Copyright & copy; 2019 ਪੰਜਾਬ ਟਾਈਮਜ਼, All Right Reserved
ਮੈਟਰੋ ਅਤੇ ਉਹ ਔਰਤ

ਮੈਟਰੋ ਅਤੇ ਉਹ ਔਰਤ

ਮੈਟਰੋ ਵਿੱਚ ਬੈਠੀ ਹਾਂ ਬੜੀ ਮੁਸ਼ਕਿਲ ਨਾਲ ਮਿਲੀ ਸੀਟ ‘ਤੇ
ਨੂੜੀ ਹੋਈ ਹੈ ਮੈਟਰੋ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ
ਜਿਸਮਾਂ ‘ਚੋਂ ਆਉਂਦੀ ਹੈ ਦੁਰਗੰਧ
ਸਾਰੇ ਦਿਨ ਦੀ ਜੱਦੋ-ਜਹਿਦ ਪਿੱਛੋਂ ਘਰ ਮੁੜਨ ਦੇ ਜੋਸ਼ ਦੀ
ਆਪਣੀ ਬੇਹੱਦ ਸੱਭਿਅ ਅਤੇ ਕੋਸੀ ਆਵਾਜ਼ ਵਿੱਚ
ਐਲਾਨ ਪੜ੍ਹ ਰਹੇ ਹਨ ਇੱਕ ਔਰਤ ਅਤੇ ਮਰਦ
ਅਗਲੇ ਪੜਾਅ ਦਾ
ਬਿਲਕੁਲ ਮੇਰੇ ਸਾਹਮਣੇ ਦੀ ਸੀਟ ‘ਤੇ ਬੈਠੀ ਇੱਕ ਔਰਤ
ਰੋਕ ਲੈਂਦੀ ਹੈ ਆਪਣੇ ਚਿਹਰੇ ‘ਤੇ ਮੇਰੀਆਂ ਅੱਖਾਂ
ਪਲ ਭਰ ਲਈ
ਚੁੱਪ ਬੈਠੀ ਉਹ ਔਰਤ ਜਿਵੇਂ ਅਣਜਾਣ ਹੈ ਪੂਰੇ ਦ੍ਰਿਸ਼ ਤੋਂ
ਅਤੇ ਅੱਖਾਂ ਹਨ ਕਿ ਲਗਾਤਾਰ ਵਗ ਰਹੀਆਂ ਹਨ
ਹੰਝੂ ਵਗਦੇ ਹਨ, ਟਪਕਦੇ ਹਨ ਅਤੇ ਹੌਲੀ ਜਿਹੀ
ਸਰਕ ਜਾਂਦੇ ਹਨ ਉਹਦੀਆਂ ਗੱਲ੍ਹਾਂ ‘ਤੇ
ਚੁੱਪਚਾਪ ਬਿਨਾਂ ਕੋਈ ਆਵਾਜ਼ ਕੀਤਿਆਂ
ਇਉਂ ਜਿਵੇਂ ਵਿਘਨ ਨਾ ਪਏ ਔਰਤ ਦੇ ਇਕਾਂਤ ਵਿੱਚ
ਮੈਂ ਅਣਡਿੱਠ ਕਰਨ ਲੱਗਦੀ ਹਾਂ
ਭੀੜ ਵਿੱਚ ਇਕੱਲੀ ਉਸ ਔਰਤ ਨੂੰ
ਤਾਂ ਕਿ ਮਿਲ ਸਕੇ ਉਹਦਾ ਇਕਾਂਤ ਉਹਨੂੰ
ਅਤੇ ਵਹਿ ਜਾਣ ਸਾਰੇ ਹੰਝੂ ਜਿਨ੍ਹਾਂ ਨੇ
ਵਧਾ ਦਿੱਤਾ ਹੈ ਉਹਦੇ ਜਿਸਮ ਵਿੱਚ ਨਮਕ ਦਾ ਅਨੁਪਾਤ
ਮੈਨੂੰ ਨਹੀਂ ਪਤਾ ਉਹ ਔਰਤ ਕਿੱਥੋਂ ਆਈ ਹੈ
ਇਹ ਵੀ ਨਹੀਂ ਪਤਾ ਕਿ ਜਾਣਾ ਕਿੱਥੇ ਹੈ ਉਹਨੇ
ਉਂਜ ਵੀ ਤਾਂ ਚਲਦੀਆਂ ਹੀ ਜਾ ਰਹੀਆਂ ਨੇ ਔਰਤਾਂ
ਕਿਸੇ ਅਨੰਤ ਯਾਤਰਾ ‘ਤੇ ਵਰ੍ਹਿਆਂ ਤੋਂ
ਬਿਨਾਂ ਕੋਈ ਖੜਕਾ ਕੀਤਿਆਂ
ਇਸ ਪਲ ਮੈਂ ਹਾਂ ਆਪਣੇ ਬਿਸਤਰੇ ‘ਤੇ
ਅਤੇ ਯਖ ਠੰਢੀ ਰਾਤ ਦੇ ਡੇਢ ਵੱਜ ਰਹੇ ਨੇ
ਉਹ ਔਰਤ ਰਾਤ ਦੇ ਸੰਘਣੇ ਹਨੇਰੇ ਨੂੰ ਚੀਰ ਕੇ
ਆ ਗਈ ਹੈ ਮੇਰੇ ਕਮਰੇ ਤੱਕ
ਉਹ ਰੋਈ ਜਾ ਰਹੀ ਹੈ ਪਤਾ ਨਹੀਂ ਕਿੰਨੀਆਂ ਸਦੀਆਂ ਤੋਂ
ਅਤੇ ਹੰਝੂ ਹਨ ਕਿ ਘਟ ਹੀ ਨਹੀਂ ਰਹੇ
ਮੈਨੂੰ ਯਾਦ ਆਉਣ ਲੱਗਦੀਆਂ ਹਨ
ਸਮੁੰਦਰ ਦੀਆਂ ਉਹ ਬੇਚੈਨ ਲਹਿਰਾਂ
ਜੋ ਕੰਢਿਆਂ ‘ਤੇ ਆਪਣਾ ਸਿਰ ਮਾਰ-ਮਾਰ ਕੇ
ਮੁੜ ਜਾਂਦੀਆਂ ਨੇ ਵਾਪਸ
ਮੈਨੂੰ ਸਮੁੰਦਰ ਅਤੇ ਉਸ ਔਰਤ ਵਿੱਚ
ਕੋਈ ਡੂੰਘਾ ਰਿਸ਼ਤਾ ਜਿਹਾ ਨਜ਼ਰ ਆਉਣ ਲੱਗਦਾ ਹੈ।
– ਪ੍ਰੋ. ਨਵ ਸੰਗੀਤ ਸਿੰਘ, ਸੰਪਰਕ: 94176-92015