ਰੁਝਾਨ ਖ਼ਬਰਾਂ
ਐਬਟਸਫੋਰਡ ‘ਚ ਮੁਰੰਮਤ ਹੋਣ ਵਾਲੀਆਂ ਬੇਸਮੈਂਟਾਂ ਦੇ ਕਿਰਾਏ ਵੀ ਸਿਖਰਾਂ ਛੂਹਣ ਲੱਗੇ

ਐਬਟਸਫੋਰਡ ‘ਚ ਮੁਰੰਮਤ ਹੋਣ ਵਾਲੀਆਂ ਬੇਸਮੈਂਟਾਂ ਦੇ ਕਿਰਾਏ ਵੀ ਸਿਖਰਾਂ ਛੂਹਣ ਲੱਗੇ

 

ਵੈਨਕੂਵਰ :  ਜਿਵੇਂ ਜਿਵੇਂ ਲੋਅਰ ਮੇਨਲੈਂਡ ਵਿੱਚ ਮਕਾਨਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਤਿਵੇਂ ਤਿਵੇਂ ਬੇਸਮੈਂਟਾਂ ਵਾਲੇ ਮਕਾਨ ਮਾਲਕਾਂ ਨੇ ਬੇਸਮੈਂਟਾਂ ਦੇ ਕਿਰਾਏ ਵੀ ਹੱਦੋਂ ਪਾਰ ਚੁੱਕੇ ਹੋਏ ਹਨ ਭਾਵ ਕਿ ਗਲ਼ਮੇਂ ਰਾਹੀਂ ਸੁੱਥੂ ਲਾਹੁਣ ਵਾਲੀ ਨੌਬਤ ਆ ਚੁੱਕੀ ਹੈ। ਦੂਜੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਨਵੀਂਆਂ ਬੇਸਮੈਂਟਾਂ ਜਿੰਨਾਂ ਵਿੱਚ ਫ਼ਰਸ਼ ਲੱਗੇ ਹੋਏ ਹਨ, ਉਨ੍ਹਾਂ ਦੇ ਕਿਰਾਏ ਜਾਇਜ਼ ਜਿਹੇ ਦੱਸੇ ਜਾ ਰਹੇ ਹਨ ਅਤੇ ਜਿਹੜੇ ਕਾਫ਼ੀ ਪੁਰਾਣੇ ਮਕਾਨਾਂ ਦੀਆਂ ਬੇਸਮੈਂਟਾਂ ਵਿੱਚ ਗਲੀਸੇ (ਰਗ) ਵਿਛੇ ਹੋਏ ਹਨ ਉਨ੍ਹਾਂ ਦੇ ਕਿਰਾਏ ਨਜਾਇਜ ਦੱਸੇ ਜਾ ਰਹੇ ਹਨ। ਹੁਣ ਦੋਵਾਂ ਬੇਸਮੈਂਟਾਂ ਦਾ ਫਰਕ ਇਹ ਹੈ ਕਿ ਫ਼ਰਸ਼ ਵਾਲੀਆਂ ਨਵੀਆਂ ਬੇਸਮੈਟਾਂ ‘ਚ ਹਰ ਤਰਫ਼ੋਂ ਸਫਾਈ ਹੈ ਅਤੇ ਪੁਰਾਣੀਆਂ ਰਗ ਵਾਲੀਆਂ ਬੇਸਮੈਂਟਾਂ ‘ਚ ਟਿੱਡੀਆਂ ਪਲਪੀਹੀਆਂ ਤੋਂ ਇਲਾਵਾ ਕਈਆਂ ‘ਚੋਂ ਤਾਂ ਚੂਹੇ ਵੀ ਆਮ ਹੀ ਦੇਖੇ ਜਾ ਸਕੇ ਹਨ। ਜਦੋਂ ਬੇਸਮੈਂਟ ਕਿਰਾਏਦਾਰ ਦੱਸ ਕੇ ਬੇਸਮੈਂਟ ਛੱਡਦਾ ਹੈ ਅਤੇ ਜੇ ਮਹੀਨੇ ਤੋਂ ਹਫ਼ਤਾ ਪਹਿਲਾਂ ਵੀ ਦੱਸ ਦਿੰਦਾ ਹੈ ਤਾਂ ਬਹੁਤੇ ਮਕਾਨ ਮਾਲਕਾਂ ਦੀ ਆਪਣੀ ਆਰਥਿਕ ਹਾਲਤ ਹੀ ਖਸਤਾ ਹੋਣ ਕਰਕੇ ਉਹ ਭੰਨ ਤੋੜ ਰਾਸ਼ੀ (Damage Deposit) ਮੋੜਣ ਲਈ ਤਿਆਰ ਨਹੀਂ ਹੁੰਦੇ। ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਅਜਿਹੀ ਰਾਸ਼ੀ ਹੜੱਪ ਕਰ ਲੈਂਦੇ ਹਨ। ਹਾਲ ਹੀ ਵਿੱਚ ਐਬਟਸਫੋਰਡ ‘ਚ ਅਜਿਹੀਆਂ ਕਈ ਸ਼ਿਕਾਇਤਾਂ ਸਾਹਮਣੇ ਆਈਆਂ ਹਨ ਕਿ ਮਕਾਨ ਮਾਲਕ ਅਜਿਹੀ ਰਾਸ਼ੀ ਮੋੜਣ ਤੋਂ ਆਨਾ ਕਾਨੀ ਕਰ ਰਹੇ ਹਨ। ਇਹ ਉਹ ਪਰਿਵਾਰ ਦੱਸੇ ਜਾ ਰਹੇ ਹਨ ਜਿੰਨਾਂ ਦੀ ਜਾਂ ਤਾਂ ਆਰਥਿਕ ਹਾਲਤ ਬਹੁਤ ਮਾੜੀ ਹੈ ਅਤੇ ਜਾਂ ਫਿਰ ਘਰ ਵਿੱਚ ਔਰਤਾਂ ਦੀ ਹੁਕਮ ਅੰਦੂਲੀ ਹੈ। ਇਸ ਦੇ ਨਾਲ ਹੀ ਰਗ ਵਾਲੇ ਘਰਾਂ ਜਾਂ ਰਗ ਵਾਲੀਆਂ ਬੇਸਮੈਂਟਾਂ ਬਾਰੇ ਜਰਮਨੀ ਦੇ ਚਮੜੀ ਮਾਹਰ ਡਾਕਟਰ ਐਰੀ ਥੋਪੇ ਨੇ ਦੱਸਿਆ ਹੈ ਕਿ ਰਗ ਦੀ ਓਨੀ ਸਫਾਈ ਨਹੀਂ ਹੁੰਦੀ ਜਿੰਨੀ ਫ਼ਰਸ਼ ਦੀ ਹੋ ਜਾਂਦੀ ਹੈ ਇਸ ਲਈ ਰਗ ਵਿੱਚ ਧੂੜ ਅਤੇ ਕੀੜੇ ਮਕੌੜੇ ਟਿੱਡੀਆਂ ਆਦਿ ਵੜੇ ਰਹਿੰਦੇ ਹਨ ਜਿੰਨਾਂ ਨਾਲ ਚਮੜੀ ਦੇ ਰੋਗ ਬਹੁਤ ਛੇਤੀ ਲੱਗ ਜਾਂਦੇ ਹਨ ਜਿਵੇਂ ਧੱਫੜ ਹੋ ਜਾਣੇ, ਚਮੜੀ ਉੱਪਰ ਬਰੀਕ ਬਰੀਕ ਦਾਣੇ ਨਿੱਕਲ ਆਉਣੇ ਅਤੇ ਚਮੜੀ ਡੱਬ ਖੜੱਬੀ ਹੋ ਜਾਣੀ ਆਦਿ। ਸੋ ਘਰਾਂ ਵਿੱਚ ਰਗ ਵਿਛਾਉਣੇ ਚਮੜੀ ਲਈ ਘਾਤਿਕ ਹਨ ਅਤੇ ਖ਼ਾਸ ਕਰਕੇ ਰਗ ਵਾਲ਼ੀਆਂ ਡੂੰਘੀਆਂ ਬੇਸਮੈਂਟਾਂ ਵਿੱਚ ਰਹਿਣਾ ਕਿਸੇ ਸਮੇਂ ਵੀ ਚਮੜੀ ਰੋਗ ਲੱਗ ਸਕਦੇ ਹਨ।