Copyright & copy; 2019 ਪੰਜਾਬ ਟਾਈਮਜ਼, All Right Reserved
ਸਾਡੇ ਸੂਝਵਾਨ – ਓਦੋਂ ਅਤੇ ਹੁਣ !

ਸਾਡੇ ਸੂਝਵਾਨ – ਓਦੋਂ ਅਤੇ ਹੁਣ !

1920 ਵਿੱਚ ਵੀ ਹਿੰਦੋਸਤਾਨ ਦੀਆਂ ਤਾਕਤਾਂ ਸਿੱਖ ਪੰਥ ਨੂੰ ਜਾਤਪਾਤੀ ਪ੍ਰਬੰਧ ਹੇਠ ਲਿਆ ਕੇ ਖਾਲਸਾਈ ਖਾਸੇ ਨੂੰ ਮੇਟਣ ਲਈ ਤਰੱਦਦ ਕਰ ਰਹੀਆਂ ਸਨ । ਇਹਨਾਂ ਵਿੱਚ ਆਲਮੀ ਜੰਗ ਜਿੱਤਣ ਵਾਲੀ ਬਸਤੀਵਾਦੀ ਸਰਕਾਰ ਸੀ ਜੋ 70 ਸਾਲ ਤੋ ਗੁਰਦਵਾਰਿਆਂ ਉੱਤੇ ਮਹੰਤਾਂ ਰਾਹੀਂ ਕਾਬਜ਼ ਸੀ । ਹਿੰਦੂ ਅਥਾਹ ਬਹੁਗਿਣਤੀ ਸੀ ਜੋ ਮਹੰਤਾਂ ਦੀ ਪਿੱਠ ਉੱਤੇ ਖੜ੍ਹੀ ਸੀ । ਨਿਰਮਲੇ,ਉਦਾਸੀ ਮਹੰਤ ਸਨ ਜੋ ਹਿੰਦੂ ਮੱਠਾਂ ਦੀ ਤਰਜ਼ ਉੱਤੇ ਕਈ ਪੁਸ਼ਤਾਂ ਤੋਂ ਗੁਰਦਵਾਰਿਆਂ ਨੂੰ ਵਰਤਦੇ ਆ ਰਹੇ ਸਨ।
ਸਾਡੇ ਸੂਝਵਾਨਾਂ ਨੇ ਸਭ ਨੂੰ ਮਾਤ ਦੇਣ ਦਾ ਤਹੱਈਆਂ ਕਰ ਲਿਆ । ਉਹਨਾਂ ਦੇ ਮਦਦਗਾਰ ਸਨ ਦਬੇ ਕੁਚਲੇ ਨਿਤਾਣੇ ਲੋਕ ਜੋ ਸਿਮ੍ਰਤੀਆਂ ਦੀ ਕੈਦ ਵਿਚੋਂ ਨਿਕਲਣਾ ਸੋਚਦੇ ਸਨ । ਉਹ ਆਪ ਗੈਰ ਜੱਟ-ਜੱਟ ,ਖਤਰੀ ਸਨ ਅਤੇ ਗੁਰਸਿੱਖ ਕਰਤਾਰ ਸਿੰਘ ਝੱਬਰ (ਵਿਰਕ)ਵਰਗੇ ਕਈ ਨਾਲ ਆ ਖੜੇ ਹੋਏ । ਜੱਥੇਦਾਰ ਪਾਲਾ ਸਿੰਘ ਜਿੱਸ ਦੀ ਪਿੱਠ ਉੱਤੇ, ਆਸਾ ਦੀ ਵਾਰ ਲਾਉਣ ਪਿੱਛੇ ਭੂਪਿੰਦਰ ਸਿੰਘ ਦੀਆਂ ਬੈਂਤਾਂ ਦੀਆਂ ਲਾਸ਼ਾਂ ਸਨ , ਦੇ ਸਿਰ ਉੱਤੇ ਸੀ ਕੜਾਹ ਪ੍ਰਸਾਦ ਦੀ ਦੇਗ ਸੀ । ਕੁਝ ਹੁਣੇ ਜਹਾਜੇ ਚੜ੍ਹੇ ਮਜਬੀ ਸਿੰਘ ਸਨ । ਏਸ ਸੰਗਤ ਤੋਂ ਇਲਾਵਾ ਇਹਨਾਂ ਕੋਲ ਸੀ ਗੁਰੂ ਦੀ ਹਰ ਮੈਦਾਨ ਜੇਤੂ ਬਾਣੀ ਜਿਸ ਉੱਤੇ ਏਹਨਾਂ ਨੂੰ ਅਥਾਹ ਭਰੋਸਾ ਸੀ । ਕੋਈ ਨਾਮੀ ਆਗੂ ਨਹੀਂ ਸੀ।
ਸਿੱਖੀ ਦਾ ਬਿਰਦ ਹੈ ਕੇ ਸਮਾਂ ਆਉਣ ਉੱਤੇ ਆਮ ਵਿਚਰਦੇ ਬੋਤਾ ਸਿੰਘ, ਗਰਜਾ ਸਿੰਘ , ਸੁੱਖਾ ਸਿੰਘ ਵੱਡੇ ਜਰਨੈਲ ਬਣ ਉੱਭਰਦੇ ਹਨ । ਅਜੋਕੇ ਜਮਾਨੇ ਨੇ ਇੱਕ ਸਾਦ ਮੁਰਾਦੇ ਸਾਧੂ ਨੂੰ ਮੁਲਕ ਦੀਆਂ ਫੌਜਾਂ ਉੱਤੇ ਫਤਹਿ ਹਾਸਲ ਕਰਦੇ ਹੋਏ ਵੀ ਦੇਖਿਆ ਹੈ।
ਸੱਚ ਲਈ ਜੂਝਣ ਵਾਲੇ ਨਿੱਕੇ ਜਿਹੇ ਕਾਫਲੇ ਨੇ ਆਖਰ, ਗੁਰ ਸ਼ਬਦ ਦੇ ਸੱਚ ਦੇ ਆਸਰੇ ਸਭ ਨੂੰ ਮਾਤ ਦਿੱਤੀ । ਸਤਿਗੁਰੂ ਨੇ ਆਪਣਾ ਕੌਲ ਵਾਕ ਰਾਹੀਂ ਦ੍ਰਿੜ ਕੀਤਾ , ”ਨਿਗੁਣਿਆਂ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ॥ ……ਮਨੂਰੇ ਤੇ ਕੰਚਨ ਭਏ ਭਾਈ ਗੁਰ ਪਾਰਸੁ ਮੇਲਿ ਪਿਲਾਇ॥……ਜਨਮੁ ਸਵਾਰੀ ਆਪਣਾਂ ਭਾਈ ਕੁਲੁ ਭੀ ਲਈ ਬਖਸਾਇ ॥੭॥”ਸਾਜ਼ਸ਼ਾ ਛਾਈਂ ਮਾਈ ਹੋ ਗਈਆਂ,ਬਹੁਗਿਣਤੀਆਂ ਕਿੱਤੇ ਨ ਦਿੱਸੀਆਂ ,ਆਲਮੀ ਜੰਗ ਦੇ ਮਾਰੂ ਹਥਿਆਰ ਨ ਚਲੇ ਪਾਪਾਂ ਦਾ ਅਡੋਲ ਭਾਰ ਨ ਸਹਰਦੇ ਹੋਏ ਪੁਜਾਰੀ ਦਰਬਾਰ ਸਾਹਿਬ ਅਤੇ ਅਕਾਲ ਤਖਤ ਪੰਥ ਦੇ ਹਵਾਲੇ ਕਰਕੇ ਭੱਜ ਗਏ । ਸਾਰੇ ਗੁਰਦਵਾਰਿਆਂ ਦੇ ਅਜ਼ਾਦ ਹੋਣ ਦਾ ਗਾਡੀ ਰਾਹ ਖੁਲ੍ਹ ਗਿਆ।
12 ਅਕਤੂਬਰ 2020 ਵਾਲੇ ਸੂਝਵਾਨਾਂ ਦੇ ਸਾਹਮਣੇ ਗੁਰਬਾਣੀ, ਗੁਰ ਇਤਿਹਾਸ ਸੀ ,ਸਦੀ ਪੁਰਾਣੀ ਨਜ਼ੀਰ ਸੀ , ਲੋਕ ਰਾਜੀ ਪ੍ਰੰਪਰਾ ਸੀ , ਛਾਪੇਖਾਨੇ ਅਤੇ ਸੋਸ਼ਲ ਮੀਡੀਆ ਦੀ ਤਾਕਤ ਸੀ ,ਅਤੇ ਇਹਨਾਂ ਦਾ ਕੋਈ ਵਿਰੋਧੀ ਨਹੀਂ ਸੀ । ਇਹਨਾਂ ਉੱਤੇ ਰੌਨਟ ਐਕਟ ਦਾ ਪ੍ਰਛਾਵਾਂ ਵੀ ਨਹੀਂ ਸੀ । ਜੇ ਨਹੀਂ ਸੀ ਤਾਂ ਇਹ ਜਾਨਣ ਦਾ ਬਿਬੇਕ ਨਹੀਂ ਸੀ ਕਿ ਮਾਮੂਲੀ ਸਮਾਜਿਕ ਵਿਤਕਰੇ (ਜੋ ਵੀ ਸਿੱਖੀ ਵਿੱਚ ਪ੍ਰਵਾਨ ਨਹੀਂ) ਹਰ ਸਮਾਜ ਦਾ ਹਿੱਸਾ ਹੁੰਦੇ ਹਨ ਪਰ ਜਾਤਪਾਤੀ ਪ੍ਰਬੰਧ (Caste system
) ਕੇਵਲ ਹਿੰਦੂ ਪ੍ਰੰਪਰਾ ਦਾ ਦਹਸਾਦੀਆਂ ਪੁਰਾਣਾਂ ਦੀਰਘ ਰੋਗ ਹੈ । ਇਹ ਸਿੱਖ ਪੰਥ ਵਿੱਚ ਜਾਤਪਾਤ ਦੀ ਹੋਂਦ ਨੂੰ ਮੰਨ ਕੇ ਚਲੇ ,ਤਾਂ ਕਿ ਅੱਜ ਹਰ ਪੱਖੋਂ ਬਦਜ਼ਨ ,ਮੂਲ ਨਿਵਾਸੀਆਂ ਨੂੰ ਇਸ਼ਾਰਾ ਕੀਤਾ ਜਾਵੇ ਕਿ ਉਹਨਾਂ ਲਈ ਗੁਰੂ ਦੀ ਸੁਖਾਵੀਂ ਗੋਦੀ ਵਿੱਚ ਵੀ ਸਕੂਨ ਨਹੀਂ, ਕੁਲਨਾਸ਼, ਕਰਮਨਾਸ਼, ਕਿਰਤਨਾਸ਼, ਧਰਮਨਾਸ਼, ਭਰਮਨਾਸ਼ ਖਾਲਸਾ ਸਚਾਈ ਨਹੀਂ।
ਇਹ ਲੋੜ ਮਾਨਵਤਾ ਦੀ ਨਹੀਂ ਸੀ ,ਸੱਚ ਦੀ ਨਹੀਂ ਸੀ ,ਪਰ ਇਹ ਲੋੜ ਉਹਨਾਂ ਮਨੂਵਾਦੀਆਂ ਦੀ ਸੀ ਜਿਨ੍ਹਾਂ ਨੂੰ ਸਦਾ ਤੌਖਲਾ ਰਹਿੰਦਾ ਹੈ ਕਿ ਉਹਨਾਂ ਦੇ ਵਾੜੇ ਦੀਆਂ ਭੇਡਾਂ ਕਿੱਤੇ ਰੋਕਾਂ ਤੋੜ ਕੇ ਕਾਫਲੇ ਨ ਜੋੜ ਲੈਣ । ਕਿਤੇ ਕੋਈ ਸੁੱਖਾ ਸਿੰਘ ,ਬੀਰੂ ਸਿੰਘ ਏਹਨਾਂ ਦੀ ਅਗਵਾਈ ਲਈ ਨ ਕਿਧਰੋਂ ਆ ਜਾਵੇ । ਉਹ ਇਹਨਾਂ ਦੇ ਰਾਹਾਂ ਵਿੱਚ ‘ਬਚਿਤ੍ਰ ਨਾਟਕ’ਦੇ ਕੰਡੇ ਵੀ ਲੱਪਾਂ ਭਰ ਭਰ ਬੀਜ ਰਹੇ ਹਨ।ਮੂਲ ਨਿਵਾਸੀਆਂ ਨੂੰ ਪੱਛਣ ਲਈ ਮਜ਼ਬੂਰ ਕੀਤਾ ਜਾਵੇਗਾ ਕਿ ਗੁਰੂ ਦਾ ਪੰਥ ਉਹਨਾਂ ਦੇ ਮਹਾਂਨਾਇਕ ਮਹਿਸ਼ਾਸੁਰ ਦੀ ਪਿੱਠ ਉੱਤੇ ਖੜ੍ਹਾ ਹੈ ਜਾਂ ਮਹਿਸ਼ਾਸੁਰ-ਮਰਦਨੀ ਦੇ ਸੋਹਲੇ, ਵਾਰਾਂ ਗਾਉਣ ਵਿੱਚ ਦਿਲਚਸਪੀ ਰੱਖਦਾ ਹੈ?
ਸਾਡੇ ਸੂਝਵਾਨਾਂ ਦੀ ਭੁਲੇਖਾ ਪਾਉ ਕਰਵਾਈ ਜੇ ਕਿਸੇ ਇੱਕ ਸੱਜਣ ਨੂੰ ਵੀ ਗੁਰੂ ਦਰ ਤੋਂ ਰੋਕ ਸਕੀ ,ਜਾਂ ਏਸ ਪੱਖੋਂ ਕਿਸੇ ਇੱਕ ਗੁਰਸਿੱਖ ਦੇ ਮਨ ਵਿੱਚ ਹੀਣ ਭਾਵ ਪੈਦਾ ਕਰ ਸਕੀ ,ਤਾਂ ਵੀ ਅਮਾਨਵੀ ਅਖਵਾਏਗੀ । ‘ਗੁਰ ਚਾਨਣ ਚਿਰਾਗ’ਦੇ ਰੌਸ਼ਨ ਹੁੰਦਿਆਂ ਹਨੇਰੇ ਕਿਉਂ ਢੋਏ ਜਾ ਰਹੇ ਹਨ ? ਕੀ ਆਉਣ ਵਾਲੀਆਂ ਚੋਣਾਂ ਵਿੱਚ ਨਵੇਂ ਸਮੀਕਰਨ ਸਿਰਜਣ ਦੀ ਇੱਛਾ ਤਾਂ ਕੁਲ ਮਨ ਵਿੱਚ ਤਿੱਖੀ ਚਾਹਤ ਬਣਕੇ ਤਾਂ ਨਹੀਂ ‘ਮਚਲ ਰਹੀ?

ਲੇਖਕ : – ਗੁਰਤੇਜ ਸਿੰਘ