Copyright & copy; 2019 ਪੰਜਾਬ ਟਾਈਮਜ਼, All Right Reserved
ਅਜਗਰੀ ਤਹਿਜ਼ੀਬ : ਇਤਿਹਾਸ ਤੇ ਅਸਲੀਅਤ…

ਅਜਗਰੀ ਤਹਿਜ਼ੀਬ : ਇਤਿਹਾਸ ਤੇ ਅਸਲੀਅਤ…

ਢਾਈ ਦਹਾਕੇ ਪਹਿਲਾਂ ਤਕ ਪੱਛਮ ਲਈ ਸੋਵੀਅਤ ਸੰਘ ਦੁਸ਼ਟ ਸਾਮਰਾਜ ਹੋਇਆ ਕਰਦਾ ਸੀ। ਅੱਜ ਇਹ ਮੁਕਾਮ ਚੀਨ ਦਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਚੀਨ ਸਾਰੇ ਧਨਾਢ ਪੱਛਮੀ ਮੁਲਕਾਂ ਲਈ ਖ਼ਤਰਨਾਕ ਖ਼ਲਨਾਇਕ ਬਣ ਚੁੱਕਾ ਹੈ। ਲਿਹਾਜ਼ਾ, ਇਸ ਮੁਲਕ ਬਾਰੇ ਜੋ ਕਿਤਾਬਾਂ ਆ ਰਹੀਆਂ ਹਨ,ਈਉਹ ਵੀ ਉਪਰੋਕਤ ਅਕਸ ਨੂੰ ਪਕੇਰਾ ਕਰਨ ਵਾਲੀਆਂ ਹਨ। ਇਸ ਰੁਝਾਨ ਤੋਂ ਉਲਟ ਮਾਈਕਲ ਵੁੱਡ ਦੀ ਕਿਤਾਬ ‘ਦਿ ਸਟੋਰੀ ਆਫ ਚਾਈਨਾ: ਏ ਪੋਰਟਰੇਟ ਆਫ ਏ ਸਿਵਿਲਾਈਜ਼ੇਸ਼ਨ ਐਂਡ ਇੱਟਸ ਪੀਪਲ’ (ਸਾਈਮਨ ਐਂਡ ਸ਼ੁਸਟਰ; 624 ਪੰਨੇ; 899 ਰੁਪਏ) ਚੀਨ ਤੇ ਇਸ ਦੇ ਲੋਕਾਂ ਦੇ ਮੌਜੂਦਾ ਸੁਭਾਅ ਤੇ ਕਾਰ-ਵਿਹਾਰ ਨੂੰ ਇਸ ਮੁਲਕ ਦੇ ਇਤਿਹਾਸ ਦੇ ਪ੍ਰਸੰਗ ਵਿਚ ਘੋਖਣ-ਪੜਚੋਲਣ ਦੀ ਸੰਜੀਦਾ ਕੋਸ਼ਿਸ਼ ਹੈ। ਵੁੱਡ ਬ੍ਰਿਟਿਸ਼ ਇਤਿਹਾਸਕਾਰ, ਫਿਲਮਸਾਜ਼ ਤੇ ਪ੍ਰਸਾਰਨਕਾਰ ਹੈ। ‘ਦਿ ਸਟੋਰੀ ਆਫ ਚਾਈਨਾ’ ਦੇ ਸਿਰਲੇਖ ਹੇਠ ਇਹ ਉਸ ਦੀ ਦੂਜੀ ਕਿਤਾਬ ਹੈ। ਪਹਿਲੀ ਕਿਤਾਬ ਵਿਸ਼ਵ ਸ਼ਕਤੀ ਬਣਨ ਦੇ ਚੀਨੀ ਸੁਫ਼ਨੇ ਅਤੇ ਇਸ ਦੀ ਸਾਕਾਰਤਾ ਬਾਰੇ ਸੀ। ਵੁੱਡ ਨੂੰ ਏਸ਼ਿਆਈ ਮੁਲਕਾਂ, ਖ਼ਾਸ ਤੌਰ ‘ਤੇ ਭਾਰਤ ਦੇ ਇਤਿਹਾਸ ਨਾਲ ਮੋਹ ਹੈ। ਉਸ ਦੀਆਂ ਧੀਆਂ ਦੇ ਨਾਮ- ਮੀਨਾਕਸ਼ੀ ਤੇ ਜਿਓਤੀ ਇਸੇ ਮੋਹ ਦੀ ਪੈਦਾਇਸ਼ ਹਨ। ਅਕਾਦਮਿਕ ਤੀਖਣਤਾ ਦੇ ਬਾਵਜੂਦ ਉਸ ਦੀਆਂ ਲੇਖਣੀਆਂ ਰੌਚਿਕਤਾ ਨਾਲ ਭਰਪੂਰ ਹਨ। ਉਹ ਪੰਡਿਤਾਈ ਨਹੀਂ ਝਾੜਦਾ। ਗਿਆਨ ਪਰਵਾਹ ਲਈ ਸਰਲ ਤੇ ਸੁਹਜਮਈ ਭਾਸ਼ਾ ਵਰਤਦਾ ਹੈ। ਉਸ ਦੀ ਨਵੀਂ ਕਿਤਾਬ ਵੀ ਇਸੇ ਖ਼ੂਬੀ ਨਾਲ ਲੈਸ ਹੈ। ਕਿਤਾਬ ਇਕ ਪਾਸੇ ਚੀਨੀ ਸਭਿਅਤਾ ਦੇ ਮੁੱਢ ਅਤੇ ਇਸ ਵਿਚ ਸਮੇਂ ਦੇ ਨਾਲ ਨਾਲ ਆਈਆਂ ਤਬਦੀਲੀਆਂ ਦਾ ਅਧਿਐਨ ਪੇਸ਼ ਕਰਦੀ ਹੈ, ਦੂਜੇ ਪਾਸੇ ਇਹ ਇਨ੍ਹਾਂਈਤਬਦੀਲੀਆਂ ਦੇ ਉਨ੍ਹਾਂ ਪ੍ਰਭਾਵਾਂ ਦੀ ਨਿਸ਼ਾਨਦੇਹੀ ਵੀ ਕਰਦੀ ਹੈ ਜੋ ਆਧੁਨਿਕ ਚੀਨ ਦੀ ਰਾਜਸੀ-ਆਰਥਿਕ-ਸਮਾਜਿਕ ਬਣਤਰ ਅਤੇ ਚੀਨੀ ਵਸੋਂ ਦੀ ਮਨੋਬਣਤਰ ਦਾ ਹਿੱਸਾ ਹਨ। ਜ਼ਰਦ ਦਰਿਆ (ਯੈਲੋ ਰਿਵਰ) ਦੇ ਆਸ-ਪਾਸ ਦਾ ਇਲਾਕਾ ਸਦੀਆਂ ਤੋਂ ਚੀਨੀ ਸਭਿਅਤਾ ਤੇ ਸਭਿਆਚਾਰ ਦਾ ਧੁਰਾ ਬਣਿਆ ਰਿਹਾ ਹੈ। ਉੱਥੇ ਹੀ ਇਹ ਸਭਿਅਤਾ ਪਨਪੀ ਅਤੇ ਉੱਥੋਂ ਹੀ ਇਸ ਦਾ ਵਿਸਥਾਰ-ਪਸਾਰ ਸ਼ੁਰੂ ਹੋਇਆ। ਇਹ ਸਭਿਅਤਾ ਓਨੀ ਹੀ ਪੁਰਾਣੀ ਹੈ ਜਿੰਨੀ ਭਾਰਤ ਜਾਂ ਮਿਸਰ ਦੀ ਸਭਿਅਤਾ। ਭਾਰਤ ਵਾਂਗ ਚੀਨ ਨੂੰ ਸਭਿਆਚਾਰਕ ਜਾਂ ਸਮਾਜਿਕ ਤੌਰ ‘ਤੇ ਇਕਜੁੱਟ ਵਿਦੇਸ਼ੀ ਮੂਲ ਦੇ ਰਾਜ ਘਰਾਣਿਆਂ ਨੇ ਕੀਤਾ। ਪਹਿਲਾਂ ਮੰਗੋਲਾਂ (ਖ਼ਾਸ ਕਰਕੇ ਕੁਬਲਾਈ ਖ਼ਾਨ) ਨੇ ਬਾਰ੍ਹਵੀਂ ਤੋਂ ਚੌਦਵੀਂ ਸਦੀ ਤਕ ਚੀਨ ਨੂੰ ਪੱਛਮ ਵਿਚ ਮੱਧ ਏਸ਼ੀਆ, ਉੱਤਰ ਵਿਚ ਸਾਇਬੇਰੀਆ, ਦੱਖਣ ਵਿਚ ਤਿੱਬਤ ਤੇ ਹਿੰਦੋਸਤਾਨ ਅਤੇ ਦੱਖਣ-ਪੂਰਬ ਵਿਚ ਬਰਮਾ ਤਕ ਫੈਲਾ ਕੇ ਇਕ ਵਿਆਪਕ ਭੂਗੋਲਿਕ ਇਕਸੁਰਤਾ ਬਖ਼ਸ਼ੀ। ਫਿਰ, ਮਾਂਚੂਆਂ ਨੇ ਕਿੰਗ (੍ਹਜਅਪ) ਰਾਜ ਘਰਾਣੇ ਦੇ ਰੂਪ ਵਿਚ 1644 ਤੋਂ ਲੈ ਕੇ 1911 ਤਕ ਚੀਨ ਦਾ ਇਹੋ ਵਿਸਥਾਰਤ ਭੂਗੋਲਿਕ ਸਰੂਪ ਬਰਕਰਾਰ ਰੱਖਿਆ। ਅਜਿਹੀ ਇਕਸੁਰਤਾ ਤੇ ਕੇਂਦਰੀਅਤਾ ਨੇ ਚੀਨ ਅੰਦਰ ਖੇਤਰੀਵਾਦ ਨੂੰ ਬਹੁਤੀ ਤਾਕਤ ਨਹੀਂ ਗ੍ਰਹਿਣ ਕਰਨ ਦਿੱਤੀ। ਪ੍ਰਾਚੀਨ ਤੇ ਮੱਧਯੁੱਗੀ ਚੀਨ ਵਿਚ ਕਾਲ਼ ਵੀ ਪੈਂਦੇ ਰਹੇ ਅਤੇ ਮਹਾਂਮਾਰੀਆਂ ਵੀ ਫੈਲਦੀਆਂ ਰਹੀਆਂ, ਪਰ ਬਾਹਰੀ ਦੁਨੀਆਂ ਨੂੰ ਇਨ੍ਹਾਂ ਦੀ ਬਹੁਤੀ ਭਿਣਕ ਨਹੀਂ ਪਈ। ਚੀਨੀਆਂ ਨੇ ਮੁਸੀਬਤਾਂ ਖ਼ੁਦ-ਬਖ਼ੁਦ ਝੱਲਣੀਆਂ ਸਿੱਖੀਆਂ ਅਤੇ ਇਨ੍ਹਾਂ ਉਪਰ ਕਾਬੂ ਪਾਉਣ ਦੇ ਢੰਗ-ਤਰੀਕੇ ਵੀ ਖ਼ੁਦ ਇਜਾਦ ਕੀਤੇ। ਇਨ੍ਹਾਂ ਢੰਗ-ਤਰੀਕਿਆਂ ਦੇ ਸੁਧਰੇ-ਨਿਖਰੇ ਰੂਪ ਅੱਜ ਵੀ ਚੀਨੀ ਵਿਕਾਸ-ਵਿਗਾਸ ਦੀ ਜਿੰਦ-ਜਾਨ ਹਨ। ਇਹ ਤੱਥ ਵੀ ਹੁਣ ਕਿਸੇ ਤੋਂ ਲੁਕਿਆ-ਛੁਪਿਆ ਨਹੀਂ ਕਿ ਇਹ ਤੌਰ-ਤਰੀਕੇ ਪੱਛਮੀ ਵਿਧੀਆਂ ਤੇ ਮੰਤਰਾਂ-ਜੰਤਰਾਂ ਤੋਂ ਕਿਸੇ ਵੀ ਤਰ੍ਹਾਂ ਊਣੇ ਨਹੀਂ। ਚੀਨ ਦੇ ਅੰਦਰ ਇਹ ਸਿਧਾਂਤ ਵੀ ਹਮੇਸ਼ਾ ਕਬੂਲਿਆ ਗਿਆ ਕਿ ਹੁਕਮਰਾਨ, ਧੁਰ ਦਰਗਾਹੋਂ ਹੁਕਮਰਾਨੀ ਦਾ ਹੁਕਮਨਾਮਾ ਲੈ ਕੇ ਆਉਂਦਾ ਹੈ। ਉਹ ਪਰਵਰਦਿਗ਼ਾਰ ਤੇ ਉਸ ਦੀ ਖ਼ਲਕਤ ਦਰਮਿਆਨ ਵਿਚੋਲਾ ਜਾਂ ਤਾਲਮੇਲਕਾਰ ਹੈ। ਲਿਹਾਜ਼ਾ, ਹੁਕਮਰਾਨ ਦੇ ਫ਼ਰਮਾਨਾਂ ਤੇ ਫੈਸਲਿਆਂ ਉਪਰ ਬਹੁਤਾ ਕਿੰਤੂ-ਪ੍ਰੰਤੂ ਨਹੀਂ ਹੋਣਾ ਚਾਹੀਦਾ। ਇਹੋ ਦਸਤੂਰ ਪਰਿਵਾਰਾਂ ਉਪਰ ਵੀ ਲਾਗੂ ਹੁੰਦਾ ਹੈ। ਉੱਥੇ ਵੀ ਵੱਡਿਆਂ ਤੇ ਵਡੇਰਿਆਂ ਦਾ ਫੈਸਲਾ ਖਿੜੇ-ਮੱਥੇ ਪ੍ਰਵਾਨ ਕੀਤਾ ਜਾਣਾ ਚਾਹੀਦਾ ਹੈ। ਚੀਨੀ ਲੋਕ ਮਾਨਸਿਕਤਾ ਅੰਦਰਲੇ ਇਸੇ ਕਣ ਦਾ ਲਾਭ ਕਾਮਰੇਡ ਮਾਓ ਅਤੇ ਉਸ ਤੋਂ ਬਾਅਦ ਵਾਲੇ ਹੁਕਮਰਾਨਾਂ ਨੂੰ ਲਗਾਤਾਰ ਹੋਇਆ ਹੈ। ਲਾਲ ਇਨਕਲਾਬ ਤੋਂ ਬਾਅਦ ਚੀਨ ਵਿਚ ਕੋਈ ਇਨਕਲਾਬ ਨਹੀਂ ਹੋਇਆ। ਉਸ ਤੋਂ ਪਹਿਲਾਂ ਵੀ 19ਵੀਂ ਜਾਂ 20ਵੀਂ ਸਦੀ ਵਿਚ ਜੋ ਜੋ ਰਾਜਸੀ ਟੁੱਟ-ਭੱਜ ਚਲਦੀ ਰਹੀ, ਉਹ ਪੱਛਮੀ ਦੇਸ਼ਾਂ ਦੀ ਦਖ਼ਲਅੰਦਾਜ਼ੀ ਦਾ ਸਿੱਟਾ ਸੀ। ਜਮਹੂਰੀ ਹਵਾਵਾਂ ਚੀਨ ਦੀਆਂ ਭੂਗੋਲਿਕ ਹੱਦਾਂ ਤੋਂ ਬਾਹਰ ਹੀ ਉੱਠਦੀਆਂ-ਝੁਲਦੀਆਂ ਰਹੀਆਂ। ਚੀਨ ਦੇ ਅੰਦਰ ਤਾਂ ਤਾਇਨਾਨਮਿਨ ਚੌਕ ਵਰਗੇ ‘ਨਿੱਕੇ ਨਿੱਕੇ’ ਬੁੱਲ੍ਹੇ ਹੀ ਉੱਠੇ। ਉਹ ਚੀਨੀ ਹੁਕਮਰਾਨੀ ਦਾ ਵਾਲ ਨਹੀਂ ਵਿੰਗਾ ਕਰ ਸਕੇ। ਕੁੱਲ ਮਿਲਾ ਕੇ ਚੀਨ ਬਾਰੇ ਬੜਾ ਗਿਆਨ ਪ੍ਰਦਾਨ ਕਰਦੀ ਹੈ ਮਾਈਕਲ ਵੁੱਡ ਦੀ ਕਿਤਾਬ। ਉਹ ਵੀ ਬੜੇ ਸਾਰਥਿਕ ਢੰਗ ਨਾਲ। ਇਹ ਨਾ ਤਾਂ ਨਾਂਹਮੁਖੀ ਤਬਸਰਾ ਹੈ ਅਤੇ ਨਾ ਹੀ ਉਸਤਤ ਗਾਥਾ। ਨਾਲ ਹੀ ਇਹ ਉਮੀਦ ਜਗਾਉਂਦੀ ਹੈ ਕਿ ਪਾਸਾਰਵਾਦੀ ਰੁਚੀਆਂ ਵਾਲੇ ਮੌਜੂਦਾ ਚੀਨੀ ਹੁਕਮਰਾਨ, ਬਾਕੀ ਦੁਨੀਆਂ ਨਾਲ ਖੁੱਲ੍ਹ ਕੇ ਨਹੀਂ ਖੇਡ ਸਕਣਗੇ। ਕਿਤਾਬ ਮੁਤਾਬਿਕ ਚੀਨੀ ਬੌਧਿਕ ਪਰੰਪਰਾ, ਇਖ਼ਲਾਕ ਦੀਆਂ ਸੀਮਾਵਾਂ ਦੇ ਬੇਕਿਰਕ ਉਲੰਘਣ ਨੂੰ ਮਾਨਤਾ ਨਹੀਂ ਦਿੰਦੀ। ਇਹ ਪੇਟ ਤੋਂ ਤੇੜਲੇ ਹਿੱਸੇ ‘ਚ ਘਸੁੰਨ ਮਾਰਨ ਦੇ ਖ਼ਿਲਾਫ਼ ਹੈ ਅਤੇ ਹੁਕਮਰਾਨਾਂ ਨੂੰ ਇਖ਼ਲਾਕ ਦੇ ਕਾਇਦਿਆਂ ਦਾ ਪਾਬੰਦ ਰਹਿਣ ਲਈ ਮਜਬੂਰ ਕਰਦੀ ਹੈ। ਮੌਜੂਦਾ ਹੁਕਮਰਾਨਾਂ ਨੂੰ ਵੀ ਸਿੱਧੇ-ਅਸਿੱਧੇ ਰੂਪ ਇਸ ਪਰੰਪਰਾ ਨਾਲ ਸਿੱਝਣਾ ਪੈ ਰਿਹਾ ਹੈ। ਉਨ੍ਹਾਂ ਨੂੰ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ ਕਿ ‘ਦੁਨੀਆਂ ਮੇਰੀ ਜੇਬ੍ਹ ਮੇਂ’ ਵਾਲੀ ਸੋਚ, ਸੁਪਨਸਾਜ਼ੀ ਤੋਂ ਵੱਧ ਹੋਰ ਕੁਝ ਨਹੀਂ।

ਸੁਰਿੰਦਰ ਸਿੰਘ ਤੇਜ