Copyright & copy; 2019 ਪੰਜਾਬ ਟਾਈਮਜ਼, All Right Reserved
ਦਰਦ ਕਿਸਾਨੀ

ਦਰਦ ਕਿਸਾਨੀ

ਸਭ ਦਾ ਢਿੱਡ ਭਰਨ ਵਾਲੇ, ਅੱਜ ਤੇਰਾ ਹੈ ਖਾਲੀ;
ਦੁਨੀਆ ਦੇ ਅੰਨਦਾਤੇ, ਕਿਉਂ ਹੋਈ ਐਨੀ ਬਦਹਾਲੀ?

ਧਰਤੀ ਦੇ ਸੀਨੇ ‘ਚੋਂ ਹੱਲ ਲੱਭਦਾ, ਉਸੇ ਦੀ ਉਲਝੀ ਤਾਣੀ;
ਸੜਕਾਂ ‘ਤੇ ਹੈ ਨਿੱਤਰਿਆ, ਜਦ ਸਿਰੋਂ ਲੰਘਿਆ ਪਾਣੀ।

ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਦੇ, ਮੁੱਲ ਜਦ ਨਾ ਮੁੜਦੇ;
ਆਸਾਂ ਉਮੀਦਾਂ ਸੱਧਰਾਂ ਸੁਪਨੇ, ਦਿਸਦੇ ਨੇ ਫਿਰ ਰੁਲਦੇ;

ਸਪਰੇਆਂ ਪੀ ਕੇ ਕਰ ਲੈਂਦਾ, ਜ਼ਿੰਦਗੀ ਦੀ ਖ਼ਤਮ ਕਹਾਣੀ;
ਸੜਕਾਂ ‘ਤੇ ਹੈ ਨਿੱਤਰਿਆ, ਜਦ ਸਿਰੋਂ ਲੰਘਿਆ ਪਾਣੀ।

ਵਾਂਗ ਬਲਦਾਂ ਵਹਾਏ ਪਸੀਨਾ, ਮੁੱਲ ਕੋਈ ਨਾ ਪਾਵੇ;
ਸ਼ਾਹੂਕਾਰਾਂ, ਆੜ੍ਹਤੀਆਂ ਦੇ ਕਰਜ਼ੇ ਦੱਸੋ ਕਿੱਦਾਂ ਲਾਹਵੇ?

ਕਿੱਥੇ ਲਾਵੇ ਅਰਜ਼ ਗੁਹਾਰ, ਕਿਸਨੂੰ ਸੁਣਾਵੇ ਕਹਾਣੀ?
ਸੜਕਾਂ ‘ਤੇ ਹੈ ਨਿੱਤਰਿਆ, ਜਦ ਸਿਰੋਂ ਲੰਘਿਆ ਪਾਣੀ।

ਡੁੱਬਿਆ ਝੋਨਾ, ਖਾਧਾ ਨਰਮਾ, ਪੱਕੀ ਕਣਕ ਰੁਲੇ;
ਸੇਕੇ ਪੋਹ, ਤਪੇ ਵਿਚ ਹਾੜ, ਕਿਸਾਨੀ ਨਾ ਤੁਲੇ;

ਕਿਉਂ ਸਰਕਾਰੇ ਰੋਲ਼ ਰਹੀ, ਕੀਤੀ ਮਿਹਨਤ ਲਾਸਾਨੀ?
ਸੜਕਾਂ ‘ਤੇ ਹੈ ਨਿੱਤਰਿਆ, ਜਦ ਸਿਰੋਂ ਲੰਘਿਆ ਪਾਣੀ।
ਲੇਖਕ : ਮਨਦੀਪ ਪਾਲ ਕੌਰ, ਸੰਪਰਕ : 94631-92156