ਪੰਜਾਬੀ ਲੇਖਕ ਮੰਚ ਦੀ ਅਗਸਤ ਮਹੀਨੇ ਦੀ ਮੀਟਿੰਗ ਹੋਈ

ਪੰਜਾਬੀ ਲੇਖਕ ਮੰਚ ਦੀ ਅਗਸਤ ਮਹੀਨੇ ਦੀ ਮੀਟਿੰਗ ਹੋਈ

ਪੰਜਾਬੀ ਲੇਖਕ ਮੰਚ ਦੀ ਅਗਸਤ ਮਹੀਨੇ ਦੀ ਮੀਟਿੰਗ ਹੋਈ 

ਪੰਜਾਬੀ ਲੇਖਕ ਮੰਚ ਦੀ ਮਾਸਿਕ ਇਕੱਤਰਤਾ 12 ਅਗਸਤ,2018 ਨੂੰ ਨਿਊਟਨ ਲਾਇਬਰੇਰੀ ਸਰ੍ਹੀ ਵਿਖੇ ਹੋਈ। ਜਿਸ ਦੀ ਸੰਚਾਲਨਾ ਜਸਬੀਰ ਮਾਨ, ਮੀਨੂੰ ਬਾਵਾ ਅਤੇ ਜਰਨੈਲ ਸਿੰਘ ਆਰਟਿਸਟ ਨੇ ਕੀਤੀ।ਇਸ ਮੀਟਿੰਗ ਵਿਚ ਭਾਰਤ ਤੋਂ ਆਏ ਡਾ:ਗੁਰਮਿੰਦਰ ਸਿੱਧੂ ਅਤੇ ਡਾ: ਬਲਦੇਵ ਸਿੰਘ ਖਹਿਰਾ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ।ਮੀਟਿੰਗ ਦੇ ਸ਼ੁਰੂਆਤ ਵਿਚ ਲੇਖਕ ਮੰਚ ਦੀ 45ਵੀਂ ਸਾਲ-ਗਿਰਾਹ ਜੋ ਕਿ ਅਗਲੇ ਮਹੀਨੇ ਸਤੰਬਰ ਵਿਚ ਹੈ , ਮਨਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।ਇਸ ਦੇ ਨਾਲ਼ ਹੀ ਕੁਝ ਹੋਰ ਸੂਚਨਾਵਾਂ ਵੀ ਸਾਂਝੀਆਂ ਕੀਤੀਆਂ ਗਈਆਂ। ਰਚਨਾਵਾਂ ਦੇ ਦੌਰ ਵਿਚ ਨਦੀਮ-ਪਰਮਾਰ ਨੇ ਆਪਣੀਆਂ ਚਾਰ ਲਘੂ ਕਵਿਤਾਵਾਂ ਮੈਂਬਰਾਂ ਨਾਲ਼ ਸਾਂਝੀਆਂ ਕੀਤੀਆਂ।ਜਿੰਨ੍ਹਾ ਉੱਪਰ ਮੈਂਬਰਾਂ ਵੱਲੋਂ ਕੁਝ ਟੀਕਾ-ਟਿੱਪਣੀਆਂ ਵੀ ਕੀਤੀਆਂ ਗਈਆਂ।
ਉਸ ਤੋਂ ਬਾਅਦ ਅਜਮੇਰ ਰੋਡੇ ਨੇ ਆਪਣੀ ਜੀਵਨੀ ਦੇ ‘ਤਿੰਨ ਝਟਕੇ’ ਪੜ੍ਹੇ ਤੇ ਦੱਸਿਆ ਕਿ ਕਿਸ ਤਰ੍ਹਾਂ ਅਠਾਰਾਂ ਸਾਲ ਦੀ ਉਮਰ ਵਿਚ ਹੀ ਉਹਨਾਂ ਉੱਪਰ ਸਿਗਮੰਡ ਫਰਾਇਡ ਦੇ ਵਿਚਾਰਾਂ ਦਾ ਪ੍ਰਭਾਵ ਪਿਆ ਸੀ।ਜਰਨੈਲ ਸਿੰਘ ਸੇਖਾ ਨੇ ਵੀ ਆਪਣੀ ਜੀਵਨੀ ਵਿਚੋਂ ‘ਮੁੱਛਲਾਂ ਦਾ ਬੋਹੜ’ ਅੰਸ਼ ਪੜ੍ਹਿਆ ਅਤੇ ਬੋਹੜ ਦੇ ਬਾਰੇ ਮੈਂਬਰਾਂ ਨੂੰ ਭਰਪੂਰ ਜਾਣਕਾਰੀ ਦਿੱਤੀ।ਗੁਰਦਰਸ਼ਨ ਬਾਦਲ ਨੇ ਕੁਝ ਰੁਬਾਈਆਂ ਸਾਂਝੀਆਂ ਕੀਤੀਆਂ।ਅਮਰੀਕ ਪਲਾਹੀ , ਡਾ: ਗੁਰਮਿੰਦਰ ਸਿੱਧੂ ਅਤੇ ਬਿੰਦੂ ਮਠਾੜੂ ਨੇ ਸਾਵਣ ਦੇ ਮਹੀਨੇ ਤੇ ਲਿਖਿਆਂ ਆਪਣੀਆਂ ਕਵਿਤਾਵਾਂ ਪੜ੍ਹੀਆਂ।ਡਾ: ਬਲਦੇਵ ਸਿੰਘ ਖਹਿਰਾ ਨੇ ਆਪਣੀਆਂ ਦੋ ਮਿੰਨੀ ਕਹਾਣੀਆਂ ‘ਇਹਨਾਂ ਨੂੰ ਕਿਹੜਾ ਅੰਬ ਲੱਗਣੇ ਹਨ’ ਅਤੇ ‘ਗੁੰਗੀਆਂ ਜੀਭਾਂ’ ਮੰਚ ਦੇ ਮੈਂਬਰਾਂ ਦੇ ਨਾਲ਼ ਸਾਂਝੀਆਂ ਕੀਤੀਆਂ।ਸਾਧੂ ਬੀਨਿੰਗ ਨੇ ਆਪਣੀ ਇਕ ਨਿਵੇਕਲੀ ਕਿਸਮ ਦੀ ਕਵਿਤਾ ਜੋ ਕਿ ਡਾਕਟਰਾਂ ਦੇ ਬਾਰੇ ਸੀ ਪੜ੍ਹੀ।ਅਖੀਰ ਤੇ ਸੰਚਾਲਕਾਂ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਮੰਚ ਦੀ ਕੋਆਰਡੀਨੇਟਰ ਜਸਬੀਰ ਮਾਨ ਦੀ ਕਹਾਣੀਆਂ ਦੀ ਕਿਤਾਬ ‘ਸਾਜਨ ਕੀ ਬੇਟੀਆਂ’ ਬਾਰੇ ਜਾਣਕਾਰੀ ਦਿੱਤੀ ਜੋ ਕਿ ਅਗਲੀ ਮੀਟਿੰਗ 16 ਸਤੰਬਰ ਵਿਚ ਰੀਲੀਜ਼ ਕੀਤੀ ਜਾਵੇਗੀ।