Copyright & copy; 2019 ਪੰਜਾਬ ਟਾਈਮਜ਼, All Right Reserved
ਸਿਹਤ ਅਤੇ ਸੁੰਦਰਤਾ ਲਈ ਜ਼ਰੂਰੀ ਹਨ ਵਿਟਾਮਿਨ

ਸਿਹਤ ਅਤੇ ਸੁੰਦਰਤਾ ਲਈ ਜ਼ਰੂਰੀ ਹਨ ਵਿਟਾਮਿਨ

ਆਧੁਨਿਕ ਔਰਤਾਂ ਆਪਣੀ ਸਿਹਤ ਅਤੇ ਆਪਣੀ ਸ਼ਖ਼ਸੀਅਤ ਲਈ ਜਾਗਰੂਕ ਹਨ। ਇਸ ਵਾਸਤੇ ਪੌਸ਼ਟਿਕ ਭੋਜਨ ਲੈਣ ਦੀ ਪੂਰੀ ਕੋਸ਼ਿਸ਼ ਕਰਦੀਆਂ ਹਨ, ਜਿਸ ਵਿਚ ਵਿਟਾਮਿਨ ਵੀ ਭਰਪੂਰ ਹੋਣ ਤਾਂ ਕਿ ਸਰੀਰ ਦੇ ਸਾਰੇ ਅੰਗ ਸਹੀ ਕੰਮ ਕਰ ਸਕਣ ਅਤੇ ਚਮੜੀ ਵੀ ਸੁੰਦਰ ਬਣੀ ਰਹੇ। ਜੇ ਤੁਸੀਂ ਵੀ ਤੰਦਰੁਸਤ ਅਤੇ ਸੁੰਦਰ ਦਿਸਣਾ ਚਾਹੁੰਦੇ ਹੋ ਤਾਂ ਆਪਣੇ ਭੋਜਨ ਵਿਚ ਬਦਲਾਅ ਲਿਆਓ।
ਲਓ ਵਿਟਾਮਿਨ ‘ਏ’ ਨਾਲ ਭਰਪੂਰ ਖੁਰਾਕ
ਵਿਟਾਮਿਨ ‘ਏ’ ਦੀ ਲੋੜ ਹਰ ਉਮਰ ਵਿਚ ਹੁੰਦੀ ਹੈ। ਵਿਟਾਮਿਨ ‘ਏ’ ਦੀ ਕਮੀ ਨਾਲ ਹੱਡੀਆਂ, ਦੰਦ ਕਮਜ਼ੋਰ ਹੁੰਦੇ ਹਨ। ਇਸ ਦੇ ਉਚਿਤ ਸੇਵਨ ਨਾਲ ਦੰਦ, ਹੱਡੀਆਂ, ਮੇਂਬ੍ਰੇਨ, ਚਮੜੀ, ਸਰੀਰ ਦੇ ਟਿਸ਼ੂ ਮਜ਼ਬੂਤ ਬਣਦੇ ਹਨ। ਵਿਟਾਮਿਨ ‘ਏ’ ਦੀ ਕਮੀ ਨੂੰ ਪੌਸ਼ਟਿਕ ਭੋਜਨ ਦਾ ਸੇਵਨ ਨਿਯਮਤ ਕਰਕੇ ਪੂਰਾ ਕੀਤਾ ਜਾ ਸਕਦਾ ਹੈ। ਗਾਜਰ, ਤਰਬੂਜ਼, ਕੱਦੂ, ਟਮਾਟਰ, ਅਮਰੂਦ, ਪਪੀਤਾ, ਬ੍ਰੋਕਲੀ, ਲਾਲ ਮਿਰਚ, ਆਂਡੇ, ਪਾਲਕ, ਦੁੱਧ ਦਾ ਸੇਵਨ ਕਰਕੇ ਵਿਟਾਮਿਨ ‘ਏ’ ਦੀ ਲੋੜੀਂਦੀ ਮਾਤਰਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਵਿਟਾਮਿਨ ‘ਬੀ-2’
ਵਿਟਾਮਿਨ ‘ਬੀ-2’ ਲਈ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਨਿਯਮਤ ਸੇਵਨ ਕਰੋ ਜਿਵੇਂ ਦਹੀਂ, ਪਨੀਰ ਆਦਿ। ਇਸ ਤੋਂ ਇਲਾਵਾ ਕੇਲੇ, ਮੱਕਾ, ਮਾਸਾਹਾਰੀ ਭੋਜਨ, ਆਂਡੇ ਆਦਿ ਤੋਂ ਵੀ ਵਿਟਾਮਿਨ ‘ਬੀ-2’ ਪ੍ਰਾਪਤ ਕੀਤਾ ਜਾ ਸਕਦਾ ਹੈ। ਵਿਟਾਮਿਨ ‘ਬੀ-2’ ਦੀ ਕਮੀ ਨਾਲ ਚਮੜੀ ‘ਤੇ ਝੁਰੜੀਆਂ, ਅਨੀਮੀਆ, ਥਕਾਵਟ, ਅੱਖਾਂ ਵਿਚ ਭਾਰੀਪਨ, ਨੀਂਦ ਦੀ ਕਮੀ, ਸਰੀਰ ਵਿਚ ਕੰਪਕੰਪੀ, ਗਲੇ ਵਿਚ ਸੋਜ ਹੁੰਦੀ ਹੈ। ਇਸ ਤੋਂ ਇਲਾਵਾ ਮੂੰਹ ਤੇ ਬੁੱਲ੍ਹ ਸੁੱਕਣ ਲਗਦੇ ਹਨ, ਬੁੱਲ੍ਹਾਂ ਵਿਚ ਦਰਾੜਾਂ ਫਟਣ ਲਗਦੀਆਂ ਹਨ, ਵਿਟਾਮਿਨ ‘ਬੀ-2’ ਦੀ ਕਮੀ ਦਾ ਪ੍ਰਭਾਵ ਸਿਹਤ ਅਤੇ ਸੁੰਦਰਤਾ ਦੋਵਾਂ ‘ਤੇ ਪੈਂਦਾ ਹੈ।
ਵਿਟਾਮਿਨ ‘ਬੀ-6’
ਵਿਟਾਮਿਨ ‘ਬੀ-6’ ਸਾਡੇ ਪਾਚਣ ਤੰਤਰ ਲਈ ਜ਼ਰੂਰੀ ਹੈ। ਸਾਡੇ ਸਰੀਰ ਵਿਚ ਹਾਰਮੋਨਜ਼ ਅਤੇ ਦਿਮਾਗ ਦੇ ਰਸਾਇਣਾਂ ਨੂੰ ਵੀ ਬਣਾਉਣ ਵਿਚ ਵਿਟਾਮਿਨ ‘ਬੀ-6’ ਮਦਦ ਕਰਦਾ ਹੈ। ਭੁੱਲਣ ਦੀ ਬਿਮਾਰੀ, ਦਿਲ ਦੇ ਰੋਗ ਦਾ ਖਤਰਾ ਘੱਟ ਹੋ ਜਾਂਦਾ ਹੈ। ਸਾਡੇ ਸਰੀਰ ਦੀ ਬਲੱਡ ਸ਼ੂਗਰ ਵੀ ਠੀਕ ਰਹਿੰਦੀ ਹੈ। ਇਸ ਦੀ ਕਮੀ ਨੂੰ ਦੂਰ ਕਰਨ ਲਈ ਅਨਾਜ, ਕੇਲੇ, ਮਾਸ-ਮੱਛੀ, ਦਲੀਆ, ਗਿਰੀਆਂ, ਬੀਜ, ਕਿਸ਼ਮਿਸ਼ ਦਾ ਸੇਵਨ ਨਿਯਮਤ ਕਰੋ ਤਾਂ ਕਿ ਇਸ ਦੀ ਕਮੀ ਨਾਲ ਹੋਣ ਵਾਲੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।
ਵਿਟਾਮਿਨ ‘ਬੀ-12’
ਵਿਟਾਮਿਨ ‘ਬੀ-12’ ਸਰੀਰ ਵਿਚ ਭੋਜਨ ਨਾਲ ਊਰਜਾ ਰਿਲੀਜ਼ ਕਰਨ ਦਾ ਮੁੱਖ ਸਰੋਤ ਹੈ ਅਤੇ ਸਾਡੇ ਦਿਮਾਗ, ਰੀੜ੍ਹ ਦੀ ਹੱਡੀ ਅਤੇ ਨਰਵਸ ਸਿਸਟਮ ਦੇ ਕੁਝ ਤੱਤਾਂ ਦੇ ਨਿਰਮਾਣ ਵਿਚ ਵੀ ਸਹਾਇਕ ਹੁੰਦਾ ਹੈ। ਸਰੀਰ ਵਿਚ ਵਿਟਾਮਿਨ ‘ਬੀ-12’ ਠੀਕ ਰਹੇ, ਇਸ ਲਈ ਦੁੱਧ, ਦੁੱਧ ਤੋਂ ਬਣੇ ਪਦਾਰਥ, ਮੀਟ, ਸਾਲਮਨ ਮੱਛੀ, ਆਂਡੇ ਆਦਿ ਦਾ ਨਿਯਮਤ ਸੇਵਨ ਕਰੋ।
ਵਿਟਾਮਿਨ ‘ਸੀ’
ਵਿਟਾਮਿਨ ‘ਸੀ’ ਸਾਡੀ ਚਮੜੀ ਦੇ ਸੁਧਾਰ ਲਈ ਉੱਤਮ ਹੁੰਦਾ ਹੈ। ਇਸ ਤੋਂ ਇਲਾਵਾ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਵਿਚ ਵੀ ਸਹਾਇਕ ਹੁੰਦਾ ਹੈ। ਅੱਖਾਂ ਦੀ ਨਿਗ੍ਹਾ, ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਇਸ ਦੀ ਕਮੀ ਨਾਲ ਚਮੜੀ ਸਬੰਧੀ ਸਕਰਵੀ ਰੋਗ ਹੋ ਸਕਦਾ ਹੈ, ਇਸ ਤੋਂ ਇਲਾਵਾ ਮਸੂੜਿਆਂ ਵਿਚੋਂ ਖੂਨ ਆਉਣਾ, ਜੋੜਾਂ ਅਤੇ ਮਾਸਪੇਸ਼ੀਆਂ ਵਿਚ ਦਰਦ, ਪੈਰਾਂ ਵਿਚ ਚਕੱਤੇ ਪੈਣ ਵਰਗੇ ਕਈ ਰੋਗ ਹੋਣ ਦੀ ਸੰਭਾਵਨਾ ਰਹਿੰਦੀ ਹੈ। ਵਿਟਾਮਿਨ ‘ਸੀ’ ਦੀ ਕਮੀ ਨੂੰ ਖੱਟੇ ਰਸਦਾਰ ਫਲਾਂ ਦਾ ਸੇਵਨ ਕਰਕੇ ਪੂਰਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਔਲਾ, ਸਟ੍ਰਾਬੇਰੀ, ਕੀਵੀ, ਮਿਰਚ, ਆਲੂ, ਟਮਾਟਰ, ਬ੍ਰੋਕਲੀ ਦਾ ਸੇਵਨ ਨਿਯਮਤ ਕਰੋ।
ਵਿਟਾਮਿਨ ‘ਡੀ’
ਔਰਤਾਂ ਨੂੰ ਵਿਟਾਮਿਨ ‘ਡੀ’ ਦੀ ਲੋੜ ਮਰਦਾਂ ਨਾਲੋਂ ਵੱਧ ਹੁੰਦੀ ਹੈ, ਕਿਉਂਕਿ ਔਰਤਾਂ ਨੂੰ ਜੀਵਨ ਵਿਚ ਕਈ ਅਜਿਹੀਆਂ ਸਥਿਤੀਆਂ ਵਿਚੋਂ ਲੰਘਣਾ ਪੈਂਦਾ ਹੈ ਜਿਨ੍ਹਾਂ ਵਿਚੋਂ ਪੁਰਸ਼ ਨਹੀਂ ਲੰਘਦੇ। ਵਿਟਾਮਿਨ ‘ਡੀ’ ਸਰੀਰ ਅਤੇ ਹੱਡੀਆਂ ਦੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ। ਵਿਟਾਮਿਨ ‘ਡੀ’ ਖਾਣ-ਪੀਣ ਦੀਆਂ ਚੀਜ਼ਾਂ ਵਿਚ ਘੱਟ ਮਿਲਦਾ ਹੈ ਅਤੇ ਧੁੱਪ ਦੇ ਸੰਪਰਕ ਵਿਚ ਆਉਣ ‘ਤੇ ਚਮੜੀ ਇਸ ਦਾ ਨਿਰਮਾਣ ਕਰਨ ਲਗਦੀ ਹੈ। ਪਨੀਰ, ਫੁੱਲ ਕ੍ਰੀਮ ਦੁੱਧ, ਘਿਓ, ਮੱਛੀ ਦਾ ਤੇਲ ਇਸ ਦੇ ਚੰਗੇ ਸਰੋਤ ਹਨ।
ਵਿਟਾਮਿਨ ‘ਈ’
ਵਿਟਾਮਿਨ ‘ਈ’ ਚਰਬੀ ਵਿਚ ਘੁਲਣਸ਼ੀਲ ਹੁੰਦਾ ਹੈ ਅਤੇ ਇਕ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ। ਵਿਟਾਮਿਨ ‘ਈ’ ਸੰਪੂਰਨ ਸਿਹਤ ਲਈ ਚੰਗਾ ਹੁੰਦਾ ਹੈ। ਇਸ ਦੀ ਕਮੀ ਨੂੰ ਪੂਰਾ ਕਰਨ ਲਈ ਨਿਯਮਤ ਸੁੱਕੇ ਮੇਵੇ, ਸੂਰਜਮੁਖੀ ਦੇ ਬੀਜ, ਹਰੀਆਂ ਪੱਤੇਦਾਰ ਸਬਜ਼ੀਆਂ, ਆਂਡੇ, ਸ਼ਕਰਕੰਦੀ, ਸਰ੍ਹੋਂ, ਸ਼ਲਗਮ, ਬ੍ਰੋਕਲੀ, ਅੰਬ, ਪਪੀਤਾ, ਕੱਦੂ ਅਤੇ ਮੱਕਾ ਦਾ ਸੇਵਨ ਕਰੋ।
ਵਿਟਾਮਿਨ ‘ਕੇ’
ਇਹ ਵਿਟਾਮਿਨ ਵੀ ਚਰਬੀ ਵਿਚ ਘੁਲਣਸ਼ੀਲ ਹੁੰਦਾ ਹੈ। ਇਸ ਨਾਲ ਹੱਡੀਆਂ ਦੀ ਤੰਦਰੁਸਤੀ ਵਿਚ ਸੁਧਾਰ ਹੁੰਦਾ ਹੈ ਅਤੇ ਧਮਨੀਆਂ ਵਿਚ ਕੈਲਸ਼ੀਅਮ ਵੀ ਨਾ ਜੰਮਣ ਵਿਚ ਮਦਦ ਕਰਦਾ ਹੈ। ਸਮੇਂ ਤੋਂ ਪਹਿਲਾਂ ਬੁਢਾਪੇ ਤੋਂ ਵੀ ਸਾਡੀ ਰੱਖਿਆ ਕਰਦਾ ਹੈ। ਵੱਖ-ਵੱਖ ਰੰਗਾਂ ਵਾਲੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰੋ।