ਸਿੱਖ ਸੰਸਥਾਵਾਂ ਬਨਾਮ ਸਿੱਖ ਸਿਆਸਤਦਾਨ

ਸਿੱਖ ਸੰਸਥਾਵਾਂ ਬਨਾਮ ਸਿੱਖ ਸਿਆਸਤਦਾਨ

ਜਿੰਨਾ ਪਾਣੀ, ਸਿੱਖ ਸੰਸਥਾਵਾਂ ਦੇ ਪੁਲਾਂ ਹੇਠੋਂ ਲੰਘ ਚੁੱਕਿਆ ਹੈ, ਉਨਾਂ ਸਿੱਖ ਸਿਆਸਤ ਦੇ ਪੁਲਾਂ ਹੇਠ ਦੀ ਨਹੀਂ ਲੰਘਿਆ ਕਿਉਂਕਿ ਸਿੱਖ ਸਿਆਸਤ ਦੀ ਉਮਰ ਸਿੱਖ ਧਰਮ ਨਾਲੋਂ ਬਹੁਤ ਛੋਟੀ ਹੈ। ਇਸ ਨਾਲ ਇਹ ਸੱਚ ਸਾਹਮਣੇ ਆ ਜਾਂਦਾ ਹੈ ਕਿ ਸਿੱਖ ਧਰਮ ਦਾ ਕੇਂਦਰੀ ਸਰੋਕਾਰ, ਸਿੱਖ ਅਮਲ ਦੀਆਂ ਪਹਿਰੇਦਾਰ ਸਿੱਖ ਸੰਸਥਾਵਾਂ ਹਨ ਅਤੇ ਸਿੱਖ ਸਿਆਸਤ ਨੂੰ ਸਿੱਖ ਪ੍ਰਸੰਗ ਵਿੱਚ ਹਾਸ਼ੀਆ-ਸਰੋਕਾਰਾਂ ਵਿੱਚ ਰੱਖ ਕੇ ਹੀ ਵਿਚਾਰਿਆ ਜਾ ਸਕਦਾ ਹੈ। ਪਰ ਇਸ ਵੇਲੇ ਇਹ ਸਿੱਖ ਕ੍ਰਮ ਉਲਟ ਪੁਲਟ ਹੋ ਗਿਆ ਲਗਦਾ ਹੈ ਕਿਉਂਕਿ ਸਿੱਖ ਸਿਆਸਤ ਸਿੱਖ ਸੰਸਥਾਵਾਂ ਨੂੰ ਹਾਸ਼ੀਏ ‘ਤੇ ਧੱਕ ਕੇ ਆਪ ਕੇਂਦਰ ਵਿੱਚ ਸਥਾਪਿਤ ਹੋ ਚੁੱਕੀ ਹੈ। ਇਸ ਵਿੱਚ ਸੰਸਥਾਈ ਪ੍ਰਬੰਧ ਨਾਲ ਜੁੜੇ ਹੋਏ ਅਹੁਦੇਦਾਰ ਮਰਜ਼ੀ ਨਾਲ ਭਾਈਵਾਲ ਹੋ ਗਏ ਹਨ। ਇਸ ਨਾਲ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਸਿਆਸਤਦਾਨਾਂ ਦੀਆਂ ਬਹੁਤ ਸਾਰੀਆਂ ਸਿੱਖ ਕੋਟੀਆਂ ਪੈਦਾ ਹੋ ਗਈਆਂ ਹਨ। ਇਸ ਦੇ ਵਿਸਥਾਰ ਵਿੱਚ ਜਾਏ ਬਿਨਾ ਇਹ ਕਹਿਣਾ ਚਾਹੁੰਦਾ ਹਾਂ ਕਿ ਰਾਜ ਕਰਦੇ ਸਿੱਖ, ਰਾਜ ਉਡੀਕਦੇ ਸਿੱਖ, ਰਾਜ-ਸਮਰਥਕ ਸਿੱਖ, ਰਾਜ-ਵਿਰੋਧੀ ਸਿੱਖ ਅਤੇ ਰਾਜ ਕਰਨ ਲਈ ਵਰਤੇ ਜਾ ਰਹੇ ਵੋਟ ਬੈਂਕ ਸਿੱਖ, ਕਿਸੇ ਨਾ ਕਿਸੇ ਰੂਪ ਵਿੱਚ ਸਿੱਖ ਸਿਆਸਤ ਦੀਆਂ ਪਰਤਾਂ ਹੀ ਤਾਂ ਹਨ। ਗੁਰਦੁਆਰਾ ਸੰਸਥਾ ਨੂੰ ਜਿਸ ਤਰ੍ਹਾਂ ਸਿਆਸੀ ਸਰੋਕਾਰਾਂ ਵਾਸਤੇ ਵਰਤਿਆ ਜਾਣ ਲੱਗ ਪਿਆ ਹੈ, ਇਸ ਨਾਲ ਸਿੱਖ ਸਿਆਸਤ ਵਾਸਤੇ ਚੁਣੌਤੀਆਂ ਹੀ ਚੁਣੌਤੀਆਂ ਪੈਦਾ ਹੋ ਗਈਆਂ ਨਜ਼ਰ ਆਉਣ ਲੱਗ ਪਈਆਂ ਹਨ। ਸਿੱਖ ਸੁਰ ਵਿੱਚ ਸਹਿਮਤੀ ਸਰੋਕਾਰਾਂ ਦੀ ਥਾਂ ‘ਤੇ ਸਿਆਸੀ ਸੁਰ ਵਿੱਚ ਅਸਹਿਮਤੀ ਸਰੋਕਾਰ ਭਾਰੂ ਹੁੰਦੇ ਜਾ ਰਹੇ ਹਨ। ਸਰਬੱਤ ਖ਼ਾਲਸਾ, ਗੁਰਮਤਾ ਅਤੇ ਪੰਜ ਪਿਆਰਿਆਂ ਵਰਗੇ ਸਥਾਪਿਤ ਮਸਲਿਆਂ ‘ਤੇ ਕਿਰਪਾਨਾਂ ਪਹਿਲਾਂ ਕੱਢੀਆਂ ਜਾ ਰਹੀਆਂ ਅਤੇ ਗੱਲ ਪਿੱਛੋਂ ਕੀਤੀ ਜਾ ਰਹੀ ਹੈ। ਮਾਧਿਅਮ ਨੂੰ ਮੰਜ਼ਿਲ ਸਮਝਣ ਦੀ ਗ਼ਲਤੀ ਕਰਾਂਗੇ ਜਾਂ ਪੰਥਕ ਜੁਗਤਾਂ ਨੂੰ ਸੰਸਥਾ ਸਮਝਣ ਦੀ ਵਧੀਕੀ ਕਰਾਂਗੇ ਤਾਂ ਨਤੀਜੇ ਇਹੋ ਜਿਹੇ ਹੀ ਨਿਕਲਣਗੇ ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਗੱਲ ਕੀਤੀ ਜਾ ਰਹੀ ਹੈ। ਲਗਦਾ ਇਹੀ ਹੈ ਕਿ ਜੇ ਇਸ ਸਥਿਤੀ ਵਿੱਚੋਂ ਬਾਹਰ ਨਿਕਲਣਾ ਹੈ ਤਾਂ ਇਸ ਚੁਣੌਤੀ ਦੇ ਸਨਮੁਖ ਹੋਣਾ ਪਵੇਗਾ ਕਿ ਸਿੱਖ ਸੰਸਥਾਵਾਂ ਨੂੰ ਸਿੱਖ ਸਿਆਸਤਦਾਨਾਂ ਤੋਂ ਕਿਵੇਂ ਬਚਾਇਆ ਜਾਵੇ? ਇਹ ਮਸਲਾ ਸਾਰੇ ਸਿੱਖ ਭਾਈਚਾਰੇ ਦਾ ਹੈ ਅਤੇ ਇਸ ਨੂੰ ਹੱਕ ਜਾਂ ਵਿਰੋਧ ਦੀ ਆੜ ਵਿੱਚ ਹੋਰ ਉਲਝਾਏ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ?
ਸਿੱਖ ਵਿਰਾਸਤ ਵਿੱਚ ਜੋ ਕੁਝ ਸੁਰੱਖਿਅਤ ਪਿਆ ਹੈ, ਜੇ ਉਸ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਸ਼ੁਰੂਆਤ ਇੱਥੋਂ ਕੀਤੀ ਜਾ ਸਕਦੀ ਹੈ ਕਿ ਸਿੱਖ ਚਿੰਤਕਾਂ ਨੇ ਆਪਣੀਆਂ ਲਿਖਤਾਂ ਰਾਹੀਂ ਸਿੰਘ ਸਭਾ ਲਹਿਰ ਦੇ ਨਤੀਜਿਆਂ ਨੂੰ ਸਾਹਮਣੇ ਲਿਆਂਦਾ ਸੀ ਅਤੇ ਇਹੋ ਨਤੀਜੇ, ਉਸ ਅਕਾਲੀਅਤ ਦਾ ਆਧਾਰ ਬਣੇ ਸਨ, ਜਿਸ ਅਕਾਲੀਅਤ ਦੀ ਇੱਕ ਪਰਤ ਨੂੰ ਇੱਥੇ ਸਿੱਖ ਸਿਆਸਤ ਕਿਹਾ ਜਾ ਰਿਹਾ ਹੈ। ਸਿੱਖ ਸਿਆਸਤ ਦੇ ਪ੍ਰਸੰਗ ਵਿੱਚ ਅਕਾਲੀਅਤ ਨੇ ਇੱਕ ਪਾਸੇ ਰਣਜੀਤ ਸਿੰਘੀਅਨ ਸਿੱਖ ਸਿਆਸਤ ਦੀ ਨਿਰੰਤਰਤਾ ਵਿੱਚ ਤੁਰਨ ਦੀ ਥਾਂ ਸਿੱਖ ਲੋਕਤੰਤਰ ਦੀਆਂ ਪੈੜਾਂ ਪਾਈਆਂ ਸਨ ਅਤੇ ਦੂਜੇ ਪਾਸੇ ਸਿੱਖ ਸੰਸਥਾਵਾਂ ਦੇ ਪ੍ਰਬੰਧ ਨੂੰ ਇਸੇ ਸੁਰ ਵਿੱਚ ਚਲਾਉਣ ਦਾ ਅਧਿਕਾਰ ਮੰਗਿਆ ਸੀ। ਇਸ ਸਾਰੇ ਵਰਤਾਰੇ ਨੂੰ ਬਰਤਾਨਵੀ ਬਸਤੀਵਾਦੀ ਕੂਟਨੀਤੀ ਧਿਆਨ ਨਾਲ ਵੇਖ ਵੀ ਰਹੀ ਸੀ ਅਤੇ ਇਸ ਨੂੰ ਮਨਮਰਜ਼ੀ ਦੀ ਸਿਆਸਤ ਵੱਲ ਤੋਰਨ ਦੀਆਂ ਨੀਤੀਆਂ ਵੀ ਘੜ ਰਹੀ ਸੀ। ਅਕਾਲੀਅਤ, ਸਿੱਖ ਮਾਨਸਿਕਤਾ ਦਾ ਚੂਲਕ ਆਧਾਰ ਹੈ ਅਤੇ ਇਸ ਦਾ ਕੁਦਰਤੀ ਅਤੇ ਨਿਸ਼ੰਗ ਪ੍ਰਗਟਾਵਾ ਗੁਰਦੁਆਰਾ ਸੁਧਾਰ ਲਹਿਰ ਵੇਲੇ ਹੋ ਗਿਆ ਸੀ। ਇਸੇ ਲਹਿਰ ਨੂੰ ਸਿੱਖ ਸਿਆਸਤ ਦਾ ਆਰੰਭਕ ਪੜਾਅ ਮੰਨਿਆ ਜਾ ਸਕਦਾ ਹੈ। ਸਿੱਖ ਵਚਨਬੱਧਤਾ ਵਿੱਚੋਂ ਪੈਦਾ ਹੋਈ ਸਿੱਖ ਸਿਆਸਤ ਆਪਣੇ ਇਸ ਆਰੰਭਕ ਪੜਾਅ ਵਿੱਚ ਹੀ ਸਿੱਖ ਰਾਜ ਦੇ ਉਦਰੇਵੇਂ ਦਾ ਸ਼ਿਕਾਰ ਹੋ ਕੇ ਗੁਰਮਤਿ ਦੇ ਵਿਰਾਸਤੀ ਰੰਗ ਨਾਲੋਂ ਪਾਸੇ ਹੋਣਾ ਸ਼ੁਰੂ ਹੋ ਗਈ ਸੀ। ਇਸ ਨਾਲ ਸਿੱਖ ਸਿਆਸਤ ਦਾ ਜੋ ਰੰਗ ਉਘੜਣਾ ਸ਼ੁਰੂ ਹੋ ਗਿਆ ਸੀ, ਉਹ ਸਮਕਾਲੀ ਸਿਆਸੀ ਰੰਗਾਂ ਨਾਲੋਂ ਉਸ ਤਰ੍ਹਾਂ ਵਿਲੱਖਣ ਨਹੀਂ ਰਹਿ ਸਕਿਆ ਸੀ, ਜਿਸ ਤਰ੍ਹਾਂ ਸਿੱਖ ਧਰਮ, ਆਪਣੇ ਸਮਕਾਲੀ ਧਰਮਾਂ ਨਾਲੋਂ ਵੱਖਰੇ ਹੋਣ ਦਾ ਬਿਰਦ ਪਾਲਦਾ ਆ ਰਿਹਾ ਸੀ। ਇੱਥੋਂ ਹੀ ਸਿੱਖ ਪ੍ਰਸੰਗ ਵਿੱਚ ਧਰਮ ਅਤੇ ਸਿਆਸਤ ਦਾ ਉਹ ਵਰਤਾਰਾ ਸ਼ੁਰੂ ਹੋ ਜਾਂਦਾ ਹੈ, ਜਿਸ ਵਿੱਚੋਂ ਨਿਕਲ ਸਕਣ ਦੀਆਂ ਸੰਭਾਵਨਾਵਾਂ ਦਿਨੋਂ ਦਿਨ ਮੱਧਮ ਪੈਂਦੀਆਂ ਗਈਆਂ ਹਨ ਅਤੇ ਇਸ ਵੇਲੇ ਇਹ ਸਿੱਖ ਵੰਗਾਰ ਬਣ ਗਈਆਂ ਹਨ।
ਜਦੋਂ ਵੀ ਸਿੱਖ ਸੰਸਥਾਵਾਂ ਨੂੰ ਸਿੱਖ ਸੁਰ ਅਤੇ ਸੰਗਤੀ-ਰੀਝ ਦੇ ਖਿਲਾਫ਼ ਵਰਤੇ ਜਾਣ ਦੀ ਸਥਿਤੀ ਕਿਸੇ ਵੀ ਕਾਰਨ ਪੈਦਾ ਹੁੰਦੀ ਰਹੀ ਹੈ, ਇਸ ਦਾ ਪੰਥਕ ਅਹਿਸਾਸ ਸਮੇਂ ਸਮੇਂ ਸਿੱਖ ਚੇਤਨਾ ਨੂੰ ਵਿਚਲਿਤ ਵੀ ਕਰਦਾ ਰਿਹਾ ਹੈ ਅਤੇ ਉਤੇਜਿਤ ਵੀ ਕਰਦਾ ਰਿਹਾ ਹੈ। ਇਸ ਸਿੱਖ ਅਹਿਸਾਸ ਨੂੰ ਭਾਈ ਵੀਰ ਸਿੰਘ ਨੇ ਆਪਣੇ ਨਾਵਲਾਂ ਰਾਹੀਂ ਆਮ ਸਿੱਖ ਮਾਨਸਿਕਤਾ ਤਕ ਪਹੁੰਚਾਣ ਦੀ ਕੋਸ਼ਿਸ਼ ਕੀਤੀ ਹੋਈ ਹੈ। ਇਹ ਮਸਲਾ ਵਿਚਾਰੇ ਜਾਣ ਦੀ ਲੋੜ ਹੈ ਕਿ ਭਾਈ ਵੀਰ ਸਿੰਘ ਦੇ ਨਾਵਲਾਂ ਵਿੱਚੋਂ ਸਮਕਾਲੀ ਸਿੱਖ ਪਾਤਰ ਕਿਉਂ ਗੁੰਮ ਹਨ ਅਤੇ ਭਾਈ ਸਾਹਿਬ ਨੂੰ ਲੋੜੀਂਦੇ ਸਿੱਖ ਪਾਤਰ 18ਵੀਂ ਸਦੀ ਵਿੱਚੋਂ ਕਿਉਂ ਲੈਣੇ ਪਏ ਸਨ? ਸਿਧਾਂਤਕ ਸੁਰ ਵਿੱਚ ਸਿੱਖ ਧਰਮ ਬੇਸ਼ੱਕ ਕਿਸੇ ਵੀ ਸਮਕਾਲ ਦਾ ਧਰਮ ਹੋ ਸਕਣ ਦੀ ਸਮਰੱਥਾ ਰਖਦਾ ਹੈ ਅਤੇ ਕਿਸੇ ਵੀ ਸਮਕਾਲ ਨੂੰ ਭੂਤ ਦੇ ਹੇਰਵੇ ਜਾਂ ਭਵਿੱਖ ਦੇ ਲਾਰੇ ਵਿੱਚ ਗੁਆਚਣ ਤੋਂ ਰੋਕ ਸਕਦਾ ਹੈ। ਅਜਿਹਾ ਤਦ ਹੀ ਸੰਭਵ ਹੋ ਸਕਦਾ ਹੈ ਜੇ ਸਿੱਖ ਆਪਣੇ ਵਿਰਾਸਤੀ ਫਖ਼ਰ ਨੂੰ ਸਮਕਾਲੀ ਉਸਾਰ ਵਾਸਤੇ ਵਰਤਣ ਦਾ ਇਤਿਹਾਸ ਵਿੱਚ ਨਿਰੰਤਰ ਪ੍ਰਗਟਾਵਾ ਉਸ ਤਰ੍ਹਾਂ ਕਰਨ ਜਿਸ ਤਰ੍ਹਾਂ ਦੀ ਆਸ ਗੁਰੂਕਿਆਂ ਤੋਂ ਕੀਤੀ ਜਾਂਦੀ ਰਹੀ ਹੈ। ਸਿੱਖ ਭਾਈਚਾਰਾ ਇਸ ਤੇ ਧਰਮ ਨੂੰ ਅੰਗ ਸੰਗ ਰੱਖ ਕੇ ਪੂਰਾ ਉਤਰਦਾ ਰਿਹਾ ਹੈ ਅਤੇ ਧਰਮ ਨਾਲੋਂ ਟੁੱਟੀ ਹੋਈ ਸਿਆਸਤ ਦੀ ਅਗਵਾਈ ਵਿੱਚ ਪੂਰਾ ਨਹੀਂ ਵੀ ਉਤਰਦਾ ਰਿਹਾ। ਧਰਮ ਦੀ ਅਗਵਾਈ ਵਿੱਚ ਚਲਦਿਆਂ ਭਾਈ ਵੀਰ ਸਿੰਘ ਦੇ ਨਾਵਲਾਂ ਦੇ ਮੁੱਖ ਪਾਤਰ ਸੁੰਦਰੀ, ਬਾਬਾ ਨੌਧ ਸਿੰਘ ਅਤੇ ਸਤਵੰਤ ਕੌਰ ਜਿਸ ਤਰ੍ਹਾਂ ਦੀ ਭੂਮਿਕਾ ਨਿਭਾਉਂਦੇ ਹਨ, ਉਹੋ ਜਿਹੀ ਭੂਮਿਕਾ ਸਿੱਖ ਸਿਆਸਤ ਦੀ ਅਗਵਾਈ ਵਿੱਚ ਨਿਭਦੀ ਕਿਧਰੇ ਨਜ਼ਰ ਨਹੀਂ ਆਉਂਦੀ? ਸਿੱਖ ਸਿਆਸਤ ਦੇ ਮਹਾਂ ਯੋਗਦਾਨੀ ਅਕਾਲੀ ਫੂਲਾ ਸਿੰਘ, ਸ਼ਾਮ ਸਿੰਘ ਅਟਾਰੀ ਵਾਲਾ ਅਤੇ ਹਰੀ ਸਿੰਘ ਨਲੂਆ, ਸਿੱਖ ਰਾਜ ਨੂੰ ਸਿੱਖ ਸੁਰ ਵਿੱਚ ਨਹੀਂ ਰੱਖ ਸਕੇ ਸਨ। ਇਨ੍ਹਾਂ ਤਿੰਨਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸਿੱਖ ਸਿਆਸਤ ਦਾ ਸ਼ਿਕਾਰ ਵੀ ਹੋਣਾ ਪਿਆ ਸੀ। ਇਸ ਪ੍ਰਸੰਗ ਵਿੱਚ ਇਹ ਵਿਚਾਰੇ ਜਾਣ ਦੀ ਲੋੜ ਹੈ ਕਿ ਸਿੰਘ ਸਭਾ ਲਹਿਰ ਦੇ ਮਹਾਂਰਥੀਆਂ ਵਿੱਚੋਂ ਸਿੱਖ ਸਿਆਸਤ ਵੱਲ ਲਗਪਗ ਕੋਈ ਵੀ ਕਿਉਂ ਨਹੀਂ ਗਿਆ ਸੀ। ਇਸ ਦੇ ਬਾਵਜੂਦ 20ਵੀਂ ਸਦੀ ਦੀ ਸਿੱਖ ਸਿਆਸਤ, ਸਿੰਘ ਸਭਾ ਲਹਿਰ ਦੀ ਨਿਰੰਤਰਤਾ ਵਿੱਚ ਹੀ ਪੈਦਾ ਹੋਈ ਪਰਵਾਨ ਕੀਤੀ ਜਾਂਦੀ ਹੈ ਅਤੇ ਇਸ ਵਾਸਤੇ ਸਿੰਘ ਸਭਾਈ ਚਿੰਤਕਾਂ ਦੀ ਅਸਿੱਧੀ ਭੂਮਿਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੇ ਹਵਾਲੇ ਨਾਲ ਇਹ ਨੁਕਤਾ ਸਾਹਮਣੇ ਲਿਆਂਦਾ ਜਾ ਰਿਹਾ ਹੈ ਕਿ ਸਿੱਖ ਸਿਆਸਤ, ਸਿੱਖ ਸੰਸਥਾਵਾਂ ਦੇ ਪੰਥਕ-ਉਸਾਰ ਵਾਸਤੇ ਲੋੜੀਂਦੀ ਭੂਮਿਕਾ ਨਿਭਾਉਣ ਤੋਂ ਅਸਮਰਥ ਰਹਿੰਦੀ ਰਹੀ ਹੈ?
ਵਰਤਮਾਨ ਸਥਿਤੀ ਵਿੱਚ ਇਹ ਮਸਲਾ ਜਿਸ ਤਰ੍ਹਾਂ ਉਘੜ ਕੇ ਸਾਹਮਣੇ ਆ ਗਿਆ ਹੈ, ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਆਇਆ ਸੀ। ਇਸ ਨਾਲ ਧਾਰਮਿਕ ਮਸਲਿਆਂ ਦਾ ਸਿਆਸੀ ਹੱਲ ਲੱਭਣ ਅਤੇ ਸਿਆਸੀ ਮਸਲਿਆਂ ਦਾ ਧਾਰਮਿਕ ਹੱਲ ਲੱਭਣ ਦੀ ਰਾਜਨੀਤੀ ਨੇ ਸਿੱਖ ਭਾਈਚਾਰੇ ਨੂੰ ਚੁਣੌਤੀਆਂ ਦੇ ਜੰਗਲ ਵੱਲ ਧੱਕ ਦਿੱਤਾ ਹੈ। ਇਸੇ ਦਾ ਨਤੀਜਾ ਹੈ ਕਿ ਸਿੱਖ ਸੰਸਥਾਵਾਂ ਦੇ ਪ੍ਰਬੰਧਕ, ਸਿਆਸਤਨੁਮਾ ਧਰਮੀ ਹੋਣ ਵਾਲੇ ਰਾਹੇ ਪੈ ਗਏ ਹਨ ਅਤੇ ਸਿੱਖ ਸਿਆਸਤਦਾਨ, ਧਰਮਨੁਮਾ ਸਿਆਸੀ ਹੋਣ ਦੇ ਰਾਹ ਪੈ ਗਏ ਹਨ। ਇਹ ਰਾਹ ਦੋਵਾਂ ਧਿਰਾਂ ਵਾਸਤੇ ਇੱਕ ਦੂਜੇ ਦੇ ਹੱਕ ਵਿੱਚ ਭੁਗਤਣ ਦੀ ਥਾਂ ਇੱਕ ਦੂਜੇ ਦੇ ਵਿਰੋਧ ਵਿੱਚ ਭੁਗਤ ਰਿਹਾ ਨਜ਼ਰ ਆ ਜਾਂਦਾ ਹੈ। ਮੀਰੀ-ਪੀਰੀ ਦਾ ਸਿੱਖ ਸਿਧਾਂਤ ਧਰਮ ਅਤੇ ਸਿਆਸਤ ਦੇ ਸੁਤੰਤਰ ਉਸਾਰ ਵਾਸਤੇ ਤਾਂ ਸਹਾਇਤਾ ਕਰ ਸਕਦਾ ਹੈ ਪਰ ਦੋਹਾਂ ਨੂੰ ਇੱਕ ਦੂਜੇ ਦਾ ਨੁਕਸਾਨ ਕਰਨ ਤੋਂ ਨਹੀਂ ਬਚਾ ਸਕਦਾ। ਦੋਹਾਂ ਧਿਰਾਂ ਨੇ ਇੱਕ ਦੂਜੇ ਦੇ ਪ੍ਰਸੰਗ ਵਿਗਾੜ ਨੂੰ ਸਾਹਮਣੇ ਲਿਆਂਦਾ ਹੈ ਅਤੇ ਇਸੇ ਨੂੰ ਸਿੱਖ ਸੰਸਥਾਵਾਂ ਬਨਾਮ ਸਿੱਖ ਸਿਆਸਤਦਾਨ ਵਜੋਂ ਵਿਚਾਰਿਆ ਜਾ ਰਿਹਾ ਹੈ।
ਸਿੱਖ ਸਿਆਸਤ ਦਾ ਬੋਲਬਾਲਾ ਇਸ ਹੱਦ ਤਕ ਹੋ ਗਿਆ ਹੈ ਕਿ ਸਿੱਖ ਚੇਤਿਆਂ ਵਿੱਚ ਜਿਸ ਤਰ੍ਹਾਂ ”ਰਾਜ ਬਿਨਾ ਨਹੀਂ ਧਰਮ ਚਲਹਿ ਹੈ” ਨੂੰ ਪੱਕਿਆਂ ਕਰਣ ਦੀ ਕੋਸ਼ਿਸ਼ ਜਿਸ ਤਰ੍ਹਾਂ ਕੀਤੀ ਗਈ ਹੈ, ਉਸ ਤਰ੍ਹਾਂ ਇਸੇ ਬੰਦ ਦੇ ਦੂਜੇ ਹਿੱਸੇ ”ਧਰਮ ਬਿਨਾ ਸਭ ਦਲਹਿ ਮਲਹਿ ਹੈ” ਵੱਲ ਧਿਆਨ ਨਹੀਂ ਦਿੱਤਾ ਗਿਆ। ਇਸ ਨਾਲ ਧਰਮ ਨਾਲੋਂ ਸਿਆਸਤ ਨੂੰ ਪਹਿਲ ਦੇਣ ਦੀ ਸਿੱਖ ਮਾਨਸਿਕਤਾ, ਆਪਣੇ ਆਪ ਵਿੱਚ ਚੁਣੌਤੀ ਹੁੰਦੀ ਜਾ ਰਹੀ ਹੈ। ਇਸੇ ਹੀ ਦ੍ਰਿਸ਼ਟੀ ਤੋਂ ਸਿੱਖ ਸੰਸਥਾਵਾਂ ਦਾ ਸਿਆਸੀ ਅਪਹਰਣ ਸਿੱਖ ਸਿਆਸਤ ਦਾ ਹਿੱਸਾ ਹੋ ਗਿਆ ਹੈ ਅਤੇ ਇਸ ਦੀ ਕੀਮਤ ਆਮ ਸਿੱਖ ਨੂੰ ਚੁਕਾਉਣੀ ਪੈ ਰਹੀ ਹੈ। ਸਿੱਖ ਸੰਸਥਾਵਾਂ ਨੂੰ ਅਪੰਥਕ-ਸੁਰ ਵਿੱਚ ਚਿਤਵਿਆ ਹੀ ਨਹੀਂ ਜਾ ਸਕਦਾ ਕਿਉਂਕਿ ਇਹ ਪੰਥ ਵੱਲੋਂ ਅਤੇ ਪੰਥ ਵਾਸਤੇ ਹੀ ਚਿਤਵੀਆਂ ਅਤੇ ਉਸਾਰੀਆਂ ਗਈਆਂ ਹਨ। ਪਰ ਸਿੱਖ ਸਿਆਸਤ ਨੂੰ ਪੰਥਕ-ਸੁਰ ਵਿੱਚ ਨਿਭਾਇਆ ਨਹੀਂ ਜਾ ਸਕਦਾ ਕਿਉਂਕਿ ਇਸ ਨੂੰ ਦੇਸ਼ ਦੇ ਵਿਧਾਨ ਮੁਤਾਬਿਕ ਹੀ ਚਿਤਵਿਆ ਅਤੇ ਉਸਾਰਿਆ ਜਾ ਸਕਦਾ ਹੈ। ਤਾਂ ਤੇ ਸੰਸਥਾਈ-ਪ੍ਰਬੰਧਨ ਦੀ ਪ੍ਰਤੀਨਿੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਂਧਕ ਕਮੇਟੀ ਦੇ ਪੰਥਕ-ਉਸਾਰ ਦੀਆਂ ਸੰਭਾਵਨਾਵਾਂ ਨੂੰ ਕਿਸੇ ਵੀ ਕਿਸਮ ਦੇ ਸਿਆਸੀ ਦਖ਼ਲ ਤੋਂ ਬਚਾਏ ਜਾਣ ਦੀ ਲੋੜ ਪੈਦਾ ਹੋ ਗਈ ਹੈ। ਜਿੰਨੀ ਕੁ ਥਾਂ ਭਾਰਤੀ ਵਿਧਾਨ ਵਿੱਚ ਧਰਮ-ਨਿਰਪੇਖ ਸਿਆਸਤ ਨੂੰ ਦਿੱਤੀ ਹੋਈ ਹੈ, ਓਨੀ ਕੁ ਥਾਂ ਤਾਂ ਸਿਆਸਤ-ਨਿਰਪੇਖ ਧਰਮ ਨੂੰ ਸਿੱਖ ਸਿਆਸਤਦਾਨਾਂ ਵੱਲੋਂ ਦਿੱਤੀ ਹੀ ਜਾ ਸਕਦੀ ਹੈ। ਚੰਗਾ ਹੋਵੇ ਜੇ ਕੋਈ ਵੀ ਸਿਆਸੀ ਪਾਰਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਸਤੇ ਸਿਆਸੀ ਚੋਣ ਨਿਸ਼ਾਨ ਦੀ ਵਰਤੋਂ ਨਾ ਕਰੇ। ਇਸ ਦਾ ਰਾਹ ਪੱਧਰਾ ਕਰਨ ਵਾਸਤੇ ਇਹ ਫ਼ੈਸਲਾ ਲਏ ਜਾਣ ਦੀ ਲੋੜ ਹੈ ਕਿ ਜੋ ਕੋਈ ਸ਼੍ਰੋਮਣੀ ਕਮੇਟੀ ਦੀ ਚੋਣ ਲੜੇਗਾ, ਉਹ ਇੱਕ ਹਲਫ਼ਨਾਮਾ ਦੇਵੇਗਾ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਵਿੱਚ ਹਿੱਸਾ ਨਹੀਂ ਲਵੇਗਾ ਅਤੇ ਸਿੱਖ ਸੰਸਥਾਵਾਂ ਦੇ ਪ੍ਰਬੰਧਨ ਦੀ ਸੇਵਾ ਨੂੰ ਹੀ ਸਮਰਪਿਤ ਰਹੇਗਾ। ਇਸ ਸੋਚ ‘ਤੇ ਪਹਿਰਾ ਦੇਣ ਵਾਲੀ ਜਥੇਬੰਦੀ ਉਸਾਰੇ ਜਾਣ ਦਾ ਸਮਾਂ ਆ ਗਿਆ ਹੈ। ਇਸ ਸੋਚ ਵਾਸਤੇ ਲਹਿਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਜੋ ਕੋਈ ਧਰਮ ਅਤੇ ਸਿਆਸਤ ਨੂੰ ਇੱਕ ਦੂਜੇ ਵਾਸਤੇ ਵਰਤਣ ਲਈ ਸਿੱਖ ਸੰਸਥਾਵਾਂ ਦਾ ਪ੍ਰਬੰਧਕ ਬਨਣਾ ਚਾਹੁੰਦਾ ਹੈ, ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਨ ਤੋਂ ਰੋਕਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ (ਜਦੋਂ ਵੀ ਹੋਣ), ਸਿੱਖ ਸੰਸਥਾਵਾਂ ਨੂੰ ਸਿੱਖ ਸਿਆਸਤਦਾਨਾਂ ਤੋਂ ਮੁਕਤ ਕਰਵਾਉਣ ਦੇ ਮੁੱਦੇ ਨੂੰ ਲੈ ਕੇ ਲੜੀਆਂ ਜਾਣੀਆਂ ਚਾਹੀਦੀਆਂ ਹਨ। ਜੇ ਅਜਿਹਾ ਸੰਭਵ ਨਾ ਹੋ ਸਕਿਆ ਤਾਂ ਸਿੱਖ ਸੰਸਥਾਵਾਂ ਉਸੇ ਤਰ੍ਹਾਂ ਲੜਾਈ ਦਾ ਅਖਾੜਾ ਬਣੀਆਂ ਰਹਿਣਗੀਆਂ, ਜਿਸ ਤਰ੍ਹਾਂ ਇਸ ਵੇਲੇ ਬਣੀਆਂ ਹੋਈਆਂ ਨਜ਼ਰ ਆ ਰਹੀਆਂ ਹਨ।

– ਡਾ. ਬਲਕਾਰ ਸਿੰਘ