Copyright & copy; 2019 ਪੰਜਾਬ ਟਾਈਮਜ਼, All Right Reserved
ਐਵੇਂ ਵਹਿਮ ਆ…

ਐਵੇਂ ਵਹਿਮ ਆ…

ਕੁਦਰਤ ਦੀ ਵਿਡੰਵਨਾ ਕਿ ਧਰਤੀ ਤੇ ਜੀਵਨ ਦੀ ਉਤਪਤੀ ਹੋਈ ।ਉਸ ਸਰਬਸ਼ਕਤੀ ਮਾਨ ਨੇ ਆਦਮ (ਮਰਦ)ਅਤੇ ਹੱਵਾ (ਔਰਤ) ਸਿਰਜੇ । ਫਿਰ ਸਮਾਜ ਬਣਿਆ ਅਤੇ ਅੱਗੇ ਲਗਾਤਾਰ ਪ੍ਰਗਤੀ ਹੁੰਦੀ ਰਹੀ । ਲੱਖਾਂ ਕਰੋੜਾਂ ਸਾਲਾਂ ਵਿੱਚ ਇਨਸਾਨ ਸਮਾਜ ਅਤੇ ਸੰਸਕ੍ਰਿਤੀ ਵਿੱਚ ਬੱਝਿਆ। ਫਿਰ ਹੌਲ਼ੀ -ਹੌਲ਼ੀ ਮਨੁੱਖ ਸੱਭਿਅਕ ਹੁੰਦਾ ਗਿਆ। “ਸੱਭਿਅਕ ਮਨੁੱਖ “ਇਸ ਦੀ ਸੀਮਾ ਜਾਂ ਹੱਦਾਂ ਬੰਨੇ ਕੀ ਮਿਥੀਏ ਕਿ ਇਸ ਸ਼ਬਦ ਦੀ ਸਮਝ ਲੱਗ ਜਾਵੇ । ਮੈਨੂੰ ਤਾਂ ਅਜੇ ਇਹ ਵੀ ਨਹੀਂ ਪਤਾ ਕਿ ਸੱਭਿਅਕ ਮਨੱਖ ਕਿਹੋ ਜਿਹਾ ਹੁੰਦਾ ਹੈ ? ਪਤਾ ਨਹੀਂ ਕਿਹੜੇ ਸਮੇਂ ਦੇ ਦੌਰਾਨ ਮਰਦ ਆਪ ਹੀ ਸਮਾਜ ਦਾ ਪ੍ਰਧਾਨ ਬਣ ਬੈਠਾ । ਜਾਂ ਕਿ ਕੁਦਰਤੀ ਬਖ਼ਸ਼ਿਸ਼ ਦਾ ਹੀ ਰੂਪ ਸੀ ਕਿ ਔਰਤ ਸਰੀਰਕ ਤੌਰ ਤੇ ਕਦੇ ਵੀ ਮਰਦ ਦਾ ਮੁਕਾਬਲਾ ਨਹੀਂ ਕਰ ਸਕਦੀ । ਸੂਖ਼ਮ ਭਾਵਨਾਵਾਂ ਤੇ ਮਾਨਸਿਕ ਤੌਰ ਤੇ ਮਰਦ ਔਰਤ ਦੀ ਬਰਾਬਰੀ ਨਹੀਂ ਕਰ ਸਕਦਾ । ਸਮੇਂ ਸਮੇਂ ਤੇ ਸਮਾਜ ਦੇ ਕੁਝ ਗਲਤ ਅਤੇ ਗੁੰਡਾ ਅਨਸਰਾਂ ਨੇ ਔਰਤ ਦੀਆਂ ਕੋਮਲ ਭਾਵਨਾਵਾਂ ਨੂੰ ਕੁਚਲਿਆ ਹੈ । ਇਹ ਵਹਿਸ਼ੀਆਨਾ ਦਰਿੰਦੇ ਸਾਰੀ ਮਰਦ ਜਾਤੀ ਨੂੰ ਬਦਨਾਮ ਕਰ ਦਿੰਦੇ ਨੇ ਅਤੇ ਦੇਸ਼ ਕੌਮਾਂ ਅਤੇ ਸਮੁੱਚੇ ਸਮਾਜ ਦੇ ਮੱਥੇ ਦਾ ਕਲੰਕ ਹੋਇਆ ਕਰਦੇ ਹਨ।
ਜਦੋਂ ਦੀ ਵਿਗਿਆਨ ਅਤੇ ਸਿੱਖਿਆ ਦੇ ਖੇਤਰ ਨੇ ਕੁਝ ਜ਼ਿਆਦਾ ਹੀ ਤਰੱਕੀ ਕੀਤੀ ਹੈ, ਉਦੋਂ ਤੋਂ ਹੀ ਔਰਤਾਂ ਦੀ ਸਿੱਖਿਆ ਵੱਲ ਵੀ ਖ਼ਾਸ ਧਿਆਨ ਦਿੱਤਾ ਗਿਆ ਹੈ । ਪਿਛਲੇ ਸਮੇਂ ਤੋਂ ਸਮਾਜ ਸੇਵੀ ਸੰਸਥਾਵਾਂ, ਸਮੇਂ ਦੀਆਂ ਸਰਕਾਰਾਂ ਅਤੇ ਮੁੱਠੀ ਭਰ ਅਦਰਸ਼ਵਾਦੀ ਸੋਚ ਰੱਖਣ ਵਾਲਿਆਂ ਨੇ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਾ ਦਰਜਾ ਦਿੱਤਾ ਹੈ ।ਮੈਂ ਦਿਲੋਂ ਤੇ ਮਾਨਸਿਕ ਤੌਰ ਤੇ ਇਸ ਫਲਸਫ਼ੇ ਦੀ ਹਾਮੀ ਭਰਦੀ ਹਾਂ , ਪਰ ਅੱਜ ਜੋ ਕੁਝ ਸਮਾਜ ਵਿੱਚ ਵਾਪਰ ਰਿਹਾ ਹੈ ,ਸਮਾਜ ਦੇ ਗੁੰਡਾ ਅਨਸਰ ਜਾਂ ਅਮੀਰਜ਼ਾਦੇ ਜੋ ਗੰਦਗੀ ਫੈਲਾਅ ਰਹੇ ਹਨ ਤੇ ਕੁੜੀਆਂ ਨੂੰ ਮਹਿਜ ਖਿਡੌਣਾ ਸਮਝ ਕੇ ਖੇਡ ਕੇ ਮਾਰ ਦਿੰਦੇ ਹਨ , ਕੀ ਇਹ ਮੁੰਡੇ ਕੁੜੀ ਦੀ ਬਰਾਬਰੀ ਦੀ ਨਿਸ਼ਾਨੀ ਹੈ ? ਇੱਕ ਸੁਚੇਤ ਨਾਗਰਿਕ ਹੋਣ ਦੇ ਨਾਤੇ ਮੇਰੇ ਕੁਝ ਸਵਾਲ ਨੇ ,-ਸਮੇਂ ਦੀ ਸਰਕਾਰ ਨੂੰ , ਧਰਮ ਦੇ ਠੇਕੇਦਾਰਾਂ ਨੂੰ , ਅਦਰਸ਼ਵਾਦੀ ਸੋਚ ਰੱਖਣ ਵਾਲਿਆਂ ਨੂੰ ,ਆਪਣੇ ਆਪ ਨੂੰ ਸਮਾਜ ਦੇ ਪਹਿਰੇਦਾਰ ਕਹਾਉਣ ਵਾਲਿਆਂ ਨੂੰ ਅਤੇ ਹਰ ਉਸ ਚੇਤਨ ਭਾਰਤੀ ਨਾਗਰਿਕ ਨੂੰ ਕਿ –
ਕੀ ਔਰਤ ਮਰਦ ਦੇ ਬਰਾਬਰ ਦਾ ਸਥਾਨ ਰੱਖਦੀ ਹੈ?
ਜੇ ਹਾਂ ਤਾਂ ਕੁਝ ਸਮਾਂ ਪਹਿਲਾਂ ਕੁੜੀਆਂ ਹੀ ਕਿਉਂ ਦਹੇਜ ਦੀ ਭੇਂਟ ਚੜ੍ਹਦੀਆਂ ਰਹੀਆ?
ਮਰਦ ਕਿਉਂ ਨਹੀਂ?
ਰੇਪ(ਬਲਾਤਕਾਰ)ਦੀ ਬਲੀ ਦਾ ਬੱਕਰਾ ਕੁੜੀਆਂ ਹੀ ਬਣਦੀਆਂ ਨੇ ਅਤੇ ਮਾਰ ਦਿੱਤੀਆਂ ਜਾਂਦੀਆਂ ਨੇ ਕਿਸ ਕਿਸ ਦਾ ਨਾਮ ਲਵਾਂ ।
ਤੇਜ਼ਾਬ ਵੀ ਕੁੜੀਆਂ ਤੇ ਹੀ ਕਿਉਂ ਸੁੱਟਿਆ ਜਾਂਦਾ ਏ ?
ਹੈ ਕਿਸੇ ਕੋਲ਼ ਮੇਰੇ ਇਹਨਾਂ ਸਵਾਲਾਂ ਦਾ ਜਵਾਬ ?ਅੱਜ ਤੋਂ ਕੁਝ ਸਾਲ ਪਹਿਲਾਂ ਦਿੱਲੀ ਦੇ ਬਸ ਵਿੱਚ ਵਾਪਰੀ ਰੇਪ ਦੀ ਘਟਨਾ । ਕੁੜੀ ਜੋ ਸਮਾਜ ਦੇ ਗਲਤ ਅਨਸਰਾਂ ਦੀ ਗੰਦੀ ਕਰਤੂਤ ਦਾ ਸ਼ਿਕਾਰ ਹੋਈ ਤੇ ਮਰ ਗਈ । ਫਿਰ ਧਾਰਮਿਕ ਸਥਾਨ ਤੇ ਧਰਮ ਦੇ ਠੇਕੇਦਾਰਾਂ ਨੇ ਮਾਸੂਮ ਬੱਚੀ ਨੂੰ ਨੋਚਿਆ।
ਪਿੱਛੇ ਜਿਹੇ ਨਰਸ ਕੁੜੀ ਜਿਸ ਨੂੰ ਬਲਾਤਕਾਰ ਤੋਂ ਬਾਅਦ ਜਿਉਦਿਆਂ ਜਲਾ ਦਿੱਤਾ ਗਿਆ, ਹੁਣ ਯੂ.ਪੀ. ਦੇ ਪਿੰਡ ਹਾਥਰਸ ਦੀ ਮਨੀਸ਼ਾ ਜੋ ਦਲਿਤ ਪਰਿਵਾਰ ਨਾਲ਼ ਸਬੰਧਿਤ ਸੀ ਦਰਿੰਦਿਆਂ ਨੇ ਉਸ ਨਾਲ਼ ਗੈਂਗ ਰੇਪ ਤੋਂ ਮਗਰੋਂ ਉਸਦੀ ਜੀਭ ਕੱਟ ਦਿੱਤੀ ਗਈ , ਰੀੜ ਦੀ ਹੱਡੀ ਤੋੜ ਦਿੱਤੀ ਗਈ ਅਤੇ ਅਖੀਰ ਜ਼ਖਮਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ । ਮਾਪਿਆਂ ਨੂੰ ਉਸਦਾ ਜਾਂਦੀ ਵਾਰ ਦਾ ਮੂੰਹ ਦੇਖਣਾ ਵੀ ਨਸੀਬ ਨਾ ਹੋਇਆ । ਉੱਥੋਂ ਦੀ ਪੁਲੀਸ ਨੇ ਰਾਤ ਨੂੰ ਹੀ ਸੰਸਕਾਰ ਕਰ ਦਿੱਤਾ
ਕਿਉਂ ਕਿ ਉਹ ਦਲਿਤ ਪਰਿਵਾਰ ਵਿੱਚੋਂ ਸੀ ਜੇ ਕਿਤੇ ਕਿਸੇ ਅਮੀਰ ਦੀ ਬੇਟੀ ਹੁੰਦੀ ਤਾਂ ਸਮੇਂ ਦੀ ਸਥਾਨਿਕ ਸਰਕਾਰ ਨੇ ਕੇਸ ਝੱਟ ਸੀ ਬੀ ਆਈ ਹਵਾਲੇ ਕਰ ਦੇਣਾ ਸੀ । ਕਹਾਵਤਾਂ ਐਵੇਂ ਥੋੜ੍ਹਾ ਬਣੀਆਂ ਬਈ “ਤਕੜੇ ਦਾ ਸੱਤੀਂ ਵੀਹੀਂ ਸੌ ।”ਬੇਟੀ ਬਚਾਓ , ਤੇ ਨੰਨ੍ਹੀਆਂ ਛਾਵਾਂ ਦੇ ਨਾਅਰੇ ਦੇਣ ਵਾਲਿਓ ਜਾਗੋ । ਜ਼ੁਲਮਾਂ ਦੇ ਲਾਂਬੂ ਸਮਾਜ ਵਿੱਚ ਫੈਲ ਰਹੇ ਨੇ , ਤੇ ਘਰ ਤੁਹਾਡੇ ਵੀ ਦੂਰ ਨਹੀਂ । ਇਨਸਾਨੀਅਤ ਦੇ ਰਾਖਿਓ ਉੱਠੋ ਜਾਗੋ ਤੇ ਜਗਾਓ ਆਪਣੀ ਜ਼ਮੀਰ ਨੂੰ ਅਤੇ ਸਿਰਜੋ ਸੱਚੀ ਮੁੱਚੀ ਦਾ ਅਜਿਹਾ ਸਮਾਜ ਜਿਸ ਵਿੱਚ ਮਾਂ , ਬੇਟੀ , ਭੈਣ ਸੁਰੱਖਿਅਤ ਹੋਵੇ ।ਬਰਾਬਰਤਾ ਨਿੰਮ ਬੰਨ੍ਹਣ ਜਾਂ ਲੋਹੜੀ ਵੰਡਣ ਨਾਲ਼ ਨਹੀਂ ,ਹਕੀਕੀ ਤੌਰ ਤੇ ਕੁਝ ਕਰਨ ਲਈ ਹੰਭਲਾ ਮਾਰਨਾ ਸਮੇਂ ਦੀ ਲੋੜ ਹੈ ।ਮਨ ਦੀ ਚੀਸ ਨੇ ਸਹਿਜੇ ਹੀ ਇਹ ਸ਼ਬਦ ਸਿਰਜ ਦਿੱਤੇ –
ਐਵੇਂ ਵਹਿਮ ਆ , ਕਿ ਤੇਰੇ ਬਰਾਬਰ ਹਾਂ ਮੈਂ,
ਤੇਰੀ ਜਾਤ ਦੇ ਦਰਿੰਦਿਆਂ ਨੇ ਕੁਚਲ ਦਿੱਤੀ ਹਾਂ ਮੈਂ ।”

ਲੇਖਕ : ਅੰਮ੍ਰਿਤਪਾਲ ਕਲੇਰ ( ਚੀਦਾ)
ਸੰਪਰਕ : 9915780980