ਮੱਕੜ ਤੋਂ ਬਾਅਦ ਸ੍ਰੋਮਣੀ ਕਮੇਟੀ ਦੇ ਇਕ ਹੋਰ ਸਾਬਕਾ ਪ੍ਰਧਾਨ ਨੇ ਖੋਲ੍ਹੇ ਡੇਰੇ ਦੀ ਮੁਆਫੀ ਦੇ ਰਾਜ

ਮੱਕੜ ਤੋਂ ਬਾਅਦ ਸ੍ਰੋਮਣੀ ਕਮੇਟੀ ਦੇ ਇਕ ਹੋਰ ਸਾਬਕਾ ਪ੍ਰਧਾਨ ਨੇ ਖੋਲ੍ਹੇ ਡੇਰੇ ਦੀ ਮੁਆਫੀ ਦੇ ਰਾਜ

ਮੱਕੜ ਤੋਂ ਬਾਅਦ ਸ੍ਰੋਮਣੀ ਕਮੇਟੀ ਦੇ ਇਕ ਹੋਰ ਸਾਬਕਾ ਪ੍ਰਧਾਨ ਨੇ
ਖੋਲ੍ਹੇ ਡੇਰੇ ਦੀ ਮੁਆਫੀ ਦੇ ਰਾਜ

ਚੰਡੀਗੜ੍ਹ : ਬੇਅਦਬੀ ਮਾਮਲਿਆਂ ‘ਤੇ ਰਿਪੋਰਟ ਤੋਂ ਬਾਅਦ ਪੰਜਾਬ ਅਸੰਬਲੀ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਹੈ ਕਿ ਅਵਤਾਰ ਸਿੰਘ ਮੱਕੜ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤ੍ਰ ਸੁਖਦੇਵ ਸਿੰਘ ਭੌਰ ਦੇ ਖੁਲਾਸਿਆਂ ਤੋਂ ਪਿੱਛੋਂ ਇਹ ਗੱਲ ਹੁਣ ਬਿਲਕੁਲ ਸਪੱਸ਼ਟ ਹੋ ਗਈ ਹੈ ਕਿ ਡੇਰਾ ਸਿਰਸਾ ਵਾਲੇ ਸਾਧ, ਰਾਮ ਰਹੀਮ ਨੂੰ, ਸ੍ਰੀ ਅਕਾਲ ਤਖਤ ਵੱਲੋਂ ਮੁਆਫੀ ਦੇਣ ਲਈ, ਸਾਰੇ ਦਾ ਸਾਰਾ ਛੜਯੰਤਰ , ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੀ ਰਚਿਆ ਸੀ। ਉਨ੍ਹਾਂ ਆਖਿਆ ਕਿ ਮੁਆਫੀਨਾਮਾ ਦੇਣ ਪਿੱਛੇ ਸਿਰਸਾ ਡੇਰੇ ਵਾਲੇ ਰਾਮ ਰਹੀਮ ਦੀ ਫਿਲਮ ਪੰਜਾਬ ਵਿੱਚ ਰਿਲੀਜ਼ ਕਰਨਾ ਹੀ ਇੱਕ ਮਕਸਦ ਸੀ ਜਿਸ ਲਈ 100 ਕਰੋੜ ਰੁਪਏ ਦਾ ਸੌਦਾ ਸੁਖਬੀਰ ਸਿੰਘ ਬਾਦਲ ਅਤੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦਰਮਿਆਨ ਤੈਅ ਹੋਇਆ ਸੀ, ਜਿਸ ਦਾ ਜ਼ਿਕਰ ਪਹਿਲਾਂ ਅਖਬਾਰਾਂ ਵਿੱਚ ਵੀ ਆ ਚੁੱਕਾ ਹੈ ਅਤੇ ਇਸ ਸਬੰਧ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਵੀ ਇੱਕ ਹਵਾਲਾ ਮੌਜੂਦ ਹੈ। ਬੀਰ ਦਵਿੰਦਰ ਨੇ ਕਿਹਾ ਕਿ ਸਿੱਖ ਸੰਗਤ ਚਾਹੁੰਦੀ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇੱਕ ਹੋਰ ਸਾਬਕਾ ਪ੍ਰਧਾਨ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ ਵੀ ਸਿੱਖ ਸੰਗਤਾਂ ਦੇ ਸਨਮੁੱਖ ਹੋ ਕੇ ਪਾਰਦਰਸ਼ਤਾ ਨਾਲ ਇਹ ਗੱਲ ਖੁਲ੍ਹ ਕੇ ਦੱਸਣ ਕਿ ਉਨ੍ਹਾਂ ਦੇ ਕਾਰਜਕਾਲ ਵਿੱਚ ਗਿਆਨੀ ਗੁਰਮੁਖ ਸਿੰਘ ਦੀ, ਤਖਤ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਬਰਖਾਸਤੀ ਦੇ ਪਿੱਛੇ ਕਿਹੜੇ ਰਾਜਨੀਤਕ ਦਬਾਓ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੇ ਕਿਸ ਦੇ ਆਖਿਆਂ ਇਹ ਫੈਸਲਾ ਲਿਆ ਸੀ, ਇਹ ਸਾਰੇ ਰਾਜ਼ ਹੁਣ, ਪੰਥ-ਖਾਲਸਾ ਦੇ ਵਡੇਰੇ ਹਿੱਤਾਂ ਵਿੱਚ ਜੱਗ-ਜ਼ਾਹਰ ਕਰਨੇ ਬਣਦੇ ਹਨ। ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਸੰਗਤ ਦੇ ਰੋਹ ਅੱਗੇ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਆਪ ਹੀ ਅਸਤੀਫੇ ਦੇ ਕੇ ਸਵੈ ਮੁਕਤ ਹੋ ਜਾਣਾ ਚਾਹੀਦਾ ਹੈ ਤਾਂ ਕਿ ਸਮੁੱਚਾ ਸਿੱਖ ਪੰਥ ਬਾਦਲ-ਪਰਿਵਾਰ-ਰਹਿਤ ਸਿੱਖ ਰਾਜਨੀਤੀ ਲਈ ਕੋਈ ਨਵੀਂ ਕਤਾਰਬੰਦੀ ਕਰ ਸਕੇ ਜੋ ਇਸ ਮੁਸ਼ਕਿਲ ਹਾਲਾਤ ਵਿੱਚ ਸਿੱਖ ਕੌਮ ਦੀ ਰਾਹਨੁਮਾਈ ਕਰ ਸਕੇ।