Copyright & copy; 2019 ਪੰਜਾਬ ਟਾਈਮਜ਼, All Right Reserved
ਐਨ.ਡੀ.ਪੀ. ਦੇਵੇਗੀ ਚੰਗੇ ਉਮੀਦਵਾਰਾਂ ਨੂੰ ਮੌਕਾ : ਜਗਮੀਤ ਸਿੰਘ

ਐਨ.ਡੀ.ਪੀ. ਦੇਵੇਗੀ ਚੰਗੇ ਉਮੀਦਵਾਰਾਂ ਨੂੰ ਮੌਕਾ : ਜਗਮੀਤ ਸਿੰਘ

ਵੈਨਕੂਵਰ : ਫੈਡਰਲ ਚੋਣਾਂ ਵਿੱਚ ਬਹੁਤ ਘੱਟ ਸਮਾਂ ਰਹਿ ਗਿਆ ਹੈ ਅਤੇ ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਐਨਡੀਪੀ ਚੰਗੇ ਉਮੀਦਵਾਰਾਂ ਦੀ ਭਾਲ ‘ਚ ਹੈ। ਹੁਣ ਸਸਕੈਚਵਨ ਵਿੱਚ ਵੀ 14 ‘ਚੋਂ ਸਿਰਫ਼ 6 ਸੀਟਾਂ ‘ਤੇ ਹੀ ਐਨਡੀਪੀ ਨੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ, ਜਦਕਿ ਦੂਜੀਆਂ ਵੱਡੀਆਂ ਪਾਰਟੀਆਂ ਨੇ ਇੱਥੋਂ ਦੀਆਂ ਸਾਰੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਨਾਮਜ਼ਦ ਕਰ ਦਿੱਤੇ ਹਨ। ਉਮੀਦਵਾਰਾਂ ਦੀ ਘਾਟ ਨੂੰ ਲੈ ਕੇ ਐਨਡੀਪੀ ਨੇਤਾ ਜਗਮੀਤ ਸਿੰਘ ਨੇ ਕਿਹਾ ਹੈ ਕਿ ਉਨਾਂ ਨੂੰ ਇਸ ਬਾਰੇ ਕੋਈ ਚਿੰਤਾ ਨਹੀਂ ਹੈ।
ਦੱਸ ਦੇਈਏ ਕਿ ਸਸਕੈਚਵਨ ਵਿੱਚ ਕੁੱਲ 14 ਚੋਣ ਹਲਕੇ ਹਨ, ਜਿਨਾਂ ਵਿੱਚੋਂ ਐਨਡੀਪੀ ਨੇ 6 ਸੀਟਾਂ ‘ਤੇ ਆਪਣੇ ਉਮੀਦਵਾਰ ਖੜੇ ਕੀਤੇ ਹਨ, ਪਰ ਦੂਜੀਆਂ ਪਾਰਟੀਆਂ ਕੰਜ਼ਰਵੇਟਿਵ ਅਤੇ ਪੀਪਲਜ਼ ਪਾਰਟੀ ਆਫ਼ ਕੈਨੇਡਾ ਨੇ 14 ਦੀਆਂ 14 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਗਰੀਨ ਪਾਰਟੀ ਨੇ ਇੱਥੋਂ 12 ਸੀਟਾਂ ‘ਤੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਹਨ। ਇਸ ਮਾਮਲੇ ਵਿੱਚ ਕੈਨੇਡਾ ਦੀ ਵੱਡੀ ਸਿਆਸੀ ਪਾਰਟੀ ਲਿਬਰਲ ਦੂਜੀਆਂ ਪਾਰਟੀਆਂ ਨਾਲੋਂ ਪਿੱਛੇ, ਪਰ ਐਨਡੀਪੀ ਨਾਲੋਂ ਥੋੜਾ ਅੱਗੇ ਹੈ। ਲਿਬਰਲ ਪਾਰਟੀ ਨੂੰ ਸਸਕੈਚਵਨ ਵਿੱਚ 14 ਵਿੱਚੋਂ 9 ਸੀਟਾਂ ‘ਤੇ ਹੀ ਉਮੀਦਵਾਰ ਮਿਲੇ ਹਨ।
ਐਨਡੀਪੀ ਦੀ ਸੂਬਾਈ ਸੈਕਟਰੀ ਜੌਨ ਤੁਪਾ ਨੇ ਕਿਹਾ ਹੈ ਕਿ ਅਸੀਂ ਸਸਕੈਚਵਨ ਵਿੱਚ ਵੱਡੀ ਜਿੱਤ ਹਾਸਲ ਕਰਾਂਗੇ, ਕਿਉਂਕਿ ਇੱਥੋਂ ਦੇ ਲੋਕ ਸਾਡਾ ਪੂਰਾ ਸਾਥ ਰਹੇ ਹਨ। ਉਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਗਲੇ ਹਫ਼ਤੇ ਤੱਕ ਸਸਕੈਚਵਨ ਦੀਆਂ ਸਾਰੀਆਂ ਸੀਟਾਂ ‘ਤੇ ਉਮੀਦਵਾਰ ਨਾਮਜ਼ਦ ਹੋ ਜਾਣਗੇ।