ਰੁਝਾਨ ਖ਼ਬਰਾਂ
ਦੂਜੀ ਬਹਿਸ ਦੌਰਾਨ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਮੁੱਦਾ ਰਿਹਾ ਭਾਰੂ

ਦੂਜੀ ਬਹਿਸ ਦੌਰਾਨ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਮੁੱਦਾ ਰਿਹਾ ਭਾਰੂ

ਮੌਂਟਰੀਅਲ : ਕੈਨੇਡੀਆਂ ਵੋਟਰਾਂ ਸਾਹਮਣੇ ਆਪਣੇ ਆਪ ਨੂੰ ਸੱਚਾ-ਸੁੱਚਾ ਸਾਬਤ ਕਰਨ ਆਏ ਪੰਜ ਪਾਰਟੀਆਂ ਦੇ ਆਗੂ ਆਪਸ ਵਿਚ ਉਲਝ ਕੇ ਰਹਿ ਗਏ। ਫ਼ਰੈਂਚ ਭਾਸ਼ਾ ਵਿਚ ਦੂਜੀ ਬਹਿਸ ਦੌਰਾਨ ਹੈਲਥ ਕੇਅਰ, ਮਹਾਂਮਾਰੀ ਵਿਚ ਚੋਣਾਂ ਦਾ ਐਲਾਨ ਅਤੇ ਵਾਤਾਵਰਣ ਤਬਦੀਲੀਆਂ ਦੇ ਮਸਲੇ ਭਾਰੂ ਰਹੇ ਪਰ ਸਭ ਤੋਂ ਅਹਿਮ ਸਵਾਲ ਦਾ ਕਿਸੇ ਨੇ ਵੀ ਤਸੱਲੀਬਖ਼ਸ਼ ਜਵਾਬ ਨਾ ਦਿਤਾ ਕਿ ਮੁੜ ਘੱਟ ਗਿਣਤੀ ਸਰਕਾਰ ਹੋਂਦ ਵਿਚ ਆਉਣ ‘ਤੇ ਮੱਧਕਾਲੀ ਚੋਣਾਂ ਰੋਕੀਆਂ ਜਾ ਸਕਣਗੀਆਂ ਜਾਂ ਨਹੀਂ।
ਲਿਬਰਲ ਆਗੂ ਜਸਟਿਨ ਟਰੂਡੋ ਨੇ ਕਿਹਾ ਕਿ ਚਾਰ ਸਾਲ ਤੋਂ ਪਹਿਲਾਂ ਚੋਣਾਂ ਨਾ ਕਰਵਾਉਣ ਬਾਰੇ ਉਹ ਕੋਈ ਵਾਅਦਾ ਨਹੀਂ ਕਰ ਸਕਦੇ ਜਦਕਿ ਐਰਿਨ ਓ ਟੂਲ ਨੇ ਆਖਿਆ ਕਿ ਮੱਧਕਾਲੀ ਚੋਣਾਂ ਦਾ ਐਲਾਨ ਨਹੀਂ ਕਰਨਗੇ।
ਜਗਮੀਤ ਸਿੰਘ ਨੇ ਮਹਾਂਮਾਰੀ ਦੌਰਾਨ ਚੋਣਾਂ ਦਾ ਐਲਾਨ ਕੀਤੇ ਜਾਣ ‘ਤੇ ਟਰੂਡੋ ਦੀ ਨੁਕਤਾਚੀਨੀ ਕੀਤੀ ਅਤੇ ਇਸ ਨੂੰ ਹੰਕਾਰੀ ਫ਼ੈਸਲਾ ਕਰਾਰ ਦਿਤਾ।
ਜਗਮੀਤ ਸਿੰਘ ਨੇ ਟਰੂਡੋ ਨੂੰ ਸਵਾਲ ਕੀਤਾ ਕਿ ਇਸ ਵੇਲੇ ਚੋਣਾਂ ਕਰਵਾਉਣ ਦੀ ਲੋੜ ਪੈ ਗਈ? ਦੂਜੇ ਪਾਸੇ ਮਹਾਂਮਾਰੀ ਨਾਲ ਨਜਿੱਠਣ ਅਤੇ ਵੈਕਸੀਨੇਸ਼ਨ ਦੇ ਮਸਲੇ ‘ਤੇ ਜਸਟਿਨ ਟਰੂਡੋ ਅਤੇ ਐਰਿਨ ਓ ਟੂਲ ਭਿੜ ਗਏ।