Copyright & copy; 2019 ਪੰਜਾਬ ਟਾਈਮਜ਼, All Right Reserved
ਉੱਠ ਜਾਗ ਜਵਾਨਾਂ ਓਏ

ਉੱਠ ਜਾਗ ਜਵਾਨਾਂ ਓਏ

ਖੇਤਾਂ ਤੇ ਨਜ਼ਰ ਚੀਲ ਦੀ ਪੈ ਗਈ,
ਤੂੰ ਸੁੱਤਾ ਜਾਗੇਂ ਨਾ ,
ਦਿੱਲੀ ਲੁੱਟ ਸਾਰਾ ਕੁਝ ਲੈ ਗਈ।
ਅਸੀ ਰਾਖੇ ਬਾਰਡਰ ਦੇ,
ਸਾਡੇ ਹੀ ਵਾੜ ਖੇਤ ਨੂੰ ਪੈ ਗਈ।
ਤੂੰ ਸੁੱਤਾ ਜਾਗੇ ਨਾ……

ਇਹ ਡਾਇਣ ਮੁੱਢ ਤੋ ਹੀ,
ਸਾਡੀ ਵੈਰਨ ਬਣਦੀ ਆਈ,
ਏਹਨੇ ਰੱਜ ਕੇ ਚੂਸਿਆ ਏ,
ਜਦ ਰੁੱਤ ਖੂਨ ਚੂਸਣ ਦੀ ਆਈ।
ਇਹਨੇ ਜੁਲਮ ਕਮਾਏ ਨੇ,
ਸਾਡੀ ਧਰਤੀ ਸੀਨੇ ਸਹਿ ਗਈ।
ਤੂੰ ਸੁੱਤਾ ਜਾਗੇ ਨਾ………

ਏਹਨੇ ਆਹੂ ਲਾਹੇ ਨੇ,
ਜਦ ਹੋਈ ਫ਼ਸਲ ਸਿੱਖੀ ਦੀ ਭਾਰੀ,
ਬਣ ਮੂੰਹ ਤੋਂ ਮਿੱਠੀ ਇਹ,
ਸਾਡੀਆਂ ਜੜ੍ਹਾਂ ਚ ਫੇਰੇ ਆਰੀ।
ਇਹ ਸਕੀ ਅਸਾਡੀ ਨਾ,
ਹੁਣ ਤਾਂ ਸ਼ਕ ਵੀ ਸਾਰੀ ਲਹਿ ਗਈ।
ਤੂੰ ਸੁੱਤਾ ਜਾਗੇ ਨਾ………
ਲਾ ਜਾਗ ਜਮੀਰਾਂ ਨੂੰ,
ਕੱਠੇ ਹੋਕੇ ਰਣ ਵਿਚ ਤੱਤੇ,
ਬਣ ਸੂਰੇ ਗੱਜ ਪਈਏ,
ਹੁਣ ਨਾ ਸਹਿਣੇ ਇਹਦੇ ਧੱਕੇ।
ਅੱਜ ਰਲ ਮਿਲ ਕੇ ਚੱਲੀਏ,
ਰਾਹ ਸੰਘਰਸ਼ ਪੰਜਾਬੀਅਤ ਕਹਿ ਗਈ।
ਤੂੰ ਸੁੱਤਾ ਜਾਗੇ ਨਾ………

ਸਾਡੀ ਕੌਮ ਹੈ ਸ਼ੇਰਾਂ ਦੀ ,
ਗਿੱਦੜ ਕਰਨ ਕਲੋਲਾਂ ਕਾਹਤੋਂ,
ਸਾਡਾ ਝੰਡਾ ਝੂਲੇਗਾ,
ਜੇਕਰ ਤੁਰ ਪਏ ਇੱਕੋ ਰਾਹ ਤੋਂ,
ਅਸੀ ਹੱਕ ਖੋਹਕੇ ਲੈਣੇ ਨੇ,
ਸੁਣ ਮੋਦੀ ਨੂੰ ਭਸੂੜੀ ਪੈ ਗਈ।
ਤੂੰ ਸੁੱਤਾ ਜਾਗੇ ਨਾ…….

ਆਪਸ ਵਿੱਚ ਲੜੀਏ ਨਾ,
ਕੱਠੇ ਹੋਕੇ ਬਿਗਲ ਵਜਾਈਏ,
ਵੈਰੀ ਦੇ ਡੱਕਣ ਨੂੰ,
ਇੱਕੋ ਝੰਡੇ ਥੱਲੇ ਆਈਏ,
ਸਾਡੀ ਧਰਤ ਕਿਸਾਨੀ ਦੀ,
ਹੁਣ ਵੰਗਾਰ ਅਣਖ ਨੂੰ ਪੈ ਗਈ।
ਤੂੰ ਸੁੱਤਾ ਜਾਗੇ………….

ਲੀਡਰਾਂ ਦੀਆਂ ਚਾਲਾਂ ਤੋਂ,
ਹੁਣ ਹੈ ਵੇਲਾ ਬਚਕੇ ਰਹੀਏ।
ਸਾਨੂੰ ਪਾੜਨ ਆਵਣ ਜੌ,
ਜੁੱਤੀਆਂ ਚੁੱਕ ਕੇ ਪਿੱਛੇ ਪਈਏ,
ਸਾਨੂੰ ਬੁੱਧੂ ਸਮਝ ਰਹੇ,
ਤਾਂ ਹੀ ਲੁੱਟ ਹੱਕਾਂ ਨੂੰ ਪੈ ਗਈ,
ਤੂੰ ਸੁੱਤਾ ਜਾਗੇ ਨਾ………

ਤੁਸੀ ਸ਼ੇਰਾਂ ਦੇ ਬੱਚੇ,
ਥੋਨੂੰ ਕਹੇ ਨਸ਼ੇੜੀ ਕੇਹੜਾ,
ਤੁਸੀ ਕੰਬਣ ਲਾ ਦੇਵੋ,
ਥੋਡੇ ਮੂਹਰੇ ਖੜ੍ਹ ਜਾਏ ਜੇਹੜਾ,
ਉਠੋ ਵੀਰ ਜਵਾਨੋ ਵੇ,
ਥੋਡੀ ਭੈਣ ਇਹ ਕਵਿਤਾ ਕਹਿ ਗਈ।
ਹੁਣ ਸੁੱਤੇ ਜਾਗ ਪਵੋ,
ਦਿੱਲੀ ਲੁੱਟ ਸਾਰਾ ਕੁਝ ਲੈ ਗਈ।

ਲੇਖਕ : ਰਾਜਨਦੀਪ ਕੌਰ ਮਾਨ