Copyright & copy; 2019 ਪੰਜਾਬ ਟਾਈਮਜ਼, All Right Reserved
ਅਮਰੀਕਾ ‘ਚ 125 ਏਕੜ ‘ਚ ਬਣ ਰਹੀ ਖਾਲਸਾ ਯੂਨੀਵਰਸਿਟੀ ਦਾ ਉਦਘਾਟਨ ਅਤੇ ਕਾਨਫਰੰਸ

ਅਮਰੀਕਾ ‘ਚ 125 ਏਕੜ ‘ਚ ਬਣ ਰਹੀ ਖਾਲਸਾ ਯੂਨੀਵਰਸਿਟੀ ਦਾ ਉਦਘਾਟਨ ਅਤੇ ਕਾਨਫਰੰਸ

ਬੇਲਿੰਗਹੈਮ : ਵਾਸ਼ਿੰਗਟਨ ਸਟੇਟ ਵਿਚ ਸਿਆਟਲ ਤੋਂ 100 ਮੀਲ ਦੂਰ ਅਤੇ ਵੈਨਕੂਵਰ (ਕੈਨੇਡਾ) ਸਰਹੱਦ ਤੋਂ 15 ਮੀਲ ਦੂਰ ਖ਼ਾਲਸਾ ਯੂਨੀਵਰਸਿਟੀ ਬੈਲਗਹਿੰਮ ਖੋਲ੍ਹਣ ਲਈ ਕਾਨਫ਼ਰੰਸ ਤੇ ਅਰਦਾਸ ਸਮਾਗਮ ਕੀਤਾ ਗਿਆ, ਜਿੱਥੇ 125 ਏਕੜ ਜ਼ਮੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂਅ ‘ਤੇ ਖ਼ਰੀਦੀ ਗਈ ਅਤੇ ਕਮਿਊਨਿਟੀ ਕਾਲਜ ਦੀ ਇਮਾਰਤ ਲਈ ਗਈ ਹੈ। ਜਥੇਦਾਰ ਜਸਵਿੰਦਰ ਸਿੰਘ, ਜਥੇਦਾਰ ਗਿਆਨੀ ਰਘਬੀਰ ਸਿੰਘ, ਗਿਆਨੀ ਸੁਖਜਿੰਦਰ ਸਿੰਘ, ਗਿਆਨੀ ਰਣਜੀਤ ਸਿੰਘ, ਮਨਜੀਤ ਸਿੰਘ ਰਜਿਸਟਰਾਰ, ਡਾ: ਗੁਰਨਾਮ ਸਿੰਘ ਤੇ ਡਾ: ਅੰਮ੍ਰਿਤਪਾਲ ਕੌਰ ਡਾਇਰੈਕਟਰ ਕਾਨਫ਼ਰੰਸ, ਡਾ. ਗੁਰਵਿੰਦਰ ਸਿੰਘ, ਡਾ. ਆਸ਼ੋਕ ਖੁਰਾਣਾ, ਡਾ. ਬਿੱਲ ਨਿੱਝਰ, ਲਈ ਵਿਸ਼ੇਸ਼ ਤੌਰ ‘ਤੇ ਬੁਲਾਇਆ ਗਿਆ। ਖ਼ਾਲਸਾ ਯੂਨੀਵਰਸਿਟੀ ਦੇ ਸ਼ੁੱਭ-ਆਰੰਭ ਲਈ ਅਰਦਾਸ ਕੀਤੀ ਗਈ ਅਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਿਆਟਲ ਤੋਂ ਸਤਪਾਲ ਪੂਰੇਵਾਲ, ਹਰਸ਼ਿੰਦਰ ਸਿੰਘ ਸੰਧੂ, ਹੀਰਾ ਸਿੰਘ ਭੁੱਲਰ ਅਤੇ ਵਾਟਕੌਮ ਕਾਊਂਟੀ ਕੌਂਸਲਰ ਸਤਪਾਲ ਸਿੱਧੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਡਾਇਰੈਕਟਰ ਮਨਜੀਤ ਸਿੰਘ ਧਾਲੀਵਾਲ ਨੇ ਖਾਲਸਾ ਯੂਨੀਵਰਸਿਟੀ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਬੋਲਦਿਆਂ ਕਿਹਾ ਇਹ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਲਈ ਬਹੁਤ ਹੀ ਮਾਣ ਵਾਲਾ ਦਿਨ ਹੈ ਕਿਉਂਕਿ ਇਹ ਬੇਲਿੰਗਹੈਮ ਵਿਚ ਪਹਿਲੀ ਖਾਲਾਸਾ ਯੂਨੀਵਰਸਿਟੀ ਸਥਾਪਤ ਹੋਣ ਜਾ ਰਹੀ ਹੈ। ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਅਤੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਗਟ ਦਿਹਾੜੇ ‘ਤੇ ‘ਖ਼ਾਲਸਾ ਯੂਨੀਵਰਸਿਟੀ’ ਦਾ ਅਰਦਾਸ ਸਮਾਗਮ ਬੜੇ ਸ਼ਾਨਦਾਰ ਅਤੇ ਉਤਸ਼ਾਹ ਭਰਪੂਰ ਮਾਹੌਲ ਵਿੱਚ ਹੋਇਆ।
ਉਪਰੰਤ ‘ਗੁਰੂ ਨਾਨਕ ਬਾਣੀ ਗਲੋਬਲ : ਪਰਿਪੇਖ’ ਵਿਸ਼ੇ ‘ਤੇ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ। ਬੜੀਆਂ ਮਹੱਤਵਪੂਰਨ ਵਿਚਾਰਾਂ ਹੋਈਆਂ। ਵੱਖ- ਵੱਖ ਇਲਾਕਿਆਂ ਤੋਂ ਵਿਦਵਾਨ ਸ਼ਾਮਲ ਹੋਏ। ”ਗੁਰੂ ਨਾਨਕ ਦਰਸ਼ਨ: ਰਬਾਬ ਤੋਂ ਨਗਾਰੇ ਤੱਕ” ਪੁਸਤਕ ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਅਤੇ ਪੰਜਾਬੀ ਸਹਿਤ ਸਭਾ ਸਿਆਟਲ ਵਾਲੇ ਸਤਿਕਾਰਤ ਵਿਦਵਾਨਾਂ ਨੂੰ ਭੇਟ ਕਰਨ ਦਾ ਮੌਕਾ ਮਿਲਿਆ। ਮੁੱਖ ਪ੍ਰਬੰਧਕ ਸ. ਮਨਜੀਤ ਸਿੰਘ ਧਾਲੀਵਾਲ ਅਤੇ ਸਮੂਹ ਵਲੰਟੀਅਰਾਂ ਦਾ ਵਧੀਆ ਉਪਰਾਲੇ ਲਈ ਧੰਨਵਾਦ। ਖਾਲਸਾ ਯੂਨੀਵਰਸਿਟੀ ਦਾ ਆਰੰਭ ਵਡੇਰੇ ਅਦਾਰੇ ਵਜੋਂ ਹੋਇਆ ਹੈ। ਇਹ ਸੌ ਏਕੜਾਂ ਦੇ ਖੁੱਲ੍ਹੇ- ਡੁੱਲੇ ਅਤੇ ਬਿਹਤਰੀਨ ਏਰੀਏ ਚ ਸਥਿਤ ਹੈ, ਜਿੱਥੇ ਖੁੱਲ੍ਹੀਆਂ ਗਰਾਊਂਡਾਂ, ਹਾਲ ਕਮਰੇ ਅਤੇ ਵਧੀਆ ਪ੍ਰਬੰਧ ਕਰਨ ਦਾ ਪ੍ਰਬੰਧਕਾਂ ਨੇ ਉਪਰਲਾ ਕੀਤਾ ਹੈ।
ਕੋਈ ਸਮਾਂ ਸੀ ਜਦੋਂ ਗੁਰਦੁਆਰਿਆਂ ਅੰਦਰ ਵਿਦਿਆਲੇ ਖੋਲ੍ਹੇ ਜਾਂਦੇ ਸਨ, ਅੱਜ ਵਿਦਿਆਲਿਆਂ ਦੀ ਲੋੜ ਹੈ, ਜਿੱਥੇ ਗੁਰਮਤ ਸਿਧਾਂਤ ਦਾ ਪ੍ਰਚਾਰ ਹੋਵੇ। ਉਮੀਦ ਹੈ ਕਿ ਇਹ ਉਪਰਾਲਾ ਇਤਿਹਾਸਕ ਹੋਵੇਗਾ ਅਤੇ ਸੰਤ ਬਾਬਾ ਤੇਜਾ ਸਿੰਘ ਦਾ ਸੌ ਸਾਲ ਪਹਿਲਾਂ ਕੈਨੇਡਾ ਵਿੱਚ ਸਿੱਖ ਯੂਨੀਵਰਸਿਟੀ ਖੋਲ੍ਹਣ ਦਾ ਲਿਆ ਗਿਆ ਸੁਪਨਾ ਵੀ ਜਲਦੀ ਸਾਕਾਰ ਕਰਨ ਦਾ ਕੇਂਦਰ ਬਣੇਗਾ!