Copyright & copy; 2019 ਪੰਜਾਬ ਟਾਈਮਜ਼, All Right Reserved
ਖੇਤਾਂ ਦੇ ਪੁੱਤ

ਖੇਤਾਂ ਦੇ ਪੁੱਤ

ਛਿੜ ਜਦ ਪੁੱਠੇ ਰਾਗ ਪਏ ਨੇ।
ਖੇਤਾਂ ਦੇ ਪੁੱਤ ਜਾਗ ਪਏ ਨੇ।

ਸਾਡੀਆਂ ਫ਼ਸਲਾਂ ਵੱਲ ਕੀ ਵੇਹਨੈਂ?
ਦੀਂਹਦੇ ਤੇਰੇ ਬਾਗ਼ ਪਏ ਨੇ।

ਤੂੰ ਫੱਟ ਲਾ ਕੇ ਭੁੱਲ ਕਿਓਂ ਜਾਨੈਂ?
ਸਾਡੇ ਪਿੰਡੇ ਦਾਗ ਪਏ ਨੇ।

ਗੰਨੇ ਗੰਨੇ ਚੁੱਕ ਲਿਜਾਨੈਂ,
ਫੂਕ ਦਿਆਂਗੇ, ਆਗ ਪਏ ਨੇ।

ਸਾਡੇ ਦਿਲ ਵਿੱਚ ਰਿਝਦੀਆਂ ਰੀਝਾਂ,
ਤੇਰੇ ਰਿਝਦੇ ਸਾਗ ਪਏ ਨੇ।

ਗਲ਼ ਫੁੱਲਾਂ ਦੇ ਹਾਰ ਨਾ ਸਮਝੀਂ,
ਸਮਝ ਲਵੀਂ ਕਿ ਨਾਗ ਪਏ ਨੇ।

ਖੇਤਾਂ ਦੇ ਵਿੱਚ ਫ਼ਸਲ ਨਹੀਂ ਬੀਜੀ,
ਬੀਜੇ ਸਾਡੇ ਭਾਗ ਪਏ ਨੇ।

ਬਾਜਾਂ ਵਾਂਗੂੰ ਝਪਟ ਪੈਣਗੇ,
ਜੋ ਕੁਰਲਾਉਂਦੇ ਕਾਗ ਪਏ ਨੇ।

ਲਾਗ ਨਹੀਂ ਲੈਣਾ, ਕੀਮਤ ਲੈਣੀ,
ਆਹ ਚੁੱਕ ਤੇਰੇ ਲਾਗ ਪਏ ਨੇ।

ਆਖ ‘ਟਿਵਾਣੇ’, ਸੁਣ ਜਰਵਾਣੇ,
ਦਿਲ ਦੇ ਵਿੱਚ ਵੈਰਾਗ ਪਏ ਨੇ।

ਮਨਪ੍ਰੀਤ ਟਿਵਾਣਾ, ਸੰਪਰਕ: 98767-42435