ਰੁਝਾਨ ਖ਼ਬਰਾਂ
ਅਨਾਥਾਂ ਨੇ ਨਾਥ ਗੁਰੂ ਰਾਮਦਾਸ

ਅਨਾਥਾਂ ਨੇ ਨਾਥ ਗੁਰੂ ਰਾਮਦਾਸ

ਚੌਥੀ ਪਾਤਿਸ਼ਾਹੀ ਗੁਰੂ ਰਾਮਦਾਸ ਦਾ ਜਨਮ 1534 ਈ. ਵਿਚ ਸੋਢੀ ਹਰਿਦਾਸ ਜੀ ਦੇ ਘਰ ਲਾਹੌਰ ਸ਼ਹਿਰ ਦੀ ਚੂਨਾ ਮੰਡੀ ਬਸਤੀ ਵਿਚ ਹੋਇਆ। ਗੁਰੂ ਜੀ ਦਾ ਨਾਂ ‘ਰਾਮਦਾਸ’ ਸੀ, ਪਰ ਘਰ ਵਿਚ ਸਭ ਤੋਂ ਵੱਡਾ ਪੁੱਤਰ ਹੋਣ ਕਰਕੇ ਉਨ੍ਹਾਂ ਨੂੰ ‘ਜੇਠਾ’ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ। ਉਹ ਸਿਰਫ ਸੱਤ ਸਾਲਾਂ ਦੇ ਸਨ, ਜਦੋਂ ਪਹਿਲਾਂ ਉਨ੍ਹਾਂ ਦੇ ਮਾਤਾ ਜੀ ਅਤੇ ਫਿਰ ਪਿਤਾ ਜੀ ਚਲਾਣਾ ਕਰ ਗਏ। ਉਨ੍ਹਾਂ ਨੂੰ ਨਾਨੀ ਲਾਹੌਰ ਤੋਂ ਆਪਣੇ ਪਿੰਡ ਬਾਸਰਕੇ ਲੈ ਆਈ। ਉਥੇ ਪਰਿਵਾਰਕ ਜ਼ਿੰਮੇਵਾਰੀਆਂ ਵਿਚ ਆਪਣਾ ਯੋਗਦਾਨ ਪਾਉਣ ਲਈ ਉਨ੍ਹਾਂ ਘੁੰਗਣੀਆਂ ਵੇਚਣ ਦਾ ਕੰਮ ਸ਼ੁਰੂ ਕੀਤਾ।
ਜਦੋਂ ਉਹ 12 ਵਰ੍ਹਿਆਂ ਦੇ ਹੋਏ ਤਾਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਲਈ ਬਾਸਰਕੇ ਦੀ ਸੰਗਤ ਨਾਲ ਗੋਇੰਦਵਾਲ ਆਏ ਅਤੇ ਅਜਿਹੇ ਪ੍ਰਭਾਵਿਤ ਹੋਏ ਕਿ ਬਾਸਰਕੇ ਪਰਤਣ ਦਾ ਵਿਚਾਰ ਛੱਡ ਕੇ ਸਦਾ ਲਈ ਉਥੇ ਗੁਰੂ-ਸੇਵਾ ਵਿਚ ਮਗਨ ਰਹਿਣ ਲੱਗ ਗਏ। ਉਨ੍ਹਾਂ ਦੀ ਅਦੁੱਤੀ ਸੇਵਾ, ਧਾਰਮਿਕ ਸਾਧਨਾ ਅਤੇ ਹਲੀਮ ਸ਼ਖਸੀਅਤ ਤੋਂ ਗੁਰੂ ਅਮਰਦਾਸ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਸੰਨ 1553 ਈ. ਵਿਚ ਆਪਣੀ ਸਪੁੱਤਰੀ ਬੀਬੀ ਭਾਨੀ ਦਾ ਉਨ੍ਹਾਂ ਨਾਲ ਵਿਆਹ ਕਰ ਦਿੱਤਾ। ਲਤੀਫ ਦੇ ਕਹਿਣ ਅਨੁਸਾਰ ਉਨ੍ਹਾਂ ਦਾ ਨਾਂ ਮੋਹਨੀ ਸੀ, ਪਰ ਸਦਾ ਭਾਣੇ ਵਿਚ ਰਹਿਣ ਕਾਰਨ ਭਾਨੀ ਪੈ ਗਿਆ।

ਕਬ ਪਹਰ ਰਾਤ ਰਹੈ ਅੰਮ੍ਰਿਤ ਵੇਲਾ।
ਗੁਰ ਕਰੈ ਇਸ਼ਨਾਨ ਭਗਤ ਸੁਖ ਕੇਲਾ।
ਤਿਸੀ ਸਮੇਂ ਬੀਬੀ ਜੀ ਦਰਸ਼ਨ ਕਰੈ।
ਗੁਰ ਕੀ ਭਗਤ ਸਦ ਹਿਰਦੈ ਧਰੈ।
(ਮਹਿਮਾ ਪ੍ਰਕਾਸ਼)

ਗੁਰੂ ਰਾਮਦਾਸ ਨੇ ਇਕ ਸਫਲ ਗ੍ਰਹਿਸਥੀ ਦੇ ਨਾਲ ਨਾਲ ਅਧਿਆਤਮਕ ਸਾਧਨਾ ਵੀ ਪੂਰੀ ਸ਼ਿੱਦਤ ਅਤੇ ਨਿਸ਼ਠਾ ਨਾਲ ਨਿਭਾਈ। ਉਨ੍ਹਾਂ ਦੇ ਘਰ ਤਿੰਨ ਪੁੱਤਰਾਂ-ਪ੍ਰਿਥੀਚੰਦ, ਮਹਾਂਦੇਵ ਅਤੇ ਅਰਜਨ ਦੇਵ ਨੇ ਜਨਮ ਲਿਆ। ਪ੍ਰਿਥੀਚੰਦ ਸ਼ੁਰੂ ਤੋਂ ਹੀ ਪਿਤਾ-ਗੁਰੂ ਦੇ ਆਦੇਸ਼ਾਂ ਦੀ ਪਾਲਣਾ ਕਰਨ ਅਤੇ ਅਧਿਆਤਮੀ ਰੁਚੀ ਵਾਲਾ ਜੀਵਨ ਬਤੀਤ ਕਰਨ ਦੀ ਥਾਂ ਪ੍ਰਭੁਤਾ ਦਾ ਪ੍ਰਦਰਸ਼ਨ ਕਰਦਾ ਸੀ ਅਤੇ ਗੁਰੂ ਜੀ ਲਈ ਕਈ ਤਰ੍ਹਾਂ ਦੇ ਕਲੇਸ਼ਾਂ ਦਾ ਕਾਰਨ ਬਣਦਾ ਸੀ। ਕਈ ਵਾਰ ਪਰਿਵਾਰਕ ਅਤੇ ਜਾਇਦਾਦ ਸਬੰਧੀ ਮਾਮਲਿਆਂ ਨੂੰ ਲੈ ਕੇ ਗੁਰੂ ਜੀ ਨਾਲ ਤਕਰਾਰ ਵੀ ਕਰਦਾ। ਇਸ ਸਬੰਧੀ ਗੁਰੂ ਰਾਮਦਾਸ ਦੀ ਬਾਣੀ ਵਿਚ ਸੰਕੇਤ ਮਿਲ ਜਾਂਦੇ ਹਨ,

ਕਾਹੈ ਪੂਤ ਝਗਰਤ ਹਉ ਸੰਗਿ ਬਾਪ॥
ਜਿਨ ਕੇ ਜਣੇ ਬਡੀਰੇ ਤੁਮ ਹਉ
ਤਿਨ ਸਿਉ ਝਗਰਤ ਪਾਪ॥
(ਗੁਰੂ ਗ੍ਰੰਥ ਸਾਹਿਬ, ਪੰਨਾ 1200)

ਦੂਜਾ ਪੁੱਤਰ ਮਹਾਂਦੇਵ ਬੇਲਾਗ ਬਿਰਤੀ ਵਾਲਾ ਸੀ। ਤੀਜੇ ਸੁਪੁੱਤਰ ਅਰਜਨ ਦੇਵ ਨੂੰ ਨਾਨੇ ਗੁਰੂ ਅਮਰਦਾਸ ਦਾ ‘ਦੋਹਿਤਾ-ਬਾਣੀ ਕਾ ਬੋਹਿਥਾ’ ਹੋਣ ਦਾ ਵਰਦਾਨ ਪ੍ਰਾਪਤ ਸੀ। ਗੁਰੂ ਰਾਮਦਾਸ ਦੀ ਸ਼ਖਸੀਅਤ ਇਕ ਸੱਚੇ ਸਾਧਕ ਦਾ ਬਿੰਬ ਸਿਰਜਦੀ ਹੈ। ਜਦੋਂ ਉਹ ਗੁਰੂ ਅਮਰਦਾਸ ਦੀ ਸ਼ਰਣ ਵਿਚ ਆਏ ਅਤੇ ਮਕਬੂਲ ਚੜ੍ਹੇ ਤਾਂ ਸ਼ੁਕਰਾਨੇ ਵਜੋਂ ਜੋ ਭਾਵ ਪ੍ਰਗਟਾਏ, ਉਹ ਸੱਚਮੁਚ ਨਿਮਰਤਾ ਦਾ ਮਰਮ-ਸਪਰਸ਼ੀ ਚਿਤਰਣ ਹੈ,

ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ
ਜੈਸੇ ਹਮ ਸਤਿਗੁਰਿ ਰਾਖਿ ਲੀਏ ਛਡਾਇ॥
ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ
ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ॥
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ
ਸਾ ਬਿਧਿ ਤੁਮ ਹਰਿ ਜਾਣਹੁ ਆਪੇ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ
ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥
(ਪੰਨਾ 167)

ਜਦੋਂ ਅਸੀਂ ਨਿਮਰਤਾ ਦੀ ਗੱਲ ਕਰਦੇ ਹਾਂ ਤਾਂ ਬਾਬਾ ਸ੍ਰੀ ਚੰਦ ਅਤੇ ਗੁਰੂ ਰਾਮਦਾਸ ਦਾ ਮਿਲਾਪ ਯਾਦ ਆ ਜਾਂਦਾ ਹੈ। ਸ੍ਰੀ ਚੰਦ ਨੇ ਗੁਰੂ ਜੀ ਦਾ ਦਾੜ੍ਹਾ ਵੇਖ ਕੇ ਕਿਹਾ ਸੀ, ਇਹ ਕਿਸ ਲਈ ਵਧਾਇਆ ਹੈ?

ਸਿਰੀਚੰਦ ਬੋਲੇ ਤਤਕਾਲੂ।
ਕਰਤਿ ਪਰਖਣਾ ਪਰੇਮ ਦਿਆਲੂ।
ਇਤਨਾ ਦਾੜ੍ਹਾ ਕੈਸ ਬਧਾਯੋ?
ਸੁਨਿਕੇ ਸਤਿਗੁਰ ਭੇ ਨਿੰਮਾਯੋ।

ਗੁਰੂ ਜੀ ਨੇ ਉਤਰ ਦਿਤਾ ਕਿ ਆਪ ਦੇ ਚਰਨਾਂ ਨੂੰ ਪ੍ਰੇਮ ਨਾਲ ਪੂੰਝਣ ਵਾਸਤੇ ਵਧਾਇਆ ਹੈ। ਭਾਈ ਸੰਤੋਖ ਜੀ ਆਪਣੀ ਰਚਨਾ ਵਿਚ ਲਿਖਦੇ ਹਨ,

ਚਰਨ ਗਹੇ ਕਰਿ ਪ੍ਰੇਮ ਸੋਂ ਪੋਂਛਹਿ ਬਾਰੰਬਾਰ।
ਇਸ ਹੀ ਹੇਤੁ ਵਧਾਤਿ ਭੇ, ਸੁਨੀਏ ਗੁਰ ਸੁਤ ਦਯਾਰ।

ਗੁਰੂ ਦੀ ਆਗਿਆ ਦਾ ਪਾਲਣ ਕਰਨ ਵਿਚ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਸੀ। ਇਸੇ ਆਗਿਆ-ਪਾਲਣ ਦੀ ਰੁਚੀ ਕਾਰਨ ਉਹ ਇਕ ਯਤੀਮ ਬੱਚੇ ਤੋਂ ਅਧਿਆਤਮਕ ਤੌਰ ‘ਤੇ ਯਤੀਮਾਂ ਦੇ ਸਰਪ੍ਰਸਤ ਬਣ ਸਕੇ। ਰਾਏ ਬਲਵੰਡ ਅਤੇ ਸੱਤੇ ਡੂਮ ਅਨੁਸਾਰ ਉਨ੍ਹਾਂ ਦਾ ਗੁਰੂ-ਪਦ ਪ੍ਰਾਪਤ ਕਰਨਾ ਇਕ ਕਰਾਮਾਤ ਸੀ। ਅਸਲ ਵਿਚ ਪ੍ਰਭੂ ਜਿਸ ਨੂੰ ਪੈਦਾ ਕਰਦਾ ਹੈ, ਉਸ ਨੂੰ ਸੰਵਾਰਦਾ ਵੀ ਹੈ,

ਧੰਨੁ ਧੰਨੁ ਰਾਮਦਾਸ ਗੁਰੁ
ਜਿਨਿ ਸਿਰਿਆ ਤਿਨੈ ਸਵਾਰਿਆ॥
ਪੂਰੀ ਹੋਈ ਕਰਾਮਾਤਿ
ਆਪਿ ਸਿਰਜਣਹਾਰੈ ਧਾਰਿਆ॥
(ਪੰਨਾ 968)

ਗੁਰੂ ਰਾਮਦਾਸ ਇਕ ਚੰਗੇ ਵਿਵਸਥਾਪਕ ਅਤੇ ਨਿਰਮਾਤਾ ਵੀ ਸਨ। ਗੋਇੰਦਵਾਲ ਵਿਚ ਬਾਉਲੀ ਅਤੇ ਗੁਮਟਾਲਾ, ਸੁਲਤਾਨਵਿੰਡ ਆਦਿ ਪਿੰਡਾਂ ਦੀ ਜਮੀਨ ਖਰੀਦ ਕੇ ‘ਗੁਰ ਕਾ ਚਕ’ ਨਗਰ ਅਤੇ ਸਰੋਵਰ ਦਾ ਨਿਰਮਾਣ ਉਨ੍ਹਾਂ ਦੀ ਲਗਨ ਦਾ ਫਲ ਹੈ। ਭਾਈ ਗੁਰਦਾਸ ਲਿਖਦੇ ਹਨ,

ਬੈਠਾ ਸੋਢੀ ਪਾਤਿਸਾਹੁ
ਰਾਮਦਾਸੁ ਸਤਿਗੁਰੂ ਕਹਾਵੈ।
ਪੂਰਨ ਤਾਲ ਖਟਾਇਆ
ਅੰਮ੍ਰਿਤਸਰ ਵਿਚਿ ਜੋਤਿ ਜਗਾਵੈ।
(ਵਾਰ 1, ਪਉੜੀ 47)

ਗੁਰੂ ਜੀ ਨੇ ਸਿੱਖ ਦੇ ਦਿਨ ਦਾ ਵੇਰਵਾ ਦੇ ਕੇ ਨਵੇਂ ਸਿੱਖ ਸਭਿਆਚਾਰ ਦਾ ਬਿੰਬ ਪੇਸ਼ ਵੀ ਕੀਤਾ,

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ
ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ
ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ (ਪੰਨਾ 305)

‘ਸਵਈਏ ਮਹਲੇ ਚਉਥੇ ਕੇ’ ਵਿਚ ਭੱਟ ਕਵੀਆਂ ਨੇ ਗੁਰੂ ਜੀ ਵਿਚ ਪਰਮਾਤਮਾ ਦੀਆਂ ਸੱਭੇ ਸ਼ਕਤੀਆਂ ਅਤੇ ਸਮਰਥਾਵਾਂ ਦਾ ਜ਼ਿਕਰ ਕਰਕੇ ਬੜੇ ਸੁੰਦਰ ਢੰਗ ਨਾਲ ਚਿਤਰਣ ਕੀਤਾ ਹੈ ਅਤੇ ਜਿਗਿਆਸੂਆਂ ਨੂੰ ਦਸਿਆ ਹੈ ਕਿ ਗੁਰੂ ਰਾਮਦਾਸ ਕਲਿਯੁਗ ਅੰਦਰ ਭਵਸਾਗਰ ਤੋਂ ਤਾਰਨ ਵਿਚ ਸਮਰਥ ਅਜਿਹੀ ਸ਼ਖਸੀਅਤ ਹਨ, ਜਿਨ੍ਹਾਂ ਦੇ ਸ਼ਬਦ ਸੁਣਦਿਆਂ ਹੀ ਸਮਾਧੀ ਲੱਗ ਜਾਂਦੀ ਹੈ। ਉਸ ਦੁਖ-ਨਾਸ਼ਕ ਅਤੇ ਸੁਖਦਾਇਕ ਸ਼ਕਤੀ ਦਾ ਕੇਵਲ ਧਿਆਨ ਧਰਨ ਨਾਲ ਹੀ ਉਹ ਨੇੜੇ ਪ੍ਰਤੀਤ ਹੋਣ ਲਗਦੀ ਹੈ,

ਤਾਰਣ ਤਰਣ ਸਮ੍ਰਥੁ ਕਲਿਜੁਗਿ
ਸੁਨਤ ਸਮਾਧਿ ਸਬਦ ਜਿਸੁ ਕੇਰੇ॥
ਫੁਨਿ ਦੁਖਨਿ ਨਾਸੁ ਸੁਖਦਾਯਕੁ ਸੂਰਉ
ਜੋ ਧਰਤ ਧਿਆਨੁ ਬਸਤ ਤਿਹ ਨੇਰੇ॥ (ਪੰਨਾ 1400)

ਗੁਰੂ ਰਾਮਦਾਸ ਨੇ ਗੁਰੂ ਗ੍ਰੰਥ ਸਾਹਿਬ ਵਿਚ ਆਏ 31 ਰਾਗਾਂ ਵਿਚੋਂ 30 ਰਾਗਾਂ ਵਿਚ ਬਾਣੀ ਦੀ ਰਚਨਾ ਕੀਤੀ ਹੈ। ਉਨ੍ਹਾਂ ਜੋ ਅਧਿਆਤਮਕ ਵਿਚਾਰ ਆਪਣੀ ਬਾਣੀ ਰਾਹੀਂ ਪੇਸ਼ ਕੀਤੇ, ਉਨ੍ਹਾਂ ਦਾ ਮੂਲ ਆਧਾਰ ਗੁਰੂ-ਪਰੰਪਰਾ ਤੋਂ ਪ੍ਰਾਪਤ ਜੀਵਨ-ਦਰਸ਼ਨ ਹੈ। ਅਧਿਆਤਮਕ ਸਾਧਨਾ ਵਿਚ ਬ੍ਰਹਮ ਦੇ ਮੁੱਖ ਤੌਰ ‘ਤੇ ਦੋ ਰੂਪਾਂ ਦੀ ਕਲਪਨਾ ਹੋਈ ਹੈ-ਨਿਰਗੁਣ ਅਤੇ ਸਰਗੁਣ। ਗੁਰੂ ਰਾਮਦਾਸ ਨੇ ਗੁਰੂ-ਪਰੰਪਰਾ ਅਨੁਸਾਰ ਨਿਰਗੁਣ ਨਿਰਾਕਾਰ ਬ੍ਰਹਮ ਪ੍ਰਤੀ ਆਪਣੀ ਆਸਥਾ ਪ੍ਰਗਟ ਕੀਤੀ ਹੈ। ਉਨ੍ਹਾਂ ਅਨੁਸਾਰ ਪਰਮਾਤਮਾ ਆਦਿ ਪੁਰਖ, ਅਪਰ ਅਪਾਰ, ਸ੍ਰਿਸ਼ਟੀ ਕਰਤਾ, ਅਦੁੱਤੀ, ਯੁਗਾਂ-ਯੁਗਾਂਤਰਾਂ ਤਕ ਇਕੋ ਇਕ, ਸਦੀਵੀ ਅਤੇ ਸਥਿਰ ਹੈ,

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ
ਤੁਧੁ ਜੇਵਡੁ ਅਵਰੁ ਨ ਕੋਈ॥
ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ
ਤੂੰ ਨਿਹਚਲੁ ਕਰਤਾ ਸੋਈ॥ (ਪੰਨਾ 348)

ਗੁਰੂ ਜੀ ਨੇ ਆਪਣੀ ਧਰਮ ਸਾਧਨਾ ਪੂਰੀ ਕਰਨ ਲਈ ਗੁਰੂ, ਸਾਧ ਸੰਗਤ, ਨਾਮ ਸਿਮਰਨ, ਸਦ-ਬਿਰਤੀਆਂ ਨੂੰ ਅਪਨਾਉਣ ਅਤੇ ਦੁਰ-ਬਿਰਤੀਆਂ ਨੂੰ ਤਿਆਗਣ ‘ਤੇ ਥਾਂ ਥਾਂ ਜ਼ੋਰ ਦਿੱਤਾ ਹੈ। ਅਜਿਹੀ ਧਰਮ-ਵਿਧੀ ਨੂੰ ਅਪਨਾਉਣ ਤੋਂ ਇਲਾਵਾ ਗੁਰੂ ਰਾਮਦਾਸ ਨੇ ਸਮਾਜਕ ਤੌਰ ‘ਤੇ ਵੀ ਮਨੁੱਖ ਨੂੰ ਸੁਚੇਤ ਕੀਤਾ ਹੈ। ਵਰਣਾਂ ਨੂੰ ਕੋਈ ਮਹੱਤਵ ਨਾ ਦਿੰਦਿਆਂ ਆਪਣੇ ਆਪ ਨੂੰ ਜਾਤ-ਪਾਤ ਦੀਆਂ ਹੱਦਾਂ ਤੋਂ ਪਰੇ ਮੰਨਿਆ ਹੈ,

ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ
ਹਮ ਵੇਚਿਓ ਸਿਰੁ ਗੁਰ ਕੇ॥ (ਪੰਨਾ 731)

ਅਸਲ ਵਿਚ ਚਹੁੰਆਂ ਜਾਤਾਂ ਵਿਚੋਂ ਉਹੀ ਪ੍ਰਧਾਨ ਹੈ, ਜੋ ਹਰਿ-ਭਗਤੀ ਵਿਚ ਰੁਚੀ ਰੱਖੇ। ਸਤਿਸੰਗਤ ਵਿਚ ਜਾਣ ਨਾਲ ਪਤਿਤ ਵੀ ਪ੍ਰਵਾਨ ਚੜ੍ਹ ਜਾਂਦੇ ਹਨ। ਜਿਸ ਦੇ ਹਿਰਦੇ ਵਿਚ ਪਰਮਾਤਮਾ ਵਸਦਾ ਹੈ, ਉਹੀ ਉਚਾ ਅਤੇ ਸੁੱਚਾ ਹੈ। ਕਥਿਤ ਨੀਚ ਜਾਤਿ ਵਾਲਾ ਸੇਵਕ ਤਾਂ ਸਭ ਤੋਂ ਵੱਧ ਸ੍ਰੇਸ਼ਠ ਹੈ। ਇਸ ਤਰ੍ਹਾਂ ਹਰਿ-ਭਗਤੀ ਦੇ ਖੇਤਰ ਵਿਚ ਜਾਤੀ ਭੇਦ-ਭਾਵ ਨੂੰ ਗੁਰੂ ਜੀ ਨੇ ਵਿਅਰਥ ਦਸ ਕੇ ਤਥਾ-ਕਥਿਤ ਨੀਚ ਜਾਤਾਂ ਵਾਲੇ ਸਾਧਕਾਂ ਨੂੰ ਵੱਧ ਗੌਰਵਸ਼ਾਲੀ ਦਸਿਆ ਹੈ,

ਓਹੁ ਸਭ ਤੇ ਊਚਾ ਸਭ ਤੇ ਸੂਚਾ
ਜਾ ਕੈ ਹਿਰਦੈ ਵਸਿਆ ਭਗਵਾਨੁ॥
ਜਨ ਨਾਨਕੁ ਤਿਸ ਕੇ ਚਰਨ ਪਖਾਲੈ
ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ॥ (ਪੰਨਾ 861)

ਗੁਰੂ ਰਾਮਦਾਸ ਨੇ ਸਮਾਜਕ ਵਿਕਾਸ ਵਿਚ ਸੇਵਾ ਦੀ ਵਿਸ਼ੇਸ਼ ਦੇਣ ਮੰਨੀ ਹੈ। ਹਉਮੈ ਵਿਚ ਆਪਣੇ ਆਪ ਲਈ ਜੀਵਿਆ ਜਾਂਦਾ ਹੈ, ਪਰ ਸੇਵਾ ਦੀ ਬਿਰਤੀ ਦੇ ਵਿਕਾਸ ਨਾਲ ਦੂਜਿਆਂ ਲਈ ਜੀਵਿਆ ਜਾਂਦਾ ਹੈ। ਅਸਲ ਸੇਵਾ ਉਹ ਹੈ, ਜਿਸ ਨੂੰ ਪਰਮਾਤਮਾ ਵਲੋਂ ਪੂਰੀ ਸਵੀਕ੍ਰਿਤੀ ਪ੍ਰਾਪਤ ਹੋਵੇ,

ਵਿਚਿ ਹਉਮੈ ਸੇਵਾ ਥਾਇ ਨ ਪਾਏ॥
ਜਨਮਿ ਮਰੈ ਫਿਰਿ ਆਵੈ ਜਾਏ॥
ਸੋ ਤਪੁ ਪੂਰਾ ਸਾਈ ਸੇਵਾ
ਜੋ ਹਰਿ ਮੇਰੇ ਮਨਿ ਭਾਣੀ ਹੇ॥ (ਪੰਨਾ 1071)

ਇਸ ਦੇ ਨਾਲ ਗੁਰੂ ਜੀ ਨੇ ਅਨੰਦ ਵਿਆਹ ਦੀ ਰਸਮ ਨੂੰ ਹੋਰ ਪੱਕਿਆਂ ਕਰਨ ਲਈ ਸੂਹੀ ਰਾਗ ਵਿਚ ਚਾਰ ਲਾਵਾਂ ਉਚਾਰੀਆਂ, ਜਿਨ੍ਹਾਂ ਰਾਹੀਂ ਜੀਵਨ ਸਫਰ ਵਿਚ ਦੰਪਤੀ ਨੂੰ ਕਾਮਯਾਬੀ ਦਾ ਰਸਤਾ ਮਿਲਦਾ ਹੈ। ਗੁਰੂ ਜੀ ਨੇ ਸੰਸਾਰ ਵਿਚ ਚੰਗੀ ਤਰ੍ਹਾਂ ਰਹਿਣ ਦੀ ਜਾਚ ਵੀ ਦੱਸੀ। ਜੋੜੇ ਨੂੰ ਯਾਦ, ਨਿਰਮਲ ਭਉ, ਵਿਛੋੜੇ, ਬਿਰਹਾ ਤੇ ਸਹਿਜ ਅਵਸਥਾ ਵਿਚ ਵਿਚਰਨ ਦੀ ਜਾਚ ਇਨ੍ਹਾਂ ਚਾਰ ਲਾਵਾਂ ਰਾਹੀਂ ਦਰਸਾਈ ਗਈ ਹੈ,

ਹਰਿ ਪਹਿਲੜੀ ਲਾਵ ਪਰਵਿਰਤੀ
ਕਰਮ ਦ੍ਰਿੜਾਇਆ ਬਲਿ ਰਾਮ ਜੀਉ॥
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ
ਪਾਪ ਤਜਾਇਆ ਬਲਿ ਰਾਮ ਜੀਉ॥ (ਪੰਨਾ 773)

ਗੁਰੂ ਰਾਮਦਾਸ ਦੀ ਬਾਣੀ ਵਿਚਾਰਧਾਰਕ ਦ੍ਰਿਸ਼ਟੀ ਤੋਂ ਗੁਰੂ ਨਾਨਕ ਬਾਣੀ ਦੀ ਵਿਚਾਰਧਾਰਾ ਦਾ ਹੀ ਵਿਕਾਸ ਕਰਦੀ ਹੈ। ਕਈ ਪ੍ਰਸੰਗਾਂ ਵਿਚ ਤਾਂ ਇੰਜ ਪ੍ਰਤੀਤ ਹੁੰਦਾ ਹੈ ਕਿ ਗੁਰੂ ਜੀ ਕਿਸੇ ਪੂਰਵ-ਵਰਤੀ ਗੁਰੂ ਦੇ ਸ਼ਬਦ ਅਥਵਾ ਸਲੋਕ ਦੀ ਆਪਣੇ ਢੰਗ ਨਾਲ ਵਿਆਖਿਆ ਕਰ ਰਹੇ ਹਨ। ਅਸਲ ਵਿਚ ਗੁਰਬਾਣੀ ਵਿਚ ਕਈ ਅਧਿਆਤਮਕ ਤੱਥ ਵਾਰ ਵਾਰ ਦੋਹਰਾਏ ਗਏ ਹਨ ਤਾਂ ਜੋ ਜਿਗਿਆਸੂ ਦੀ ਮਾਨਸਿਕਤਾ ਨੂੰ ਬਦਲਿਆ ਜਾ ਸਕੇ। ਇਸ ਤਰ੍ਹਾਂ ਸਾਰੀ ਬਾਣੀ ਦੇ ਉਪਦੇਸ਼ਾਂ ਅਤੇ ਸੰਦੇਸ਼ਾਂ ਵਿਚ ਇਕ ਖਾਸ ਕਿਸਮ ਦੀ ਸਾਂਝ ਹੈ, ਪਰ ਹਰ ਗੁਰੂ ਅਥਵਾ ਭਗਤ ਦੇ ਕਹਿਣ ਦਾ ਆਪਣਾ ਅੰਦਾਜ਼ ਹੈ ਅਤੇ ਇਹ ਅੰਦਾਜ਼ ਸ਼ੈਲੀ, ਬਿੰਬ, ਪ੍ਰਤੀਕ, ਭਾਸ਼ਾ ਆਦਿ ਕਾਵਿ-ਸੋਹਜ ਦੇ ਸਾਧਨਾਂ ਉਤੇ ਨਿਰਭਰ ਕਰਦਾ ਹੈ। ਗੁਰੂ ਜੀ ਨੇ ਸਪੱਸ਼ਟ ਮੰਨਿਆ ਹੈ ਕਿ ਉਹ ਜੋ ਕੁਝ ਬੋਲ ਅਥਵਾ ਲਿਖ ਰਹੇ ਹਨ, ਉਸ ਪਿਛੇ ਬ੍ਰਹਮੀ ਪ੍ਰੇਰਣਾ ਹੈ,

ਆਪੇ ਲੇਖਣਿ ਆਪਿ ਲਿਖਾਰੀ
ਆਪੇ ਲੇਖੁ ਲਿਖਾਹਾ॥ (ਪੰਨਾ 606)