ਆਪਣੇ ਹਲਕਾ ਵੋਟਰਾਂ ਨੂੰ ਨਰਾਜ਼ ਨਹੀਂ ਹੋਣ ਦਿਆਂਗਾ : ਜਤੀ ਸਿੱਧੂ

ਆਪਣੇ ਹਲਕਾ ਵੋਟਰਾਂ ਨੂੰ ਨਰਾਜ਼ ਨਹੀਂ ਹੋਣ ਦਿਆਂਗਾ : ਜਤੀ ਸਿੱਧੂ

ਮੰਤਰੀ ਨਾਲ ਗੱਲ ਕਰਨ ਦਾ ਬਹੁਤਾ ਸਮਾਂ ਨਾ ਮਿਲਣ ਕਰਕੇ ਦੋਬਾਰਾ ਬਲਾਉਣ ਲਈ ਯਤਨਾਂ ‘ਚ ਹਾਂ : ਜਤੀ ਸਿੱਧੂ

ਐਬਟਸਫੋਰਡ : (ਕੈਨੇਡੀਅਨ ਪੰਜਾਬ ਟਾਇਮਜ਼) ਪਿਛਲੇ ਦਿਨੀਂ ਏਥੋਂ ਦੇ ਇਲਾਕਾ ਨਿਵਾਸੀਆਂ ਨਾਲ ਮਿਲ ਬੈਠਣ ਲਈ ਬਾਰਡਰ ਸਕਿਉਰਟੀ ਤੇ ਜ਼ੁਰਮ ਘਟਾਉਣ ਬਾਰੇ ਮੰਤਰੀ ਬਿੱਲ ਬਲੇਅਰ ਦਾ ਸਥਾਨਿਕ ਸ਼ਹਿਰ ਵਿੱਚ ਇੱਕ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿੱਚ ਐਬਟਸਫੋਰਡ ਅਤੇ ਮਿਸ਼ਨ ਕਮਿਉਨਟੀ ਸੰਸਥਾਵਾਂ ਤੋਂ ਇਲਾਵਾ ਲੋਕਾਂ ਨੇ ਵੱਡੀ ਗਿਣਤੀ ‘ਚ ਇਕੱਤਰ ਹੋ ਕੇ ਕੈਨੇਡਾ ‘ਚ ਹੋ ਰਹੇ ਜ਼ੁਰਮਾਂ ਬਾਰੇ ਆਪਣੇ ਪ੍ਰਤੀਕਰਮ ਰੱਖਣ ਲਈ ਮੰਤਰੀ ਨਾਲ ਗੱਲਬਾਤ ਕਰਨੀ ਚਾਹੀ। ਗੱਲਬਾਤ ਕਰਨ ਲਈ ਇਕੱਤਰ ਹੋਏ ਲੋਕਾਂ ਦੇ ਮਨਾਂ ‘ਤੇ ਉਸ ਸਮੇਂ ਸੱਟ ਲੱਗੀ ਜਦੋਂ ਸ਼ਾਮ 4.30 ਵਜੇ ਦੇ ਨਿਸਚਤ ਕੀਤੇ ਸਮੇਂ ਤੋਂ ਮੰਤਰੀ ਜੀ 2.30 ਘੰਟੇ ਪਛੜ ਗਏ। ਜਦੋਂ ਇਸ ਬਾਰੇ ਐਬਟਸਫੋਰਡ ਮਿਸ਼ਨ ਤੋਂ ਮੈਂਬਰ ਪਾਰਲੀਮੈਂਟ ਜਤੀ ਸਿੱਧੂ ਨਾਲ ਐਬਟਸਫੋਰਡ ਤੋਂ ਸਾਡੇ ਪੱਤਰਕਾਰ ਬਰਾੜ ਭਗਤਾ ਭਾਈ ਕਾ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੰਤਰੀ ਜੀ ਦੇ ਆਉਣ ਦਾ 4.30 ਵਜੇ ਦਾ ਸਮਾਂ ਸੀ ਤੇ ਲੋਕ ਉਸ ਸਮੇਂ ਆ ਚੁੱਕੇ ਸਨ ਪਰ ਉਹ ਰੁਝੇਵਿਆਂ ਕਾਰਨ ਮੰਤਰੀ ਜੀ ਲੇਟ ਹੋ ਗਏ ਤੇ ਫਿਰ 6.30 ਵਜੇ ਦਾ ਸਮਾਂ ਦਿੱਤਾ ਗਿਆ। 6.30 ਵਜੇ ਦਾ ਸਮਾਂ ਸੁਣ ਕੇ ਕਾਫੀ ਲੋਕ ਜਾ ਚੁੱਕੇ ਸਨ ਅਤੇ ਕਾਫੀ ਲੋਕ ਦੋਬਾਰਾ ਫਿਰ ਆ ਗਏ। ਦੋਬਾਰਾ ਨਿਸਚਤ ਕੀਤੇ ਸਮੇਂ ਤੋਂ ਮੰਤਰੀ ਜੀ ਫਿਰ ਅੱਧਾ ਘੰਟਾ ਪਛੜ ਕੇ ਪਹੁੰਚੇ ਜਿਸ ਕਰਕੇ ਲੋਕਾਂ ਨੂੰ ਨਰਾਜ਼ਗੀ ਹੋਈ। ਮੰਤਰੀ ਜੀ ਦੇ ਪਹੁੰਚਣ ਤੱਕ ਗਿਣਤੀ ਦੇ ਹੀ ਲੋਕ ਰਹਿ ਗਏ ਸਨ ਤੇ ਮੰਤਰੀ ਵੱਲੋਂ ਵੀ ਲੋਕਾਂ ਨਾਲ ਗੱਲਬਾਤ ਕਰਨ ਬਹੁਤਾ ਸਮਾਂ ਨਾ ਦਿੱਤਾ ਗਿਆ ਜਿਸ ਕਰਕੇ ਲੋਕਾਂ ਨੇ ਇਸ ਪ੍ਰਤੀ ਨਰਾਜ਼ਗੀ ਮਹਿਸੂਸ ਕੀਤੀ ਕਿ ਉਹ ਤਾਂ ਆਪਣਾ ਕੰਮ ਛੱਡ ਕੇ ਪਹੁੰਚੇ ਪਰ ਜਿੰਮੇਵਾਰ ਸਮੇਂ ਸਿਰ ਨਹੀਂ ਪਹੁੰਚ ਸਕੇ। ਇਸ ਘਟਨਾ ਕਰਮ ਬਾਰੇ ਮੈਂਬਰ ਪਾਰਲੀਮੈਂ ਜਤੀ ਸਿੱਧੂ ਨੇ ਕਿਹਾ ਕਿ ਉਹ ਮੰਤਰੀ ਬਿੱਲ ਬਲੇਅਰ ਨੂੰ ਦੋਬਾਰਾ ਬੁਲਾ ਕੇ ਲੋਕਾਂ ਨਾਲ ਉਨ੍ਹਾਂ ਦੀ ਖੁੱਲ੍ਹੀ ਗੱਲਬਾਤ ਕਰਨ ਦੇ ਯਤਨਾਂ ਵਿੱਚ ਹਨ। ਸਾਂਸਦ ਨੇ ਇਸ ਗੱਲ ਦਾ ਵੀ ਭਰੋਸਾ ਦਿੱਤਾ ਕਿ ਉਹ ਆਪਣੇ ਪਾਰਲੀਮਾਨੀ ਹਲਕਾ ਦੇ ਵੋਟਰਾਂ ਨੂੰ ਕਦੇ ਵੀ ਨਰਾਜ਼ ਨਹੀਂ ਹੋਣ ਦੇਣਗੇ ਅਤੇ ਲੋਕਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਉਹ ਮੰਤਰੀ ਜੀ ਨੂੰ ਜਲਦੀ ਦੋਬਾਰਾ ਬੁਲਾਉਣ ‘ਚ ਵਿਸ਼ਵਾਸ ਰੱਖਦੇ ਹਨ ਤਾਂ ਕਿ ਉਨ੍ਹਾਂ ਨਾਲ ਮੁੜ ਬੈਠ ਕੇ ਵਧ ਰਹੇ ਜ਼ੁਰਮਾਂ ਬਾਰੇ ਖੁੱਲ੍ਹੀ ਗੱਲ ਕੀਤੀ ਜਾ ਸਕੇ ਅਤੇ ਲੋਕ ਆਪਣੀਆਂ ਸਮਸਿਆਵਾਂ ਉਨ੍ਹਾਂ ਦੇ ਸਾਹਮਣੇ ਰੱਖ ਸਕਣ ਤਾਂ ਕਿ ਅਜਿਹੇ ਮਾੜੇ ਕੰਮਾਂ ਨੂੰ ਰੋਕਣ ਲਈ ਕੋਈ ਹੱਲ ਲੱਭਿਆ ਜਾਵੇ॥