Copyright & copy; 2019 ਪੰਜਾਬ ਟਾਈਮਜ਼, All Right Reserved
ਘਰ ਦਾ ਵੈਦ ਹੈ ਤੁਲਸੀ ਦਾ ਪੌਦਾ

ਘਰ ਦਾ ਵੈਦ ਹੈ ਤੁਲਸੀ ਦਾ ਪੌਦਾ

ਤੁਲਸੀ ਦੇ ਪੌਦੇ ਤੋਂ ਅਸੀਂ ਚੰਗੀ ਤਰ੍ਹਾਂ ਜਾਣੂ ਹਾਂ। ਇਹ ਪਵਿੱਤਰ, ਧਾਰਮਿਕ, ਪ੍ਰਦੂਸ਼ਕ ਵਾਤਾਵਰਨ ਦਾ ਸ਼ੋਧਕ ਅਤੇ ਦਵਾਈ ਵਾਲੇ ਗੁਣਾਂ ਨਾਲ ਭਰਪੂਰ ਹੈ। ਉੱਤਰੀ ਭਾਰਤ ਦੀਆਂ ਧਾਰਮਿਕ ਆਸਥਾ ਵਾਲੀਆਂ ਔਰਤਾਂ ਇਸ ਦੀ ਮਹੱਤਤਾ ‘ਤੇ ਵਿਸ਼ੇਸ਼ ਜ਼ੋਰ ਦਿੰਦੀਆਂ ਹਨ। ਉਹ ਹਰ ਰੋਜ਼ ਇਸ਼ਨਾਨ ਕਰਕੇ ਤੁਲਸੀ ਦੇ ਪੌਦੇ ਨੂੰ ਪਾਣੀ ਅਤੇ ਸ਼ਾਮ ਨੂੰ ਦੀਵਾ ਜ਼ਰੂਰ ਜਗਾਉਂਦੀਆਂ ਹਨ। ਇਸ ਤੋਂ ਇਲਾਵਾ ਜੇ ਸਾਡੀਆਂ ਮਾਵਾਂ-ਭੈਣਾਂ ਤੁਲਸੀ ਦੀ ਉਪਯੋਗਤਾ ਜਾਂ ਸੇਵਨ ਵਿਧੀ ਦੀ ਜਾਣਕਾਰੀ ਹਾਸਲ ਕਰ ਲੈਣ ਤਾਂ ਆਪਣੇ-ਆਪ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਪੂਰੇ ਪਰਿਵਾਰ ਨੂੰ ਤੰਦਰੁਸਤ ਰੱਖ ਸਕਦੀਆਂ ਹਨ।
ਆਯੁਰਵੈਦ ਵਿਚ ਅਨੁਭਵਾਂ ਦੇ ਆਧਾਰ ‘ਤੇ ਤੁਲਸੀ ਦੀ ਚਮਤਕਾਰੀ ਵਰਤੋਂ ਇਸ ਤਰ੍ਹਾਂ ਹੈ। ਛਾਂ ਵਿਚ ਸੁਕਾਈ ਗਈ ਤੁਲਸੀ ਦੇ ਪੱਤਿਆਂ ਦੇ ਚੂਰਨ ਦਾ ਚੌਥਾਈ ਚਮਚ, ਤਾਜ਼ਾ ਅਦਰਕ ਦੋ ਗ੍ਰਾਮ, ਸੁੰਢ ਚੂਰਨ ਚੌਥਾਈ ਚਮਚ ਅਤੇ ਕਾਲੀ ਮਿਰਚ 7 ਨਗ, ਇਨ੍ਹਾਂ ਸਾਰਿਆਂ ਨੂੰ ਸੌ ਗ੍ਰਾਮ ਦੁੱਧ ਅਤੇ ਇਕ ਚਮਚ ਖੰਡ ਪਾ ਕੇ ਇਸ ਕਾੜ੍ਹੇ ਯੁਕਤ ਪੇਯ ਨੂੰ ਗਰਮ-ਗਰਮ ਪੀ ਕੇ ਆਰਾਮ ਕਰੋ। ਇਹ ਸ਼ੀਤ ਅਤੇ ਸ਼ਰਦ ਨਾਲ ਪੈਦਾ ਸਿਰਦਰਦ, ਨੱਕ ਵਿਚੋਂ ਪਾਣੀ ਵਗਣਾ, ਸਰਦੀ-ਜ਼ੁਕਾਮ, ਪੀਨਸ, ਸਾਹ ਨਲੀ ਦੀ ਸੋਜ, ਜੋੜਾਂ ਵਿਚ ਦਰਦ, ਸਾਧਾਰਨ ਜਵਰ, ਮਲੇਰੀਆ, ਬਦਹਜ਼ਮੀ ਆਦਿ ਰੋਗਾਂ ਵਿਚ ਰਾਮਬਾਣ ਦਵਾਈ ਹੈ। ਬੱਚਿਆਂ ਨੂੰ ਇਹ ਅੱਧੀ ਮਾਤਰਾ ਵਿਚ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਅਨੇਕ ਤਰ੍ਹਾਂ ਦੇ ਸਰੀਰਕ ਵਿਕਾਰਾਂ ਵਿਚ ਇਸ ਦੀਆਂ ਵੱਖ-ਵੱਖ ਸੇਵਨ ਵਿਧੀਆਂ ਹਨ।
– ਛਾਂ ਵਿਚ ਸੁਕਾਏ ਗਏ ਤੁਲਸੀ ਦੇ ਪੱਤੇ 20 ਗ੍ਰਾਮ, ਸਾਫ਼ ਅਜ਼ਵਾਇਣ 20 ਗ੍ਰਾਮ, ਸੇਂਧਾ ਨਮਕ 10 ਗ੍ਰਾਮ, ਇਨ੍ਹਾਂ ਤਿੰਨਾਂ ਨੂੰ ਬਰੀਕ ਚੂਰਨ ਕਰਕੇ 2-2 ਦੀ ਮਾਤਰਾ ਵਿਚ ਸਵੇਰੇ ਅਤੇ ਸ਼ਾਮ ਗਰਮ ਪਾਣੀ ਦੇ ਨਾਲ ਲੈਣ ਵਿਚ ਗੁਰਦੇ ਦੀ ਦਰਦ ਨਾਲ ਤੜਫਦੇ ਹੋਏ ਰੋਗੀ ਨੂੰ ਚੈਨ ਮਿਲ ਜਾਂਦਾ ਹੈ। ਰੋਗੀ ਤੰਦਰੁਸਤ ਮਹਿਸੂਸ ਕਰਦਾ ਹੈ। ਇਹ ਵਰਤੋਂ ਨਜ਼ਲਾ, ਜੁਕਾਮ, ਖੰਘ, ਪੇਟ-ਦਰਦ, ਅਫਾਰਾ, ਬਦਹਜ਼ਮੀ, ਖੱਟੇ ਡਕਾਰ, ਕਬਜ਼, ਉਲਟੀ ਆਦਿ ਲਈ ਵੀ ਲਾਭਦਾਇਕ ਹੈ।
– ਤੁਲਸੀ ਦੇ ਪੌਦੇ ਵਿਚ ਖਾਧ ਪਦਾਰਥਾਂ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਅਦਭੁੱਤ ਗੁਣ ਮੌਜੂਦ ਹਨ। ਸੂਰਜ ਗ੍ਰਹਿਣ ਦੇ ਸਮੇਂ ਖਾਣਾ ਖਾਣ ਦੀ ਮਨਾਹੀ ਆਮ ਧਾਰਨਾ ਰਹੀ ਹੈ। ਅਜਿਹੇ ਵਿਚ ਭੋਜਨ ਵਿਚ ਤੁਲਸੀ ਪੱਤਾ ਪਾ ਕੇ ਮੰਨਿਆ ਜਾਂਦਾ ਹੈ ਕਿ ਇਹ ਖਰਾਬ ਨਹੀਂ ਹੋਇਆ ਹੈ।
– ਤੁਲਸੀ ਦੇ 11 ਪੱਤੇ ਅਤੇ 7 ਕਾਲੀਆਂ ਮਿਰਚਾਂ, ਇਨ੍ਹਾਂ ਦੋਵਾਂ ਨੂੰ 60 ਗ੍ਰਾਮ ਪਾਣੀ ਵਿਚ ਰਗੜ ਕੇ ਪੀਣ ਨਾਲ ਜਿਹੜਾ ਮਰਜ਼ੀ ਬੁਖਾਰ ਹੋਵੇ, ਬਿਲਕੁਲ ਉਤਰ ਜਾਂਦਾ ਹੈ।
– ਤੁਲਸੀ ਦੇ ਪੱਤੇ 7, ਕਾਲੀਆਂ ਮਿਰਚਾਂ 7, ਪਿੱਪਲ ਦਾ ਪੱਤਾ ਇਕ, ਇਨ੍ਹਾਂ ਤਿੰਨਾਂ ਨੂੰ ਨਿਯਮਤ ਸਵੇਰੇ ਖਾਲੀ ਪੇਟ ਸੇਵਨ ਕਰਨ ਨਾਲ ਮਹੀਨਿਆਂ ਤੋਂ ਹੋ ਰਿਹਾ ਪੁਰਾਣਾ ਬੁਖਾਰ ਗਾਇਬ ਹੋ ਜਾਂਦਾ ਹੈ।

-ਕਾਮਤਾ ਨਾਥ ਤਿਵਾੜੀ