Copyright © 2019 - ਪੰਜਾਬੀ ਹੇਰਿਟੇਜ
ਅਮਰੀਕੀ ਸੰਸਦ ਮੈਂਬਰ ਨੇ ਗੂਗਲ ‘ਤੇ ਕੀਤਾ 344 ਕਰੋੜ ਦਾ ਕੇਸ

ਅਮਰੀਕੀ ਸੰਸਦ ਮੈਂਬਰ ਨੇ ਗੂਗਲ ‘ਤੇ ਕੀਤਾ 344 ਕਰੋੜ ਦਾ ਕੇਸ

ਵਾਸ਼ਿੰਗਟਨ : ਅਮਰੀਕਾ ਦੀ ਡੈਮੋਕਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਮਜਬੂਤ ਦਾਅਵੇਦਾਰ ਅਤੇ ਪਹਿਲੀ ਮਹਿਲਾ ਹਿੰਦੂ ਸੰਸਦ ਤੁਲਸੀ ਗਬਾਰਡ ਨੇ ਸੂਚਨਾ-ਤਕਨੀਕ ਖੇਤਰ ਦੀ ਦਿੱਗਜ ਕੰਪਨੀ ਗੂਗਲ ਵਿਰੁੱਧ ਘੱਟੋ ਘੱਟ ਪੰਜ ਕਰੋੜ ਡਾਲਰ (344 ਕਰੋੜ ਰੁਪਏ) ਦਾ ਮੁਕੱਦਮਾ ਦਰਜ ਕਰਵਾਇਆ ਹੈ।ਤੁਲਸੀ ਦਾ ਇਲਜ਼ਾਮ ਹੈ ਕਿ 2020 ਦੇ ਉਹਨਾਂ ਦੀ ਰਾਸ਼ਟਰਪਤੀ ਚੋਣ ਪ੍ਰਚਾਰ ਮੁਹਿੰਮ ਦੇ ਨਾਲ ਗੂਗਲ ਨੇ ਭੇਦਭਾਵ ਕੀਤਾ ਅਤੇ ਉਹਨਾਂ ਦੀ ਬੋਲਣ ਦੀ ਅਜ਼ਾਦੀ ਵਿਚ ਰੁਕਾਵਟ ਪੈਦਾ ਕੀਤੀ। 38 ਸਾਲਾ ਗਬਾਰਡ ਨੇ ਲਾਸ ਏਂਜਲਸ ਦੀ ਇਕ ਫੈਡਰਲ ਕੋਰਟ ਵਿਚ ਦਰਜ ਮੁਕੱਦਮੇ ‘ਚ ਕਿਹਾ ਕਿ ਜੂਨ ਵਿਚ ਪਹਿਲੀ ਬਹਿਸ ਤੋਂ ਬਾਅਦ ਗੂਗਲ ਨੇ ਉਹਨਾਂ ਦੇ ਵਿਗਿਆਪਨ ਖਾਤੇ ਨੂੰ ਥੋੜੇ ਸਮੇਂ ਲਈ ਮੁਅੱਤਲ ਕਰ ਕੇ ਉਹਨਾਂ ਦੀ ਬੋਲਣ ਦੀ ਅਜ਼ਾਦੀ ‘ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਅਮਰੀਕੀ ਸੂਬੇ ਹਵਾਈ ਦੀ ਸੰਸਦ ਤੁਲਸੀ ਗਬਾਰਡ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰ ਰਹੀ ਹੈ।
ਤੁਲਸੀ ਨੇ ਚਿੱਠੀ ਵਿਚ ਦੱਸਿਆ ਕਿ ਗੂਗਲ ਦੇ ਅਜਿਹਾ ਕਰਨ ਨਾਲ ਉਹਨਾਂ ਦਾ ਚੋਣ ਪ੍ਰਚਾਰ ਪ੍ਰਭਾਵਿਤ ਹੋਇਆ ਹੈ। ਉਹਨਾਂ ਕਿਹਾ ਕਿ ਕੰਪਨੀ ਅਪਣੀ ਸਮਰੱਥਾ ਦੀ ਵਰਤੋਂ ਸਿਆਸੀ ਮਤਭੇਦ ਲਈ ਕਰ ਰਹੀ ਹੈ ਅਤੇ ਇਹ 2020 ਦੀਆਂ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ।
ਗੂਗਲ ਦੀ ਸਫਾਈ: ਗੂਗਲ ਦੇ ਬੁਲਾਰੇ ਜੋਸ ਕਾਸਟਾਨੇਡਾ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਕੰਪਨੀ ਦੇ ਅਡਵਾਈਜ਼ਰ ਸਿਸਟਮ ਵਿਚ ਇਹ ਸਾਫ ਹੋ ਰਿਹਾ ਹੈ ਕਿ ਤੁਲਸੀ ਗਬਾਡਰ ਦੇ ਮਾਮਲੇ ਵਿਚ ਕੋਈ ਧੋਖਾਧੜੀ ਨਹੀਂ ਹੋਈ।