Copyright & copy; 2019 ਪੰਜਾਬ ਟਾਈਮਜ਼, All Right Reserved
ਗਿਆਨ ਖੰਡ ਮਹਿ ਗਿਆਨੁ ਪਰਚੰਡੁ

ਗਿਆਨ ਖੰਡ ਮਹਿ ਗਿਆਨੁ ਪਰਚੰਡੁ

ਵਿਗਿਆਨ ਹੋਵੇ ਜਾਂ ਫਿਲਾਸਫੀ, ਸੱਚਾਈ ਛੁਪਾਇਆਂ ਨਹੀਂ ਛੁਪਦੀ। ਜੋ ਸੱਚ ਹੈ, ਉਹ ਥਾਂ ਥਾਂ ਸਾਹਮਣੇ ਆ ਜਾਂਦਾ ਹੈ। ਜੋ ਕੁਝ ਗੁਰੂ ਸਾਹਿਬ ਨੇ ਲਿਖਿਆ, ਉੱਦਾਂ ਦੇ ਹੀ ਵਿਚਾਰ ਬਾਅਦ ਦੇ ਕਈ ਫਿਲਾਸਫਰਾਂ ਤੇ ਵਿਗਿਆਨੀਆਂ ਨੇ ਦਿੱਤੇ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਕਿਸੇ ਨੇ ਵੀ ਨਾ ਗੁਰੂ ਸਾਹਿਬ ਦੀ ਬਾਣੀ ਪੜ੍ਹੀ ਤੇ ਨਾ ਉਹ ਕਦੇ ਉਨ੍ਹਾਂ ਨੂੰ ਮਿਲੇ। ਅਜਿਹੇ ਚਿੰਤਕਾਂ ਵਿਚੋਂ ਇਕ ਕਾਰਲ ਮਾਰਕਸ ਵੀ ਹੈ। ਭਾਵੇਂ ਅਜੋਕੇ ਸਿੱਖ ਵਿਦਵਾਨ ਮਾਰਕਸ ਨੂੰ ਸਿੱਖੀ ਦਾ ਸਭ ਤੋਂ ਖਤਰਨਾਕ ਸ਼ੱਤਰੂ ਮੰਨਦੇ ਹੋਣ, ਪਰ ਫਿਲਾਸਫੀ ਦੇ ਇਤਿਹਾਸ ਨੂੰ ਦੇਖਿਆਂ ਪਤਾ ਚਲਦਾ ਹੈ ਕਿ ਗੁਰੂ ਸਾਹਿਬ ਦੇ ਵਿਚਾਰਾਂ ਨਾਲ ਸਭ ਤੋਂ ਵੱਧ ਨੇੜਤਾ ਉਸੇ ਦੀ ਸੀ। ਜੇ ਉਸ ਨੂੰ ਗੁਰੂ ਸਾਹਿਬ ਦਾ ਪਹਿਲਾ ਆਧੁਨਿਕ ਤੇ ਵਿਦੇਸ਼ੀ ਸਿੱਖ ਕਹਿ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ।
ਜੇ ਲੋੜੀਂਦੇ ਜਮਾ-ਘਟਾਉ ਕਰ ਕੇ ਇਕ ਵਿਸ਼ੇਸ਼ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਇਹ ਗੱਲ ਸਹੀ ਵੀ ਹੈ। ਉਂਜ ਗੱਲ ਇਹ ਵੀ ਸਹੀ ਹੈ ਕਿ ਅਜਿਹੀ ਸਮਾਨੰਤਰਤਾ ਨਾ ਅਜੋਕੇ ਸਿੱਖ ਵਿਦਵਾਨਾਂ ਨੂੰ ਤੇ ਨਾ ਅਖੌਤੀ ਮਾਰਕਸਵਾਦੀਆਂ ਨੂੰ ਹਜ਼ਮ ਹੋਵੇਗੀ। ਵੱਖ ਵੱਖ ਵਿਚਾਰਾਂ ਨੂੰ ਮੰਨਣ ਵਾਲੇ ਲੋਕ ਆਪਣੀਆਂ ਵਿਚਾਰਧਾਰਾਵਾਂ ਨੂੰ ਹਮੇਸ਼ਾ ਉੱਚੇ ਕਿਨਾਰਿਆਂ ਵਾਲੇ ਦਰਿਆਵਾਂ ਵਾਂਗ ਰੱਖਦੇ ਹਨ ਤਾਂ ਜੋ ਉਹ ਇਕ ਦੂਜੇ ਨਾਲ ਰਲ ਨਾ ਜਾਣ, ਚਾਹੇ ਉਨ੍ਹਾਂ ਦੇ ਸ੍ਰੋਤ, ਮੰਤਵ ਤੇ ਮੰਜ਼ਿਲ ਇਕ ਹੀ ਕਿਉਂ ਨਾ ਹੋਣ!
ਪਤਾ ਨਹੀਂ ਕਿਸ ਨੇ ਤੇ ਕਿਉਂ ਇਹ ਗੱਲ ਫੈਲਾਈ ਕਿ ਮਾਰਕਸ ਧਰਮ ਵਿਰੋਧੀ ਸੀ। ਜਿਸ ਨੇ ਇਹ ਫੈਲਾਈ ਉਸ ਨੇ ਨਾਲ ਇਹ ਵੀ ਜੋੜਿਆ ਕਿ ਉਹ ਨਿਰੋਲ ਪਦਾਰਥਵਾਦੀ ਸੀ, ਜਿਸ ਦਾ ਧਰਮ, ਫਿਲਾਸਫੀ, ਸਭਿਆਚਾਰ ਤੇ ਮਨੁੱਖੀ ਰਿਸ਼ਤਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇਸ ਤੋਂ ਵੀ ਅੱਗੇ, ਸਿੱਖ ਵਿਦਵਾਨ ਕਹਿੰਦੇ ਹਨ ਕਿ ਕਾਰਲ ਮਾਰਕਸ ਨੇ ਧਰਮ ਨੂੰ ਅਫੀਮ ਕਹਿ ਕੇ ਨਿੰਦਿਆ ਹੈ। ਜਿਸ ਨੇ ਵੀ ਇਹ ਸੁਣੀ ਭਾਵ ਜੋ ਵੀ ਇਸ ‘ਸੁਣਿਐ’ ਦੇ ਜਾਲ ਵਿਚ ਪਿਆ, ਉਸ ਨੇ ‘ਮੰਨੇ’ ਭਾਵ ਮਨਨ ਦਾ ਸਹਾਰਾ ਲੈ ਕੇ ਇਸ ਗੱਲ ਦੀ ਪੜਤਾਲ ਨਾ ਕੀਤੀ ਤੇ ਨਾ ਹੀ ਇਸ ਦਾ ਵਿਸਲੇਸ਼ਣ ਕੀਤਾ। ਸਭ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਅਧਿਆਤਮਕ ਲੋਰ ਵਿਚ ਚਲਦੇ ਉਹੋ ਗੱਲ ਦੁਹਰਾਈ ਗਏ ਤੇ ਬਿਨਾ ਵਿਚਾਰੇ ਭੰਡੀ ਪ੍ਰਚਾਰ ਕਰਦੇ ਰਹੇ।
ਇਕੋ ਇਕ ਥਾਂ ਜਿੱਥੇ ਕਾਰਲ ਮਾਰਕਸ ਨੇ ਧਰਮ ਤੇ ਅਫੀਮ ਦਾ ਜ਼ਿਕਰ ਕੀਤਾ ਹੈ, ਉਹ ਹੈ ਉਸ ਦਾ 1843 ਦਾ ਲਿਖਿਆ ਲੇਖ ਧਰਮ ਵਿਸ਼ੇ ਵਿਚ ਸੰਨ 1841 ਦਾ ਪੀਐਚ. ਡੀ. ਸੀ ਅਤੇ ਇਹ ਇਸਾਈ ਧਰਮ ‘ਤੇ ਨਹੀਂ ਸੀ। ਇਸ ਲਈ ਇਸ ਲੇਖ ਵਿਚ ਉਸ ਨੇ ਜੋ ਲਿਖਿਆ ਹੈ, ਉਹ ਪ੍ਰਮਾਣ-ਸਹਿਤ ਤੇ ਅਕਾਦਮਿਕ ਜ਼ਿੰਮੇਵਾਰੀ ਨਾਲ ਲਿਖਿਆ ਹੋਵੇਗਾ। ਅੱਜ ਇਹ ਲੇਖ ਮਾਰਕਸ ਤੇ ਏਂਜਲਸ ਦੀ ਪੁਸਤਕ ਜਰਮਨ ਵਿਚਾਰਧਾਰਾ ਦਾ ਹਿੱਸਾ ਹੈ। ਵਿਦਵਾਨਾਂ ਨੂੰ ਇਸ ਦੀ ਪੜਤਾਲ ਕਰਨੀ ਚਾਹੀਦੀ ਹੈ। ਇਸ ਵਿਚ ਮਾਰਕਸ ਨੇ ਹੀਗਲ ਦੇ ਹੱਕ ਦੇ ਸਿਧਾਂਤ ਦੀ ਆਲੋਚਨਾ ਕੀਤੀ ਹੈ। ਉਨ੍ਹੀਂ ਦਿਨੀਂ ਹੀਗਲ ਤੇ ਉਸ ਦੇ ਅਨੁਆਈ ਸਨਾਤਨ ਇਸਾਈ ਧਰਮ ਦੀ ਇਸ ਮਾਨਤਾ ਦੀ ਆਲੋਚਨਾ ਕਰਦੇ ਸਨ ਕਿ ਇਸ ਦੁਨਿਆਵੀ ਪ੍ਰਬੰਧ ਤੋ ਉੱਪਰ ਇਕ ਦੈਵੀ ਪ੍ਰਬੰਧ ਹੈ, ਜਿਸ ਅੱਗੇ ਹੁਕਮਰਾਨਾਂ ਸਮੇਤ ਇੱਥੋਂ ਦੇ ਸਭ ਜੀਵ ਜਵਾਬਦੇਹ ਹਨ। ਇਸ ਪ੍ਰਬੰਧ ਨੂੰ ਚਲਾਉਣ ਵਾਲਾ ਇਕ ਸਰਬ-ਸ਼ਕਤੀਮਾਨ ਰੱਬ ਹੈ, ਜੋ ਬਹੁਤ ਹੀ ਇਨਸਾਫ ਪਸੰਦ, ਹਮਦਰਦ ਤੇ ਦਇਆਵਾਨ ਹੈ। ਉਸੇ ਨੇ ਸੰਸਾਰ ਨੂੰ ਬਣਾਇਆ ਤੇ ਉਹੀ ਇਸ ਦੀ ਦੇਖ-ਰੇਖ ਕਰ ਰਿਹਾ ਹੈ। ਉਸ ਦੇ ਰਾਜ ਵਿਚ, ਜਿਸ ਨੂੰ ਇਸਾਈ ਮੱਤ ਵਿਚ ‘ਸਿਟੀ ਆਫ ਗੌਡ’ ਕਿਹਾ ਜਾਂਦਾ ਹੈ, ਸਭ ਲੋਕ ਸਮਾਨ ਹਨ। ਉੱਥੇ ਲੋਕਾਂ ਨੂੰ ਸੰਸਾਰ ਦੇ ਸਭ ਸੁੱਖ, ਵਸਤਾਂ ਤੇ ਸਮਾਜਕ ਨਿਆਂ ਉਪਲਭਦ ਹਨ। ਕਿਸੇ ਵੀ ਚੀਜ਼ ਦੀ ਘਾਟ ਨਹੀਂ ਤੇ ਪੂਰਨ ਖੁਸ਼ਹਾਲੀ ਹੈ; ਪਰ ਸੰਸਾਰ ਨੂੰ ਕਾਲ ਆਤਮਾ ਦੇ ਦਵੰਧਵਾਦੀ-ਵਿਕਾਸ ਦੀ ਪੈਦਾਇਸ਼ ਮੰਨਣ ਵਾਲੇ ਹੀਗਲ ਨੇ ਇਸਾਈ ਮੱਤ ਦੇ ਇਸ ਮਾਡਲ ਨੂੰ ਮਨਘੜਤ ਕਹਿ ਕੇ ਆਲੋਚਨਾ ਕੀਤੀ ਤੇ ਸਾਰੇ ਨਵ-ਹੀਗਲਵਾਦੀ ਪੈਨੇ ਹੋ ਕੇ ਇਸ ਦੇ ਖੰਡਨ ਵਿਚ ਲੱਗ ਗਏ। ਮਾਰਕਸ ਨੇ ਇਸ ਰੁਝਾਨ ਦੀ ਆਲੋਚਨਾ ਕੀਤੀ ਭਾਵ ਉਸ ਨੇ ਧਰਮ ਦੀ ਨਹੀਂ, ਸਗੋਂ ਧਰਮ ਦੇ ਆਲੋਚਕਾਂ ਦੀ ਆਲੋਚਨਾ ਕੀਤੀ!
ਉਸ ਨੇ ਕਿਹਾ ਧਾਰਮਿਕ ਸਿਧਾਂਤ ਜੋ ਵੀ ਹੋਵੇ ਇਸ ਵਿਚ ਇਨ੍ਹਾਂ ਨੂੰ ਮੰਨਣ ਵਾਲਿਆਂ ਦਾ ਕੋਈ ਕਸੂਰ ਨਹੀਂ। ਧਰਮ ਦੈਵੀ ਮਸਲਾ ਨਹੀਂ, ਵਿਅਕਤਿਗਤ ਮਸਲਾ ਵੀ ਨਹੀਂ, ਸਗੋਂ ਦੁਨਿਆਵੀ ਮਸਲਾ ਹੈ। ਜੇ ਸਮਾਜ ਵਿਚ ਰਹਿੰਦੇ ਮਨੁੱਖਾਂ ਦੀਆਂ ਲੋੜਾਂ ਸਮਾਜ ਵਿਚ ਪੂਰੀਆਂ ਨਹੀਂ ਹੋਣਗੀਆਂ, ਜੇ ਉਨ੍ਹਾਂ ਨੂੰ ਭੁੱਖ-ਮਰੀ, ਗਰੀਬੀ, ਲਾਚਾਰੀ ਤੇ ਸਮਾਜਕ ਅਨਿਆਂ ਵਿਚੋਂ ਗੁਜਰਨਾ ਪਵੇਗਾ ਤਾਂ ਉਹ ਦੁਖੀ ਹੋ ਕੇ ਆਪਣੀ ਸੋਚ ਵਿਚ ਇਕ ਅਜਿਹੀ ਦੁਨੀਆਂ ਦਾ ਤਸੱਵਰ ਤਾਂ ਕਰਨਗੇ ਹੀ, ਜਿੱਥੇ ਉਨ੍ਹਾਂ ਦੇ ਸੁਪਨਿਆਂ ਦੀ ਦੁਨੀਆਂ ਵਸਦੀ ਹੋਵੇ। ਉਨ੍ਹਾਂ ਨੂੰ ਅਜਿਹੀ ਭਰਪੂਰ ਅਨੰਦ ਵਾਲੀ ਵਿਵਸਥਾ ਦੀ ਕਲਪਨਾ ਕਰਨ ਤੋਂ ਕੌਣ ਰੋਕ ਸਕਦਾ ਹੈ, ਜਿੱਥੇ ਉਹ ਸਭ ਕੁਝ ਹੋਵੇ, ਜੋ ਉਨ੍ਹਾਂ ਨੂੰ ਇਸ ਦੁਨੀਆਂ ਵਿਚ ਨਹੀਂ ਮਿਲਦਾ। ਉਸ ਨੇ ਕਿਹਾ ਕਿ ਇਸ ਦੁਨੀਆਂ ਦਾ ਉਲਟਾ ਸਤਿ ਹੀ ਧਰਮ ਦੀ ਦੁਨੀਆਂ ਦਾ ਅਸਲ ਸਤਿ ਹੈ। ਧਰਮ ਤਾਂ ਇਸ ਸਮਾਜ ਤੋਂ ਸਤੇ ਹੋਏ,ੇ ਉਪਰਾਮ ਹੋਏ ਮਨੁੱਖ ਦੀ ਅੰਦਰੂਨੀ ਹਾਅ ਭਾਵ ਹੂਕ ਹੈ। ਇਹ ਤਾਂ ਉਹ ਅਫੀਮ ਦੀ ਗੋਲੀ ਹੈ ਭਾਵ ਧਲਾਸੇ ਦੀ ਉਹ ਘੁੱਟ ਹੈ, ਜਿਸ ਨੂੰ ਭਰ ਕੇ ਉਹ ਇਸ ਸਮਾਜ ਦੀਆਂ ਦੁਸ਼ਵਾਰੀਆਂ ਝੱਲਣ ਦੀ ਸਮਰੱਥਾ ਹਾਸਲ ਕਰਦਾ ਹੈ। ਇਹ ਉਸ ਲਾਚਾਰ ਮਨੁੱਖ ਦੀ ਮਜ਼ਬੂਰੀ ਹੈ, ਜੋ ਇਸ ਅਸਲੀ ਸੰਸਾਰ ਵਿਚ ਬੇਵਸੀ ਦਾ ਸ਼ਿਕਾਰ ਹੈ। ਜਿਸ ਮਾਂ ਦੇ ਬੱਚੇ ਇਸ ਸੰਸਾਰ ਵਿਚ ਭੁੱਖੇ ਸੌਂਦੇ ਹੋਣ, ਉਹ ਸੱਚੇ ਪਾਤਸ਼ਾਹ ਦੀ ਸੱਚੀ ਦੁਨੀਆਂ ਵਿਚ ਉਨ੍ਹਾਂ ਲਈ ਪਕਵਾਨਾਂ ਦੇ ਅੰਬਾਰ ਚਿਤਵਦੀ ਹੈ ਤੇ ਇਸੇ ਆਸ ਵਿਚ ਦਿਲ ਨੂੰ ਧਰਵਾਸਾ ਦਿੰਦੀ ਹੈ। ਇਸ ਵਿਚ ਮਾਰਕਸ ਨੇ ਧਰਮ ਉਤਪਤੀ ਦਾ ਕਾਰਨ ਦੱਸਿਆ ਹੈ, ਇਸ ਦੀ ਨਿੰਦਾ ਨਹੀਂ ਕੀਤੀ।
ਉਹ ਲਿਖਦਾ ਹੈ ਕਿ ਧਰਮ ਦੀ ਆਲੋਚਨਾ ਕਰਨਾ ਫਜ਼ੂਲ ਹੈ। ਧਰਮ ਤਾਂ ਸਮਾਜ ਦੇ ਯਥਾਰਥ ਦਾ ਉਲਟਿਆ ਪ੍ਰਛਾਵਾਂ ਹੈ। ਇਸ ਦੀ ਆਲੋਚਨਾ ਕਰਨ ਦੀ ਥਾਂ ਉਸ ਸਮਾਜ ਦੀ ਆਲੋਚਨਾ ਕਰਨੀ ਬਣਦੀ ਹੈ, ਜਿਸ ਦੀਆਂ ਮਾੜੀਆਂ ਵਿਵਸਥਾਵਾਂ ਦੇ ਲੱਛਣ ਵਜੋਂ ਧਰਮ ਪੈਦਾ ਹੋਇਆ ਹੈ। ਪੁਰਾਣੇ ਸਮਿਆਂ ਵਿਚ ਬੇ-ਔਲਾਦ ਜੋੜੇ ਸੰਤਾਨ ਪ੍ਰਾਪਤੀ ਲਈ ਰੱਬ ਕੋਲ ਅਰਦਾਸ ਕਰਨ ਲਈ ਸ਼ਿਵਦੁਆਲੇ ਜਾਂਦੇ ਸਨ, ਅੱਜ ਬਾਂਝਪਣ ਦਾ ਇਲਾਜ ਉਪਲਭਦ ਹੋਣ ਨਾਲ ਹੁਣ ਉਹ ਉੱਥੇ ਨਹੀਂ ਜਾਂਦੇ, ਸਗੋਂ ਡਾਕਟਰ ਕੋਲ ਹਸਪਤਾਲ ਜਾਂਦੇ ਹਨ। ਇਹ ਮਿਸਾਲ ਉਸ ਦੇ ਨੁਕਤੇ ਨੂੰ ਸਪਸ਼ਟ ਕਰਦੀ ਹੈ। ਮਾਰਕਸ ਵਾਂਗ ਗੁਰੂ ਸਾਹਿਬ ਵੀ ਪ੍ਰਚਲਿਤ ਧਰਮਾਂ ਦੀ ਆਲੋਚਨਾ ਕਰਦੇ ਸਨ। ਉਹ ਉਨ੍ਹਾਂ ਨੂੰ ਝੂਠ ਦਾ ਪੁਲੰਦਾ ਦੱਸਦੇ ਸਨ ਤੇ ਸਚਿਆਰਾ ਬਣਨ ਲਈ ਪ੍ਰਕਿਰਤੀ ਦੇ ਨਿਜ਼ਾਮ ਦਾ ਅਧਿਐਨ ਕਰਨ ਦੀ ਸਲਾਹ ਦਿੰਦੇ ਸਨ। ਉਨ੍ਹਾਂ ਨੇ ਵੀ ਸਿੱਟਿਆਂ ਨੂੰ ਸਾਹਮਣੇ ਰੱਖ ਕੇ ਉਪਯੁਕਤ ਕਰਮ ਕਰਨ ‘ਤੇ ਜੋਰ ਦਿੱਤਾ। ਉਹ ਵੀ ਕੁਦਰਤ ਦੇ ਨਿਯਮਾਂ ਨੂੰ ਅਪਨਾ ਕੇ ਨਰੋਏ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਵੀ ਪ੍ਰਚਲਿਤ ਸਮਾਜ ਦੇ ਬਹੁਤੇ ਪੱਖਾਂ ਦੀ ਆਲੋਚਨਾ ਕੀਤੀ ਅਤੇ ਸਮਾਨਤਾ, ਸੁਤੰਤਰਤਾ, ਇਨਸਾਫ ਤੇ ਮਨੁੱਖੀ ਭਾਈਚਾਰੇ ਵਾਲੇ ਸਮਾਜ ਦੇ ਹੱਕ ਵਿਚ ਨਿੱਤਰੇ। ਇੱਥੇ ਵੀ ਉਪਰੋਕਤ ਦੋਵੇਂ ਵਿਚਾਰਧਾਰਾਵਾਂ ਦੇ ਟਕਰਾਅ ਦੀ ਕੋਈ ਗੱਲ ਨਹੀਂ ਮਿਲਦੀ। ਸਗੋਂ ਦੋਹਾਂ ਦੇ ਵਿਚਾਰ ਸਮਾਨੰਤਰੀ ਦਿਸ਼ਾਵਾਂ ਵਿਚ ਚਲਦੇ ਨਜ਼ਰ ਆਏ।
ਉੱਚੇ ਸੁੱਚੇ ਕਿਰਦਾਰ ਤੇ ਮੌਲਿਕ ਪ੍ਰਤਿਭਾ ਵਾਲੇ ਗੁਰੂ ਸਾਹਿਬ ਨਾਲ ਕਿਸੇ ਦਾ ਵੀ ਟਾਕਰਾ ਕਰਨਾ ਉੱਚਿਤ ਨਹੀਂ ਅਤੇ ਨਾ ਹੀ ਇਹ ਇੱਥੇ ਕੀਤਾ ਜਾ ਰਿਹਾ ਹੈ। ਫਿਰ ਵੀ ਉਨ੍ਹਾਂ ਦੇ ਦਾਰਸ਼ਨਿਕ ਵਿਅਕਤੀਤਵ ਦੇ ਇੱਕੇ ਦੁੱਕੇ ਮੁੜੰਗੇ ਅੰਸ਼ਿਕ ਰੂਪ ਵਿਚ ਕਿਸੇ ਹੋਰ ਨਾਲ ਵੀ ਮਿਲ ਸਕਦੇ ਹਨ। ਸਦੀਆਂ ਤੇ ਮੀਲਾਂ ਦਾ ਫਾਸਲਾ ਹੋਣ ਦੇ ਬਾਵਜੂਦ ਗੁਰੂ ਨਾਨਕ ਤੇ ਕਾਰਲ ਮਾਰਕਸ ਦੇ ਕਈ ਸਰੋਕਾਰ ਇਕੋ ਜਿਹੇ ਸਨ। ਦੋਵੇਂ ਬਹੁ-ਪੱਖੀ ਸ਼ਖਸੀਅਤਾਂ ਦੇ ਮਾਲਕ ਸਨ ਤੇ ਦੋਹਾਂ ਨੂੰ ਗਿਆਨ, ਵਿਗਿਆਨ ਤੇ ਮਨੁੱਖਤਾ ਦੀ ਭਲਾਈ ਦੀ ਲਗਨ ਸੀ। ਗੁਰੂ ਸਾਹਿਬ ਦੀ ਵਡਿਆਈ ਇਹ ਹੈ ਕਿ ਉਨ੍ਹਾਂ ਨੇ ਮੱਧ ਕਾਲ ਦੇ ਹਨੇਰੇ ਸਮਿਆਂ ਵਿਚ ਸਰਬ-ਵਿਆਪੀ ਵਿਗਿਆਨਕ ਸੋਚ ਦੀ ਮਸ਼ਾਲ ਜਲਾਈ, ਜਦੋਂ ਨੇੜੇ ਤੇੜੇ ਗਿਆਨ ਦਾ ਕੋਈ ਚਿਰਾਗ ਨਹੀਂ ਸੀ ਬਲਦਾ। ਉਨ੍ਹਾਂ ਦੀ ਸੋਚ ਉਨ੍ਹਾਂ ਦੇ ਆਪਣੇ ਡੂੰਘੇ ਅਨੁਭਵ ਅਤੇ ਵਿਸ਼ਲੇਸ਼ਣ ਦਾ ਨਤੀਜਾ ਸੀ। ਉਨ੍ਹਾਂ ਦਾ ਉੱਦਮ ਅਲੌਕਿਕ ਤੇ ਬੇਮਿਸਾਲ ਸੀ।
ਇਸ ਦੇ ਉਲਟ ਕਾਰਲ ਮਾਰਕਸ ਉਸ ਵੇਲੇ ਆਇਆ, ਜਦੋਂ ਗੁਰੂ ਸਾਹਿਬ ਦੇ ਪੂਰਨਿਆਂ ਵਰਗੇ ਨਰੋਏ ਸੋਚ ‘ਤੇ ਚੱਲੇ ਪੱਛਮੀ ਜਗਤ ਵਿਚ ਵਿਗਿਆਨ, ਇੰਡਸਟਰੀ, ਫਿਲਾਸਫੀ ਤੇ ਅਰਥ-ਸਾਸ਼ਤਰ ਦੇ ਬੂਟਿਆਂ ਨੂੰ ਗਿਆਨ ਦਾ ਬੂਰ ਪੈਣ ਲੱਗ ਪਿਆ ਸੀ। ਉਸ ਨੇ ਆਪਣੀ ਵਿਚਾਰਧਾਰਾ ਇਸ ਗਿਆਨ ਨੂੰ ਆਧਾਰ ਬਣਾ ਕੇ ਖੜ੍ਹੀ ਕੀਤੀ। ਗੁਰੂ ਸਾਹਿਬ ਪਹਿਲ-ਕਦਮੀ ਦੇ ਧਨੀ ਤੇ ਵਿਗਿਆਨਕ ਸੱਚ ਦੀ ਸੇਧ ਦੇਣ ਵਾਲੇ ਸਨ। ਮਾਰਕਸ ਸੇਧ ਲੈਣ ਵਾਲਾ ਸੀ ਤੇ ਉਸ ਵੇਲੇ ਪੈਦਾ ਹੋਇਆ, ਜਦੋਂ ਜਮਾਨਾ ਸੱਚ ਦੀ ਸੇਧੇ ਪੈਣ ਵੱਲ ਚੱਲ ਪਿਆ ਸੀ। ਗੁਰੂ ਸਾਹਿਬ ਬਚਪਨ ਤੋਂ ਹੀ ਸੋਚਦੇ ਰਹੇ ਕਿ ਬ੍ਰਹਿਮੰਡ ਦਾ ਆਧਾਰ ਇਕੋ ਪਰਮ-ਸਤਿ ਹੈ, ਜਿਸ ਤੋਂ ਵੱਖ ਵੱਖ ਕਿਸਮ ਦੇ ਰੰਗਾਂ, ਨਾਂਵਾਂ ਵਾਲੀ ਮਾਯਾ ਭਾਵ ਪਦਾਰਥੀ ਉਪਜ ਜਨਮੀ ਹੈ। ਉਨ੍ਹਾਂ ਅਨੁਸਾਰ ਮਨੁੱਖ ਦਾ ਸਭ ਤੋਂ ਵੱਡਾ ਉਦੇਸ਼ ਪਰਮ-ਸਤਿ ਦੀ ਖੋਜ ਹੈ, ਜੋ ‘ਹੁਕਮ’ ਭਾਵ ਕੁਦਰਤ ਦੇ ਨਿਯਮਾਂ ਦੇ ਅਧਿਐਨ ਰਾਹੀਂ ਹੀ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਅਨੁਸਾਰ ਇਸ ਰਾਹ ਚੱਲਿਆਂ ਹੀ ਮਨੁੱਖਤਾ ਦਾ ਕਲਿਆਣ ਹੋ ਸਕਦਾ ਹੈ ਤੇ ਇਸੇ ਰਾਹੀਂ ਸਮਾਜਕ ਇੰਜੀਨੀਅਰਿੰਗ ਕਰ ਕੇ ਚੰਗੇ ਸਮਾਜ ਦੀ ਬੁਨਿਆਦ ਰੱਖੀ ਜਾ ਸਕਦੀ ਹੈ। ਮਾਰਕਸ ਪਹਿਲੀ ਉਮਰੇ ਹੀ ਉਸ ਪਰਮ-ਸਤਿ ਦੀ ਖੋਜ ਵਿਚ ਡੈਮੌਕਰੈਟਸ ਤੇ ਐਪੀਕਿਊਰਸ ਦੇ ਐਟਮੀ ਸਿਧਾਂਤਾਂ ਦਾ ਅਧਿਐਨ ਕਰਦਾ ਰਿਹਾ ਤੇ ਇਹੀ ਉਸ ਦੇ ਪੀਐਚ. ਡੀ. ਥੀਸਿਸ ਦਾ ਵਿਸ਼ਾ ਸੀ।
ਗੁਰੂ ਨਾਨਕ ਕੁਦਰਤ ਦੀ ਭੌਤਿਕਤਾ ਦੀ ਖੋਜ ‘ਤੇ ਜੋਰ ਦਿੰਦੇ ਰਹੇ, ਮਾਰਕਸ ਨੇ ਇਤਿਹਾਸਕ ਭੌਤਿਕਵਾਦ ਦੇ ਤਿੰਨ ਨਿਯਮ ਖੋਜ ਕੇ ਉਨ੍ਹਾਂ ਦੇ ਚਰਨਾਂ ‘ਤੇ ਰੱਖ ਦਿੱਤੇ। ਗੁਰੂ ਸਾਹਿਬ ਸਮਾਜ ਦੇ ਸਭ ਤੋਂ ਹੇਠਲੇ ਵਰਗ ਨਾਲ ਖੜ੍ਹਦੇ ਸਨ ਤੇ ਆਪਣੀ ਬਾਣੀ ਵਿਚ ਇਸ ਸੋਚ ਦਾ ਇਜ਼ਹਾਰ ਕਰਦੇ ਸਨ। ਮਾਰਕਸ ਨੇ ਆਪਣੀ ਵਿਚਾਰਧਾਰਾ ਨੂੰ ਸਮਾਜ ਦੇ ਸਭ ਤੋਂ ਨਿਚਲੇ ਵਰਗ ਭਾਵ ਮਜ਼ਦੂਰ ਜਮਾਤ ਦੇ ਸੰਸਾਰਕ ਨੁਕਤਾ-ਨਜ਼ਰ ਵਜੋਂ ਪੇਸ਼ ਕੀਤਾ। ਉਹ ਸਾਰੀ ਉਮਰ ਗਰੀਬਾਂ ਤੇ ਲਤਾੜਿਆਂ ਦੀ ਭਲਾਈ ਲਈ ਲੜਦਾ ਰਿਹਾ। ਉਸ ਨੇ ਆਪਣੇ ਸਮੇਂ ਦੇ ਸਭ ਵਿਗਿਆਨਾਂ ਦਾ ਸਿਧਾਂਤਕ ਸੰਕਲਨ ਕਰ ਕੇ ਵਿਗਿਆਨਕ ਸਮਾਜਵਾਦ ਦਾ ਸੰਸਾਰਕ ਦ੍ਰਿਸ਼ਟੀਕੋਣ ਦਿੱਤਾ, ਜੋ ਸਮਾਜ ਦੀ ਗਾਰ ਵਿਚ ਰਹਿਣ ਵਾਲੀ ਕਾਮਾ-ਜਮਾਤ ਦੇ ਹਿੱਤਾਂ ਦੀ ਤਰਜਮਾਨੀ ਕਰਦਾ ਸੀ। ਉਸ ਅਨੁਸਾਰ ਜਰਵਾਣਿਆਂ ਦੇ ਧੱਕੇ ਦਾ ਪਤਨ ਹੋ ਕੇ, ਨਿਤਾਣਿਆਂ ਨੂੰ ਤਾਣ ਤੇ ਨਿਓਟਿਆਂ ਨੂੰ ਓਟ ਵਾਲੇ ਸਮਾਜ ਦਾ ਆਉਣਾ ਇਕ ਫੋਕੀ ਉਮੀਦ ਨਹੀਂ, ਕੁਦਰਤੀ ਮਜਬੂਰੀ ਹੈ। ਗੁਰੂ ਸਾਹਿਬ ਵਾਂਗ ਹੀ ਉਹ ਵਿਗਿਆਨਕ ਸੋਚ ਦਾ ਮੁੱਦਈ ਤੇ ਪਰਪੱਕ ਆਸ਼ਾਵਾਦੀ ਸੀ। ਉਨ੍ਹਾਂ ਵਾਂਗ ਹੀ ਉਹ ਆਪਣੇ ਸਮਕਾਲੀਆਂ ਨੂੰ ਇਹ ਢੰਗ ਅਪਨਾਉਣ ‘ਤੇ ਜੋਰ ਦਿੰਦਾ ਸੀ। ਟਕਰਾਓ ਦੋਹਾਂ ਦਾ ਇੱਥੇ ਵੀ ਨਹੀਂ।
ਗੁਰੂ ਸਾਹਿਬ ਨੇ ਆਪਣੇ ਸਮੇਂ ਦੇ ਅਧਿਆਤਮਕ ਅਲੰਬਰਦਾਰਾਂ ਨੂੰ ਸਹੀ ਸੋਚ ਸਿਖਾਉਣ ਦਾ ਵਿਚਾਰਧਾਰਾਤਮਕ ਬੀੜਾ ਚੁੱਕਿਆ, ਕਾਰਲ ਮਾਰਕਸ ਨੇ ਯੂਰਪ ਦੇ ਬੂਰਜੁਆ ਬੁੱਧੀਜੀਵੀਆਂ ਨੂੰ ਇਕ ਇਕ ਕਰਕੇ ਪ੍ਰਗਤੀਵਾਦੀ ਰਾਹ ਦਿਖਾਇਆ। ਦੋਵੇਂ ਕਟਾਕਸ਼, ਪੜਚੋਲ ਤੇ ਦਲੀਲ ਦੀ ਵਿਧੀ ਦਾ ਇਸਤੇਮਾਲ ਕਰਦੇ ਸਨ। ਦੋਵੇਂ ਇਮਾਨਦਾਰ, ਤਿਆਗਮੂਰਤ, ਹਮਦਰਦ ਤੇ ਕਿਸੇ ਉੱਚੇ ਉਦੇਸ਼ ਨੂੰ ਪ੍ਰਣਾਏ ਹੋਏ ਸਨ। ਗੁਰੂ ਨਾਨਕ ਨੇ ਆਪਣੇ ਵੀਹ ਰੁਪਇਆਂ ਨਾਲ ਭੁੱਖੇ ਸਾਧੂਆਂ ਨੂੰ ਪ੍ਰਸ਼ਾਦੇ ਛਕਾਏ, ਮਾਰਕਸ ਨੇ ਆਪਣੀ ਅਚਾਨਕ ਮਿਲੀ ਵਿਰਾਸਤੀ ਪੁੰਜੀ ਨੂੰ ਟੋਕਰੀ ਵਿਚ ਪਾ ਕੇ ਮਿਲਣ ਆਉਣ ਵਾਲੇ ਮਜ਼ਦੂਰਾਂ ਦੇ ਵਰਤਣ ਲਈ ਡਰਾਇੰਗਰੂਮ ਦੇ ਟੇਬਲ ‘ਤੇ ਰੱਖ ਦਿੱਤਾ। ਗੁਰੂ ਸਾਹਿਬ ਸਾਰੀ ਉਮਰ ਦੇਸ਼-ਵਿਦੇਸ਼ ਵਿਚ ਉਦਾਸੀਆਂ ਕਰਦੇ ਰਹੇ, ਮਾਰਕਸ ਉਮਰ-ਭਰ ਜਲਾਵਤਨ ਰਿਹਾ। ਗੁਰੂ ਸਾਹਿਬ ਨੇ ਮਰਦਾਨੇ ਨਾਲ ਉਮਰ ਭਰ ਦੀ ਸੰਗਤ ਨਿਬਾਹੀ, ਕਾਰਲ ਮਾਰਕਸ ਦੀ ਫ੍ਰੈਡਰਿਕ ਏਂਜਲਸ ਨਾਲ ਦੋਸਤੀ ਨੂੰ ਯਾਦਗਾਰੀ ਮੰਨਿਆ ਜਾਂਦਾ ਹੈ। ਦੋਵੇਂ ਹੀ ਪੱਕੇ ਗ੍ਰਹਿਸਥੀ ਸਨ। ਗੁਰੂ ਚੇਲੇ ਵਰਗੀਆਂ ਸਮਾਨਤਾਵਾਂ ਮਿਲਿਆਂ, ਪਰ ਟਕਰਾਓ ਇੱਥੇ ਵੀ ਕੋਈ ਨਾ ਮਿਲਿਆ।
ਹੈਰਾਨੀ ਦੀ ਗੱਲ ਇਹ ਕਿ ਅਖੌਤੀ ਟਕਰਾਓ ਦੀ ਥਾਂ ਇਕ ਹੋਰ ਅਦੁੱਤੀ ਸਾਂਝ ਮਿਲੀ, ਜਿਸ ਨੂੰ ਅਜੋਕੇ ਸਿੱਖ ਵਿਦਵਾਨ ਕਦੇ ਵੀ ਨਾ ਸਮਝ ਸਕੇ। ਗੁਰੂ ਸਾਹਿਬ ਨੇ ਕਿਰਤ ਕਰੋ ਦਾ ਸੰਦੇਸ਼ ਦਿੱਤਾ, ਮਾਰਕਸ ਨੇ ਕਿਰਤ ਉਤੇ ਆਧਾਰਤ ਲੇਬਰ ਸਿਧਾਂਤ ਦਿੱਤਾ। ਇਸ ਅਨੁਸਾਰ ਸੰਸਾਰ ਦੀਆਂ ਸਭ ਵਸਤਾਂ ਮਨੁੱਖੀ ਕਰਮ ਭਾਵ ਮਿਹਨਤ ਦਾ ਸਿੱਟਾ ਹਨ। ਉਸ ਨੇ ਆਪਣੀ ਸੰਸਾਰ ਪ੍ਰਸਿੱਧ ਪੁਸਤਕ ਦਾਸ ਕੈਪੀਟਲ (ਧਅਸ ਛਅਪਟਿਅਲ) ਨੂੰ ਸੁਰੂ ਹੀ ਇੱਥੋਂ ਕੀਤਾ, “ਦੁਨੀਆਂ ਦੀਆਂ ਸਭ ਵਸਤਾਂ ਮਨੁੱਖੀ ਕਿਰਤ ਦਾ ਸੰਚਿਤ ਰੂਪ ਹਨ।” ਅਰਥਾਤ ਦੁਆਲੇ ਦੀਆਂ ਸਭ ਚੀਜ਼ਾਂ ਮਨੁੱਖੀ ਮਿਹਨਤ ਦੇ ਮੁਜੱਸਮੇ ਹਨ, ਜਿਨ੍ਹਾਂ ਵਿਚ ਮਨੁੱਖਤਾ ਦੀ ਮੁਸ਼ੱਕਤ ਸਿੱਕੇ-ਬੰਦ ਹੈ। ਉਸ ਨੇ ਖੋਜ ਰਾਹੀਂ ਸਾਬਤ ਕੀਤਾ ਕਿ ਕਿਸੇ ਚੀਜ਼ ਨੂੰ ਪੈਦਾ ਕਰਨ ਵਿਚ ਸਿਰਫ ਤੇ ਸਿਰਫ ਮਨੁੱਖੀ ਮਿਹਨਤ ਖਪਤ ਹੁੰਦੀ ਹੈ, ਇਸ ਲਈ ਮਿਹਨਤ ਦੇ ਫਲ ਉੱਤੇ ਕੇਵਲ ਮਿਹਨਤਕਸ਼ਾਂ ਭਾਵ ਭਾਈ ਲਾਲੋਆਂ ਦਾ ਹੱਕ ਹੈ। ਉਸ ਨੇ ਸਨਾਤਨੀ ਅਰਥ-ਸ਼ਾਸ਼ਤਰੀਆਂ ਦੀਆਂ ਉਨ੍ਹਾਂ ਥਿਊਰੀਆਂ ਨੂੰ ਗਲਤ ਸਾਬਤ ਕੀਤਾ, ਜਿਨ੍ਹਾਂ ਅਨੁਸਾਰ ਜਮੀਨ, ਸ਼ਰਮਾਇਆ ਤੇ ਪ੍ਰਬੰਧ ਨੂੰ ਉਤਪਾਦਨ ਦੇ ਮੁੱਖ ਤੱਤ ਮੰਨ ਕੇ ਮੁਨਾਫੇ ਉੱਤੇ ਸ਼ਰਮਾਏਦਾਰਾਂ ਭਾਵ ਮਲਕ ਭਾਗੋਆਂ ਦਾ ਹੱਕ ਦੱਸਿਆ ਜਾਂਦਾ ਸੀ ਤੇ ਮਿਹਨਤਕਸ਼ਾਂ ਭਾਵ ਲਾਲੋਆਂ ਨੂੰ ਸਿਰਫ ਮਜ਼ਦੂਰੀ ਦੇ ਹੱਕਦਾਰ ਸਮਝਿਆ ਜਾਂਦਾ ਸੀ। ਟਕਰਾਓ ਕੇਹਾ, ਇਸ ਅਨੁਸਾਰ ਤਾਂ ਕਾਰਲ ਮਾਰਕਸ ਨੂੰ ਗੁਰੂ ਸਾਹਿਬ ਦਾ ‘ਬੰਦਾ ਬਹਾਦਰ’ ਕਿਹਾ ਜਾਣਾ ਚਾਹੀਦਾ ਹੈ।
ਇਹੀ ਨਹੀਂ, ਜਿਵੇਂ ਗੁਰੂ ਨਾਨਕ ਨੇ ਆਪਣੀ ਆਖਰੀ ਲਿਖਤ ਜਪੁਜੀ ਲਿਖ ਕੇ ਆਪਣੀ ਸਮੁੱਚੀ ਬਾਣੀ ਨੂੰ ਵਿਚਾਰਨ ਦੇ ਬੁਨਿਆਦੀ ਨਿਯਮ ਦੱਸੇ। ਇਨ੍ਹਾਂ ਨਿਯਮਾਂ ਨੂੰ ਬਹੁਤੇ ਸਿੱਖ ਵਿਦਵਾਨਾਂ ਨੇ ਸਮਝਿਆ ਨਹੀਂ ਤੇ ਜਿਨ੍ਹਾਂ ਨੇ ਸਮਝਿਆ, ਉਨ੍ਹਾਂ ਨੇ ਗੌਲਿਆ ਨਹੀਂ। ਉਸੇ ਤਰ੍ਹਾਂ ਕਾਰਲ ਮਾਰਕਸ ਨੇ ਢਲਦੀ ਉਮਰੇ ਆਪਣੀ ਆਖਰੀ ਰਚਨਾ ਗੋਥਾ ਪ੍ਰੋਗਰਾਮ ਦੀ ਆਲੋਚਨਾ ਲਿਖੀ, ਜਿਸ ਵਿਚ ਉਸ ਨੇ ਆਪਣੀ ਵਿਚਾਰਧਾਰਾ ਬਾਰੇ ਯਾਦਗਾਰੀ ਨੁਕਤੇ ਸਮਝਾਏ। ਇਸ ਪੁਸਤਕ ਨੂੰ ਉਸ ਦੇ ਬਹੁਤੇ ਅਨੁਆਈਆਂ ਨੇ ਪੜ੍ਹਿਆ ਨਹੀਂ, ਜਿਨ੍ਹਾਂ ਨੇ ਪੜ੍ਹਿਆ, ਉਹ ਅਣਗੌਲਿਆ ਕਰਨ ਲੱਗ ਪਏ। ਟਕਰਾਓ ਦੀ ਤਾਂ ਇਹ ਗੱਲ ਵੀ ਨਹੀਂ, ਫਿਰ ਟਕਰਾਓ ਹੈ ਕਿਥੇ?
ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਇਹ ਗੱਲ ਭਲੀਭਾਂਤ ਜਾਣਦੇ ਹਨ ਕਿ ਗੁਰੂ ਸਾਹਿਬ ਨੇ ਭਾਈ ਲਾਲੋ ਨਾਲ ਭੋਜਨ ਕਰ ਕੇ ਮਿਹਨਤਕਸ਼ਾਂ ਦਾ ਰੁਤਬਾ ਵਧਾਇਆ, ਪਰ ਉਹ ਇਹ ਨਹੀਂ ਜਾਣਦੇ ਕਿ ਗੁਰੂ ਸਾਹਿਬ ਨੇ ਸਰਮ ਖੰਡ ਵਿਚ ਮਿਹਨਤ ਨੂੰ ਉਹ ਦਾਰਸ਼ਨਿਕ ਸਨਮਾਨ ਦਿੱਤਾ ਹੈ, ਜੋ ਕਿਸੇ ਤੋਂ ਵੀ ਨਾ ਦਿੱਤਾ ਗਿਆ। ਕਈ ਸਿੱਖ ਵਿਦਵਾਨ ਤਾਂ ਸਰਮ ਖੰਡ ਨੂੰ ਸ਼ਰਮ ਦਾ ਖੇਤਰ ਭਾਵ ਸ਼ਰਮੀਲੇ ਜਾਂ ਅਧੀਨਗੀ ਵਾਲੇ ਲੋਕਾਂ ਦਾ ਪੜਾਅ ਦੱਸ ਕੇ ਗੁਰੂ ਸਾਹਿਬ ਦੇ ਇਨ੍ਹਾਂ ਵਡਮੁੱਲੇ ਵਿਚਾਰਾਂ ਨੂੰ ਅਗਿਆਨ ਦੀ ਭੇਟ ਚੜ੍ਹਾ ਦਿੰਦੇ ਹਨ। ਮਾਰਕਸ ਤਾਂ ਉਨ੍ਹਾਂ ਲਈ ਓਪਰਾ ਹੈ, ਉਹ ਤਾਂ ਗੁਰੂ ਸਾਹਿਬ ਦੀ ਆਪਣੀ ਸੋਚ ਨਾਲ ਇਨਸਾਫ ਨਹੀਂ ਕਰਦੇ! ਇਹ ਸਭ ਉਨ੍ਹਾਂ ਦੀ 36ਵੀਂ ਪਉੜੀ ਦੀ ਵਿਆਖਿਆ ਤੋਂ ਸਿੱਧ ਹੁੰਦਾ ਹੈ, ਜੋ ਇਸ ਪਉੜੀ ਦੀਆਂ ਤੁਕਾਂ ਸਮੇਤ ਹੇਠ ਦਿੱਤੀ ਗਈ ਹੈ,
ਗਿਆਨ ਖੰਡ ਮਹਿ ਗਿਆਨੁ ਪਰਚੰਡੁ॥
ਤਿਥੈ ਨਾਦ ਬਿਨੋਦ ਕੋਡ ਅਨੰਦੁ॥
ਸਰਮ ਖੰਡ ਕੀ ਬਾਣੀ ਰੂਪੁ॥
ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ॥
ਤਾ ਕੀਆ ਗਲਾ ਕਥੀਆ ਨਾ ਜਾਹਿ॥
ਜੇ ਕੋ ਕਹੈ ਪਿਛੈ ਪਛੁਤਾਇ॥
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥
ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ॥੩੬॥
ਇਸ ਪਉੜੀ ਦੀਆਂ ਪਹਿਲੀਆਂ ਦੋ ਤੁਕਾ ਦਾ ਸਬੰਧ ਇਸ ਤੋਂ ਪਹਿਲੀ ਪਉੜੀ ਨਾਲ ਹੈ, ਜਿਸ ਵਿਚ ਗੁਰੂ ਸਾਹਿਬ ਨੇ ਦੱਸਿਆ ਸੀ ਕਿ ਗਿਆਨ ਦੇ ਖੇਤਰ ਵਿਚ ਬੁਧੀਜੀਵੀ, ਵਿਦਵਾਨ ਤੇ ਆਮ ਲੋਕ ਗਿਆਨ ਦੀ ਖੋਜ ਕਰਨ ਦੀ ਥਾਂ ਵੱਖ ਵੱਖ ਚੀਜ਼ਾਂ ਦੀ ਉਪਾਸ਼ਨਾ ਵਿਚ ਲੱਗੇ ਹੋਏ ਹਨ। ਉਸ ਪਉੜੀ ਦਾ ਸਾਰ ਦਿੰਦਿਆਂ ਉਹ ਇੱਥੇ ਦੱਸਦੇ ਹਨ ਕਿ ਗਿਆਨ ਦੇ ਖੇਤਰ ਵਿਚ ਤਾਂ ਗਿਆਨ ਪ੍ਰਚੰਡ ਰੂਪ ਵਿਚ ਮਿਲਦਾ ਹੈ। ਉਸ ਨੂੰ ਗੰਭੀਰਤਾ ਨਾਲ ਖੋਜਣ ਦੀ ਥਾਂ ਬਾਹਰਮੁਖੀ ਕਾਰਜ ਭਾਵ ਫੋਕਟ ਕਾਰਜ ਕੀਤੇ ਜਾਂਦੇ ਹਨ। ਇਹ ਦਿਖਾਵੇ ਦੇ ਕਾਰਜ ਸਿਰਫ ਹੁੰਦੇ ਦਿਸਦੇ ਹਨ, ਪਰ ਗਿਆਨ ਪ੍ਰਾਪਤੀ ਪੱਖੋਂ ਖਾਲੀ ਹਨ। ਸੋਚ ਵਿਚਾਰ ਦੀ ਥਾਂ ਗਾਉਣ-ਵਜਾਉਣ, ਗਿਆਨ-ਗੋਸ਼ਟੀ ਦੀ ਥਾਂ ਮਨੋਰੰਜਨ, ਲਿਖਣ-ਪੜ੍ਹਨ ਦੀ ਥਾਂ ਕਲਾ-ਕੌਤਕ ਤੇ ਜਿਸਮਾਨੀ ਹਰਕਤਾਂ ਅਤੇ ਤਰਕ ਵਿਸ਼ਲੇਸ਼ਣ ਭਾਵ ਮਨਨ ਅਰਥਾਤ ‘ਮੰਨੇ’ ਦੀ ਥਾਂ ਮਾਨਸਿਕ ਸਵਾਦ ਦੀ ਲਾਲਸਾ ਪ੍ਰਧਾਨ ਬਣ ਗਈ ਹੈ। ਉਨ੍ਹਾਂ ਦਾ ਇਸ਼ਾਰਾ ਮੰਦਿਰਾਂ ਦੇ ਭਜਨਾਂ, ਸੰਖਾਂ, ਟੱਲੀਆਂ, ਤਪਸਿਆਵਾਂ, ਰਾਮਲੀਲਾ ਦੇ ਨਾਟਕਾਂ, ਪੀਰ-ਦਰਗਾਹਾਂ ਦੀਆਂ ਨਾਤ-ਕਵਾਲੀਆਂ, ਸਿੱਧਾਂ ਪੁਰਖਾਂ ਦੇ ਕਰਮਾਤੀ ਕੌਤਕਾਂ, ਤੀਰਥ ਅਸ਼ਨਾਨਾਂ, ਮੇਲਿਆਂ, ਯੱਗਾਂ, ਭੰਡਾਰਿਆਂ ਤੇ ਅੰਤਰ-ਮੁਗਧੀ ਮੰਤਰ ਗਾਇਨਾਂ ਵੱਲ ਸੀ। ਅਜੋਕੇ ਸਮੇਂ ਦੇ ਧਾਰਮਿਕ ਜਲਸੇ ਜਲੂਸ, ਪ੍ਰਭਾਤ ਫੇਰੀਆਂ, ਸ਼ਬਦ ਕੀਰਤਨ, ਨਾਮ ਸਿਮਰਨ, ਅਖੰਡ ਪਾਠ, ਮੱਥੇ, ਚੜ੍ਹਾਵੇ, ਗੱਤਕੇ, ਮੱਸਿਆਂ, ਪੁੰਨਿਆਂ, ਵਰ੍ਹੇ-ਗੰਢਾਂ, ਸ਼ਤਾਬਦੀਆਂ, ਪ੍ਰਕਾਸ਼-ਦਿਵਸ, ਸ਼ਸ਼ਤਰ-ਦੀਦਾਰ ਆਦਿ ਵੀ ਉਨ੍ਹਾਂ ਦੇ ਦੱਸੇ ਗਿਆਨ ਵਿਹੂਣੇ ਪ੍ਰਚੰਡ ਕਾਰਜਾਂ ਵਿਚ ਹੀ ਸ਼ਾਮਲ ਹਨ।
ਗਿਆਨ ਖੰਡ ਦੀ ਇਸ ਟਿੱਪਣੀ ਪਿਛੋਂ ਗੁਰੂ ਸਾਹਿਬ ਸਰਮ ਖੰਡ ਭਾਵ ਮਨੁੱਖੀ ਮਿਹਨਤ ਦੇ ਖੇਤਰ ਦੀਆਂ ਪ੍ਰਾਪਤੀਆਂ ਦਾ ਜਾਇਜ਼ਾ ਪੇਸ਼ ਕਰਦੇ ਹਨ। ਉਹ ਕਹਿੰਦੇ ਹਨ ਕਿ ਸਰਮ ਖੰਡ ਦੀ ਬਾਣੀ ਰੂਪ ਹੈ ਭਾਵ ਮਿਹਨਤ ਦੇ ਖੇਤਰ ਵਿਚ ਮਨੁੱਖੀ ਕਿਰਤ ਹਰ ਥਾਂ ਸੁੰਦਰਤਾ ਤੇ ਸੁਹਜ ਪੈਦਾ ਕਰਦੀ ਹੈ ਤੇ ਰੂਪ ਬਣ ਕੇ ਵਿਅਕਤ ਹੁੰਦੀ ਹੈ। ਜਿਸ ਚੀਜ਼ ‘ਤੇ ਮਿਹਨਤ ਲਾ ਦਿਓ, ਉਹ ਸੁੰਦਰਤਾ ਦੀ ਮੂੰਹੋਂ ਬੋਲਦੀ ਤਸਵੀਰ ਬਣ ਜਾਂਦੀ ਹੈ। ਇਸ ਖੰਡ ਵਿਚ ਬਹੁਤ ਅਨੂਠੀ ਭਾਵ ਕਿਤੇ ਨਾ ਮਿਲਣ ਵਾਲੀ ਘਾੜਤ ਘੜੀ ਜਾਂਦੀ ਹੈ। ਭਾਵੇਂ ਭਵਨ-ਨਿਰਮਾਣ ਕਲਾ ਹੋਵੇ ਜਾਂ ਜੇਵਰਾਤ, ਬਸਤਰ-ਕਸ਼ੀਦਾਕਾਰੀ, ਬੁੱਤ-ਸਾਜੀ ਜਾਂ ਚਿਤਰਕਾਰੀ ਹੋਵੇ, ਸਭ ਵਿਚੋਂ ਮਨੁੱਖੀ ਮਿਹਨਤ ਤੇ ਹੁਨਰ ਦਾ ਕਮਾਲ ਝਲਕਦਾ ਹੈ। ਇਸ ਖੇਤਰ ਦੀ ਪੈਦਾਵਾਰ ਇੰਨੀ ਮਹੀਨ ਹੈ ਕਿ ਇਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਜੇ ਕੋਈ ਕਰਨ ਦੀ ਕੋਸ਼ਿਸ਼ ਕਰੇ ਵੀ ਤਾਂ ਉਸ ਨੂੰ ਆਪਣੇ ਕਹੇ ਉੱਤੇ ਪਿਛੋਂ ਪਛਤਾਉਣਾ ਪੈਂਦਾ ਹੈ, ਕਿਉਂਕਿ ਕਾਰੀਗਰੀ ਦੇ ਹੋਰ ਤੋਂ ਹੋਰ ਵਧੀਆ ਅਜੂਬੇ ਸਾਹਮਣੇ ਆਉਂਦੇ ਰਹਿੰਦੇ ਹਨ। ਕਾਰਨ ਇਹ ਕਿ ਸੁਰਤ, ਮੱਤ, ਮਨ ਤੇ ਬੁੱਧੀ ਵੀ ਕਿਰਤ ਨਾਲ ਹੀ ਘੜ੍ਹੇ ਜਾਂਦੇ ਹਨ। ਮਨੁੱਖੀ ਮਾਨਸਿਕ ਤੇ ਬੌਧਿਕ ਘਾੜਤ ਸਦਕਾ ਹੀ ਉਨ੍ਹਾਂ ਦੀ ਕਾਰਜ-ਕੁਸ਼ਲਤਾ ਅੱਗੇ ਤੋਂ ਅੱਗੇ ਤਿੱਖੀ ਹੁੰਦੀ ਰਹਿੰਦੀ ਹੈ ਭਾਵ ਦੇਵਤਿਆਂ ਤੇ ਸਿੱਧਾਂ ਦੀ ਬੁੱਧੀ ਕਹੀ ਜਾਣ ਲਗਦੀ ਹੈ। ਜੋ ਚੀਜ਼ ਪ੍ਰਗਤੀ ਵਿਚ ਹੋਵੇ, ਉਸ ਦੀ ਕਿਸੇ ਕੜੀ ਨੂੰ ਆਖਰੀ ਨਹੀਂ ਕਿਹਾ ਜਾ ਸਕਦਾ ਅਤੇ ਜੇ ਕੋਈ ਕਹਿੰਦਾ ਹੈ ਤਾਂ ਪਿਛੋਂ ਪਛਤਾਉਂਦਾ ਹੈ। ਜੇ ਕੋਈ ਮੱਧਕਾਲੀ ਮੂਰਖ ਉਸ ਵੇਲੇ ਦੀ ਕੁਤਬ ਮੀਨਾਰ ਨੂੰ ਜਮਾਨੇ ਦੀ ਸਭ ਤੋਂ ਉੱਚੀ ਇਮਾਰਤ ਤੇ ਰੱਥ ਨੂੰ ਸਭ ਤੋਂ ਤੇਜ ਵਾਹਨ ਕਹਿ ਦਿੰਦਾ ਤਾਂ ਅੱਜ ਆਧੁਨਿਕ ਜ਼ਮਾਨੇ ਦੀਆਂ ਗਗਨ-ਚੁੰਬੀ ਇਮਾਰਤਾਂ ਤੇ ਪੁਲਾੜੀ ਯਾਨ ਦੇਖ ਕੇ ਆਪਣੇ ਕਹੇ ‘ਤੇ ਪਸ਼ੇਮਾਨ ਜਰੂਰ ਹੁੰਦਾ।
ਗੁਰੂ ਨਾਨਕ ਨੇ ਸਮਕਾਲੀ ਸਮਾਜ ਦੀ ਅਧਿਆਤਮਵਾਦੀ ਸੋਚ ਨਾਲ ਸਬੰਧਤ ਹਰ ਇਕ ਚੀਜ਼ ਦੀ ਆਲੋਚਨਾ ਕੀਤੀ ਹੈ। ਜੋਗ, ਤਪਸਿਆ, ਪੂਜਾ-ਪਾਠ, ਤੀਰਥ, ਸੂਤਕ, ਪਾਤਕ, ਲਿੰਗ-ਵਿਤਕਰਾ, ਕਰਮਕਾਂਡ, ਪਖੰਡ, ਹਿੰਸਾ, ਅਗਿਆਨ ਆਦਿ ਸਭ ਦਾ ਉਨ੍ਹਾਂ ਨੇ ਡਟ ਕੇ ਖੰਡਨ ਕੀਤਾ। ਇਕੋ ਇਕ ਚੀਜ਼ ਜਿਸ ਦੀ ਉਨ੍ਹਾਂ ਨੇ ਪ੍ਰਸ਼ੰਸਾ ਕੀਤੀ ਹੈ, ਉਹ ਹੈ ਮਨੁੱਖੀ ਮਿਹਨਤ। ਕਰਮ ਰੂਪ ਵਿਚ ਲੱਗ ਕੇ ਇਹ ਮਿਹਨਤ ਧਰਤੀ ਤੇ ਪ੍ਰਤੀਕਰਮ ਪੈਦਾ ਕਰਦੀ ਹੈ ਤੇ ਸੰਤੋਖ ਭਾਵ ਸਮਾਨਤਾ ਦਾ ਸਮੀਕਰਨ ਬਣਾ ਕੇ ਰੱਖਦੀ ਹੈ। ਕੰਮ ਕਰਨ ਤੇ ਵੰਡ ਕੇ ਛਕਣ ਪਿੱਛੇ ਵੀ ਮਿਹਨਤ ਦਾ ਇਹੀ ਅਸੂਲ ਕੰਮ ਕਰਦਾ ਹੈ। ਮਿਹਨਤ ਦੁਆਰਾ ਸੁਰਤ, ਮੱਤ, ਮਨ ਤੇ ਬੁੱਧ ਦਾ ਘੜ੍ਹਿਆ ਜਾਣਾ ਕਹਿ ਕੇ ਤਾਂ ਉਨ੍ਹਾਂ ਨੇ ਇਕ ਵਿਗਿਆਨਕ ਮਾਅਰਕਾ ਮਾਰਿਆ ਹੈ। ਇਸ ਦੀ ਵਿਸਤ੍ਰਿਤ ਵਿਆਖਿਆ ਏਂਜਲਸ ਨੇ ਆਪਣੀ ਪੁਸਤਕ ਠਹਕ ਫਅਰਟ ਫਲਅੇਕਦ ਬੇ .ਅਬੋਰ ਨਿ ਟਹਕ ਠਰਅਨਸਟਿਨ ਾਰੋਮ 1ਪਕ ਟੋ ੰਅਨ (1876) ਵਿਚ ਕੀਤੀ ਹੈ।
ਪਰ ਅਜੋਕੇ ਸਿੱਖ ਵਿਦਵਾਨਾਂ, ਪੁਜਾਰੀਆਂ ਤੇ ਪ੍ਰਚਾਰਕਾਂ ਨੇ ਗੁਰੂ ਸਾਹਿਬ ਦੀ ਇਸ ਅਨੂਠੀ ਸੋਚ ਨੂੰ ਆਪਣੀ ਵਿਦਵਤਾ ਚਮਕਾਉਂਦਿਆਂ ਹੀ ਰੋਲ੍ਹ ਦਿੱਤਾ ਹੈ। ਪ੍ਰੋ. ਸਾਹਿਬ ਸਿੰਘ ਸਰਮ ਖੰਡ ਨੂੰ ਧਰਮ ਖੰਡ ਤੇ ਗਿਆਨ ਖੰਡ ਤੋਂ ਅਗਲੀ ਸਟੇਜ ਸਮਝਦੇ ਹਨ, ਜਿਸ ਵਿਚ ਆ ਕੇ ਮਨੁੱਖ ਸਖਤ ਮਿਹਨਤ ਕਰਦਾ ਹੈ ਤੇ ਖੂਬਸੂਰਤ ਚੀਜ਼ਾਂ ਘੜ੍ਹਦਾ ਹੈ। ਇਨ੍ਹਾਂ ਦੀ ਸੁੰਦਰਤਾ ਦੇਖ ਕੇ ਉਸ ਦਾ ਮਨ ਤੇ ਬੁੱਧੀ ਉੱਚੇ ਹੋ ਜਾਂਦੇ ਹਨ ਤੇ ਉਹ ਪ੍ਰਭੂ ਨੂੰ ਪਾਉਣ ਦੇ ਕਾਬਲ ਹੋ ਜਾਂਦਾ ਹੈ। ਉਹ ਲਿਖਦੇ ਹਨ, “ਗਿਆਨ ਖੰਡ ਵਿਚ (ਭਾਵ, ਮਨੁੱਖ ਦੀ ਗਿਆਨ ਅਵਸਥਾ ਵਿਚ) ਗਿਆਨ ਹੀ ਬਲਵਾਨ ਹੁੰਦਾ ਹੈ। ਇਸ ਅਵਸਥਾ ਵਿਚ (ਮਾਨੋ) ਸਭ ਰਾਗਾਂ ਤਮਾਸ਼ਿਆਂ ਤੇ ਕੌਤਕਾਂ ਦਾ ਸੁਆਦ ਆ ਜਾਂਦਾ ਹੈ। ਉੱਦਮ ਅਵਸਥਾ ਦੀ ਬਨਾਵਟ ਸੁੰਦਰਤਾ ਹੈ (ਭਾਵ, ਇਸ ਅਵਸਥਾ ਵਿਚ ਆ ਕੇ ਮਨ ਦਿਨੋ-ਦਿਨ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ)। ਇਸ ਅਵਸਥਾ ਵਿਚ (ਨਵੀਂ) ਘਾੜਤ ਦੇ ਕਾਰਨ ਮਨ ਬਹੁਤ ਸੋਹਣਾ ਘੜਿਆ ਜਾਂਦਾ ਹੈ। ਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਜੇ ਕੋਈ ਮਨੁੱਖ ਬਿਆਨ ਕਰਦਾ ਹੈ ਤਾਂ ਪਿੱਛੋਂ ਪਛਤਾਉਂਦਾ ਹੈ (ਕਿਉਂਕਿ ਉਹ ਬਿਆਨ ਕਰਨ ਤੋਂ ਅਸਮਰੱਥ ਰਹਿੰਦਾ ਹੈ)। ਉਸ ਮਿਹਨਤ ਵਾਲੀ ਅਵਸਥਾ ਵਿਚ ਮਨੁੱਖ ਦੀ ਸੁਰਤਿ ਤੇ ਮਤਿ ਘੜੀ ਜਾਂਦੀ ਹੈ, (ਭਾਵ ਸੁਰਤਿ ਤੇ ਮਤਿ ਉੱਚੀ ਹੋ ਜਾਂਦੀ ਹੈ) ਅਤੇ ਮਨ ਵਿਚ ਜਾਗ੍ਰਿਤੀ ਪੈਦਾ ਹੋ ਜਾਂਦੀ ਹੈ। ਸਰਮ ਖੰਡ ਵਿਚ ਦੇਵਤਿਆਂ ਤੇ ਸਿੱਧਾਂ ਵਾਲੀ ਅਕਲ (ਮਨੁੱਖ ਦੇ ਅੰਦਰ) ਬਣ ਜਾਂਦੀ ਹੈ।”
ਇਹ ਟੀਕਾਕਾਰ ਇਸ ਪਉੜੀ ਦਾ ਸਾਰ ਦੱਸਦਾ ਲਿਖਦਾ ਹੈ, “ਗਿਆਨ-ਅਵਸਥਾ ਦੀ ਬਰਕਤ ਨਾਲ ਜਿਉਂ ਜਿਉਂ ਸਾਰਾ ਜਗਤ ਇਕ ਸਾਂਝਾ ਟੱਬਰ ਦਿੱਸਦਾ ਹੈ, ਜੀਵ ਖਲਕਤਿ ਦੀ ਸੇਵਾ ਦੀ ਮਿਹਨਤ (=’ਸਰਮ’) ਸਿਰ ‘ਤੇ ਚੁੱਕਦਾ ਹੈ, ਮਨ ਦੀ ਪਹਿਲੀ ਤੰਗ-ਦਿਲੀ ਹਟ ਕੇ ਵਿਸ਼ਾਲਤਾ ਤੇ ਉਦਾਰਤਾ ਦੀ ਘਾੜਤ ਵਿਚ ਮਨ ਨਵੇਂ ਸਿਰੇ ਸੋਹਣਾ ਘੜਿਆ ਜਾਂਦਾ ਹੈ, ਮਨ ਵਿਚ ਜਾਗ੍ਰਤ ਆਉਂਦੀ ਹੈ, ਸੁਰਤਿ ਉੱਚੀ ਹੋਣ ਲਗ ਪੈਂਦੀ ਹੈ।”
ਅਧਿਆਤਮਵਾਦੀ ਪਿਰਤ ਨੂੰ ਹੀ ਮੁੱਖ ਰੱਖਦਿਆਂ ਭਾਈ ਪਿੰਦਰਪਾਲ ਸਿੰਘ ਤੇ ਗਿਆਨੀ ਠਾਕੁਰ ਸਿੰਘ ਪਟਿਆਲੇ ਵਾਲੇ ਇਸ ਪਉੜੀ ਦਾ ਅਨੁਵਾਦ ਇਸ ਤਰ੍ਹਾਂ ਕਰਦੇ ਹਨ, “ਇਹ ਗਿਆਨ ਦੀ ਅਵਸਥਾ ਉਹ ਗਿਆਨ ਖੰਡ ਹੈ, ਜਿਥੇ (ਪ੍ਰਚੰਡੁ) ਗਿਆਨ ਦਾ ਬਹੁਤ ਤੇਜ ਪ੍ਰਕਾਸ਼ ਹੋ ਜਾਂਦਾ ਹੈ।੩ਗਿਆਨ ਖੰਡੀ ਨੂੰ ਇਸ ਅਵਸਥਾ ਵਿਚ ਪਰਮਾਤਮਾ ਦਾ ਘਟ ਘਟ ਵਜ ਰਿਹਾ ਨਾਦ ਸੁਚਾਈ ਦਿੰਦਾ ਹੈ ਅਤੇ ਉਹ ਪਰਮਾਤਮਾ ਦੇ ਬੇਅੰਤ ਕੌਤਕ ਦੇਖਦਾ ਹੋਇਆ ਅਨੰਦ ਮਾਣਦਾ ਹੈ। ਸਰਮ ਖੰਡ੩(ਉਹ ਹੈ)੩ਜਿਥੇ ਸਿਰਫ ਸੁੰਦਰਤਾ ਹੈ, ਸਿਰਫ ਵਿਸਮਾਦ ਹੈ। ਇਸ ਅਵਸਥਾ ਵਿਚ ਮਨੁੱਖ ਦੇ ਅੰਦਰ ਦੀ ਘਾੜਤ ਘੜੀ ਜਾਂਦੀ ਹੈ੩(ਭਾਵ, ਇਸ ਅਵਸਥਾ ਵਿਚ ਆ ਕੇ ਮਨ ਦਿਨੋ ਦਿਨ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ।) ਇਸ ਖੰਡ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਜੇ ਕੋਈ ਮਨੁੱਖ ਬਿਆਨ ਕਰਦਾ ਹੈ, ਤਾਂ ਪਿੱਛੋਂ ਪਛਤਾਉਂਦਾ ਹੈ (ਕਿਉਂਕਿ ਇਸ ਅਵਸਥਾ ਵਿਚ ਕੌਤਕਾਂ ਦਾ ਕੋਈ ਅੰਤ ਨਹੀਂ ਹੈ)। ਮਨੁੱਖ ਦੀ (ਸੁਰਤਿ) ਇਕ ਤਾਰ ਹੈ, ਜੇ ਸੁਰਤਿ ਨੂੰ ਘੜਿਆ ਜਾਏ ਇਸ ਦਾ ਇਕ ਸਿਰਾ ਹਿਰਦੇ ਵਿਚ ਤੇ ਦੂਜਾ ਰੱਬ ਵਿਚ ਜੁੜ ਜਾਂਦਾ ਹੈ, ਅਤੇ ਜੇ ਨਾ ਘੜਿਆ ਜਾਏ ਭਾਵ ਦੂਜਾ ਸਿਰਾ ਵਿਕਾਰਾਂ ਵਲ ਹੋਵੇ ਤਾਂ ਮਨ ਤੇ ਮਤ ਵਿਕਾਰਾਂ ਵਲ ਹੀ ਟਿਕੇ ਰਹਿੰਦੇ ਹਨ।੩ਜੇ ਮਤ ਹੋਵੇ ਨੀਵੀ ਤਾਂ ਬੰਦਾ ਖਤਮ ਹੋ ਜਾਂਦਾ ਹੈ ਜੇ ਮਤ ਹੋਵੇ ਉਚੀ ਤਾਂ ਇਹ ਮਨ ਦੀ ਚਲਣ ਨਹੀਂ ਦੇਂਦੀ, ਜੋ ਮਨੁੱਖ ਸੁਰਤੀ ਨੂੰ ਘੜਦੇ ਹਨ, ਉਨ੍ਹਾਂ ਦੀ ਇਸ ਅਵਸਥਾ ਵਿਚ ਸੁਰਤੀ ਪੂਰੀ ਤਰ੍ਹਾਂ ਪਰਮਾਤਮਾ ਵਿਚ ਟਿਕ ਜਾਂਦੀ ਹੈ, ਮਤ ਉਚੀ ਅਤੇ ਮਨ ਨੀਵਾਂ ਹੋ ਜਾਂਦਾ ਹੈ। ਸਰਮ ਖੰਡ ਉਹ ਖੰਡ ਹੈ, ਜਿਥੇ ਮਨੁੱਖ ਦੇ ਅੰਦਰ ਦੀ ਅਕਲ ਦੇਵਤਿਆਂ ਵਾਲੀ, ਸਿਧਾਂ ਵਾਲੀ ਸੰਤਾਂ ਮਹਾਤਮਾਂ ਦੀ ਘੜੀ ਜਾਂਦੀ ਹੈ।”
ਇਨ੍ਹਾਂ ਵਿਆਖਿਆਵਾਂ ਵਿਚੋਂ ਜੋ ਕੁਝ ਨਿਕਲਦਾ ਹੈ, ਉਹ ਸਭ ਦੇ ਸਾਹਮਣੇ ਹੈ! ਜੋ ਇਹ ਤਿੰਨ ਵਿਦਵਾਨ ਲਿਖਦੇ ਹਨ, ਲਗਭਗ ਉਹੀ ਦੂਜੇ ਸਭਨਾਂ ਨੇ ਲਿਖਿਆ ਹੈ। ਇਨ੍ਹਾਂ ਤੋਂ ਇਲਾਵਾ ਰਜਨੀਸ਼ (ਓਸ਼ੋ) ਜਿਹੇ ਕੁਝ ਵਿਦਵਾਨ ਅਜਿਹੇ ਵੀ ਹਨ, ਜੋ ਸਰਮ ਦਾ ਅਨੁਵਾਦ ਹੀ ਸ਼ਰਮ (ੰਹਅਮਕ) ਕਰਦੇ ਹਨ। ਉਨ੍ਹਾਂ ਦੀ ਸਮਝ ਦਾ ਵਿਚਾਰ ਕਰ ਕੇ ਤਾਂ ਸੱਚੀ ਮੁੱਚੀ ਪਛਤਾਉਣ ਵਾਲੀ ਗੱਲ ਹੈ। ਦੂਜੇ ਵਿਦਵਾਨ ਵੀ ਇੰਨਾ ਲੱਖਣ ਨਹੀਂ ਲਾਉਂਦੇ ਕਿ ਜੇ ਗੁਰੂ ਸਾਹਿਬ ਕਹਿੰਦੇ ਹਨ ਕਿ ਗਿਆਨ ਖੰਡ ਵਿਚ ਗਿਆਨ ਦੀ ਗੱਲ ਨਹੀਂ ਸਗੋਂ ਦੇਵੀ-ਦੇਵਤੇ, ਪੱਥਰ, ਤਾਰੇ ਸਮੁੰਦਰ ਪਹਾੜ ਤੇ ਬਨਮਾਨਸ ਪੂਜੇ ਜਾਂਦੇ ਹਨ ਤਾਂ ਇਸ ਵਿਚ ਗਿਆਨ ਦੀ ਤੇਜੀ ਕਿਵੇਂ ਹੋਈ? ਫਿਰ ਗਾਉਣਾ, ਵਜਾਉਣਾ, ਕੌਤਕ, ਮਨੋਰੰਜਨ ਆਦਿ ਗਿਆਨ ਦੇ ਸੋਮੇ ਕਿਵੇਂ ਹੋਏ। ਇਹ ਵਿਦਵਾਨ ਇਸ ਗੱਲ ਦੇ ਵਿਸਾਥਾਰ ਵਿਚ ਵੀ ਨਹੀਂ ਜਾਂਦੇ ਕਿ ਮਿਹਨਤ ਨਾਲ ਸੁੰਦਰਤਾ ਕਿਵੇਂ ਉਪਜਦੀ ਹੈ ਅਤੇ ਇਸ ਨਾਲ ਬੁੱਧੀ ਕਿਵੇਂ ਘੜ੍ਹੀ ਜਾਂਦੀ ਹੈ! ਜੇ ਬੁੱਧੀ ਘੜ੍ਹੀ ਜਾਂਦੀ ਹੈ ਤਾਂ ਉਹ ‘ਪਰਮਾਤਮਾ’ ਵਿਚ ਕਿਵੇਂ ਟਿਕ ਜਾਂਦੀ ਹੈ, ਕਿਉਂਕਿ ਗੁਰੂ ਸਾਹਿਬ ਨੇ ਤਾਂ ਪਰਮਾਤਮਾ ਦਾ ਜ਼ਿਕਰ ਹੀ ਨਹੀਂ ਕੀਤਾ!
ਸੱਚ ਇਹ ਹੈ ਕਿ ਇਨ੍ਹਾਂ ਵਿਦਵਾਨਾਂ ਦੇ ਉਲਥਿਆਂ ਵਿਚੋਂ ਮਿਹਨਤ ਦਾ ਸੰਕਲਪ ਨਹੀਂ ਝਲਕਦਾ, ਸਿਰਫ ਸ਼ਾਬਦਿਕ ਗੱਠ-ਜੋੜਾਂ ਰਾਹੀਂ ਮਾਰੀਆਂ ਅਧਿਆਤਮਕ ਉਡਾਰੀਆਂ ਝਲਕਦੀਆਂ ਹਨ। ਉਹ ਭੁੱਲ ਜਾਂਦੇ ਹਨ ਕਿ ਬਾਬੇ ਨਾਨਕ ਦਾ ਦਰ ਬਹੁਤ ਉੱਚਾ ਹੈ! ਕਈ ਅਜੋਕੇ ਸਿੱਖ ਵਿਦਵਾਨ ਤਾਂ ਇਸ ਉਚਾਈ ਦੀ ਗੱਲ ਕਰਨ ਨੂੰ ਵੀ ਜਪੁਜੀ ਦੀ ਆਲੋਚਨਾ ਸਮਝਦੇ ਹਨ। ਉਹ ਇਹ ਵੀ ਨਹੀਂ ਪਰਖਦੇ ਕਿ ਜਪੁਜੀ ਦੀ ਆਲੋਚਨਾ ਤੇ ਜਪੁਜੀ ਦੇ ਵਿਆਖਿਆਕਾਰਾਂ ਦੀ ਆਲੋਚਨਾ ਵਿਚ ਕੀ ਫਰਕ ਹੈ!
ਲੇਖਕ : ਡਾ. ਗੋਬਿੰਦਰ ਸਿੰਘ ਸਮਰਾਓ, ਫੋਨ: 408-634-2310