Copyright & copy; 2019 ਪੰਜਾਬ ਟਾਈਮਜ਼, All Right Reserved
ਭਈਆ ਰਾਣੀ

ਭਈਆ ਰਾਣੀ

ਹਾੜ੍ਹੀ ਨੂੰ ਅਜੇ ਦਾਤੀ ਪੈਣੀ ਸੀ ਕਿ ਰੌਲੀਆਂ ਦੇ ਕਰਤਾਰੇ ਕਾ ਵੱਡਾ ਮੁੰਡਾ ਗੀਸਾ, ਨੰਬਰਦਾਰਾਂ ਦੇ ਜੀਤੂ ਦੇ ਟਰੱਕ ‘ਤੇ ਜਾ ਕੇ ਬੰਗਾਲ ‘ਚੋਂ ਰੁਪਈਏ ਦੇ ਕੇ ਬੰਗਾਲਣ ਲੈ ਆਇਆ। ਗੀਸੇ ਦੇ ਦੋ ਛੋਟੇ ਭਰਾ ਵਿਆਹੇ ਹੋਏ ਸਨ ਅਤੇ ਉਹ ਦੋ-ਦੋ ਜੁਆਕਾਂ ਦੇ ਬਾਪ ਸਨ। ਘਰ ਦੀ ਸਾਢੇ ਸੱਤ ਘਮਾਂ ਝੋਟੇ ਦੇ ਸਿਰ ਵਰਗੀ ਕੱਸੀ ਦੇ ਮੋਘੇ ‘ਤੇ ਲੱਗਦੀ ਜ਼ਮੀਨ ਤਿੰਨਾਂ ਭਰਾਵਾਂ ‘ਚ ਬਰਾਬਰ ਦੇ ਹਿੱਸੇ ਵਿੱਚ ਝਾਕਦੀ ਸੀ। ਗੀਸਾ ਬੋਲਣ ਵਿੱਚ ਤੁਤਲਾ, ਕੱਦ ‘ਚ ਜ਼ਿਆਦਾ ਮਧਰਾ ਹੋਣ ਕਰਕੇ ਭਰਜਾਈਆਂ ਵੱਲੋਂ ਰਿਸ਼ਤਾ ਕਰਵਾਉਣ ਦੀਆਂ ਗੱਲਾਂ ਦੇ ਲਾਲਚ ‘ਚ ਆਇਆ ਵਿਆਹ ਦੀ ਉਮਰ ਗੁਆ ਬੈਠਾ, ਜਿਸ ਕਰਕੇ ਉਹ ਪਿੰਡ ਵਿੱਚ ਛੜਿਆਂ ਵਾਲੀ ਉਮਰ ‘ਚ ਗਿਣਿਆਂ ਜਾਂਦਾ ਸੀ। ਭਰਾਵਾਂ ਨਾਲੋਂ ਵੱਖ ਰਹਿੰਦਾ ਗੀਸਾ ਆਪਣੀ ਰੋਟੀ ਪਾਣੀ ਆਪੇ ਬਣਾਉਂਦਾ। ਦਿਨ ਚੜ੍ਹਦਿਆਂ ਹੀ ਏਧਰ ਓਧਰ ਤੁਰ ਫਿਰ ਆਉਂਦਾ ਤੇ ਰਾਤ ਨੂੰ ਘਰ ਆ ਕੇ ਸੌਂ ਜਾਂਦਾ। ਹੁਣ ਜਦੋਂ ਪਾਣੀ ਸਿਰ ਉੱਤੋਂ ਦੀ ਵਗਣਾਂ ਸ਼ੁਰੂ ਹੋਇਆ ਤਾਂ ਭਰਜਾਈਆਂ ਦੇ ਤਾਹਨੇ-ਮੇਹਣਿਆਂ ਨੇ ਉਸ ਨੂੰ ਮੇਹਰੇ ਨੰਬਰਦਾਰਾਂ ਦੇ ਟਰੱਕ ‘ਤੇ ਚੜ੍ਹਾਅ ਕੇ ਬੰਗਾਲ ‘ਚੋ ਬੰਗਾਲਣ ਲਿਆਉਣ ਲਈ ਮਜ਼ਬੂਰ ਕਰ ਦਿੱਤਾ। ਨੰਬਰਦਾਰਾਂ ਦੇ ਟਰੱਕ ‘ਤੇ ਗਿਆ ਗੀਸਾ ਵੀਹਾਂ ਦਿਨਾਂ ਬਾਅਦ ਘਰ ਵਸਾਉਣ ਲਈ ਬੰਗਾਲਣ ਲੈ ਆਇਆ ਤੇ ਘਰ ਵਿੱਚ ਛਣ-ਛਣ ਹੋ ਗਈ। ਬੰਗਾਲਣ ਦੇ ਨਾਲ ਆਏ ਸੱਤ ਸਾਲ ਤੋਂ ਪੰਦਰਾਂ ਸਾਲ ਦੇ ਤਿੰਨ ਮੁੰਡੇ ਘਰ ‘ਚ ਆਪਸ ਵਿੱਚ ਉੱਚੀ ਉੱਚੀ ਆਪਣੀ ਬੋਲੀ ‘ਚ ਗੱਲਾਂ ਕਰ ਰਹੇ ਸਨ।
ਜਿਉਂ ਹੀ ਬਾਬਾ ਮੋਦਨ ਸਿਉਂ ਸੱਥ ਨੂੰ ਜਾਂਦਾ ਗੀਸੇ ਦੇ ਦਰਾਂ ਮੂਹਰਦੀ ਲੰਘਿਆ ਤਾਂ ਘਰ ‘ਚ ਭਈਆਂ ਦੀ ਬੋਲੀ ‘ਚ ਉੱਚੀ ਉੱਚੀ ਰੌਲਾ ਪੈਂਦਾ ਸੁਣ ਕੇ ਸੱਥ ‘ਚ ਆ ਕੇ ਬੰਤੇ ਬੁੜ੍ਹੇ ਨੂੰ ਕਹਿੰਦਾ,
”ਬੰਤਾ ਸਿਆਂ! ਕਰਤਾਰੇ ਦਾ ਵੱਡਾ ਮੁੰਡਾ ਤਾਂ ਹਾੜ੍ਹੀ ਵੱਢਣ ਨੂੰ ਭਈਏ ਵੀ ਲਿਆਈ ਬੈਠਾ। ਆਪਣੇ ਮੁੰਡਿਆਂ ਨੇ ਤਾਂ ਯਾਰ ਅਜੇ ਸੰਦ ਵਲੇਮਾਂ ਵੀ ਨ੍ਹੀ ‘ਕੱਠਾ ਕੀਤਾ।”
ਬੰਤਾ ਬੁੜ੍ਹਾ ਕਹਿੰਦਾ, ”ਮੈਂ ਵੀ ਕਿਹਾ, ਗੀਸੇ ਦੇ ਘਰੇ ਤੜਕੋ ਤੜਕੀ ਕੌਣ ਬੋਲੀ ਜਾਂਦਾ? ਹੁਣ ਪਤਾ ਲੱਗਿਆ ਤੈਥੋਂ ਬਈ ਉਹ ਤਾਂ ਭਈਏ ਲਿਆਇਆ।”
ਕੋਲ ਬੈਠੇ ਸੰਘਿਆਂ ਦੇ ਕਰਮੂ ਨੇ ਬਾਬੇ ਮੋਦਨ ਨੂੰ ਪੁੱਛਿਆ, ”ਬਾਬਾ ਕਿੰਨੇ ਕੁ ਐ?”
ਬਾਬਾ ਕਹਿੰਦਾ, ”ਆਂਏਂ ਤਾਂ ਬਈ ਮੈਨੂੰ ਨ੍ਹੀ ਪਤਾ, ਪਰ ਉਨ੍ਹਾਂ ਦੇ ਕਾਟੋ ਕਲੇਸ ਜੇ ਤੋਂ ਲੱਗਦੈ ਜਿਮੇਂ ਅੱਠ ਦਸ ਤਾਂ ਹੋਣੇ ਈਂ ਐਂ।”
ਸੀਤਾ ਮਰਾਸੀ ਕਹਿੰਦਾ, ”ਅੱਠਾਂ ਦਸਾਂ ਨਾਲ ਕਿਤੇ ਹਾੜ੍ਹੀ ਟੈਮ ਸਿਰ ਸਿਰੇ ਲੱਗ ਜੂ।”
ਤਾਸ਼ ਖੇਡੀ ਜਾਂਦਾ ਜੈਲਾ ਨਹਿੰਗ ਚਿੜੀਏ ਦੇ ਦਹਿਲੇ ਦੀ ਦੂਹਰੀ ਸਰ ਜਾਂਦੀ ‘ਤੇ ਪਾਨ ਦੇ ਰੰਗ ਦੀ ਪੰਜੀ ਦੀ ਦੱਬ ਕੇ ਕਾਟ ਮਾਰਦਾ ਬੋਲਿਆ,
”ਨਾਂਹ ਨਾਲੋਂ ਕੁਸ ਨਾ ਕੁਸ ਤਾਂ ਨਿੱਬੜੂ ਈ ਨਿੱਬੜੂ, ਨਾਲੇ ਉਹ ਤਾਂ ਹਿੰਮਤ ਕਰਕੇ ਚਾਰ ਭਈਏ ਲੈ ਈ ਆਇਆ, ਸੋਨੂੰ ਐਥੋਂ ਪਿੰਡੋਂ ਵੀ ਦਿਹਾੜੀਆ ਨ੍ਹੀ ਥਿਆਉਣਾ ਕੋਈ।”
ਏਨੇ ਚਿਰ ਨੂੰ ਜਿਉਂ ਹੀ ਨਾਥਾ ਅਮਲੀ ਸੱਥ ‘ਚ ਆਇਆ ਤਾਂ ਰਤਨ ਮਾਸਟਰ ਕਹਿੰਦਾ, ”ਲੈ ਨਾਥੇ ਨੂੰ ਪੁੱਛ ਲੋ ਬਈ ਗੀਸਾ ਕਿੰਨੇ ਭਈਏ ਲਿਆਇਆ?”
ਅਮਲੀ ਨੇ ਬਾਬੇ ਮੋਦਨ ਸਿਉਂ ਨੂੰ ਬੈਠਦਿਆਂ ਹੀ ਪੁੱਛ ਲਿਆ, ”ਮੈਨੂੰ ਦੱਸੋ ਕਿਹੜੇ ਭਈਆਂ ਦੀ ਗੱਲ ਕਰਦੇ ਓਂ ਬਾਬਾ?”
ਸੀਤਾ ਮਰਾਸੀ ਕਹਿੰਦਾ, ”ਜਿਹੜੇ ਗੀਸਾ ਲਿਆਇਆ ਕਣਕ ਵੱਢਣ ਨੂੰ।”
ਸੀਤੇ ਮਰਾਸੀ ਦੀ ਗੱਲ ਸੁਣ ਕੇ ਅਮਲੀ ਮਰਾਸੀ ਵੱਲ ਝਾਕ ਕੇ ਹੱਸ ਕੇ ਕਹਿੰਦਾ, ”ਜਾਹ ਓਏ ਡੂਚਣਾਂ! ਕਿਹੜੇ ਭਈਏ ਲਿਆਇਆ ਓਹੋ ਓਏ?”
ਬਾਬਾ ਕਹਿੰਦਾ, ”ਜਿਹੜੇ ਘਰੇ ਬਠਾਈ ਬੈਠੈ।”
ਅਮਲੀ ਬਾਬੇ ਨੂੰ ਵੀ ਕਤਾੜ ਕੇ ਪੈ ਗਿਆ, ”ਤੂੰ ਵੀ ਬਾਬਾ ਠੀਕ ਈ ਐਂ। ਤੂੰ ਵੇਖੇ ਐ ਭਈਏ?”
ਬਾਬਾ ਕਹਿੰਦਾ, ”ਮੈਂ ਤਾਂ ਕੁਰਬਲ ਕੁਰਬਲ ਹੁੰਦੀ ਸੁਣੀ ਐ ਨੰਘੇ ਆਉਂਦੇ ਨੇ। ਮੈਂ ਕਿਹੜਾ ਗਿਣ ਕੇ ਆਇਐਂ ਬਈ ਭਈਏ ਐ ਕਿ ਭਈਆ ਰਾਣੀ ਐਂ।”
ਭਈਆ ਰਾਣੀ ਦਾ ਨਾਂ ਸੁਣ ਕੇ ਅਮਲੀ ਖੁਸ਼ੀ ਦੀ ਲੋਰ ‘ਚ ਬੋਲਿਆ, ”ਹਾਂ ਐਥੇ ਆ ਬਾਈ ਬੱਗਿਆ। ਠੀਕ ਐ ਬਾਬਾ! ਭਈਆ ਰਾਣੀਉਂ ਈਂ ਐ ਇੱਕ ਉਨ੍ਹਾਂ ‘ਚ। ਜਿਦੇਂ ਦਾ ਗੀਸਾ ਭਈਏ ਲਿਆਇਆ, ਓਦੇਂ ਦਾ ਤਾਂ ਓਹਨੇ ਬਾਰ ਈ ਨ੍ਹੀ ਖੋਲ੍ਹਿਆ, ਤੂੰ ਕਿੱਥੋਂ ਵੇਖ ਲਿਆ ਭਈਆਂ ਦਾ ਝੁੰਡ।”
ਏਨੇ ਨੂੰ ਜੋਗੇ ਮਾਸਟਰ ਕਾ ਜੱਸਾ, ਜੈਲੇ ਸੰਧੂ ਨੂੰ ਸੱਥ ‘ਚ ਆ ਕੇ ਕਹਿੰਦਾ, ”ਤਾਇਆ ਭਈਏ ਭੂਈਏ ਲਿਆਈਏ ਕਿਤੋਂ ਜਾ ਕੇ।”
ਨਾਥਾ ਅਮਲੀ ਕਹਿੰਦਾ, ”ਕਰਤਾਰੇ ਕੇ ਗੀਸੇ ਤੋਂ ਲੈ ਲਿਉਂ ਅੱਧੇ, ਉਹ ਤਾਂ ਪਤੰਦਰ ਭਈਆ ਰਾਣੀਆਂ ਵੀ ਲਿਆਇਆ।”
ਅਮਲੀ ਦੀ ਗੱਲ ਸੁਣ ਕੇ ਜੱਸਾ ਕਹਿੰਦਾ, ”ਗੀਸੇ ਕੋਲੋਂ ਕਿੱਥੋਂ ਆ ਗੇ ਭਈਏ?”
ਅਮਲੀ ਨੇ ਸੁੱਟੀਆਂ ਫਿਰ ਤੋਪ ਦੇ ਗੋਲੇ ਵਾਂਗੂੰ ਗਿਣ ਗਿਣ ਕੇ। ਬਾਬੇ ਵੱਲ ਝਾਕ ਕੇ ਅਮਲੀ ਕਹਿੰਦਾ, ”ਕਿਉਂ ਬਾਬਾ ਸਾਰੇ ਈ ਘੁੱਗੂ ਬਣੀ ਜਾਨੇਂ ਓਂ। ‘ਲੰਡਾ ਚਿੜਾ, ਪਹਾੜੀਂ ਵਾਸਾ’, ਗੀਸੇ ਦੀ ਤਾਂ ਉਹ ਗੱਲ ਐ। ਜਮੀਨ ਤਾਂ ਗੀਸੇ ਦੀ ਉਹਦੇ ਭਰਾ ਵਾਹੁੰਦੇ ਐ, ਸਾਰੀ ਖੇਤੀ ਉਹ ਈ ਕਰਦੇ ਐ, ਇਹਨੂੰ ਥੋੜਾ ਬਹੁਤਾ ਖਾਣ ਜੋਗਾ ਹਿੱਸਾ ਪੱਤੀ ਦੇ ਛੱਡਦੇ ਐ, ਗੀਸੇ ਨੇ ਭਈਆਂ ਤੋ ਕੀ ਤੂੜੀ ਆਲੇ ਕੁੱਪ ਬਨ੍ਹਾਉਣੇ ਕਰਨੇ ਐਂ? ਗੱਲ ਤਾਂ ਇਉਂ ਐਂ, ਗੀਸੇ ਨੇ ਤਾਂ ਰੋਟੀ ਪੱਕਦੀ ਕੀਤੀ ਐ, ਉਹ ਤਾਂ ਸੱਚੀਉਂ ਈਂ ਭਈਆ ਰਾਣੀ ਲਿਆਇਆ। ਜੋੜੀ ਨਾਲ ਘੋੜੀ, ਘੋੜੀ ਦੇ ਮਗਰ ਵਛੇਰਾ, ਉਹੀ ਗੱਲ ਗੀਸਾ ਕਰ ਆਇਆ। ਮੇਹਰੇ ਨੰਬਰਦਾਰਾਂ ਦੇ ਠੇਲ੍ਹੇ ‘ਤੇ ਜਾ ਕੇ ਬੰਗਾਲ ‘ਚੋਂ ਪੰਜ ਹਜ਼ਾਰ ‘ਚ ਭਈਆ ਰਾਣੀ ਲਿਆਇਆ, ਨਾਲੇ ਨਾਲ ਤਿੰਨ ਮੁੰਡੇ ਐ ਡੰਡਿਆਂ ਅਰਗੇ। ਘਰ ਤਾਂ ਬਣਾ ‘ਤਾ ਸਤੀਲਦਾਰ ਦਾ ਦਫਤਰ।”
ਸੀਤਾ ਮਰਾਸੀ ਅਮਲੀ ਦੀ ਗੱਲ ਦੇ ਵਿੱਚੇ ਈ ਬੋਲ ਪਿਆ, ”ਅਮਲੀਆਂ ਮੁੰਡੇ ਕਿਤੇ ਪਹਾੜੀ ਅੱਕ ਦੇ ਡੰਡਿਆਂ ਅਰਗੇ ਤਾਂ ਨ੍ਹੀ? ਕਿਤੇ ਹੱਥ ਪਾਇਆਂ ਈ ਨਾ ਟੁੱਟ ਜਾਣ।”
ਅਮਲੀ ਸੀਤੇ ਨੂੰ ਘੂਰ ਕੇ ਬੋਲਿਆ, ”ਬੈਠਾ ਰਹਿ ਓਏ ਬੀਨ ਢਿੱਡਿਆ, ਗੱਲ ਕਰ ਲੈਣ ਦੇ, ਫੇਰ ਘੋਟ ਲੀਂ ਤੂੰ ਆਵਦੀ ਵਕੀਲੀ। ਗੱਲ ਤਾਂ ਬਾਬਾ ਇਉਂ ਐ, ਜਦੋਂ ਤੂੰ ਗੀਸੇ ਦੇ ਦਰਾਂ ਮੂਹਰਦੀ ਨੰਘਿਆ ਸੀ, ਉਦੋਂ ਉਹ ਬੋਲਦੇ ਹੋਣੇ ਐਂ, ਤੂੰ ਸਮਝ ਗਿਐਂ ਬਈ ਗੀਸਾ ਕਣਕ ਵੱਢਣ ਨੂੰ ਭਈਏ ਲਿਆਇਆ। ਉਹਨੇ ਤਾਂ ਆਵਦਾ ਘਰ ਵਸਦਾ ਕੀਤਾ। ਮੱਘਰ ਕਾ ਟੀਟੂ ਦੁਆ ਕੇ ਲਿਆਇਆ ਮੇਹਰੇ ਨੰਬਰਦਾਰਾਂ ਦੇ ਟਰੱਕ ‘ਤੇ ਜਾ ਕੇ ਪੰਜ ਹਜਾਰ ਦੀ ਭਈਆ ਰਾਣੀ। ਏਸ ਗੱਲ ਨੂੰ ਤਾਂ ਪੰਦਰਾਂ ਦਿਨ ਹੋ ਗੇ। ਤਹੀਉਂ ਤਾਂ ਗੀਸਾ ਬਾਹਰ ਨ੍ਹੀ ਨਿੱਕਲਿਆ ਕਦੇ।”
ਬੰਤਾ ਬੁੜ੍ਹਾ ਕਹਿੰਦਾ, ”ਫੇਰ ਤਾਂ ਭਾਈ ਰੌਣਕਾਂ ਲੱਗ ਗੀਆਂ। ਫੀਸ਼ਟ ਫੂਸ਼ਟ ਕੀਤੀਓ ਈ ਨ੍ਹੀ ਪਤੰਦਰ ਨੇ।” ਅਮਲੀ ਕਹਿੰਦਾ, ”ਤੂੰ ਬੁੜ੍ਹਿਆ ਫੀਸਟ ਭਾਲਦੈਂ, ਉਹਦੀ ਢੂਈ ਨ੍ਹੀ ਸਿੱਧੀ ਹੋਈ ਜਿੱਦੇਂ ਦਾ ਨਾਨਕਾ ਮੇਲ਼ ਆਇਆ ਘਰੇ।”
ਸੀਤਾ ਮਰਾਸੀ ਕਹਿੰਦਾ, ”ਢੂਈ ਨੂੰ ਕਿਹੜਾ ਉਹਨੇ ਮੁਧਕਰ ਚੱਕ ਲਿਆ ਬਈ ਢੂਈ ‘ਚ ਵਲ਼ ਪੈ ਗਿਆ।” ਅਮਲੀ ਫੇਰ ਖੜਕਿਆ ਉੱਖਲੀ ‘ਚ ਬੁੜ੍ਹਕੀ ਟਰਾਲੀ ਵਾਂਗੂੰ, ”ਹਜੇ ਮੁਧਕਰ ਤੋਂ ਘੱਟ ਐ ਕਿਤੇ। ਮੂੰਹ ‘ਨੇਰ੍ਹੇ ਈ ਲੱਗ ਜਾਂਦਾ ਵੇਹੜਾ ਸੰਭਰਨ। ਆਥਣ ਤੱਕ ਡੰਡ ਬੈਠਕਾਂ ਈ ਕੱਢੀ ਜਾਂਦਾ।”
ਅਮਲੀ ਦੀ ਗੱਲ ਸੁਣ ਕੇ ਬਾਬਾ ਕਹਿੰਦਾ, ”ਡੰਡ ਬੈਠਕਾਂ ਨੂੰ ਕਿਤੇ ਉਹਨੇ ਘੁਲਣਾ ਕਿਸੇ ਨਾਲ।”
ਅਮਲੀ ਕਹਿੰਦਾ, ”ਘੁਲ਼ੀ ਤਾਂ ਜਾਂਦਾ ਬਾਬਾ ਨਿੱਤ ਓਹੋ ਰੰਗ ਬਰੰਗੀਆਂ ਬਿੱਠਾਂ ਜੀਆਂ ਨਾਲ, ਹੋਰ ਕੀ ਉਹ ਜਫੋ ਜਫੀ ਹੋਵੇ।”
ਬੰਤਾ ਬੁੜਾ ਕਹਿੰਦਾ, ”ਅਮਲੀਆ ਸਮਝੇ ਨ੍ਹੀ ਯਾਰ ਤੇਰੀ ਗੱਲ, ਆਹ ਰੰਗ ਬਰੰਗੀਆਂ ਬਿੱਠਾਂ ਕਿਹੜੀਆਂ ਦੀ ਗੱਲ ਕਰਦੈਂ ਤੂੰ?”
ਬੰਤੇ ਬੁੜ੍ਹੇ ਦੀ ਗੱਲ ਸੁਣ ਕੇ ਅਮਲੀ ਪੈਰਾਂ ਭਾਰ ਹੋ ਕੇ ਬੋਲਿਆ, ”ਲੈ ਸੁਣ ਲੈ ਫਿਰ ਬੁੜ੍ਹਿਆ। ਗੀਸਾ ਜਿਹੜੀ ਭਈਆ ਰਾਣੀ ਲਿਆਇਆ, ਉਹਨੇ ਤੇ ਜਿਹੜੇ ਉਹਦੇ ਨਾਲ ਤਿੰਨ ਨਿਆਣੇ ਆਏ ਐ, ਉਹ ਪਤਾ ਨ੍ਹੀ ਸਾਰਾ ਦਿਨ ਮੂੰਹ ‘ਚ ਕੀ ਚੱਬੀ ਜਾਂਦੇ ਐ ਪਤੰਦਰ।”
ਰਤਨ ਮਾਸਟਰ ਕਹਿੰਦਾ, ”ਪਾਨ ਕਹਿੰਦੇ ਐ ਉਹਨੂੰ।”
ਅਮਲੀ ਫੇਰ ਚੱਲ ਪਿਆ ਖਤਰਾਵਾਂ ਦੇ ਕੋਹਲੂ ਵਾਂਗੂੰ, ”ਚੱਲ ਪਾਨ ਕਹਿ ਲੋ। ਗੱਲ ਤਾਂ ਇਉਂ ਐਂ, ਬਈ ਭਈਆ ਰਾਣੀ ਤਾਂ ਲਾਲ ਜਾ ਥੁੱਕ ਥੁੱਕੀ ਜਾਊ, ਮੁੰਡੇ, ਕੋਈ ਹਰਾ ਕੋਈ ਨੀਲਾ, ਕੋਈ ਕਿਹੋ ਜਾ ਕੋਈ ਕਿਹੋ ਜਾ ਥੁੱਕੀ ਜਾਣਗੇ। ਘਰ ਦਾ ਵੇਹੜਾ ਥੁੱਕ ਥੁੱਕ ਇਉਂ ਬਣਾ ਦਿੰਦੇ ਐ ਜਿਮੇਂ ਡੋਲ਼ੀ ਤੁਰਦੀ ਤੋਂ ਸਿੱਟ੍ਹੇ ਡੱਬਰੀ ਪੈਸੇ ਚਾਣਨੀ ‘ਤੇ ਪਏ ਹੁੰਦੇ ਐ। ਗੀਸਾ ਸਾਰਾ ਦਿਨ ਉਹ ਰੰਗ ਬਰੰਗੀਆਂ ਬਿੱਠਾਂ ਜੀਆਂ ਈ ਨੂੰ ਸੰਭਰਦਾ ਥੱਕ ਜਾਂਦਾ। ਇੱਕ ਦਿਨ ਮਕੰਦੇ ਕਾ ਕੱਦੂ ਕਹਿੰਦਾ, ‘ਏਦੂੰ ਤਾਂ ਯਾਰ ਚਾਰ ਕੁਕੜੀਆਂ ਈ ਰੱਖ ਲੈਂਦਾ ਤਾਂ ਵਧੀਆ ਨ੍ਹੀ ਸੀ। ਉਨ੍ਹਾਂ ਨੇ ਵੀ ਇਹਨਾਂ ਨਾਲੋਂ ਘੱਟ ਬਿੱਠਾਂ ਕਰਨੀਆਂ ਸੀ, ਨਾਲੇ ਨਿੱਤ ਆਂਡੇ ਖਾਇਆ ਕਰਦਾ। ਆਹ ਤਾਂ ਯਾਰ ਸਾਰੀ ਦਿਹਾੜੀ ਕੋਡਾ ਈ ਰੱਖਦੇ ਐ ਤੈਨੂੰ। ਕਦੇ ਕਿਤੇ ਪਚਕਾਰ ਜੀ ਮਾਰ ਦਿੰਦੇ ਐ ਕਦੇ ਕਿਤੇ, ਜਿਮੇਂ ਕੁਕੜੀ ਨੂੰ ਮੋਕ ਲੱਗੀ ਹੁੰਦੀ ਐ’।”
ਬਾਬੇ ਮੋਦਨ ਸਿਉਂ ਨੇ ਵੀ ਸੁੱਟਿਆ ਫਿਰ ਇੱਕ ਪਟਾਕਾ, ”ਅਮਲੀਆ ਗਾਹਾਂ ਵੇਚਦੇ ਫੇਰ ਨਫਾ ਲੈ ਕੇ।”
ਅਮਲੀ ਬਾਬੇ ਮੋਦਨ ਸਿਉਂ ਦੀ ਗੱਲ ਸੁਣ ਕੇ ਝੱਟ ਇਉਂ ਬੋਲਿਆ ਜਿਵੇਂ ਗੱਲ ਦਾ ਪਹਿਲਾਂ ਹੀ ਜਵਾਬ ਘੜੀ ਬੈਠਾ ਹੋਵੇ, ”ਗਾਹਾਂ ਵੇਚਣ ਨੂੰ ਕਿਤੇ ਬੀਕਾਨੇਰੀ ਤੋਰੀਆਂ ਬਈ ਘਰੋਂ ਈ ਲੈ ਜਾਣਗੇ ਚੱਕ ਕੇ ਮੁੱਲ। ਜਿੱਥੋਂ ਲਿਆਇਆ ਉਨ੍ਹਾਂ ਨੇ ਵੀ ਮਸਾਂ ਖਹਿੜਾ ਛਡਾਇਆ ਹੋਣਾ,”
ਸੀਤਾ ਮਰਾਸੀ ਕਹਿੰਦਾ, ”ਖਹਿੜੇ ਨੂੰ ਕਿਹੜਾ ਇਹੇ ਘਰੂਟ ਵੱਢਦੇ ਸੀ। ਅਗਲਿਆਂ ਨੂੰ ਪੈਸੇ ਚਾਹੀਦੇ ਹੋਣੇ ਐਂ, ਉਨ੍ਹਾਂ ਨੇ ਚਾਰ ਦਮੜੇ ਲੈ ਕੇ ਚਾੜ੍ਹ ‘ਤੇ ਚੰਡੋਲ ‘ਤੇ। ਇਨ੍ਹਾਂ ਨੇ ਆ ਕੇ ਗੀਸੇ ਦਾ ਬੀਂਡਾ ਬਲਾ ‘ਤਾ। ਆਪਣੇ ਲੋਕ ਉਹ ਵਚਾਰੇ ਛੜੇ ਬੰਦੇ ‘ਤੇ ਹਾਉਕੇਂ ਲਈ ਜਾਂਦੇ ਐ ਹੁਣ, ਬਈ ਗੀਸਾ ਭਈਏ ਲਿਆਇਆ ਹਾੜ੍ਹੀ ਵੱਢਣ ਨੂੰ, ਉਹ ‘ਕੱਲਾ ਕਹਿਰਾ ਬੰਦਾ ਸਾਰਿਆਂ ਤੋਂ ਪਹਿਲਾਂ ਕੰਮ ਨਬੇੜ ਜੂ।”
ਏਨੇ ਚਿਰ ਨੂੰ ਪੰਦਰਾਂ-ਵੀਹ ਭਈਆਂ ਦੀ ਟੋਲੀ ਜਦੋਂ ਸੱਥ ਕੋਲ ਦੀ ਲੰਘਣ ਲੱਗੀ ਤਾਂ ਸੱਥ ‘ਚ ਬੈਠੇ ਲੋਕ ਉਨ੍ਹਾਂ ਦੇ ਦੁਆਲੇ ਇਉਂ ‘ਕੱਠੇ ਹੋ ਗਏ ਜਿਵੇਂ ਵਿਆਹ ਵਾਲੇ ਘਰੇ ਸ਼ਰੀਕੇ ਕਬੀਲੇ ਵਾਲੇ ਲੱਡੂ ਵੱਟਣ ਵਾਲੇ ਕੜਾਹੇ ਦੇ ਦੁਆਲੇ ਝੁੰਮਟ ਮਾਰੀ ਬੈਠੇ ਹੋਣ। ਕੋਈ ਉਨ੍ਹਾਂ ਪੁੱਛੇ, ‘ਭਈਆ ਕਿਸ ਕੇ ਪਾਸ ਜਾਣਾ ਹੈ’, ਕੋਈ ਕਹੇ, ‘ਹਮਾਰੇ ਸਾਥ ਚੱਲੋ’, ਕੋਈ ਪੁੱਛੇ ‘ਹਾੜ੍ਹੀ ਕਾਟੇ ਗਾ’? ਪਿੰਡ ਵਾਲੇ ਭਈਆਂ ਨੂੰ ਮੂਹਰੋਂ ਹੋ ਹੋ ਘੇਰੀ ਜਾਣ, ਭਈਏ ਅੱਗੇ ਨੂੰ ਤੁਰੀ ਜਾਣ। ਜਦੋਂ ਭਈਏ ਸੱਥ ਕੋਲੋਂ ਥੋੜਾ ਜਿਹਾ ਅੱਗੇ ਨਿੱਕਲੇ ਤਾਂ ਸੱਥ ਵਾਲੇ ਵੀ ਸਾਰੇ ਹੀ ਉਨ੍ਹਾਂ ਦੇ ਮਗਰ ਇਉਂ ਤੁਰ ਪਏ ਜਿਵੇਂ ਸਕੂਲ ਵਾਲੇ ਬੱਚੇ ਜੰਨ ਗੰਨ ਮੰਨ ਗਾਉਣ ਪਿੱਛੋਂ ਆਪਣੀਆਂ ਕਲਾਸਾਂ ਨੂੰ ਤੁਰੇ ਜਾਂਦੇ ਹੋਣ।
-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’,
604-751-1113