Copyright & copy; 2019 ਪੰਜਾਬ ਟਾਈਮਜ਼, All Right Reserved
ਬੱਚਿਆਂ ਦੀ ਮਾਸਿਕਤਾ ਨੂੰ ਜਕੜਦੀ ਮੋਬਾਈਲ ਦੀ ਵਧਦੀ ਵਰਤੋਂ

ਬੱਚਿਆਂ ਦੀ ਮਾਸਿਕਤਾ ਨੂੰ ਜਕੜਦੀ ਮੋਬਾਈਲ ਦੀ ਵਧਦੀ ਵਰਤੋਂ

ਪਿਆਰੇ ਬੱਚਿਓ, ਅੱਜਕਲ੍ਹ ਮੋਬਾਈਲ ਫੋਨ ਦੀ ਵਰਤੋਂ ਆਮ ਜਿਹੀ ਗੱਲ ਬਣ ਗਈ ਹੈ। ਇਹ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਅਹਿਮ ਅੰਗ ਬਣ ਗਿਆ ਹੈ। ਵੱਡੇ ਤਾਂ ਵੱਡੇ, ਅੱਜ ਵਿਦਿਆਰਥੀ ਵੀ ਇਸ ਦੀ ਵਰਤੋਂ ਖੁੱਲ੍ਹ ਕੇ ਕਰਨ ਲੱਗੇ ਹਨ। ਕੋਈ ਵੀ ਅਜਿਹੀ ਜਾਣਕਾਰੀ ਨਹੀਂ, ਜੋ ਤੁਸੀਂ ਮੋਬਾਈਲ ਫੋਨਾਂ ਰਾਹੀਂ ਨਾ ਲੈ ਸਕਦੇ ਹੋਵੋ। ਅੱਜ ਸਾਰਿਆਂ ਲਈ ਹੀ ਮੋਬਾਈਲ ਚਲਾਉਣਾ ਬਸ ਦੋ ਮਿੰਟ ਦੀ ਖੇਡ ਤੋਂ ਜ਼ਿਆਦਾ ਕੁਝ ਨਹੀਂ ਪਰ ਹੁਣ ਇਹ ਦੇਖਣ ਵਿਚ ਆਇਆ ਹੈ ਕਿ ਵਿਦਿਆਰਥੀ ਵਰਗ ਇਸ ਦੀ ਵਰਤੋਂ ਜਾਣਕਾਰੀ ਲੈਣ ਜਾਂ ਹੋਰ ਜ਼ਰੂਰੀ ਕੰਮਾਂ ਲਈ ਨਹੀਂ, ਸਗੋਂ ਮਨੋਰੰਜਨ ਲਈ ਵਧੇਰੇ ਕਰਨ ਲੱਗ ਪਿਆ ਹੈ। ਬੱਚੇ ਵੀ ਕਿਸੇ ਨਾ ਕਿਸੇ ਰੂਪ ਵਿਚ ਕਾਫੀ ਸਮਾਂ ਇਸ ਵਿਚ ਹੀ ਰੁੱਝੇ ਰਹਿੰਦੇ ਹਨ। ਕਦੇ ਗੇਮਾਂ ਦੇ ਨਾਂਅ ‘ਤੇ, ਕਦੇ ਸੰਗੀਤ ਦੇ ਨਾਂਅ ‘ਤੇ ਅਤੇ ਕਦੇ ਵੀਡੀਓ ਦੇਖਣ ਦੇ ਨਾਂਅ ‘ਤੇ। ਬਹੁਤ ਘੱਟ ਸਮਾਂ ਅਜਿਹਾ ਹੁੰਦਾ ਹੋਵੇਗਾ, ਜਦੋਂ ਤੁਸੀਂ ਇਸ ਦੀ ਵਰਤੋਂ ਸਿਰਫ ਆਪਣੇ ਵਿਸ਼ੇ ਨਾਲ ਸਬੰਧਤ ਕੋਈ ਜਾਣਕਾਰੀ ਲੈਣ ਲਈ ਕਰਦੇ ਹੋਵੋਗੇ। ਹੋਰ ਤਾਂ ਹੋਰ, ਇਸ ਰਾਹੀਂ ਹਰ ਸਮੇਂ ਸੋਸ਼ਲ ਨੈਟਵਰਕਿੰਗ ਸਾਈਟਾਂ ‘ਤੇ ਆਨਲਾਈਨ ਰਹਿਣ ਦਾ ਰੁਝਾਨ ਕੁਝ ਜ਼ਿਆਦਾ ਹੀ ਵਧ ਗਿਆ ਹੈ। ਇਸ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਤੁਸੀਂ ਬੱਚੇ ਹੀ ਹੋ। ਹਰ 5-10 ਮਿੰਟ ਬਾਅਦ ਆਪਣਾ ਫੋਨ ਦੇਖਣਾ ਕਿ ਕਿਸੇ ਦਾ ਕੋਈ ਸੁਨੇਹਾ ਤਾਂ ਨਹੀਂ ਆਇਆ, ਸਾਡੇ ਆਮ ਵਰਤਾਰੇ ਵਿਚ ਸ਼ਾਮਿਲ ਹੋ ਚੁੱਕਾ ਹੈ। ਅੱਜ ਨੌਜਵਾਨ ਪੀੜ੍ਹੀ ਨਸ਼ਿਆਂ ਵਿਚ ਖੁੱਭਦੀ ਜਾ ਰਹੀ ਹੈ ਤੇ ਜੇਕਰ ਕੋਈ ਨਸ਼ਿਆਂ ‘ਚੋਂ ਬਚ ਨਿਕਲਦਾ ਹੈ ਤਾਂ ਮੋਬਾਈਲ ਦਾ ਨਸ਼ਾ ਉਸ ਨੂੰ ਕੋਈ ਕੰਮ ਨਹੀਂ ਕਰਨ ਦਿੰਦਾ। ਇਸ ਨੇ ਸਾਡੀ ਮਾਨਸਿਕਤਾ ਨੂੰ ਇੰਨਾ ਕੁ ਜਕੜ ਲਿਆ ਹੈ ਕਿ ਅਸੀਂ ਇਸ ਦੇ ਆਦੀ ਹੋ ਚੁੱਕੇ ਹਾਂ। ਅਸੀਂ ਰੋਟੀ ਤੋਂ ਬਿਨਾਂ ਤਾਂ ਇਕ ਦਿਨ ਵੀ ਰਹਿ ਲਵਾਂਗੇ ਪਰ ਮੋਬਾਈਲ ਤੋਂ ਬਿਨਾਂ ਇਕ ਮਿੰਟ ਵੀ ਰਹਿਣਾ ਔਖਾ ਹੈ। ਬੱਚਿਓ, ਇਸ ਨਾਲ ਸਾਡੇ ਸੁਭਾਅ ਵਿਚ ਕਠੋਰਤਾ ਨੇ ਜਨਮ ਲੈ ਲਿਆ ਹੈ। ਤੁਹਾਡੇ ਵਿਚੋਂ ਬਹੁਤੇ ਬੱਚੇ ਆਪਣੇ ਪੈਸੇ ਜ਼ਿਆਦਾਤਰ ਫੋਨਾਂ ‘ਤੇ ਹੀ ਖਰਚ ਕਰਦੇ ਹੋਣਗੇ, ਜੋ ਕਿ ਸਰਾਸਰ ਗ਼ਲਤ ਗੱਲ ਹੈ। ਇਸ ਨਾਲ ਮਾਪਿਆਂ ਦੇ ਸਿਰ ‘ਤੇ ਵਾਧੂ ਬੋਝ ਪੈਂਦਾ ਹੈ।
ਬੱਚਿਓ, ਇਸ ਵਿਚ ਕੋਈ ਸ਼ੱਕ ਨਹੀਂ ਕਿ ਫੋਨ ਅੱਜ ਬਹੁਤ ਜ਼ਰੂਰੀ ਹਨ ਪਰ ਇਸ ਦੀ ਵਰਤੋਂ ਤਾਂ ਤੁਸੀਂ ਆਪ ਹੀ ਕਰਨੀ ਹੈ। ਜੇਕਰ ਗ਼ਲਤ ਢੰਗ ਨਾਲ ਇਸ ਦੀ ਵਰਤੋਂ ਕਰਾਂਗੇ ਤਾਂ ਉਸ ਦੇ ਨਤੀਜੇ ਵੀ ਸਾਨੂੰ ਆਪ ਹੀ ਭੁਗਤਣੇ ਪੈਣਗੇ। ਤੁਸੀਂ ਇਸ ਦੀ ਵਰਤੋਂ ਜ਼ਰੂਰ ਕਰੋ ਪਰ ਓਨੀ ਹੀ ਜਿੰਨੀ ਕੁ ਤੁਹਾਨੂੰ ਲੋੜ ਹੈ। ਬਜਾਏ ਕਿ ਇਸ ‘ਤੇ ਆਪਣਾ ਸਮਾਂ ਖਰਾਬ ਕਰਨ ਦੇ ਆਪਣੀ ਪੜ੍ਹਾਈ ਵੱਲ ਜਾਂ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਵੱਲ ਪੂਰਾ ਧਿਆਨ ਦਿਓ, ਤਾਂ ਜੋ ਤੁਸੀਂ ਜ਼ਿੰਦਗੀ ਵਿਚ ਕੁਝ ਹਾਸਲ ਕਰ ਸਕੋ ਅਤੇ ਤੁਹਾਡੇ ਮਾਪਿਆਂ ਨੂੰ ਤੁਹਾਡੇ ‘ਤੇ ਮਾਣ ਮਹਿਸੂਸ ਹੋਵੇ। ਸੋ, ਪਿਆਰੇ ਬੱਚਿਓ! ਇਸ ਸਿੱਖਿਆ ਨੂੰ ਪੱਲੇ ਬੰਨ੍ਹ ਲਓ ਕਿ ਤੁਸੀਂ ਇਸ ਦੀ ਵਰਤੋਂ ਸਹੀ ਤੇ ਆਪਣੇ ਪੜ੍ਹਾਈ ਦੇ ਵਿਸ਼ਿਆਂ ਨਾਲ ਸਬੰਧਤ ਜਾਣਕਾਰੀ ਲੈਣ ਲਈ ਹੀ ਕਰਨੀ ਹੈ, ਕਿਉਂਕਿ ਗ਼ਲਤ ਚੀਜ਼ਾਂ ਸਾਡੇ ਦਿਮਾਗ ਵਿਚ ਜਲਦੀ ਘਰ ਕਰਦੀਆਂ ਹਨ, ਜਿਨ੍ਹਾਂ ਤੋਂ ਬਚਣਾ ਤੁਹਾਡੇ ਆਪਣੇ ਹੱਥ ਵਿਚ ਹੀ ਹੈ। ਜੇਕਰ ਸਮਾਂ ਰਹਿੰਦੇ ਤੁਸੀਂ ਇਸ ਗੱਲ ਨੂੰ ਸਮਝ ਗਏ ਤਾਂ ਉਹ ਦਿਨ ਦੂਰ ਨਹੀਂ, ਜਦੋਂ ਤੁਸੀਂ ਸਫਲਤਾ ਦੀਆਂ ਸਿਖ਼ਰਾਂ ‘ਤੇ ਹੋਵੋਗੇ।