Copyright & copy; 2019 ਪੰਜਾਬ ਟਾਈਮਜ਼, All Right Reserved
ਕਿਸਾਨੀ ਸੰਘਰਸ਼ ਨੂੰ ਉਤਸ਼ਾਹਿਤ ਕਰਨ ਵਾਲੇ ਕਲਾਕਾਰਾਂ ਨੂੰ ਘੇਰਨ ਲਈ ਸਰਕਾਰੀ ਪੈਂਤੜੇਬਾਜ਼ੀ ਦੀਆਂ ਕਨਸੋਆਂ

ਕਿਸਾਨੀ ਸੰਘਰਸ਼ ਨੂੰ ਉਤਸ਼ਾਹਿਤ ਕਰਨ ਵਾਲੇ ਕਲਾਕਾਰਾਂ ਨੂੰ ਘੇਰਨ ਲਈ ਸਰਕਾਰੀ ਪੈਂਤੜੇਬਾਜ਼ੀ ਦੀਆਂ ਕਨਸੋਆਂ

ਭਾਰਤ ਸਰਕਾਰ ਵੱਲੋਂ ਕਿਸਾਨ ਵਿਰੋਧੀ ਅਤੇ ਪੰਜਾਬ ਮਾਰੂ ਕਾਨੂੰਨਾਂ ਖਿਲਾਫ ਉੱਠੀ ਲੋਕ ਲਹਿਰ ਵਿਚ ਪੰਜਾਬ ਦੇ ਕਲਾਕਾਰਾਂ ਦਾ ਯੋਗਦਾਨ ਇਤਿਹਾਸਕ ਲੀਹਾਂ ਪਾਉਂਦਾ ਨਜ਼ਰ ਆ ਰਿਹਾ ਹੈ। ਕਿਸਾਨੀ ਦੇ ਹੱਕ ਵਿਚ ਪੰਜਾਬ ਦੀਆਂ ਸੜਕਾਂ ਅਤੇ ਰੇਲ ਮਾਰਗਾਂ ‘ਤੇ ਲਗ ਰਹੇ ਧਰਨਿਆਂ ਵਿਚ ਇਕ ਹੋਰ ਗੱਲ ਅਹਿਮ ਦੇਖਣ ਨੂੰ ਮਿਲ ਰਹੀ ਹੈ ਕਿ ਪੰਜਾਬ ਦਾ ਰੋਹ ਪਾਰਟੀਆਂ ਤੋਂ ਉੱਤੇ ਉੱਠ ਕੇ ਦਿੱਲੀ ਦੀ ਹਕੂਮਤ ਖਿਲਾਫ ਸੇਧਤ ਹੈ। ਪਿਛਲੇ 20 ਕੁ ਦਿਨਾਂ ਵਿਚ ਪੰਜਾਬ ਦੇ ਕਈ ਨਾਮੀਂ ਕਲਾਕਾਰਾਂ ਨੇ ਕਿਸਾਨੀ ਸੰਘਰਸ਼ ਨੂੰ ਉਤਸ਼ਾਹਿਤ ਕਰਨ ਲਈ ਕਈ ਗੀਤ ਰਿਕਾਰਡ ਕੀਤੇ। ਇਹਨਾਂ ਗੀਤਾਂ ਵਿਚ ਵੀ ਪੰਜਾਬ ਦੀਆਂ ਸਭ ਤਰਾਸਦੀਆਂ ਲਈ ਦਿੱਲੀ ਬੈਠੀ ਭਾਰਤੀ ਹਕੂਮਤ ਨੂੰ ਨਿਸ਼ਾਨੇ ‘ਤੇ ਲਿਆ ਗਿਆ। ਪਿਛਲੇ ਸਾਲਾਂ ਵਿਚ ਆਪਣੇ ਗੀਤਾਂ ਰਾਹੀਂ ਪ੍ਰਭਾਵਤ ਕੀਤੀ ਨੌਜਵਾਨੀ ਨੂੰ ਇਹ ਕਲਾਕਾਰ ਆਪਣੇ ਨਾਲ ਯੂਟਿਊਬ, ਫੇਸਬੁੱਕ ਤੋਂ ਚੁੱਕ ਕੇ ਧਰਨਿਆਂ ਵਿਚ ਲੈ ਆਏ ਹਨ। ਇਹ ਵਰਤਾਰਾ ਪੰਜਾਬ ਵਿਰੋਧੀ ਭਾਰਤੀ ਹਕੂਮਤ ਲਈ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਇਸ ਚੁਣੌਤੀ ਨੂੰ ਤਾਰਪੀਡੋ ਕਰਨ ਲਈ ਹਕੂਮਤ ਦੇ ਦਿਮਾਗਾਂ ਨੇ ਵੀ ਚਾਰਾਜ਼ੋਈ ਸ਼ੁਰੂ ਕਰ ਦਿੱਤੀ ਹੋਵੇਗੀ।
ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਭਾਰਤ ਸਰਕਾਰ ਦੀਆਂ ਖੂਫੀਆ ਅਜੈਂਸੀਆਂ ਨੇ ਕਿਸਾਨ ਸੰਘਰਸ਼ ਨਾਲੋਂ ਕਲਾਕਾਰਾਂ ਨੂੰ ਤੋੜਨ ਲਈ ਯਤਨ ਅਰੰਭ ਦਿੱਤੇ ਹਨ। ਇਸ ਲਈ ਕਲਾਕਾਰਾਂ ਦੇ ਸਕੈਂਡਲ ਲੋਕਾਂ ਵਿਚ ਜਨਤਕ ਕਰਕੇ ਡਰਾਉਣ ਦੀ ਕੋਸ਼ਿਸ਼ ਹੋ ਸਕਦੀ ਹੈ ਅਤੇ ਇਸ ਤਰ੍ਹਾਂ ਲੋਕਾਂ ਵਿਚ ਸੰਘਰਸ਼ ਨਾਲ ਜੁੜੇ ਕਲਾਕਾਰਾਂ ਪ੍ਰਤੀ ਨਕਾਰਾਤਮਕਤਾ ਵਧਾਈ ਜਾ ਸਕਦੀ ਹੈ। ਕਲਾਕਾਰਾਂ ਨੂੰ ਕਾਰੋਬਾਰੀ ਘਾਟਿਆਂ ਦਾ ਡਰ ਦੇ ਕੇ ਵੀ ਇਸ ਸੰਘਰਸ਼ ਤੋਂ ਦੂਰ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ।
ਦੱਸ ਦਈਏ ਕਿ ਸੰਘਰਸ਼ ਨਾਲ ਜੁੜੇ ਕਲਾਕਾਰਾਂ ਵਿਚੋਂ ਮੋਹਰਲੀ ਕਤਾਰ ‘ਚ ਨਜ਼ਰ ਆ ਰਹੇ ਦੀਪ ਸਿੱਧੂ ਨੇ 4 ਅਕਤੂਬਰ ਤੋਂ ਸ਼ੰਭੂ ਬਾਰਡਰ ਵਿਖੇ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਹੈ। ਜੇ ਸੋਸ਼ਲ ਮੀਡੀਆ ‘ਤੇ ਫੈਲੇ ਇਸ ਸੁਨੇਹੇ ਨੂੰ ਦੇਖੀਏ ਤਾਂ ਸ਼ੰਭੂ ਬਾਰਡਰ ‘ਤੇ ਵੱਡਾ ਇਕੱਠ ਹੋਣ ਦੀ ਸੰਭਾਵਨਾ ਹੈ। 25 ਸਤੰਬਰ ਦੇ ਬੰਦ ਦੌਰਾਨ ਵਿਚ ਸ਼ੰਭੂ ਬਾਰਡਰ ‘ਤੇ ਕਲਾਕਾਰਾਂ ਵੱਲੋਂ ਲਾਏ ਧਰਨੇ ਵਿਚ ਸਭ ਤੋਂ ਪ੍ਰਭਾਵਸ਼ਾਲੀ ਇਕੱਠ ਹੋਇਆ ਸੀ।
ਕਲਾਕਾਰਾਂ ਵੱਲੋਂ ਮਾਝੇ ਦੇ ਸ਼ਹਿਰ ਬਟਾਲਾ ਵਿਚ ਇਕ ਸਾਂਝਾ ਇਕੱਠ ਕੀਤਾ ਗਿਆ ਸੀ ਜਿਸ ਵਿਚ ਹਜ਼ਾਰਾਂ ਦੀ ਗਿਣਤੀ ‘ਚ ਲੋਕ ਸ਼ਾਮਲ ਹੋਏ। ਇਹਨਾਂ ਇਕੱਠਾਂ ਵਿਚ ਵੱਡੀ ਗਿਣਤੀ ਨੌਜਵਾਨ ਸ਼ਾਮਲ ਹੋ ਰਹੇ ਹਨ। ਨੌਜਵਾਨਾਂ ਦਾ ਕਿਸਾਨੀ ਸੰਘਰਸ਼ ਨਾਲ ਜੁੜਨਾ ਸਰਕਾਰ ਲਈ ਚੁਣੌਤੀ ਬਣਦਾ ਜਾ ਰਿਹਾ ਹੈ। ਦਿੱਲੀ ਦੀ ਹਕੂਮਤ ਲਈ ਸਭ ਤੋਂ ਵੱਡੀ ਸਿਰਦਰਦੀ ਇਸ ਗੱਲ ਦੀ ਬਣੀ ਹੋਈ ਹੈ ਕਿ ਇਹ ਸੰਘਰਸ਼ ਉਸ ਦੇ ਪ੍ਰਭਾਵ ਵਾਲੀਆਂ ਸਿਆਸੀ ਧਿਰਾਂ ਦੇ ਕਲਾਵੇ ਤੋਂ ਬਾਹਰ ਨਿਕਲ ਗਿਆ ਹੈ। ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਪ੍ਰਤੀ ਲੋਕਾਂ ਵਿਚ ਬਣੀ ਵੱਡੀ ਬੇਭਰੋਸਗੀ ਕਾਰਨ ਇਸ ਸੰਘਰਸ਼ ਵਿਚੋਂ ਕੋਈ ਨਵੀਂ ਸਿਆਸੀ ਚੇਤਨਾ ਨਿਕਲਣ ਦੀਆਂ ਵੀ ਕਿਆਸਅਰਾਈਆਂ ਹਨ। ਕਿਸਾਨ ਧਰਨਿਆਂ ਵਿਚ ਹੁਣ ਇਹ ਗੱਲ ਆਮ ਹੋਣ ਲੱਗੀ ਹੈ ਕਿ ਪੰਜਾਬ ਦੀ ਖੁਦਮੁਖਤਿਆਰੀ ਤੋਂ ਬਿਨ੍ਹਾਂ ਨਾ ਪੰਜਾਬ ਦੀ ਕਿਸਾਨੀ ਬਚ ਸਕਦੀ ਹੈ ਅਤੇ ਨਾ ਹੀ ਪੰਜਾਬ ਬਚ ਸਕਦਾ ਹੈ।
ਬੀਤੇ ਦਿਨੀਂ ਵੱਖ-ਵੱਖ ਖੇਤਰਾਂ ਦੇ ਸੁਹਿਰਦ ਸਿੱਖ ਅਤੇ ਪੰਜਾਬੀ ਨੌਜਵਾਨਾਂ ਨੇ ਕਿਸਾਨੀ ਸੰਘਰਸ਼ ਦੇ ਨਿਸ਼ਾਨਿਆਂ ਬਾਰੇ ਇਕ ਸਾਂਝਾ ਬਿਆਨ ਜਾਰੀ ਕੀਤਾ। ਇਸ ਬਿਆਨ ਵਿਚ ਕਿਹਾ ਗਿਆ ਕਿ ਕਿਸਾਨੀ ਫਸਲਾਂ ਦੇ ਭਾਅ ਤੈਅ ਕਰਨ ਦਾ ਹੱਕ, ਫਸਲਾਂ ਦੇ ਮੰਡੀਕਰਣ ਤੇ ਕੌਮਾਂਤਰੀ ਵਪਾਰ ਦਾ ਹੱਕ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਤੇ ਹੋਰ ਕੁਦਰਤੀ ਸਾਧਨਾਂ ‘ਤੇ ਪੰਜਾਬ ਦਾ ਹੱਕ ਹਾਸਲ ਕਰਨਾ ਕਿਸਾਨੀ ਸੰਘਰਸ਼ ਦਾ ਮੁੱਖ ਨਿਸ਼ਾਨਾ ਹੋਣਾ ਚਾਹੀਦਾ ਹੈ। ਇਹ ਹੱਕ ਹਾਸਲ ਕੀਤਿਆਂ ਹੀ ਪੰਜਾਬ ਦੀ ਕਿਸਾਨੀ ਬਚਾਈ ਜਾ ਸਕਦੀ ਹੈ।
ਬਣੇ ਹੋਏ ਮਾਹੌਲ ਵਿਚ ਇਹ ਤੈਅ ਹੈ ਕਿ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਸਿਆਸੀ ਸੰਘਰਸ਼ ਦੀ ਲੋੜ ਹੈ। ਇਸ ਸੰਘਰਸ਼ ਵਿਚ ਕਲਾਕਾਰਾਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਇਹਨਾਂ ਕਲਾਕਾਰਾਂ ਪ੍ਰਤੀ ਫੈਲਾਈਆਂ ਜਾਣ ਵਾਲੀਆਂ ਨਕਾਰਾਤਮਕ ਗੱਲਾਂ ਨੂੰ ਰੱਦ ਕਰਦਿਆਂ ਇਕਮੁੱਠ ਹੋ ਕੇ ਦਿੱਲੀ ਹਕੂਮਤ ਖਿਲਾਫ ਆਪਣੀ ਅਵਾਜ਼ ਨੂੰ ਬੁਲੰਦ ਕਰਨਾ ਚਾਹੀਦਾ ਹੈ। ਜਿਸ ਪੜਾਅ ‘ਤੇ ਸੰਘਰਸ਼ ਪਹੁੰਚਿਆ ਹੈ, ਇੱਥੇ ਕਲਾਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਹਰ ਤਰ੍ਹਾਂ ਦੇ ਡਰ-ਭੈਅ ਤੋਂ ਮੁਕਤ ਹੋ ਕੇ ਲੋਕਾਂ ਦੇ ਭਰੋਸੇ ਦਾ ਮਾਣ ਰਖਦਿਆਂ ਸੰਘਰਸ਼ ਦੀ ਨਿਰੰਤਰਤਾ ਬਣਾਈ ਰੱਖਣ।

ਲੇਖਕ : ਸੁਖਵਿੰਦਰ ਸਿੰਘ