Copyright & copy; 2019 ਪੰਜਾਬ ਟਾਈਮਜ਼, All Right Reserved
ਜਾਤੀਵਾਦ ਇਕ ਸਦੀ ਪਹਿਲਾਂ…

ਜਾਤੀਵਾਦ ਇਕ ਸਦੀ ਪਹਿਲਾਂ…

ਪੰਜਾਬ ਦੇ ਇਤਿਹਾਸ ਵਿਚ 12 ਅਕਤੂਬਰ 1920 ਅਜਿਹਾ ਦਿਨ ਹੈ ਜਿਹੜਾ ਉਸ ਦਿਨ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਵਾਪਰੀ ਇਕ ਘਟਨਾ ਕਾਰਨ ਇਤਿਹਾਸਕ ਤੇ ਪ੍ਰਤੀਕਮਈ ਹੈ। ਪੰਜਾਬ ਵਿਚ ਬੁੱਧ ਧਰਮ ਦੇ ਸਮਿਆਂ ਤੋਂ ਲੈ ਕੇ, ਨਾਥ-ਯੋਗੀਆਂ ਤੇ ਇਸਲਾਮ ਦੀ ਆਮਦ ਨਾਲ ਵਰਣ-ਆਸ਼ਰਮ ਅਤੇ ਜਾਤੀਵਾਦ ਦੇ ਵਿਰੁੱਧ ਸੰਘਰਸ਼ ਹੁੰਦਾ ਰਿਹਾ ਹੈ। ਭਗਤੀ ਲਹਿਰ ਦੇ ਉਥਾਨ ਅਤੇ ਸਿੱਖ ਧਰਮ ਨੇ ਇਸ ਸੰਘਰਸ਼ ਨੂੰ ਨਵੀਂ ਊਰਜਾ ਦਿੱਤੀ। ਗੁਰੂ ਨਾਨਕ ਦੇਵ ਜੀ ਨੇ ”ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸੁ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥” ਜਿਹੇ ਬੋਲਾਂ ਰਾਹੀਂ ਜਾਤੀਵਾਦ ਵਿਰੁੱਧ ਲਗਾਤਾਰ ਆਵਾਜ਼ ਬੁਲੰਦ ਕੀਤੀ। ਲੰਗਰ ਦੀ ਪਰੰਪਰਾ ਅਤੇ ਖ਼ਾਲਸੇ ਦੀ ਸਿਰਜਣਾ ਜਾਤੀਵਾਦ ਵਿਰੁੱਧ ਅਤੇ ਸਮਾਜਿਕ ਬਰਾਬਰੀ ਦੇ ਹੱਕ ਵਿਚ ਮਹਾਨ ਉਪਰਾਲੇ ਸਨ।
ਜਾਤੀਵਾਦ ਖ਼ਾਸ ਸਮਾਜਿਕ ਤੇ ਆਰਥਿਕ ਹਾਲਾਤ ਵਿਚ ਉਪਜਿਆ ਅਤੇ ਸਮਾਜਿਕ ਬਣਤਰ ਦਾ ਹਿੱਸਾ ਬਣ ਗਿਆ। ਇਸ ਵਰਤਾਰੇ ਵਿਚ ਬ੍ਰਾਹਮਣਵਾਦ ਤੇ ਪੁਜਾਰੀਵਾਦ ਨੇ ਬੁਨਿਆਦੀ ਭੂਮਿਕਾ ਨਿਭਾਈ ਅਤੇ ਬ੍ਰਾਹਮਣਾਂ ਨੂੰ ਸ਼੍ਰੋਮਣੀ ਦੱਸਦੇ ਹੋਏ ਸਮਾਜ ਨੂੰ ਚਾਰ ਵਰਣਾਂ ਵਿਚ ਵੰਡਿਆ। ਇਹ ਵੰਡ ਫਿਰ ਜਾਤਾਂ, ਗੋਤਾਂ ਤਕ ਫੈਲਦੀ ਹੋਈ ਜੜ੍ਹਾਂ ਵਾਲਾ ਅਜਿਹਾ ਫੋੜਾ ਬਣ ਗਈ ਜਿਸ ਨੇ ਸਮਾਜ ਨੂੰ ਏਨੀ ਬੁਰੀ ਤਰ੍ਹਾਂ ਵੰਡਿਆ ਕਿ ਸਮਾਜਿਕ ਬਰਾਬਰੀ ਅਤੇ ਸਮਾਜਿਕ ਏਕਤਾ ਦਾ ਤਸੱਵਰ ਕਰਨਾ ਵੀ ਮੁਸ਼ਕਲ ਹੋ ਗਿਆ। ਇਹ ਵਰਤਾਰਾ ਮੁਸਲਮਾਨ ਅਤੇ ਇਸਾਈ ਭਾਈਚਾਰਿਆਂ ਵਿਚ ਵੀ ਫੈਲ ਗਿਆ। ਆਰਥਿਕ ਹਾਲਾਤ, ਸਬੰਧ ਅਤੇ ਬਣਤਰ ਦੇ ਬਦਲਣ ਨਾਲ ਸਮਾਜ ਵਿਚ ਗ਼ਾਲਬ ਵਿਚਾਰਧਾਰਾ ਦਾ ਰੂਪ ਵੀ ਬਦਲਦਾ ਹੈ। ਇਹ ਤਬਦੀਲੀਆਂ ਪੰਜਾਬ ਵਿਚ ਵੀ ਆਈਆਂ; ਬੰਦਾ ਬਹਾਦਰ ਦੇ ਸਮਿਆਂ ਵਿਚ ਪੰਜਾਬ ਦੇ ਵੱਡੇ ਹਿੱਸੇ ਵਿਚ ਜਾਗੀਰਦਾਰੀ ਦਾ ਖ਼ਾਤਮਾ ਹੋਇਆ; ਬੰਦਾ ਬਹਾਦਰ ਅਤੇ ਸਿੱਖ ਮਿਸਲਾਂ ਦੀ ਅਗਵਾਈ ਵਿਚ ਜੱਟ, ਕਾਰੀਗਰ ਤੇ ਹੋਰ ਦਮਿਤ ਜਾਤਾਂ ਦੇ ਲੋਕਾਂ ਨੂੰ ਸੱਤਾ ਵਿਚ ਹਿੱਸਾ ਮਿਲਿਆ ਅਤੇ ਉਨ੍ਹਾਂ ਦੀ ਸਮਾਜਿਕ ਸਥਿਤੀ ਵਿਚ ਸੁਧਾਰ ਹੋਇਆ। ਸਮਾਜ ਜ਼ਿਆਦਾ ਜਮਹੂਰੀ ਹੋਇਆ ਅਤੇ ਛੂਆ-ਛਾਤ ਬਹੁਤ ਹੱਦ ਤਕ ਖ਼ਤਮ ਹੋ ਗਈ ਪਰ ਲੋਕਾਂ ਦੇ ਮਨਾਂ ਵਿਚ ਵਸਿਆ ਵੱਖ-ਵੱਖ ਜਾਤਾਂ ਨਾਲ ਸਬੰਧ ਰੱਖਣ ਦਾ ਵਿਚਾਰ ਕਦੇ ਵੀ ਖ਼ਤਮ ਨਾ ਹੋ ਸਕਿਆ।
ਸਿੱਖ ਧਾਰਮਿਕ ਸੰਸਥਾਵਾਂ ਵਿਚ ਜਾਤੀਵਾਦ ਦਾ ਇਕ ਘਿਨਾਉਣਾ ਰੂਪ ਇਸ ਤਰ੍ਹਾਂ ਉੱਭਰਿਆ ਕਿ ਵੀਹਵੀਂ ਸਦੀ ਦੇ ਸ਼ੁਰੂ ਤੱਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪੁਜਾਰੀ ਤਥਾਕਥਿਤ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਵਿਤਕਰੇ ਵਾਲਾ ਸਲੂਕ ਕਰਦੇ ਸਨ। ਉਨ੍ਹਾਂ ਲਈ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੱਖਰਾ ਸਮਾਂ ਅਤੇ ਇਸ਼ਨਾਨ ਲਈ ਵੱਖਰੀਆਂ ਥਾਵਾਂ ਨਿਸ਼ਚਿਤ ਕਰਨੀਆਂ, ਪੁਜਾਰੀਆਂ ਵੱਲੋਂ ਇਨ੍ਹਾਂ ਜਾਤਾਂ ਦੇ ਲੋਕਾਂ ਤੋਂ ਕੜਾਹ-ਪ੍ਰਸ਼ਾਦ ਨਾ ਲੈਣਾ, ਉਨ੍ਹਾਂ ਲਈ ਅਰਦਾਸ ਨਾ ਕਰਨ ਆਦਿ ਜਿਹੇ ਵਿਤਕਰੇ ਕੀਤੇ ਜਾਂਦੇ ਸਨ। 12 ਅਕਤੂਬਰ 1920 ਨੂੰ ਭਾਈ ਮਤਾਬ (ਮਹਿਤਾਬ) ਸਿੰਘ ਬੀਰ, ਬਾਵਾ ਹਰਕਿਸ਼ਨ ਸਿੰਘ, ਪ੍ਰੋਫ਼ੈਸਰ ਤੇਜਾ ਸਿੰਘ, ਪ੍ਰੋਫ਼ੈਸਰ ਨਿਰੰਜਣ ਸਿੰਘ, ਜਥੇਦਾਰ ਤੇਜਾ ਸਿੰਘ ਚੂਹੜਕਾਣਾ, ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਭੁੱਚਰ ਅਤੇ ਹੋਰ ਆਗੂਆਂ ਦੀ ਅਗਵਾਈ ਵਿਚ ਇਕ ਜਥਾ ਦਰਬਾਰ ਸਾਹਿਬ ਪਹੁੰਚਿਆ। ਪੁਜਾਰੀਆਂ ਨੇ ਅਖੌਤੀ ਨੀਵੀਆਂ ਜਾਤੀਆਂ ਦੇ ਸੱਜਣਾਂ ਦਾ ਬਣਾਇਆ ਕੜਾਹ-ਪ੍ਰਸ਼ਾਦ ਲੈਣ ਤੋਂ ਨਾਂਹ ਕਰ ਦਿੱਤੀ। ਬਹਿਸ-ਮੁਬਾਹਸੇ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲਿਆ ਗਿਆ: ”ਨਿਗੁਣਿਆ ਨੋ ਆਪ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ॥” ਇਸ ਵਾਕ ਨੂੰ ਸੰਗਤ ਨੇ ਸਿੱਖ ਗੁਰੂਆਂ ਵੱਲੋਂ ਸਮਾਜਿਕ ਤੌਰ ‘ਤੇ ਲਿਤਾੜੇ ਗਏ ਲੋਕਾਂ ਦੇ ਹੱਕ ਵਿਚ ਲਏ ਗਏ ਪੈਂਤੜੇ ਦੇ ਰੂਪ ਵਿਚ ਸਹੀ ਸਮਝਿਆ ਅਤੇ ਕੜਾਹ-ਪ੍ਰਸ਼ਾਦ ਪ੍ਰਵਾਨ ਕੀਤਾ ਗਿਆ; ਸੰਗਤ ਨੇ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿਚ ਭਾਈ ਤੇਜਾ ਸਿੰਘ ਭੁੱਚਰ ਨੂੰ ਅਕਾਲ ਤਖਤ ਦਾ ਜਥੇਦਾਰ ਥਾਪਿਆ। ਇਹ ਵੱਡੀਆਂ ਘਟਨਾਵਾਂ ਜੋਸ਼ ਤੇ ਰੋਹ ਦੇ ਮਾਹੌਲ ਵਿਚ ਵਾਪਰੀਆਂ ਅਤੇ ਇਨ੍ਹਾਂ ਨੇ ਪੰਜਾਬ ਦੇ ਬਾਅਦ ਦੇ ਇਤਿਹਾਸ ‘ਤੇ ਨਿਰਣਾਇਕ ਅਸਰ ਪਾਇਆ।
ਸਿੱਖ ਧਰਮ ਦੇ ਜਮਹੂਰੀ ਪ੍ਰਭਾਵ ਦੁਆਰਾ ਲਿਆਂਦੀਆਂ ਤਬਦੀਲੀਆਂ ਵਿਚੋਂ ਇਕ ਖ਼ਾਸ ਤਬਦੀਲੀ ਸ਼ੁਰੂ ਵਿਚ ਬਣੇ ਸਿੱਖਾਂ, ਬੰਦਾ ਬਹਾਦਰ ਅਤੇ ਮਿਸਲਾਂ ਦੇ ਘੋਲ ਵਿਚ ਸ਼ਾਮਲ ਹੋਣ ਵਾਲੇ ਸਿੱਖਾਂ ਤੋਂ ਲੈ ਕੇ ਗ਼ਦਰ ਅਤੇ ਅਕਾਲੀ ਲਹਿਰਾਂ ਵਿਚ ਹਿੱਸਾ ਲੈਣ ਵਾਲੇ ਸਿੱਖਾਂ, ਵਿਚ ਆਪਣਾ ਜਾਤੀ ਜਾਂ ਗੋਤਰੀ ਅੱਲਾਂ ਜਾਂ ਉਪਨਾਮ ਨਾ ਵਰਤਣ ਵਿਚ ਹੈ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ, ਨਾਂਦੇੜ ਤੋਂ ਬੰਦਾ ਸਿੰਘ ਬਹਾਦਰ ਦੇ ਨਾਲ ਆਉਣ ਵਾਲੇ ਅਤੇ ਉਸ ਨਾਲ ਰਹਿ ਕੇ ਮੁਗ਼ਲਾਂ ਵਿਰੁੱਧ ਲੜਨ ਵਾਲੇ ਸਿੱਖਾਂ ਵਿਚ ਕਿਤੇ ਵੀ ਜਾਤੀ/ਗੋਤਰੀ ਉਪਨਾਮਾਂ ਦੀ ਵਰਤੋਂ ਨਹੀਂ ਵੇਖਦੇ। ਮਿਸਲਾਂ ਦੇ ਨਾਂ ਇਲਾਕਿਆਂ/ਥਾਵਾਂ ਦੇ ਨਾਂ ‘ਤੇ ਰੱਖੇ ਜਾਂਦੇ ਹਨ ਭਾਵੇਂ ਉਨ੍ਹਾਂ ਵਿਚ ਖ਼ਾਸ ਜਾਤਾਂ ਦੇ ਲੋਕਾਂ ਦੀ ਸ਼ਮੂਲੀਅਤ ਹੋਈ।
ਗ਼ਦਰ ਲਹਿਰ ਦੇ ਆਗੂ ਇਸ ਵਰਤਾਰੇ ਵਿਰੁੱਧ ਜ਼ਿਆਦਾ ਚੇਤਨ ਲੱਗਦੇ ਹਨ। ਉਹ ਆਪਣੇ ਪਿੰਡਾਂ ਦੇ ਨਾਂ ਨੂੰ ਉਪਨਾਮਾਂ (ਤਖ਼ੱਲਸਾਂ) ਵਜੋਂ ਵਰਤ ਕੇ ਆਪਣੇ ਪਿੰਡਾਂ ਦਾ ਸਥਾਨਕ ਗੌਰਵ ਉਭਾਰਦੇ ਅਤੇ ਨਵੀਂ ਤਰ੍ਹਾਂ ਦਾ ਸੱਭਿਆਚਾਰ ਸਿਰਜਦੇ ਹਨ। ਭਕਨਾ, ਸਰਾਭਾ, ਲੋਪੋਕੇ, ਰਾਏਪੁਰ ਡੱਬਾ, ਮਰ੍ਹਾਣਾ, ਬਿਲਗਾ, ਲਲਤੋਂ, ਕਸੇਲ, ਮੁੱਗੋਵਾਲ, ਧੂਤ, ਚੱਕ ਮਾਈਦਾਸ, ਘੋਲੀਆਂ ਖੁਰਦ, ਧੁਲੇਤਾ ਆਦਿ ਪਿੰਡ ਗ਼ਦਰੀ ਬਾਬਿਆਂ ਦੇ ਕਾਰਨ ਹੀ ਪੰਜਾਬ ਅਤੇ ਇਤਿਹਾਸ ਵਿਚ ਮਸ਼ਹੂਰ ਹੁੰਦੇ ਹਨ। ਅਕਾਲੀ ਲਹਿਰ ਵੀ ਇਸ ਸੱਭਿਆਚਾਰ ਨੂੰ ਅਪਣਾਉਂਦੀ ਹੈ ਅਤੇ ਮੁੱਢਲੇ ਅਕਾਲੀ ਆਗੂ ਵੀ ਆਪਣੇ ਨਾਵਾਂ ਨਾਲ ਆਪਣੇ ਪਿੰਡਾਂ ਦੇ ਨਾਵਾਂ ਨੂੰ ਹੀ ਵਰਤਦੇ ਹਨ ਅਤੇ ਝਬਾਲ, ਝੱਬਰ, ਚੂਹੜਕਾਣਾ, ਭੁੱਚਰ, ਨਾਗੋਕੇ ਤੇ ਅਜਿਹੇ ਹੋਰ ਪਿੰਡਾਂ ਦੇ ਨਾਂ ਸਿਆਸੀ ਦ੍ਰਿਸ਼ ਵਿਚ ਉੱਭਰਦੇ ਹਨ। ਗ਼ਦਰ ਤੇ ਅਕਾਲੀ ਲਹਿਰਾਂ ਵਿਚ ਕੁਝ ਨਵੇਂ ਉਪਨਾਮ ਵੀ ਦਿਖਾਈ ਦਿੰਦੇ ਹਨ; ਸੇਵਕ, ਦੁਖੀ, ਸਮੁੰਦਰੀ, ਦਰਦ, ਤੀਰ ਆਦਿ। ਇਸ ਵਿਚ ਉਰਦੂ ਸਾਹਿਤ ਦੀਆਂ ਰਵਾਇਤਾਂ ਦੀ ਕੁਝ ਭੂਮਿਕਾ ਵੀ ਹੋ ਸਕਦੀ ਹੈ ਕਿਉਂਕਿ ਉਰਦੂ ਸ਼ਾਇਰਾਂ ਨੇ ਸ਼ਹਿਰਾਂ ਦੇ ਨਾਵਾਂ ‘ਤੇ ਦਿਹਲਵੀ, ਲਖਨਵੀ, ਹੁਸ਼ਿਆਰਪੁਰੀ ਜਾਂ ਫਿਰ ਸਾਹਿਤਕ ਉਪਨਾਮ (ਗਾਲਿਬ, ਮੀਰ, ਮੋਮਿਨ) ਅਪਣਾਏ।
ਕਿਰਤੀ ਤੇ ਕਮਿਊਨਿਸਟ ਲਹਿਰਾਂ ਵੀ ਗ਼ਦਰ ਅਤੇ ਅਕਾਲੀ ਲਹਿਰਾਂ ਦੇ ਅਸਰ ਦੇ ਨਾਲ ਨਾਲ ਸਾਹਿਤਕ ਪ੍ਰਭਾਵ ਕਬੂਲਦੀਆਂ ਹਨ ਅਤੇ ਇਨ੍ਹਾਂ ਦੇ ਆਗੂ ਆਪਣੇ ਪਿੰਡਾਂ ਦੇ ਨਾਵਾਂ ਨੂੰ ਉਪਨਾਮਾਂ ਵਜੋਂ ਵਰਤਦੇ ਹਨ ਜਾਂ ਕੁਝ ਹੋਰ ਸ਼ਬਦਾਂ ਨੂੰ ਜਿਨ੍ਹਾਂ ਵਿਚੋਂ ਉਨ੍ਹਾਂ ਨੂੰ ਸਮਾਜ ਨੂੰ ਬਦਲਣ ਤੇ ਤਰੱਕੀ ਦੇ ਰਾਹ ਲੈ ਜਾਣ ਦੀ ਖੁਸ਼ਬੋਅ ਆਉਂਦੀ ਹੈ। ਮਸ਼ਹੂਰ ਚਿੰਤਕ ਪ੍ਰੋ. ਰਣਧੀਰ ਸਿੰਘ ਨੇ ਇਕ ਮੁਲਾਕਾਤ ਵਿਚ ਦੱਸਿਆ ਸੀ ਕਿ ਕਮਿਊਨਿਸਟ ਪਾਰਟੀ ਜੋਸ਼, ਰਾਹੀ, ਸੇਵਕ, ਦਰਦੀ ਆਦਿ ਜਿਹੇ ਉਪਨਾਮ ਰੱਖਣ ਨੂੰ ਉਤਸ਼ਾਹਿਤ ਕਰਦੀ ਸੀ। ਲੇਖਕਾਂ ਨੇ ਕੰਵਲ, ਮੁਸਾਫਿਰ, ਰਾਹੀ, ਉਪਾਸ਼ਕ, ਮਾਹਿਰ ਆਦਿ ਉਪਨਾਮ ਰੱਖੇ।
ਜਾਤੀ ਅਤੇ ਗੋਤਰੀ ਉਪਨਾਮਾਂ ਦਾ ਯੁੱਗ ਇਨ੍ਹਾਂ ਲਹਿਰਾਂ ਦੇ ਮੁੱਢਲੇ ਵਿਚਾਰਧਾਰਕ ਪ੍ਰਭਾਵਾਂ ਦੇ ਫਿੱਕੇ ਪੈਣ ਕਰਕੇ ਆਉਂਦਾ ਹੈ ਅਤੇ ਆਗੂਆਂ ਦੀ ਸਫ਼ਾਂ ਵਿਚ ਜਾਤੀਵਾਦੀ ਉਪਨਾਮ ਉੱਭਰਦੇ ਹਨ। ਦਲੀਲ ਦਿੱਤੀ ਜਾ ਸਕਦੀ ਹੈ ਕਿ ਜਾਤੀ/ਗੋਤਰੀ ਨਾਮ ਪਰਿਵਾਰਾਂ ਨੇ ਧੀਆਂ-ਪੁੱਤਰਾਂ ਦੇ ਨਾਵਾਂ ਨਾਲ ਲਗਾ ਦਿੱਤੇ ਪਰ ਪ੍ਰਸ਼ਨ ਇਹ ਹੈ ਕਿ ਕੀ ਇਹ ਆਗੂ ਇਹ ਮਹਿਸੂਸ ਕਰਨ ਤੋਂ ਅਸਮਰੱਥ ਹਨ ਕਿ ਜਾਤੀਵਾਦੀ ਉਪਨਾਮ ਕਿੰਨੀ ਪ੍ਰਤੀਕਾਤਮਕ (ਛਖਠਲਰ;ਜਫ) ਹਿੰਸਾ ਤੇ ਅਭਿਮਾਨ ਨਾਲ ਗੜੁੱਚ ਹਨ। ਇਨ੍ਹਾਂ ਉਪਨਾਮਾਂ ਰਾਹੀਂ ਇਹ ਪ੍ਰਭਾਵ ਜਾਂਦਾ ਹੈ ਕਿ ਆਗੂ ਆਪਣੇ ਸਾਥੀਆਂ ਤੇ ਕਾਡਰ ਨੂੰ ਦੱਸਣਾ ਚਾਹੁੰਦੇ ਹਨ ਕਿ ਫਲਾਂ ਗੋਤ ਦੇ ਕਿਸਾਨ ਜਾਂ ਵਪਾਰੀ ਹਨ ਅਤੇ ਉਨ੍ਹਾਂ ਦਾ ਸਮਾਜਿਕ ਸਥਾਨ ਉੱਚਾ ਹੈ। ਜਾਤੀਵਾਦੀ ਪ੍ਰਭਾਵ ਦੇ ਵਧਣ ਕਾਰਨ ਹੀ ਪੰਜਾਬ ਦੇ ਜੱਟ, ਜਿਨ੍ਹਾਂ ਨੇ ਸਿੱਖ ਮਿਸਲਾਂ ਅਤੇ ਪੰਜਾਬ ਦੇ ਸੰਘਰਸ਼ਮਈ ਇਤਿਹਾਸ ਵਿਚ ਵੱਡੀ ਭੂਮਿਕਾ ਨਿਭਾਈ, ਸਾਂਝੀਵਾਲਤਾ ਅਤੇ ਸਮਾਜਿਕ ਬਰਾਬਰੀ ਦੇ ਆਗੂ ਬਣਨ ਦੀ ਥਾਂ ਅੱਜ ਦੇ ਚੜ੍ਹਦੇ ਪੰਜਾਬ ਦੇ ਬ੍ਰਾਹਮਣ ਹਨ। ਦਲਿਤ ਆਗੂਆਂ ਅਨੁਸਾਰ ਕਿਸਾਨ ਸੰਘਰਸ਼ਾਂ ਦੇ ਆਗੂਆਂ ਦੇ ਜਾਤੀ/ਗੋਤਰੀ ਉਪਨਾਮ ਦਲਿਤ ਭਾਈਚਾਰੇ ਅਤੇ ਦਲਿਤ ਸੰਘਰਸ਼ਾਂ ਦੇ ਆਗੂਆਂ ਦੇ ਕੰਨਾਂ ਵਿਚ ਪਿਘਲੇ ਹੋਏ ਸਿੱਕੇ ਵਾਂਗ ਪੈਂਦੇ ਹਨ। ਭਾਰਤ ਦੇ ਖੱਬੇ-ਪੱਖੀ ਆਗੂਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਮਾਤੀ ਦੁੱਖ ਅਤੇ ਜ਼ੁਲਮ ਵਿਰੁੱਧ ਤਾਂ ਲੜਿਆ ਜਾ ਸਕਦਾ ਹੈ ਪਰ ਜਾਤੀਵਾਦੀ ਦੁੱਖ ਸਹਿਣਾ ਘੋਰ ਦੁਖਾਂਤ ‘ਚੋਂ ਲੰਘਣਾ ਹੈ। ਇਸੇ ਲਈ ਭਗਤ ਸਿੰਘ ਨੇ ਆਰਥਿਕ ਇਨਕਲਾਬ ਤੋਂ ਪਹਿਲਾਂ ਸਮਾਜਿਕ ਇਨਕਲਾਬ ‘ਤੇ ਜ਼ੋਰ ਦਿੱਤਾ ਸੀ। ਸਿੱਖ, ਹਿੰਦੂ, ਮੁਸਲਮਾਨ, ਇਸਾਈ ਅਤੇ ਹੋਰ ਭਾਈਚਾਰਿਆਂ ਨੂੰ ਵੀ ਇਸ ਵਰਤਾਰੇ ਬਾਰੇ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ।
ਪੰਜਾਬ ਵਿਚ ਡੇਰਾਵਾਦ ਦੀ ਕਾਮਯਾਬੀ ਦਾ ਸਿਹਰਾ ਵੀ ਸਿੱਖ ਭਾਈਚਾਰੇ ਦੁਆਰਾ ਜਾਤੀਵਾਦ ਦੀ ਸਮੱਸਿਆ ਨੂੰ ਹੱਲ ਕਰਨ ਦੀ ਅਸਫ਼ਲਤਾ ਸਿਰ ਬੱਝਦਾ ਹੈ। ਪਿੰਡਾਂ ਦੇ ਬਹੁਤੇ ਗੁਰਦੁਆਰਿਆਂ ਵਿਚ ਸਾਰਿਆਂ ਨੂੰ ਆਉਣ ਦੀ ਖੁੱਲ੍ਹ, ਛੂਆ-ਛਾਤ ਦੇ ਨਾ ਹੋਣ ਅਤੇ ਲੰਗਰ ਸਾਂਝਾ ਹੋਣ ਦੇ ਬਾਵਜੂਦ ਜਾਤੀਵਾਦ ਬਹੁਤ ਸੂਖ਼ਮ ਅਤੇ ਅਛੋਪਲੇ ਰੂਪ ਵਿਚ ਹਾਜ਼ਰ ਰਹਿੰਦਾ ਹੈ। ਕਿਸੇ ਵੀ ਪਿੰਡ ਦੇ ਲੋਕ ਜਾਣਦੇ ਹਨ ਕਿ ਪਿੰਡ ਦੇ ਜੱਟ-ਸਰਪੰਚ ਅਤੇ ਪੰਚਾਂ ਨੇ ਕਿੱਥੇ ਬਹਿਣਾ ਅਤੇ ਦਲਿਤਾਂ ਨੇ ਕਿੱਥੇ। ਇਸ ਤਰ੍ਹਾਂ ਜਾਤੀਵਾਦ ਸੂਖ਼ਮ ਅਤੇ ਮਾਨਸਿਕ ਹਿੰਸਾ ਦੇ ਰੂਪ ਵਿਚ ਆਪਣੀ ਹਾਜ਼ਰੀ ਬਣਾਈ ਰੱਖਦਾ ਹੈ। ਰਾਖਵੇਂਕਰਨ ਨਾਲ ਪੰਚ-ਸਰਪੰਚ ਜਾਂ ਅਫ਼ਸਰ ਬਣੇ ਜਾਂ ਧਨਵਾਨ ਹੋ ਚੁੱਕੇ ਦਲਿਤਾਂ ਅਤੇ ਦਲਿਤ ਸਿਆਸੀ ਆਗੂਆਂ ਨੂੰ ਕੁਝ ਰਿਆਇਤ ਮਿਲਦੀ ਹੈ ਤੇ ਉਨ੍ਹਾਂ ਦੀ ਬਹਿਣ ਦੀ ਥਾਂ ਸੰਗਤ ਵਿਚ ਪਹਿਲੀਆਂ ਪੰਕਤੀਆਂ ਵਿਚ ਹੁੰਦੀ ਹੈ ਪਰ ਜਾਤੀਵਾਦ ਦਾ ਖ਼ਾਮੋਸ਼ ਪ੍ਰਕੋਪ ਜਾਰੀ ਰਹਿੰਦਾ ਹੈ। ਅਜਿਹੇ ਕਾਰਨਾਂ ਕਰਕੇ ਹੀ ਵੱਖ-ਵੱਖ ਬਿਰਾਦਰੀਆਂ ਦੇ ਲੋਕਾਂ ਨੇ ਵੱਖਰੇ ਗੁਰਦੁਆਰੇ ਬਣਾਏ ਹਨ।
ਇਸ ਤਰ੍ਹਾਂ ਆਰਥਿਕ, ਸਿਆਸੀ ਅਤੇ ਸਮਾਜਿਕ ਤਬਦੀਲੀਆਂ ਦੇ ਬਾਵਜੂਦ ਜਾਤੀਵਾਦ ਦੀ ਵਿਚਾਰਧਾਰਾ ਦਾ ਰੂਪ ਤਾਂ ਭਾਵੇਂ ਬਦਲਦਾ ਰਿਹਾ ਹੈ ਪਰ ਇਸ ਦਾ ਬੁਨਿਆਦੀ ਖ਼ਾਸਾ ਅਤੇ ਲੋਕਾਂ ਨੂੰ ਵੰਡਣ ਵਾਲੀ ਮਾਨਸਿਕਤਾ ਹਮੇਸ਼ਾਂ ਕਾਇਮ ਰਹੀ, ਕਾਇਮ ਹੈ ਅਤੇ ਨੇੜ-ਭਵਿੱਖ ਵਿਚ ਵੀ ਇਸ ਤੋਂ ਨਿਜਾਤ ਮਿਲਣੀ ਬਹੁਤ ਮੁਸ਼ਕਲ ਲੱਗਦੀ ਹੈ। ਇਸ ਦੇ ਬਾਵਜੂਦ ਸਾਂਝੀਵਾਲਤਾ ਅਤੇ ਸਮਾਜਿਕ ਬਰਾਬਰੀ ਦਾ ਸਫ਼ਰ ਜਾਰੀ ਰੱਖਣਾ ਪੰਜਾਬ ਤੇ ਪੰਜਾਬੀਅਤ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਬੇਹੱਦ ਜ਼ਰੂਰੀ ਹੈ। ਇਸ ਸੰਦਰਭ ਵਿਚ 12 ਅਕਤੂਬਰ ਦਾ ਦਿਨ ਵਿਸ਼ੇਸ਼ ਮਹੱਤਵ ਵਾਲਾ ਹੈ।
ਲੇਖਕ : ਸਵਰਾਜਬੀਰ