Copyright & copy; 2019 ਪੰਜਾਬ ਟਾਈਮਜ਼, All Right Reserved
ਬੱਚਿਆਂ ‘ਚ ਡਾਇਰੀਆ ਦੀ ਸਮੱਸਿਆ

ਬੱਚਿਆਂ ‘ਚ ਡਾਇਰੀਆ ਦੀ ਸਮੱਸਿਆ

ਡਾਇਰੀਆ (ਦਸਤ) ਬੱਚਿਆਂ ਦੀ ਇਕ ਆਮ ਸਮੱਸਿਆ ਹੈ। ਗਰਮੀਆਂ ਅਤੇ ਬਰਸਾਤ ਰੁੱਤ ਵਿਚ ਇਹ ਸਮੱਸਿਆ ਹੋਰ ਜ਼ਿਆਦਾ ਭਿਆਨਕ ਰੂਪ ਲੈ ਲੈਂਦੀ ਹੈ। ਬੱਚਿਆਂ ਵਿਚ ਛੇਤੀ ਹੀ ਪਾਣੀ ਅਤੇ ਖਣਿਜ ਲਵਣ ਦੀ ਕਮੀ ਹੋ ਜਾਂਦੀ ਹੈ। ਜੇ ਸਮੇਂ ਸਿਰ ਉਨ੍ਹਾਂ ਦਾ ਉਚਿਤ ਇਲਾਜ ਨਾ ਕਰਾਇਆ ਜਾਵੇ ਤਾਂ ਮੌਤ ਤੱਕ ਹੋ ਸਕਦੀ ਹੈ। ਛੇ ਮਹੀਨੇ ਤੱਕ ਦੀ ਉਮਰ ਦੇ ਬੱਚਿਆਂ ਵਿਚ ਇਹ ਸਮੱਸਿਆ ਉਨ੍ਹਾਂ ਬੱਚਿਆਂ ਵਿਚ ਜ਼ਿਆਦਾ ਹੁੰਦੀ ਹੈ ਜੋ ਓਪਰਾ ਦੁੱਧ ਪੀਂਦੇ ਹਨ। ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਨੂੰ ਇਸ ਦਾ ਸਾਹਮਣਾ ਘੱਟ ਕਰਨਾ ਪੈਂਦਾ ਹੈ।
ਛੇ ਮਹੀਨੇ ਤੋਂ ਉੱਪਰ ਵਾਲੇ ਬੱਚਿਆਂ ਵਿਚ ਇਹ ਸੰਭਾਵਨਾ ਜ਼ਿਆਦਾ ਵਧ ਜਾਂਦੀ ਹੈ, ਕਿਉਂਕਿ ਇਸ ਉਮਰ ਵਿਚ ਬੱਚੇ ਦੰਦ ਕੱਢਦੇ ਹਨ ਅਤੇ ਗੋਡਿਆਂ ਦੇ ਭਾਰ ਚੱਲਣਾ ਜਾਂ ਪੈਰ-ਪੈਰ ਚੱਲਣਾ ਸ਼ੁਰੂ ਕਰਦੇ ਹਨ। ਬੱਚੇ ਗੰਦੀਆਂ ਉਂਗਲੀਆਂ ਮੂੰਹ ਵਿਚ ਪਾਉਂਦੇ ਹਨ, ਗੰਦੇ ਖਿਡੌਣੇ ਮੂੰਹ ਵਿਚ ਪਾਉਂਦੇ ਹਨ। ਇਨ੍ਹਾਂ ਸਭ ਕਾਰਨਾਂ ਨਾਲ ਵਾਰ-ਵਾਰ ਬੱਚੇ ਡਾਇਰੀਆ ਦੇ ਸ਼ਿਕਾਰ ਹੁੰਦੇ ਹਨ।
ਗਰਮੀ ਅਤੇ ਵਰਖਾ ਰੁੱਤ ਵਿਚ ਮੱਖੀਆਂ, ਮੱਛਰ ਅਤੇ ਕਾਕਰੋਚਾਂ ਦੀ ਗਿਣਤੀ ਵਧ ਜਾਂਦੀ ਹੈ ਜੋ ਖਾਧ ਪਦਾਰਥਾਂ ਅਤੇ ਪਾਣੀ ਨੂੰ ਦੂਸ਼ਿਤ ਕਰ ਦਿੰਦੇ ਹਨ। ਇਹੀ ਖਾਧ ਪਦਾਰਥ ਅਤੇ ਪਾਣੀ ਸਰੀਰ ਦੇ ਅੰਦਰ ਪਹੁੰਚ ਕੇ ਡਾਇਰੀਆ ਦੇ ਲੱਛਣ ਪੈਦਾ ਕਰ ਦਿੰਦੇ ਹਨ। ਡਾਇਰੀਆ ਹੋਣ ‘ਤੇ ਬੱਚਿਆਂ ਦਾ ਚਿਹਰਾ ਮੁਰਝਾ ਜਾਂਦਾ ਹੈ, ਅੱਖਾਂ ਅੰਦਰ ਧੱਸ ਜਾਂਦੀਆਂ ਹਨ, ਚਮੜੀ ‘ਤੇ ਝੁਰੜੀਆਂ ਦਿਖਾਈ ਦਿੰਦੀਆਂ ਹਨ, ਮੂੰਹ ਵਾਰ-ਵਾਰ ਸੁੱਕਣ ਲਗਦਾ ਹੈ ਅਤੇ ਮੂਤਰ ਵਿਸਰਜਨ ਵਿਚ ਕਮੀ ਹੁੰਦੀ ਹੈ। ਅਜਿਹੀ ਸਥਿਤੀ ਵਿਚ ਬੁਖਾਰ ਵੀ ਹੋ ਜਾਂਦਾ ਹੈ ਅਤੇ ਬੇਚੈਨੀ ਹੋਣ ਲਗਦੀ ਹੈ। ਇਲਾਜ ਵਿਚ ਦੇਰੀ ਨਾ ਕਰੋ। ਤੁਰੰਤ ਬੱਚੇ ਨੂੰ ਡਾਕਟਰ ਕੋਲ ਲੈ ਜਾਓ ਅਤੇ ਉਚਿਤ ਦੇਖਭਾਲ ਕਰੋ।
ਇਲਾਜ ਅਤੇ ਬਚਾਅ
– ਬੱਚਿਆਂ ਨੂੰ ਪਾਣੀ ਉਬਾਲ ਕੇ ਉਸ ਨੂੰ ਠੰਢਾ ਕਰਕੇ ਵਾਰ-ਵਾਰ ਪਿਲਾਓ। ਪਾਣੀ ਦੀ ਕਮੀ ਸਰੀਰ ਵਿਚ ਨਾ ਹੋਣ ਦਿਓ।
– ਬੱਚਿਆਂ ਨੂੰ ਕੁਝ ਵੀ ਤਰਲ ਪਦਾਰਥ ਦਿੰਦੇ ਸਮੇਂ ਥੋੜ੍ਹਾ ਸਿਰ ਉੱਪਰ ਕਰਕੇ ਪਿਲਾਓ।
– ਹਰ ਦਸਤ ਤੋਂ ਬਾਅਦ ਬੱਚੇ ਨੂੰ ਪਾਣੀ ਪੀਣ ਲਈ ਦਿਓ।
– ਪਾਣੀ ਦਾ ਸਵਾਦ ਚੰਗਾ ਨਾ ਲੱਗੇ ਤਾਂ ਤਾਜ਼ੇ ਪਾਣੀ ਦੀ ਸ਼ਿਕੰਜਵੀ ਦਿੰਦੇ ਰਹੋ।
– ਘਰ ਵਿਚ ਹੀ ਓ.ਆਰ.ਐਸ. ਦਾ ਘੋਲ ਤਿਆਰ ਕਰਕੇ ਬੱਚੇ ਨੂੰ ਥੋੜ੍ਹੇ-ਥੋੜ੍ਹੇ ਚਿਰ ਬਾਅਦ ਦਿੰਦੇ ਰਹੋ। 1 ਲਿਟਰ ਪਾਣੀ ਉਬਾਲ ਕੇ ਠੰਢਾ ਕਰ ਲਓ। ਉਸ ਵਿਚ ਛੋਟੇ 4 ਚਮਚ ਖੰਡ, ਛੋਟਾ ਇਕ ਚਮਚ ਨਮਕ ਮਿਲਾ ਕੇ ਘੋਲ ਤਿਆਰ ਕਰਕੇ ਰੱਖ ਲਓ।
– ਬੱਚਿਆਂ ਨੂੰ ਸਾਫ਼ ਹੱਥਾਂ ਨਾਲ ਚੁੱਕੋ ਅਤੇ ਕੁਝ ਵੀ ਦਿੰਦੇ ਸਮੇਂ ਹੱਥ ਧੋ ਕੇ ਦਿਓ।
– ਛੋਟੇ ਬੱਚਿਆਂ ਨੂੰ ਚੌਲਾਂ ਦਾ ਪਾਣੀ ਵੀ ਥੋੜ੍ਹਾ ਜਿਹਾ ਨਮਕ ਮਿਲਾ ਕੇ ਦਿੱਤਾ ਜਾ ਸਕਦਾ ਹੈ।
– ਘਰ ਦਾ ਜੰਮਿਆ ਹੋਇਆ ਦਹੀਂ ਜਾਂ ਉਸ ਦਾ ਪਾਣੀ ਕੱਢ ਕੇ ਵੀ ਦੇ ਸਕਦੇ ਹੋ।
– ਡਾਇਰੀਆ ਵਾਲੇ ਬੱਚਿਆਂ ਦੇ ਭੋਜਨ ਅਤੇ ਪਾਣੀ ਦੀ ਸ਼ੁੱਧਤਾ ‘ਤੇ ਵਿਸ਼ੇਸ਼ ਧਿਆਨ ਦਿਓ।
– ਬੱਚਿਆਂ ਨੂੰ ਹਲਕਾ ਭੋਜਨ ਦਹੀਂ, ਚੌਲ, ਖਿਚੜੀ, ਹਰੀਆਂ ਸਬਜ਼ੀਆਂ ਖਾਣ ਨੂੰ ਦਿਓ।
– ਘਰ ਦੀ ਸ਼ੁੱਧਤਾ ‘ਤੇ ਵੀ ਧਿਆਨ ਦਿਓ। ਖਾਣਾ ਢਕ ਕੇ ਰੱਖੋ ਤਾਂ ਕਿ ਮੱਖੀਆਂ, ਮੱਛਰ ਜਾਂ ਕਾਕਰੋਚ ਉਨ੍ਹਾਂ ‘ਤੇ ਨਾ ਬੈਠਣ।
– ਖਾਣਾ ਤਾਜ਼ਾ ਖਾਣ ਨੂੰ ਦਿਓ।
– ਬੱਚਿਆਂ ਦੇ ਨਹੁੰ ਕੱਟ ਕੇ ਰੱਖੋ।
– ਬੋਤਲ ਨਾਲ ਦੁੱਧ ਪੀਣ ਵਾਲੇ ਬੱਚਿਆਂ ਨੂੰ ਬੋਤਲ ਅਤੇ ਨਿੱਪਲ ਉਬਾਲ ਕੇ ਦੁੱਧ ਦਿਓ। ਓਪਰੇ ਦੁੱਧ ਦੀ ਮਾਤਰਾ ਘੱਟ ਕਰ ਦਿਓ।
– ਮਾਂ ਆਪਣਾ ਦੁੱਧ ਬਿਨਾਂ ਝਿਜਕ ਦੇ ਬੱਚੇ ਨੂੰ ਪਿਲਾ ਸਕਦੀ ਹੈ।
– ਬੱਚਿਆਂ ਦੇ ਮਲ ਵਾਲੇ ਕੱਪੜੇ ਇਧਰ-ਉਧਰ ਨਾ ਰੱਖੋ। ਉਨ੍ਹਾਂ ਨੂੰ ਧੋ ਕੇ, ਡਿਟੋਲ ਵਿਚ ਭਿਉਂ ਕੇ ਸੁਕਾਓ।
– ਬੱਚਿਆਂ ਨੂੰ ਟੌਫੀ, ਬਿਸਕੁਟ, ਚਾਕਲੇਟ ਆਦਿ ਖਾਣ ਨੂੰ ਨਾ ਦਿਓ।
– ਡਾਇਰੀਆ ਠੀਕ ਹੋਣ ਤੋਂ ਬਾਅਦ ਵੀ ਬੱਚਿਆਂ ਦੇ ਖਾਣ-ਪੀਣ ‘ਤੇ ਪੂਰਾ ਧਿਆਨ ਦਿਓ।