Copyright © 2019 - ਪੰਜਾਬੀ ਹੇਰਿਟੇਜ
ਸੂਬਾਈ ਚੋਣਾਂ ਵਿੱਚ ਟਰੰਪ ਦੀ ਪਾਰਟੀ ਨੂੰ ਦੋ ਰਾਜਾਂ ‘ਚ ਹਾਰ

ਸੂਬਾਈ ਚੋਣਾਂ ਵਿੱਚ ਟਰੰਪ ਦੀ ਪਾਰਟੀ ਨੂੰ ਦੋ ਰਾਜਾਂ ‘ਚ ਹਾਰ

ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਅਮਰੀਕਾ ਦੇ ਸੂਬੇ ਕੈਂਟੱਕੀ ਵਿੱਚ ਗਵਰਨਰ ਦੀ ਚੋਣ ਅਤੇ ਵਰਜੀਨੀਆ ਵਿੱਚ ਵਿਧਾਨ ਸਭਾ ਚੋਣਾਂ ਹਾਰ ਗਈ ਹੈ। ਇਸ ਦੇ ਨਾਲ ਰਾਸ਼ਟਰਪਤੀ ਟਰੰਪ ਦੀ ਦੂਜੀ ਵਾਰ ਰਾਸ਼ਟਰਪਤੀ ਦੀ ਚੋਣ ਜਿੱਤਣ ਦੀਆਂ ਉਮੀਦਾਂ ਨੂੰ ਇੱਕ ਵਾਰ ਝਟਕਾ ਲੱਗਾ ਹੈ। ਅਮਰੀਕਾ ਵਿੱਚ ਇੱਕ ਸਾਲ ਨੂੰ ਰਾਸ਼ਟਰਪਤੀ ਦੀਆਂ ਚੋਣਾਂ ਹੋਣੀਆਂ ਹਨ। ਕੈਂਟੱਕੀ ਦਾ ਰਿਪਬਲਿਕਨ ਗਵਰਨਰ ਮੈੱਟ ਬੇਵਿਨ ਫਸਵੀਂ ਟੱਕਰ ਵਿੱਚ ਸਿਰਫ 5100 ਵੋਟਾਂ ਨਾਲ ਹਾਰ ਗਿਆ ਹੈ। ਇਹ ਕੁਲ ਵੋਟਾਂ ਦਾ ਸਿਰਫ ਅੱਧਾ ਫੀਸਦੀ ਬਣਦਾ ਹੈ ਪਰ ਇਹ ਹਾਰ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ 2016 ਵਿੱਚ ਟਰੰਪ ਨੇ ਸੂਬੇ ਵਿੱਚੋਂ 30 ਫੀਸਦੀ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਵਰਜੀਨੀਆ ਵਿਧਾਨ ਸਭਾ ਦੇ ਦੋਵਾਂ ਸਦਨਾਂ ਵਿੱਚ ਡੈਮੋਕਰੇਟ ਜਿੱਤ ਗਏ ਹਨ। ਕਈ ਦਹਾਕਿਆਂ ਬਾਅਦ ਡੈਮੋਕਰੇਟਾਂ ਨੂੰ ਸੂਬੇ ਵਿੱਚ ਮੁਕੰਮਲ ਸਰਕਾਰ ਦਾ ਕੰਟਰੋਲ ਹਾਸਲ ਹੋਇਆ ਹੈ। ਵਰਜੀਨੀਆ ਵਿੱਚ ਗਵਰਨਰ ਰਲਫ ਨੋਰਟਮ ਵੀ ਡੈਮੋਕਰੇਟ ਹੈ। ਮਿਸੀਸਾਗਾ ਵਿੱਚ ਰਿਪਬਲਿਕਨ ਗਵਰਨਰ ਦਾ ਅਹੁਦਾ ਬਚਾਉਣ ਵਿੱਚ ਕਾਮਯਾਬ ਰਹੇ ਹਨ। ਇੱਥੇ ਲੈਫਟੀਨੈਂਟ ਗਵਰਨਰ ਟੇਟੇ ਰੀਵੇਜ਼ 6 ਫੀਸਦੀ ਵੱਧ ਵੋਟਾਂ ਨਾਲ ਜਿੱਤ ਗਏ ਹਨ। ਨਿਊਜਰਸੀ ਵਿੱਚ ਨਤੀਜੇ ਆਉਣ ਤੱਕ ਰਿਪਬਲਿਕਨ ਪਛੜੇ ਹੋਏ ਸਨ। ਟਰੰਪ ਨੇ ਕੈਂਟੱਕੀ ਵਿੱਚ 5 ਰਿਪਬਲਿਕਨ ਜਿੱਤਣ ਅਤੇ ਮਿਸੀਸਾਗਾ ਦੀ ਗਵਰਨਰਸ਼ਿਪ ਜਿੱਤਣ ਨੂੰ ਲੈ ਕੇ ਟਵੀਟ ਕੀਤਾ ਹੈ। ਇਸ ਦੌਰਾਨ ਕੁੱਝ ਹੋਰ ਰਾਜਾਂ ਵਿੱਚ ਵੀ ਚੋਣਾਂ ਹੋਈਆਂ ਹਨ ਪਰ ਇਹ ਸਥਾਨਕ ਮੁੱਦਿਆਂ ‘ਤੇ ਲੜੀਆਂ ਗਈਆਂ ਹਨ। ਅਮਰੀਕਾ ‘ਚ ਹੋਈਆਂ ਸਥਾਨਕ ਅਤੇ ਸੂਬਾਈ ਚੋਣਾਂ ‘ਚ ਇਕ ਮੁਸਲਿਮ ਔਰਤ ਸਮੇਤ ਭਾਰਤੀ ਮੂਲ ਦੇ ਚਾਰ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਭਾਰਤਵੰਸ਼ੀ ਗਜ਼ਾਲਾ ਹਾਸ਼ਮੀ ਵਰਜੀਨੀਆ ਦੀ ਸੂਬਾਈ ਸੈਨੇਟ ਲਈ ਚੁਣੀ ਗਈ ਹੈ। ਉਹ ਇਸ ਸਦਨ ਵਿਚ ਪੁੱਜਣ ਵਾਲੀ ਪਹਿਲੀ ਮੁਸਲਿਮ ਔਰਤ ਹੈ। ਸੁਹਾਸ ਸੁਬਰਾਮਣੀਅਮ ਇਸ ਸੂਬੇ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਹਨ ਜਦਕਿ ਭਾਰਤੀ ਮੂਲ ਦੇ ਐੱਮ ਰਾਜੂ ਅਤੇ ਡਿੰਪਲ ਅਜਮੇਰਾ ਨੇ ਸਥਾਨਕ ਚੋਣਾਂ ਵਿਚ ਜਿੱਤ ਦਰਜ ਕੀਤੀ ਹੈ। ਡੈਮੋਕ੍ਰੇਟਿਕ ਉਮੀਦਵਾਰ ਦੇ ਤੌਰ ‘ਤੇ ਪਹਿਲੀ ਵਾਰ ਚੋਣ ਵਿਚ ਉਤਰੀ ਹਾਸ਼ਮੀ ਰਿਪਬਲਿਕਨ ਆਗੂ ਤੇ ਮੌਜੂਦਾ ਸਟੇਟ ਸੈਨੇਟਰ ਗਲੇਨ ਸਟੂਅਰਟਵੈਂਟ ਨੂੰ ਹਰਾ ਕੇ ਕੌਮੀ ਪੱਧਰ ‘ਤੇ ਸੁਰਖੀਆਂ ਵਿਚ ਆ ਗਈ ਹੈ।