Copyright & copy; 2019 ਪੰਜਾਬ ਟਾਈਮਜ਼, All Right Reserved
ਸੁਪਨਿਆਂ ਦੀ ਸਾਂਝ

ਸੁਪਨਿਆਂ ਦੀ ਸਾਂਝ

ਸਕੂਲ ਵਿੱਚ ਮਿੱਡ-ਡੇ ਮੀਲ ਵਾਲੀ ਬੀਬੀ ਕੰਮ ਤੋਂ ਵਿਹਲੀ ਹੋ ਆਪਣਾ ਦਰਦ ਛੇੜ ਬੈਠਦੀ। ਘਰੇ ਤਾਂ ਭੋਰਾ ਚੈਨ ਨਹੀਂ ਹੈ। ਘਰ ਜਾਂਦਿਆਂ ਹੀ ਫ਼ਿਕਰਾਂ ਦੀ ਪੰਡ ਖੁੱਲ੍ਹਣ ਲਗਦੀ ਹੈ। ਆਉਣ ਵਾਲਾ ਸਮਾਂ ਡਰਾਉਣ ਲਗਦਾ ਹੈ। ਕੋਈ ਸਹਾਰਾ ਵੀ ਨਜ਼ਰ ਨਹੀਂ ਆਉਂਦਾ। ਵੱਡਾ ਮੁੰਡੇ ‘ਤੇ ਆਸ ਬਚੀ ਹੈ। ਕਈ ਸਾਲਾਂ ਤੋਂ ਲੱਕੜ ਦੇ ਮਿਸਤਰੀ ਨਾਲ ਕੰਮ ਸਿੱਖਦਾ, ਬਾਕੀ ਮੇਰੇ ਸਿਰ ‘ਤੇ ਖਾਣ ਵਾਲੇ ਨੇ। ਸਿਰ ਦੇ ਸਾਈਂ ਦਾ ਕੰਮ ਕਿਹੜਾ ਤੁਹਾਡੇ ਤੋਂ ਭੁੱਲਿਆ? ਜਦੋਂ ਘਰੇ ਹੁੰਦਾ ਤਾਂ ਲੜਾਈ ਝਗੜਾ ਨਾਲ ਰਹਿੰਦਾ। ਬੱਚੇ ਡਰ ਤੇ ਸਹਿਮ ਵਿੱਚ ਚੁੱਪ ਵੱਟੀ ਰੱਖਦੇ ਨੇ। ਉਦੋਂ ਘਰ ਵੀ ਕੋਈ ਓਪਰੀ ਸ਼ੈਅ ਜਾਪਦਾ ਹੈ। ਹਾਸਾ, ਅਪਣੱਤ, ਮੋਹ ਕਿਧਰੇ ਨਜ਼ਰ ਨਹੀਂ ਆਉਂਦੇ। ਉਸ ਦੀਆਂ ਸਹਿਜ ਸੁਭਾਅ ਦੀਆਂ ਕੀਤੀਆਂ ਗੱਲਾਂ ਨਿਰਾਸ਼ ਕਰਦੀਆਂ ਹਨ।
ਕੁਝ ਦਿਨ ਛੁੱਟੀ ‘ਤੇ ਰਹਿਣ ਮਗਰੋਂ ਉਹ ਦੁੱਖ ਦੀ ਇੱਕ ਹੋਰ ਛਿਲਤਰ ਦਾ ਦਰਦ ਲੈ ਪਰਤੀ। ਪਹਿਲਾਂ ਟੱਬਰ ਦਾ ਮੁਖੀ ਨਹੀਂ ਸੀ ਜਿਊਣ ਦਿੰਦਾ, ਹੁਣ ਮੁੰਡਾ ਵੀ ਉਸੇ ਕੰਮ ‘ਤੇ ਹੋ ਗਿਆ। ਚੰਗਾ ਭਲਾ ਕੰਮ ‘ਤੇ ਲੱਗ ਸੀ। ਪਤਾ ਨਹੀਂ ਚੰਦਰੇ ਨੂੰ ਕੀਹਦੀ ਨਜ਼ਰ ਲੱਗ ਗਈ, ਕੰਮ ਤੇ ਜਾਣੋ ਹਟ ਗਿਆ। ਕਹਿੰਦਾ ਸਾਰਾ ਦਿਨ ਦਿਲ ਲਾ ਕੇ ਕੰਮ ਕਰਦਾਂ, ਹੈੱਡ ਮਿਸਤਰੀ ਪੂਰਾ ਖਰਚਾ ਨੀਂ ਦਿੰਦਾ। ਨਾ ਹੀ ਸਿੱਧੇ ਮੂੰਹ ਬੋਲਦਾ। ਘਰੇ ਪਿਉ ਪੁੱਤ ਦੂਰੋ ਦੂਰੀ ਹੋਏ ਰਹਿੰਦੇ ਨੇ। ਦਿਲ ਤਾਂ ਬਥੇਰਾ ਕਰਦਾ ਹੈ, ਮੁੰਡੇ ਨੂੰ ਲੱਕੜ ਦੇ ਮਿਸਤਰੀ ਦੀ ਦੁਕਾਨ ਕਰਵਾ ਦੇਈਏ, ਪਰ ਘਰੇ ਪੂੰਜੀ ਹੋਵੇ ਤਾਂ ਗੱਲ ਬਣੇ। ਮੇਰੀ ਨਿਗੂਣੀ ਤਨਖ਼ਾਹ ਨਾਲ ਤਾਂ ਰੋਟੀ ਪਾਣੀ ਮਸਾਂ ਚਲਦਾ ਹੈ। ਪਰਿਵਾਰ ਵਿਚਲੀ ਖਿੱਚੋਤਾਣ ਦੇ ਚੱਲਦਿਆਂ ਮੁੰਡਾ ਘਰ ਛੱਡ ਕੇ ਚਲਾ ਗਿਆ।
ਘਰ ਵਿੱਚ ਰੋਣ ਪਿੱਟਣ ਪੈ ਗਿਆ। ਸਭ ਦੇ ਸਾਹ ਸੂਤੇ ਗਏ। ਕਿਹੜੀ ਥਾਂ ਨਹੀਂ, ਜਿੱਥੇ ਉਸ ਨੂੰ ਨਹੀਂ ਭਾਲਿਆ। ਲੱਭਦਿਆਂ ਕਰਦਿਆਂ ਦੋ ਹਫ਼ਤੇ ਗੁਜ਼ਰ ਗਏ। ਮੁੰਡਾ ਘਰ ਪਰਤਿਆ ਤਾਂ ਉਸਦਾ ਮਾਨਸਿਕ ਤਵਾਜ਼ਨ ਵਿਗੜਿਆ ਹੋਇਆ ਸੀ। ਨਾ ਖਾਣ ਦੀ ਸੁਰਤ, ਨਾ ਪਹਿਨਣ ਦਾ ਫ਼ਿਕਰ। ਨਾ ਕਿਸੇ ਨਾਲ ਬੋਲਦਾ ਚਲਦਾ। ਪਹਿਲਾਂ ਡਾਕਟਰਾਂ ਨੂੰ ਵਿਖਾਇਆ। ਫਿਰ ਉਸੇ ਰਾਹ ਤੁਰ ਪਏ, ਜਿਹੜਾ ਚੌਂਕੀਆਂ, ਡੇਰਿਆਂ ਨੂੰ ਜਾਂਦਾ ਹੈ। ਬੀਬੀ ਕਦੇ ਕਦਾਈਂ ਹੀ ਸਕੂਲ ਆਉਂਦੀ। ਸਤੰਬਰ ਦੇ ਪੇਪਰਾਂ ਕਰਕੇ ਸਾਰੇ ਅਧਿਆਪਕ ਵੀ ਰੁੱਝ ਗਏ। ਜਦ ਸਕੂਲ ਦੇ ਕੰਮ ਤੋਂ ਵਿਹਲ ਮਿਲੀ ਤਾਂ ਪਤਾ ਲੱਗਾ ਕਿ ਬੀਬੀ ਦਾ ਘਰ ਉੱਜੜਨ ਕਿਨਾਰੇ ਹੈ। ਮੁੰਡੇ ਦੀ ਹਾਲਤ ਪਾਗਲਾਂ ਵਰਗੀ ਹੋ ਗਈ ਹੈ। ਕੋਈ ਡਾਕਟਰ ਬਾਂਹ ਨਹੀਂ ਫੜ ਰਿਹਾ। ਰਿਸ਼ਤੇਦਾਰ, ਸਨੇਹੀ ਵੀ ਅੱਖਾਂ ਫੇਰ ਗਏ ਹਨ।
ਹੁਣ ਬੀਬੀ ਦੀ ਟੇਕ ਸਕੂਲ ‘ਤੇ ਹੀ ਸੀ। ਸਾਰੀ ਹਾਲਤ ਜਾਣਨ ਉਪਰੰਤ ਸਟਾਫ ਨਾਲ ਸਲਾਹ ਮਸ਼ਵਰਾ ਕਰਕੇ ਕਲਮਕਾਰ ਪ੍ਰਿੰਸੀਪਲ ਨੇ ਜ਼ਿੰਮੇਵਾਰੀ ਓਟ ਲਈ। ਮਿੱਡ ਡੇ ਮੀਲ ਵਾਲੀ ਬੀਬੀ ਨੂੰ ਹੌਸਲਾ ਦਿੰਦਿਆਂ ਸਭ ਕੁਛ ਠੀਕ ਕਰਨ ਦਾ ਭਰੋਸਾ ਦਿੱਤਾ। ਮੁਖੀ ਵੱਲੋਂ ਆਪਣੇ ਕਰਮਚਾਰੀ ਦੇ ਦੁੱਖ ਦਰਦ ਨੂੰ ਆਪਣਾ ਸਮਝਣ ਦੀ ਪਹਿਲ ਕਦਮੀ ਸਾਡੇ ਸਾਰਿਆਂ ਲਈ ਇੱਕ ਸਬਕ ਸੀ। ਉਹਨਾਂ ਮੁੰਡੇ ਨੂੰ ਇਲਾਜ ਲਈ ਬਰਗਾੜੀ ਮਸ਼ਵਰਾ ਕੇਂਦਰ ਭਿਜਵਾ ਦਿੱਤਾ। ਬੀਬੀ ਰੋਜ਼ਾਨਾ ਸਕੂਲ ਆਉਣ ਲੱਗੀ। ਉਸਦੇ ਚਿਹਰੇ ‘ਤੇ ਚਿੰਤਾ ਦੀ ਥਾਂ ਸਕੂਨ ਦਿਸਣ ਲੱਗਾ। ਪੁੱਛਣ ‘ਤੇ ਉਹ ਇੰਨਾ ਹੀ ਦੱਸਦੀ ਕਿ ਉਹ ਠੀਕ ਹੋ ਰਿਹਾ ਹੈ। ਉਡੀਕ ਵਿੱਚ ਦੋ ਮਹੀਨੇ ਗੁਜ਼ਰ ਗਏ। ਬੀਬੀ ਦਾ ਕੰਮ ਕਾਜ ਤੇ ਚਿਹਰਾ ਖੈਰੀਅਤ ਦੱਸਦਾ ਨਜ਼ਰ ਆਉਣ ਲੱਗਾ।
ਇੱਕ ਦਿਨ ਬੀਬੀ ਸਾਡੇ ਕੋਲ ਆ ਖੁਸ਼ੀ ਦੀ ਗਾਥਾ ਸੁਣਾਉਣ ਲੱਗੀ, “ਤੁਹਾਡੇ ਸਾਰਿਆਂ ਦੇ ਸਾਥ ਨਾਲ ਸਾਡਾ ਘਰ ਹੁਣ ਪੈਰਾਂ ਸਿਰ ਹੋਣ ਲੱਗਾ ਹੈ। ਮੁੰਡਾ ਨੌ ਬਰ ਨੌ ਹੋ ਗਿਆ ਹੈ। ਮਸ਼ਵਰਾ ਕੇਂਦਰ ਵਾਲੇ ਵੀਰਾਂ ਨੇ ਮੁੰਡੇ ਨੂੰ ਤਾਂ ਸਮਝਾਇਆ ਹੀ, ਨਾਲ ਬਾਪ ਨੂੰ ਵੀ ਰਾਹ ਪਾ ਦਿੱਤਾ ਹੈ। ਉਹਨਾਂ ਇਹ ਰਾਜ਼ ਸਮਝਾ ਕੇ ਤੋਰਿਆ, ਮਾਪਿਆਂ ਦਾ ਕੰਮ ਔਲਾਦ ਦੀ ਰੋਟੀ, ਪਾਣੀ ਤੇ ਲੋੜਾਂ ਪੂਰੀਆਂ ਕਰਨ ਤਕ ਸੀਮਤ ਨਹੀਂ ਹੁੰਦਾ। ਉਹਨਾਂ ਨੂੰ ਪੈਰਾਂ ਸਿਰ ਕਰਨਾ ਲਾਜ਼ਮੀ ਹੈ ਕਿ ਜਵਾਨ ਹੋਏ ਧੀਆਂ/ਪੁੱਤਰਾਂ ਦੀਆਂ ਭਾਵਨਾਵਾਂ ਨੂੰ ਸਮਝੋ, ਕਦਰ ਕਰੋ। ਉਹਨਾਂ ਦੇ ਜਿਊਣ ਦੇ ਰਾਹ ਵਿੱਚ ਰੁਕਾਵਟ ਨਾ ਬਣੋ, ਸਗੋਂ ਸਹਿਯੋਗ ਕਰੋ। ਲਾਈਲੱਗ ਬਣਨ ਦੀ ਬਜਾਏ ਮੁਸ਼ਕਲਾਂ ਦੇ ਕਾਰਣ ਜਾਣ ਕੇ ਹੱਲ ਕਰਨ ਦੀ ਕੋਸ਼ਿਸ਼ ਕਰਨਾ ਸਿੱਖੋ। ਅਸੀਂ ਇਹ ਸਬਕ ਪੱਲੇ ਬੰਨ੍ਹ ਲਿਆ।”
ਬੀਬੀ ਦੇ ਘਰ ਪਰਿਵਾਰ ਵਿੱਚ ਸੁਖ, ਸ਼ਾਂਤੀ ਪਰਤਣ ਦੀ ਸੁਖਦ ਖ਼ਬਰ ਸਕੂਲ ਦਾ ਹਾਸਲ ਬਣ ਗਈ। ਸਾਹਿਤਕਾਰ ਪ੍ਰਿੰਸੀਪਲ ਦੇ ਸੁਖਾਵੇਂ ਰੌਂ ਵਿੱਚ ਰਾਹ ਰੁਸ਼ਨਾਉਂਦੇ ਬੋਲ ਸਾਡਾ ਮਨ ਮਸਤਕ ਠਾਰ ਗਏ, ਆਪਣੇ ਬੱਚਿਆਂ ਨਾਲ ਸੁਪਨਿਆਂ ਦੀ ਸਾਂਝ ਬਣਾਉਣਾ ਸਫ਼ਲ ਜੀਵਨ ਦਾ ਰਾਹ ਹੈ। ਪਿਆਰ, ਹਮਦਰਦੀ ਉਹ ਹੀਰੇ ਮੋਤੀ ਹਨ, ਜਿਹੜੇ ਬੋਝ ਬਣੀ ਹਾਰੀ ਜ਼ਿੰਦਗੀ ਨੂੰ ਉਠਾਉਣ ਲਈ ਜੀਵਨ ਦੀ ਸਜਾਵਟ ਬਣਦੇ ਹਨ। ਸੁਖਾਵੀਂ ਜ਼ਿੰਦਗੀ ਲਈ ਸੁਪਨੇ ਤੇ ਸਾਂਝਾਂ ਦਾ ਸੰਗਮ ਕਰਨਾ ਹੀ ਜੀਵਨ ਦਾ ਸੱਚਾ ਕਰਮ ਹੈ।
– ਰਸ਼ਪਿੰਦਰ ਪਾਲ ਕੌਰ