਪੁਜਾਰੀਆਂ ਦੀਆਂ ਵਧੀਕੀਆਂ ਤੇ ਕਮਜ਼ੋਰੀਆਂ ਵਿਰੁਧ ਵੀ ਅਵਾਜ਼ ਉਠੀ, ਜਿਸ ਤੋਂ ਪੁਜਾਰੀਆਂ ਨੇ ਗੁਰਦੁਆਰਿਆਂ ਵਿੱਚ ਸਿੰਘ ਸਭਾ ਦੇ ਦਿਵਾਨ ਕਰਨ ਜਾਂ ਉਹਨਾਂ ਦੇ ਆਉਣ ਜਾਣ ਉਤੇ ਕੁਝ ਬੰਦਸ਼ਾਂ ਲਾ ਦਿਤੀਆਂ; ਪਰ ਸਿੰਘ ਸਭਾ ਲਹਿਰ ਦੇ ਪੂਰੇ ਜੋਬਨ ਤੇ ਹੋਣ ਕਾਰਨ ਪੁਜਾਰੀ ਵੀ ਸਹਿਮੇ ਹੋਏ ਸਨ ਤੇ ਬਾਬਾ ਖੇਮ ਸਿੰਘ ਜੀ ਨੂੰ ਵੀ ਹਾਨੀ ਹੋ ਰਹੀ ਸੀ।ਇਸ ਸਮੇਂ ਅੰਮ੍ਰਿਤਸਰ ਸਿੰਘ ਸਭਾ ਤੇ ਲਾਹੌਰ ਸਿੰਘ ਸਭਾ ਦਾ ਝਗੜਾ ਖੜ੍ਹਾ ਕੀਤਾ ਗਿਆ।ਕੁਝ ਲੋਕਾਂ ਨੇ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿਤ ਸਿੰਘ ਜੀ ਨੂੰ ਅਖੌਤੀ ਨੀਵੀ ਜਾਤ ਦੇ ਹੋਣ ਦਾ ਵਿਤਕਰਾ ਪਾਇਆ ਗਿਆ।ਇਧਰੋਂ ਇਹਨਾਂ ਵੱਲੋਂ ਵੀ ਬਾਬਾ ਖੇਮ ਸਿੰਘ ਜੀ ਦੇ ਵਿਰੁਧ ਅਖਬਾਰ ਵਿਚ ਗੁਰੂ ਡੰਮ ਦੀ ਨਿਖੇਦੀ ਕੀਤੀ ਗਈ।

ਗਿਆਨੀ ਦਿੱਤ ਸਿੰਘ ਜੀ ਹੁਰਾਂ ਆਰੀਆ ਸਮਾਜ ਤੇ ਗੁਰੂ ਡੰਮ੍ਹ ਵਿਰੁਧ ਜ਼ੋਰਦਾਰ ਮਹਿੰਮ ਸ਼ੁਰੂ ਕਰ ਦਿਤੀ।ਅਛੂਤ ਉਧਾਰ ਤੇ ਅਨੰਦ ਵਿਵਾਹ ਦੇ ਪ੍ਰਚਾਰ ਦਾ ਪ੍ਰੋਗਰਾਮ ਬਣਾਇਆ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਣ ਲਗਾ।ਇਸ ਸਮੇਂ ਲਾਹੌਰ ਵਿੱਚ ਪੰਜਾਬੀ ਪ੍ਰੈਸ ਵੀ ਖੋਲ ਦਿਤਾ ਗਿਆ।ਇਸ ਖਾਲਸਾ ਅਖਬਾਰ ਦੇ ਐਡੀਟਰ ਗਿਆਨੀ ਦਿਤ ਸਿੰਘ ਜੀ ਨਿਯੁਕਤ ਹੋਏ।ਗੁਰੂ ਡੰਮ੍ਹ ਦੇ ਵਿਰੁਧ ‘ਖਾਲਸਾ ਅਖਬਾਰ’ ਦਾ ਪ੍ਰਚਾਰ ਬਾਬਾ ਖੇਮ ਸਿੰਘ ਜੀ ਹੁਰਾਂ ਨੂੰ ਸਤਾ ਰਿਹਾ ਸੀ।ਕੁਝ ਸਮਾਂ ਤਾਂ ਸਿੰਘ ਸਭਾ ਲਹਿਰ ਦੇ ਵਿਰੋਧੀਆਂ ਦੀ ਕੁਝ ਪੇਸ਼ ਨਾ ਗਈ।ਜਦੋਂ ਫਰੀਦਕੋਟੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਵਾਉਣ ਪ੍ਰੋਗਰਾਮ ਬਣਾਇਆ ਤਾਂ ਉਸ ਵੇਲੇ ਕੌਮ ਦੇ ਕਾਫੀ ਵਿਦਵਾਨ ਇਕੱਠੇ ਹੋਏ।ਉਥੇ ਬਹੁਤੇ ਗਿਆਨੀ ਸਨਾਤਨੀ ਖਿਆਲਾਂ ਦੇ ਸਨ। ਪ੍ਰੋ: ਗੁਰਮੁਖ ਸਿੰਘ ਜੀ ਨੇ ਕਿਹਾ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਮਖੋਲ ਨਾ ਸਮਝੋ ਕਿ ਜੋ ਕੁਝ ਕੋਈ ਚਾਹੇ ਅਰਥ ਕਰ ਦੇਵੇ। ਪ੍ਰੋ: ਜੀ ਨੇ ਸਾਫ ਤੌਰ ਤੇ ਕਹਿ ਦਿਤਾ ਕਿ ਸਨਾਤਨੀ ਖਿਆਲਾਂ ਦੇ ਗਿਆਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਠੀਕ ਅਰਥ ਨਹੀਂ ਕਰ ਸਕਦੇ।ਖੇਮ ਸਿੰਘ ਜੀ ਸਨਾਤਨੀ ਵਿਚਾਰਾਂ ਦੇ ਕਾਫੀ ਹਾਮੀ ਸਨ ਇਸ ਲਈ ਉਹਨਾਂ ਬੁਰਾ ਮਨਾਇਆ।੧੮੮੬ ਈ: ਵਿਚ ਕੰਵਲ ਬਿਕ੍ਰਮ ਸਿੰਘ ਜੀ ਦੀ ਮੌਤ ਮਗਰੋਂ ਬੇਦੀ ਸਾਹਿਬ ਨੇ ਮੀਟਿੰਗ ਬੁਲਾਈ ਜਿਸ ਵਿੱਚ ਸਿਰਫ ਉਹਨਾਂ ਦੇ ਹੀ ਹਮਾਇਤੀ ਸਨ।ਮੋਕਾ ਵੇਖ ਕੇ ਉਹਨਾਂ ਫੈਸਲਾ ਕਰ ਦਿਤਾ ਕਿ ਪ੍ਰੋ: ਗੁਰਮੁਖ ਸਿੰਘ ਜੀ ਨੂੰ ਪੰਥ ਵਿਚੋਂ ਛੇਕ ਦਿਤਾ ਜਾਵੇ।ਸੋ, ੧੭ ਮਾਰਚ ੧੮੮੭ ਨੂੰ ਸ੍ਰੀ ਅਕਾਲ ਤਖਤ ਦੇ ਹੈਡ ਪੁਜਾਰੀ, ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ਬਾਬਾ ਅਟਲ, ਝੰਡਾ ਬੁੰਗਾ ਤੇ ਸ਼ਹੀਦ ਗੰਜ ਦੇ ਪੁਜਾਰੀਆਂ ਦੇ ਦਸਖਤਾਂ ਹੇਠ ਹੁਕਮਨਾਮਾ ਜਾਰੀ ਕੀਤਾ ਗਿਆ ਕਿ ਪ੍ਰੋ: ਗੁਰਮੁਖ ਸਿੰਘ ਸਿੱਖੀ ਤੋਂ ਛੇਕੇ ਜਾਂਦੇ ਹਨ; ਕਿਉਂਕਿ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਟੀਕੇ ਜਿਹੇ ਮਹਾਨ ਕੰਮ ਵਿਚ ਵਿਘਨ ਪਾਉਣ ਦੀ ਕੋਸ਼ਸ਼ਿ ਕੀਤੀ ਹੈ।

ਇਸ ਸਰਾਸਰ ਨਜ਼ਾਇਜ਼ ਵਧੀਕੀ ਤੇ ਚਲਾਕੀ ਨੇ ਗਿਆਨੀ ਜੀ ਦੇ ਮਨ ਵਿਚ ਇਨ੍ਹਾ ਜੋਸ਼ ਭਰ ਦਿਤਾ ਕਿ ਉਨ੍ਹਾਂ ਨੇ ਨੋਟਸਾਂ ਤੇ ਅਖਬਾਰਾਂ ਰਾਂਹੀਂ ਉਸ ਹੁਕਮਨਾਮੇ ਦੀ ਪੁਰਜ਼ੋਰ ਮੁਖਾਲਫਤ ਕਰਕੇ ਉਸ ਦੀਆਂ ਧਜੀਆਂ ਉਡਾ ਦਿਤੀਆਂ।ਗਿਆਨੀ ਜੀ ਨੇ ਇਕ ”ਸੁਪਠੱ ਨਾਟਕ” ਦੇ ਨਾਮ ਥਲੇ ਡਰਾਮਾ ਲਿਖਿਆ । ਉਸ ਵਿਚ ਹਾਸ ਰਸ ਨਾਲ ਇਨ੍ਹਾਂ ਪੁਜਾਰੀਆਂ ਤੇ ਗੁਰੂ ਡੰਮੀਆਂ ਦੇ ਕਾਰਨਾਮਿਆਂ ਦੀ ਹੂ-ਬ-ਹੂ ਤਸਵੀਰ ਖਿੱਚ ਕੇ ਰੱਖ ਦਿਤੀ ਕਿ ਕਿਵੇਂ ਇਹ ਲੋਕ ਆਪਣੇ ਆਪ ਦੀ ਪੂਜਾ ਲੋਕਾਂ ਕੋਲੋ ਕਰਵਾਉਂਦੇ ਹਨ ਅਤੇ ਕਿਵੇਂ ਸਿੱਖ ਧਰਮ ਨੂੰ ਨੁਕਸਾਨ ਪੁਚਾ ਰਹੇ ਹਨ।

ਬਾਬਾ ਸੁਮੇਲ ਸਿੰਘ ਮਹੰਤ ਪਟਨਾ ਸਾਹਿਬ ਤੇ ਬਾਬਾ ਖੇਮ ਸਿੰਘ ਜੀ ਤਾਂ ਇਸ ਨਾਟਕ ਨੂੰ ਪੜ੍ਹਦੇ ਸੜਬਲ ਉਠੇ। ਸੋ, ਉਦੇ ਸਿੰਘ ਬੇਦੀ ਜੀ ਨੂੰ ਅੱਗੇ ਲਾਇਆ ਗਿਆ ਅਤੇ ਗਿਆਨੀ ਜੀ ਵਿਰੁਧ ਮੁਕਦਮਾ ਚਲਵਾਕੇ ਪ੍ਰੈਸ ਤੇ ਅਖਬਾਰ ਦੋਨੋਂ ਬੰਦ ਕਰਵਾ ਦਿਤੇ।ਅਖ਼ਬਾਰ ਤੇ ਪ੍ਰੈਸ ਬੰਦ ਹੋਣ ਨਾਲ ‘ਸਿੰਘ ਸਭਾ ਲਹਿਰ’ ਨੂੰ ਭਾਰੀ ਨੁਕਸਾਨ ਹੋਇਆ।ਮੁਕੱਦਮੇ ਤੋਂ ਵਿਹਲੇ ਹੁੰਦਿਆਂ ਹੀ ਗਿਆਨੀ ਜੀ ਨੇ ਫਿਰ ਆਪਣੀਆ ਕੋਸ਼ਸ਼ਿਾਂ ਜਾਰੀ ਕਰ ਦਿਤੀਆਂ।ਪ੍ਰੋ: ਗੁਰਮੁਖ ਸਿੰਘ ਜੀ ਨੇ ਇਸ ਕੰਮ ਵਿੱਚ ਹਿੱਸਾ ਪਾਇਆ।ਸੰਨ ੧੮੯੦ ਵਿੱਚ ਪ੍ਰੈਸ ਤੇ ਅਖ਼ਬਾਰ ਫਿਰ ਚਾਲੂ ਹੋ ਗਏ।

ਇਸ ਤੋਂ ਇਲਾਵਾ ਗੁਰਬਾਣੀ ਤੇ ਗੁਰੁ ਭਾਵਾਂ ਦੇ ਅਰਥਾਂ ਤੇ ਗੁਰਮਿਤ ਫਿਲਾਸਫ਼ੀ ਬਾਰੇ ਗਿਆਨੀ ਜੀ ਨੇ ਲੇਖ ਲਿਖਣੇ ਸ਼ੁਰੂ ਕਰ ਦਿੱਤੇ।ਪੂਰੇ ਜੋਰ ਨਾਲ ਇਹ ਪ੍ਰਚਾਰ ਕੀਤਾ ਗਿਆ ਕਿ ‘ਧੁਰ ਕੀ ਬਾਣੀ’ ਦੇ ਹੁੰਦਿਆਂ ਹੋਰ ਕਿਸੇ ਦੇਹਧਾਰੀ ਗੁਰੂ ਦੀ ਲੋੜ ਨਹੀਂ।

ਉਹਨਾਂ ਦਿਨਾਂ ਵਿਚ ਦਰਬਾਰ ਸਾਹਿਬ ਦੀ ਪ੍ਰਕਰਮਾਂ ਤੇ ਦਰਸ਼ਨੀ ਡਿਉਢੀ ਤੇ ਹੋਰ ਕਈ ਥਾਂਈਂ ਮੂਰਤੀਆਂ ਪਈਆਂ ਹੁੰਦੀਆਂ ਸਨ। ਗਿਆਨੀ ਜੀ ਨੇ ਇਸ ਮਨਮਤ ਦਾ ਖੰਡਨ ਕੀਤਾ ਤੇ ਬੁਤ ਪੂਜਾ ਤੋਂ ਸਿੱਖਾਂ ਨੂੰ ਰੋਕਿਆ।ਇਨ੍ਹਾਂ ਦੇ ਇਸ ਪ੍ਰਚਾਰ ਨਾਲ ਦਰਸ਼ਨੀ ਡਿਉਢੀ ਵਿੱਚੋਂ ਪੁਜਾਰਿਆਂ ਨੇ ਬੁਤ ਚੁੱਕ ਲਏ; ਪਰ ਪ੍ਰਕਰਮਾਂ ਵਿੱਚੋਂ ਅਕਾਲੀ ਲਹਿਰ ਸਮੇਂ ਹੀ ਚੁੱਕੇ ਗਏ।ਉਸ ਸਮੇਂ ਸ੍ਰੀ ਅਕਾਲ ਤਖਤ ਤੇ ਦਰਬਾਰ ਸਾਹਿਬ ਪੁਜਾਰੀਆਂ ਦਾ ਕਬਜਾ ਸੀ, ਇਸ ਲਈ ਉਥੇ ਭਾਰੀ ਛੂਤ-ਛਾਤ ਦਾ ਖਿਆਲ ਰਖਿਆ ਜਾਂਦਾ ਸੀ।

ਉਸ ਸਮੇਂ ਵੀ ਕਈ ਦੰਭੀ ਤੇ ਪਖੰਡੀ ਲੋਕ ਗੁਰਮਤਿ ਨੂੰ ਗਲਤ ਮਲਤ ਕਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੇ ਅਨਰਥ ਕਰ ਰਹੇ ਸਨ, ਜਿਸ ਨਾਲ ਮਨਮਤ ਦਾ ਪ੍ਰਚਾਰ ਹੋ ਰਿਹਾ ਸੀ ਤੇ ਬਾਣੀ ਦੇ ਅਸਲੀ ਭਾਵ ਨਹੀਂ ਦੱਸੇ ਜਾਂਦੇ ਸਨ।ਗਿਆਨੀ ਜੀ ਨੇ ਗੁਰਬਾਣੀ ਦੇ ਗੂੜ੍ਹ ਅਰਥਾਂ ਦੀ ਵਿਆਖਿਆ ਲੇਖਾਂ ਤੇ ਲੈਕਚਰਾਂ ਰਾਂਹੀਂ ਕਰਨੀ ਸ਼ੁਰੂ ਕੀਤੀ ਸੀ।

੧੮੯੦ ਈ: ਵਿੱਚ ਖਾਲਸਾ ਕਾਲਜ ਬਣਾਉਣ ਦੀ ਗੱਲ ਚਲੀ; ਪਰ ਝਗੜਾ ਖੜ੍ਹਾ ਹੋ ਗਿਆ ਕਿ ਕਾਲਜ ਲਾਹੌਰ ਬਣੇ ਜਾਂ ਅੰਮ੍ਰਿਤਸਰ ।ਇਸ ਸਮੇਂ ਸ੍ਰ: ਦਿਆਲ ਸਿੰਘ ਮਜੀਠਾ ਜੋ ਉਘੇ ਸਰਦਾਰਾਂ ਵਿੱਚੋਂ ਸਨ ਤੇ ਔਲਾਦ ਨਾ ਹੋਣ ਕਰਕੇ ਲੱਖਾਂ ਰੁਪਏ ਇਸ ਕਾਰਜ ਲਈ ਦੇਣ ਦੇ ਇਛੱਕ ਸਨ, ਕਾਲਜ ਦਾ ਨਾਂਅ ‘ਦਿਆਲ ਸਿੰਘ ਕਾਲਜ’ ਰੱਖਣ ਤੇ ਹੀ ਸਹਾਇਤਾ ਕਰਨ ਲਈ ਤਿਆਰ ਸਨ; ਪਰ ਗਿਆਨੀ ਜੀ ਤੇ ਪ੍ਰੋ: ਗੁਰਮੁਖ ਸਿੰਘ ਜੀ ਅੜ੍ਹ ਗਏ ਕਿ ਕਾਲਜ ਦਾ ਨਾਮ ‘ਖਾਲਸਾ ਕਾਲਜ’ ਹੀ ਹੋਣਾ ਚਾਹੀਦਾ ਹੈ।ਇਸ ਜਿਦ ਦਾ ਫਾਇਦਾ ਆਰੀਆ ਸਮਾਜੀ ਉਠਾ ਗਏ ਤੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਬਣਾ ਲਿਆ।

ਛੇਤੀ ਹੀ ਗਿਆਨੀ ਜੀ ਤੇ ਪ੍ਰੋ: ਗੁਰਮੁਖ ਸਿੰਘ ਜੀ ਨੇ ਅੰਮ੍ਰਿਤਸਰ ਖਾਲਸਾ ਕਾਲਜ ਖੋਲਣ ਦਾ ਪ੍ਰਬੰਧ ਕਰ ਲਿਆ।ਜੋ ੫ ਮਾਰਚ,੧੮੯੨ ਈ: ਨੂੰ ਪੰਜਾਬ ਦੇ ਲੈਫਟੀਨੈਂਟ ਗਵਰਨਰ ਨੇ ‘ਖਾਲਸਾ ਕਾਲਜ’ ਦਾ ਨੀਂਹ ਪੱਥਰ ਰਖ ਦਿੱਤਾ ।੨੨ ਅਕਤੂਬਰ ੧੮੯੩ ਈ: ਨੂੰ ਹਾਈ ਸਕੂਲ ਦੀ ਸ਼ਕਲ ਵਿੱਚ ਕਾਲਜ ਦੀ ਆਰੰਭਕ ਰਸਮ ਅਦਾ ਕੀਤੀ ਗਈ।

੧੯੧੯-੧੯੨੫ ਈ: ਵਿੱਚ ਅਕਾਲੀ ਲਹਿਰ ਦੇ ਸਮੇਂ ਸਿੱਖ ਫ਼ੌਜੀਆਂ ਨੇ ਜੋ ਹਿਸਾ ਪਾਇਆ ਸੀ, ਉਹ ਗਿਆਨੀ ਜੀ ਦੀ ਸਿੱਖੀ ਦੀ ਗੁੜ੍ਹਤੀ ਦਾ ਹੀ ਫਲ ਸੀ।

ਗੁਰਸਿੱਖੀ ਲਈ ਪਿਆਰ ਤੇ ਸ਼ਰਧਾ, ਗੁਰਬਾਣੀ ਦਾ ਸਤਿਕਾਰ ਤੇ ਨਿੱਤ ਦੇ ਜੀਵਨ ਵਿੱਚ ਗੁਰਬਾਣੀ ਹੀ ਸਿੱਖ ਦਾ ਜੀਵਨ ਆਸਰਾ ਹੈ, ਇਨ੍ਹਾਂ ਵਿਸ਼ਅਿਾਂ ਨੂੰ ਪ੍ਰਗਟਾਉਣ ਲਈ ਗਿਆਨੀ ਜੀ ਨੇ ਅਨੇਕਾਂ ਲੈਕਚਰ ਕੀਤੇ, ਮਜ਼ਬੂਨ ਲਿੱਖੇ।ਉਨ੍ਹਾਂ ਦਾ ਬਹੁਤਾ ਸਮਾਂ ਸਿੱਖੀ ਪ੍ਰਚਾਰ ਵੱਲ ਹੀ ਲੱਗਾ ਰਿਹਾ।

ਗਿਆਨੀ ਜੀ ਦੇ ਪ੍ਰਚਾਰ ਦੇ ਢੰਗ ਸਦਕਾ ਕਾਫੀ ਹਿੰਦੂ ਪ੍ਰਵਾਰ ਵੀ ਸਿੱਖੀ ਵਿੱਚ ਦਾਖਲ ਹੋਏ ਸਨ। ੧੮੯੬ ਈ: ਵਿੱਚ ਸਿੰਘ ਸਭਾ ਦੇ ਮੋਢੀ ਪ੍ਰੋ: ਗੁਰਮੁਖ ਸਿੰਘ ਜੀ ਗੁਰਪੁਰੀ ਪਧਾਰ ਗਏ। ਉਧਰ ਗਿਆਨੀ ਜੀ ਦੇ ਘਰ ਦੇ ਹਾਲਾਤ ਕਾਫੀ ਖਰਾਬ ਹੋ ਗਏ।ਇਨ੍ਹਾਂ ਦੀ ਸਪੁਤਰੀ ਕਾਫੀ ਲੰਮੀ ਬੀਮਾਰੀ ਕਾਰਨ ਅਕਾਲ ਚਲਾਣਾ ਕਰ ਗਈ, ਜਿਸ ਦੀ ਬੀਮਾਰੀ ਤੇ ਕਾਫੀ ਖਰਚ ਕੀਤਾ ਗਿਆ ਸੀ।ਇਸ ਕਰਕੇ ਘਰ ਦੀ ਹਾਲਤ ਅਤਿ ਨਾਜ਼ਕ ਹੋ ਗਈ ਤੇ ੧੯੦੧ ਈ: ਵਿੱਚ ਅਖਬਾਰ ਵੀ ਬੰਦ ਹੋ ਗਿਆ।

ਗਿਆਨੀ ਜੀ ਵੀ ਅੰਤ ਇਸ ਸੰਸਾਰ ਤੋਂ ੦੬ ਸੰਤਬਰ, ੧੯੦੧ ਨੂੰ ਕੂਚ ਕਰ ਗਏ ਤੇ ਕੌਮ ਨੂੰ ਵਿਲਕਦਿਆ ਛੱਡ ਗਏ। ਆਓ, ਉਹਨਾਂ ਵੱਲੋਂ ਆਰੰਭੇ ਗੁਰਮਤਿ ਪ੍ਰਚਾਰ ਨੂੰ ਅਗੇ ਤੋਰੀਏ ਅਤੇ ਸਿੱਖੀ ਪਹਿਰਾਵੇ ਵਿੱਚ ਵੱਧ ਰਹੇ ਅਖੌਤੀ ਸੰਤ-ਸਾਧ, ਗੁਰੂ-ਡੰਮ੍ਹ, ਡੇਰਾਵਾਦ ਤੇ ਉਨ੍ਹਾਂ ਵੱਲੋਂ ਗੁਰਬਾਣੀ ਦਾ ਭੁਲੇਖਾ ਪਾ ਕੇ ਪ੍ਰਚਾਰੀ ਜਾ ਰਹੀ ਕੱਚੀ ਬਾਣੀ ਤੋਂ ਸਿੱਖਾਂ ਨੂੰ ਜਾਗਰੂਕ ਕਰੀਏ।

ਗਿ: ਦਿਤ ਸਿੰਘ ਜੀ ਦੀ ਸ਼ਖਸੀਅਤ:
ਗਿਆਨਵਾਨ: ਗਿਆਨੀ ਦਿਤ ਸਿੰਘ ਜੀ ਪੂਰਨ ਵਿਦਵਾਨ ਸਨ। ਉਹਨਾਂ ਦੀ ਤੀਖਰ ਬੁਧੀ ਤੇ ਹਾਜਰ ਜੁੳਾਬੀ ਤੋਂ ਵਡੇ ਵਡੇ ਧੁਰੰਧਰ ਵਿਦਵਾਨ ਵੀ ਖੰਮ ਖਾਂਦੇ ਸਨ। ਦਇਆ ਨੰਦ, ਆਰੀਆ ਸਮਾਜ ਦਾ ਮੋਢੀ ਜੋ ਬਾਕੀ ਮਤਾਂ ਨੂੰ ਬਿਨਾਂ ਕਿਸੇ ਦਲੀਲ ਦੇ ਛੁਟਿਆਉਣ ਵਿਚ ਕਾਫੀ ਮਾਹਿਰ ਆਪਣੇ ਆਪ ਨੂੰ ਸਮਝਦਾ ਸੀ, ਆਪ ਜੀ ਅਗੇ ਇਉਂ ਡਰਦਾ ਸੀ, ਜਿਵੇਂ ਸ਼ੇਰ ਤੋਂ ਭੇਡਾਂ ਡਰਦੀਆਂ ਹਨ।

ਦੂਰੰਦੇਸ਼ ਆਗੂ: ਕੌਮ ਦੀ ਨਿਘਰਦੀ ਹਾਲਤ ਨੂੰ ਕਿਵੇਂ ਤੇ ਕਿਸ ਤਰ੍ਹਾਂ ਸੁਧਾਰਨਾ ਹੈ, ਇਸ ਲਈ ਦੂਰਅੰਦੇਸੀ ਦਾ ਜੋ ਸਬੂਤ ਉਨ੍ਹਾਂ ਨੇ ਦਿਤਾ, ਉਹ ਇਕ ਆਗੂ ਵਿੱਚ ਹੋਣਾ ਜ਼ਰੂਰੀ ਹੈ. ਉਹਨਾਂ ਨੂੰ ਪਤਾ ਸੀ ਕਿ ਕੌਮ ਨੂੰ ਜੇ ਇਕ ਵਾਰੀ ਗੁਰਬਾਣੀ ਦੇ ਲੜ ਲਾ ਦਿਤਾ ਗਿਆ ਤਾਂ ਉਹ ਦਿਨ ਦੂਰ ਨਹੀਂ, ਜਦੋਂ ਕੌਮ ਆਜ਼ਾਦੀ ਦੇ ਸੁਫਨੇ ਲਵੇਗੀ। ਭਾਵੇਂ ਆਪ ਜੀ ਨੂੰ ਇਸ ਮਨੋਰਥ ਦੀ ਪੂਰਤੀ ਲਈ ਅੰਗਰੇਜਾਂ ਨਾਲ ਗੰਢ-ਤੁਪ ਵੀ ਕਰਨੀ ਪਈ, ਪਰ ਅਸੂਲਾਂ ਤੇ ਕਾਇਮ ਰਹਿ ਕੇ ਹੀ ਐਸਾ ਕੀਤਾ ਗਿਆ।

ਨਿਡਰ, ਨਿਰਭੈ: ਆਪ ਸੱਚੀ ਗੱਲ ਕਹਿਣ ਲਗਿਆਂ ਝਿਜਕਦੇ ਨਹੀਂ ਸਨ, ਭਾਵੇਂ ਉਸਦਾ ਆਪ ਨੂੰ ਕਿੰਨਾ ਵੀ ਮੁਆਮਜ਼ਾ ਦੇਣਾ ਪਵੇ। ਬੇਦੀ ਖੇਮ ਸਿੰਘ, ਮਹੰਤ ਸੁਮੈਰ ਸਿੰਘ ਪਟਨਾ ਸਾਹਿਬ ਆਦਿ ਦੀ ਖੁਲ੍ਹੇ ਆਮ ਵਿਰੋਧਤਾ ਕੀਤੀ; ਜੋ ਆਪਣੇ ਆਪ ਨੂੰ ਸਿੱਖ ਪੰਥ ਦੇ ਵਾਹਿਦ ਨੇਤਾ ਅਖਵਾਉਂਦੇ ਸਨ। ਪ੍ਰੋ; ਗੁਰਮੁਖ ਸਿੰਘ ਜੀ ਦੇ ਵਿਰੁਧ ਨਿਕਲੇ ਹੁਕਮਨਾਮੇ ਦੀਆਂ ਧਜੀਆਂ ਉਡਾ ਦਿਤੀਆਂ। ਇਥੋਂ ਤਕ ਕਿ ਇਤਿਹਾਸਿਕ ਗੁਰਦੁਆਰਿਆਂ ਦੇ ਪੁਜਾਰੀਆਂ ਨੂੰ, ਜਿਨ੍ਹਾਂ ਕੋਲ ਗੁੰਡੇ ਵੀ ਸਨ, ਦੀ ਖੇਹ ਉਡਾਈ।

ਮਿਤਰਤਾ ਨਿਭਾਉਣੀ: ਗਿਆਨੀ ਜੀ, ਪੁਰਨ ਗੁਰਸਿੱਖਾਂ ਵਾਂਗ ਸੱਚੇ ਮਿੱਤਰ ਸਨ ਤੇ ਜਿਨ੍ਹਾਂ ਨੂੰ ਆਪਨੇ ਆਪਣੇ ਮਿੱਤਰ ਬਣਾਇਆਂ, ਉਹਨਾਂ ਨਾਲ ਮਿੱਤਰਤਾ ਪੂਰੀ ਨਿਭਾਈ। ਜਦੋਂ ਪ੍ਰੋ: ਗੁਰਮਖ ਸਿੰਘ ਜੀ ਨੂੰ ਅਕਾਲ ਤਖਤ ਸਾਹਿਬ ਦੀ ਕੁਰਵਤੋਂ ਕਰਕੇ ਕਾਬਜ ਪੁਜਾਰੀਆਂ, ਬੇਦੀ ਸਾਹਿਬਜ਼ਾਦਿਆਂ, ਸਨਾਤਨੀ ਗਿਆਨੀਆਂ ਸਦਕਾ ਜਦੋਂ ਛੇਕਿਆ ਗਿਆ ਤਾਂ ਆਪਨੇ ਉਹਨਾਂ ਮਹੰਤਾਂ ਵਿਰੁਧ ਧੂਆਂਧਾਰ ਪ੍ਰਚਾਰ ਕੀਤਾ ਤੇ ਉਹਨਾਂ ਦੇ ਪੈਰ ਉਖੇੜ ਕੇ ਰਖ ਦਿਤੇ। ਕਿਥੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾਂ ਕੌਮ ਨੇ ਹਰ ਹਾਲਤ ਪਾਲਣਾ ਕਰਨਾ ਸੀ ਤੇ ਕਿਥੇ ਇਹ ਹੁਕਮਨਾਮਾ ਗਿਆਨੀ ਜੀ ਦੀਆਂ ਲਿਖਤਾਂ, ਲੈਕਚਰਾਂ ਆਦਿ ਨਾਲ ਉਂਵੇ ਨਪਿਆ ਗਿਆ।

ਦ੍ਰਿੜ ਇਰਾਦਾ: ਗੁਰਬਾਣੀ ਗੁਰਸਿੱਖ ਲਈ ਜੀਵਨ ਦਾ ਰਾਹ ਹੈ। ਇਸ ਦੇ ਤੁਰਨ ਨਾਲ ਮਨੁੱਖ ਦ੍ਰਿੜ ਇਰਾਦੇ ਵਾਲਾ ਹੋ ਜਾਂਦਾ ਹੈ।ਸਾਰਾ ਇਤਿਹਾਸ ਗਵਾਹੀ ਦਿੰਦਾ ਹੈ ਕਿ ਗੁਰਮਤਿ ਵਿੱਚ ਦ੍ਰਿੜ ਮਨੁੱਖ ਆਪਣਾ ਸਭ ਕੁਝ ਵਾਰਕੇ ਵੀ ਦਿਲ ਨਹੀਂ ਹਾਰਦੇ।ਗਿਆਨੀ ਜੀ ਵੀ ਇਸੇ ਲੋਰੀਆਂ ਵਿਚ ਪੱਲੇ ਸਨ। ਇਹੋ ਹੀ ਕਾਰਨ ਹੈ ਕਿ ਬਾਵਜੂਦ ਇਨੀਆਂ ਮੁਸੀਬਤਾਂ, ਮੁਕਦਮਿਆਂ, ਗਰੀਬੀ ਆਦਿ ਹੋਣ ਤੇ ਦਿਲ ਨਹੀਂ ਹਾਰਿਆ।

ਸੁਧਾਰਕ: ਗਿਆਨੀ ਜੀ ਅਨਮਤੀਆਂ ਦੇ ਕਰਮ-ਕਾਂਡਾਂ ਤੇ ਕੁਰੀਤੀਆਂ ਦੇ ਵਡੇ ਸੁਧਾਰਕ ਸਨ।ਆਪ ਦੀਆਂ ਦਲੀਲਾਂ, ਉਕਤੀਆਂ, ਯੁਕਤੀਆਂ ਦਾ ਕਿਸੇ ਨੇ ਵੀ ਮੁਕਾਬਲਾ ਨਾ ਕੀਤਾ ਤੇ ਆਪ ਜੀ ਦੀ ਇਸ ਕਾਮਯਾਬੀ ਨੇ ਹੀ ਆਪ ਦੀ ਪ੍ਰਸਿਧਤਾ ਨੂੰ ਵਧਾਇਆ। ਪਛੜੀਆਂ ਸ਼ਰੇਣੀਆਂ ਨੂੰ , ਜੋ ਉਸ ਸਮੇਂ ਵੀਸਾਈ ਪਾਦਰੀਆਂ ਦੀ ਪ੍ਰੇਰਨਾ ਸਦਕਾ ਈਸਾਈ ਮਤ ਧਾਰਨ ਕਰ ਰਹੀਆਂ ਸਨ, ਨੂੰ ਗੁਰਮਤਿ ਸਮਝਾ ਕੇ ਗੁਰਸਿੱਖੀ ਦੀ ਫੁਲਵਾੜੀ ਅੰਦਰ ਸ਼ਾਮਲ ਕੀਤਾ।

ਆਪ ਜੀ ਨੇ ਅੰਨਦ ਵਿਆਹ ਦਾ ਜ਼ੋਰਦਾਰ ਪ੍ਰਚਾਰ ਕੀਤਾ। ਬ੍ਰਾਹਮਣਵਾਦ ਵਲੋਂ ਪਾਏ ਗਏ ਭੁਲੇਖਿਆਂ ਨੂੰ ਦੂਰ ਕਰਨ ਲਈ ਰਚਨਾਵਾਂ ਰਚੀਆਂ, ਲੈਕਚਰ ਦਿਤੇ।

ਗੁਰੂ ਪੰਥ ਦਾ ਦਾਸ,
ਗੁਰਸ਼ਰਨ ਸਿੰਘ ਕਸੇਲ, ਕਨੇਡਾ