ਸਿਹਤ ਲਈ ਨੁਕਸਾਨਦਾਇਕ ਹੈ ਜ਼ਿਆਦਾ ਮਿੱਠਾ ਖਾਣਾ

ਸਿਹਤ ਲਈ ਨੁਕਸਾਨਦਾਇਕ ਹੈ ਜ਼ਿਆਦਾ ਮਿੱਠਾ ਖਾਣਾ

ਵੈਸੇ ਤਾਂ ਮਿੱਠਾ ਜ਼ਿਆਦਾਤਰ ਲੋਕਾਂ ਦੀ ਚਾਹਤ ਹੁੰਦੀ ਹੈ, ਕਿਉਂਕਿ ਹਰ ਖੁਸ਼ੀ ਦੀ ਗੱਲ ‘ਤੇ ਮੂੰਹ ਮਿੱਠਾ ਕਰਾਉਣ ਦੀ ਗੱਲ ਕੀਤੀ ਜਾਂਦੀ ਹੈ ਪਰ ਇਨਸਾਨ ਅਣਜਾਣੇ ਵਿਚ ਦਿਨ ਭਰ ਵਿਚ ਏਨਾ ਮਿੱਠਾ ਖਾ ਲੈਂਦਾ ਹੈ ਕਿ ਉਸ ਨੂੰ ਇਸ ਦਾ ਆਭਾਸ ਹੀ ਨਹੀਂ ਹੁੰਦਾ ਕਿ ਕਿੰਨਾ ਫਾਲਤੂ ਮਿੱਠਾ ਸਰੀਰ ਵਿਚ ਚਲਾ ਗਿਆ ਹੈ। ਦਿਨ ਭਰ ਦੀ ਚਾਹ ਵਿਚ, ਬਿਸਕੁਟ, ਟੌਫੀ, ਚਾਕਲੇਟ, ਆਈਸਕ੍ਰੀਮ, ਮਠਿਆਈ ਅਤੇ ਠੰਢੇ ਪੀਣ ਵਾਲੇ ਪਦਾਰਥਾਂ ਨਾਲ ਸਰੀਰ ਨੂੰ ਕਾਫੀ ਮਿੱਠਾ ਮਿਲ ਜਾਂਦਾ ਹੈ।
ਕੁਦਰਤ ਨੇ ਸਰੀਰ ਨੂੰ ਅਜਿਹਾ ਨਹੀਂ ਬਣਾਇਆ ਕਿ ਸਰੀਰ ਵਿਚ ਜ਼ਿਆਦਾ ਮਿੱਠਾ ਇਕੱਠਾ ਹੋਣ ‘ਤੇ ਅਸੀਂ ਤੰਦਰੁਸਤ ਰਹਿ ਸਕੀਏ। ਅਜਿਹਾ ਹੋਣ ‘ਤੇ ਸਾਨੂੰ ਕਈ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਦਿਲ ਦੀ ਬਿਮਾਰੀ, ਸ਼ੂਗਰ ਅਤੇ ਇਮਿਊਨ ਸਿਸਟਮ ਦਾ ਕਮਜ਼ੋਰ ਹੋਣਾ। ਮਿੱਠਾ ਇਕ ਧੀਮਾ ਜ਼ਹਿਰ ਹੈ ਜੋ ਹੌਲੀ-ਹੌਲੀ ਸਰੀਰ ਦੀਆਂ ਅੰਦਰੂਨੀ ਕਿਰਿਆਵਾਂ ‘ਤੇ ਮਾੜਾ ਪ੍ਰਭਾਵ ਪਾਉਂਦਾ ਹੈ।
ਮਿੱਠੇ ਨਾਲ ਹੋਣ ਵਾਲੀਆਂ ਸਮੱਸਿਆਵਾਂ
* ਪਿੱਤਨਾਸ਼ ਅਤੇ ਪਿੱਤ ਨਲੀ ਦੇ ਕੈਂਸਰ ਦੇ ਖ਼ਤਰੇ ਨੂੰ ਵਧਾਉਂਦਾ ਹੈ।
* ਖੂਨ ਦੇ ਦਬਾਅ ਨੂੰ ਵਧਾਉਣ ਵਿਚ ਸਹਾਇਕ ਹੁੰਦਾ ਹੈ।
* ਮਾਈਗ੍ਰੇਨ, ਸਿਰਦਰਦ ਵਧਦੀ ਹੈ।
* ਜ਼ਿਆਦਾ ਮਿੱਠਾ ਖਾਣ ਨਾਲ ਮੋਟਾਪਾ ਵਧਦਾ ਹੈ।
* ਦੰਦ ਖਰਾਬ ਹੁੰਦੇ ਹਨ। ਦੰਦਾਂ ਵਿਚ ਸੜਨ ਅਤੇ ਮਸੂੜੇ ਕਮਜ਼ੋਰ ਪੈ ਜਾਂਦੇ ਹਨ। * ਦਿਲ ਦੀ ਬਿਮਾਰੀ ਲਈ ਜ਼ਿਆਦਾ ਮਿੱਠਾ ਖ਼ਤਰਨਾਕ ਹੁੰਦਾ ਹੈ।
* ਜ਼ਿਆਦਾ ਮਿੱਠੇ ਦੇ ਸੇਵਨ ਨਾਲ ਔਰਤਾਂ ਨੂੰ ਸਤਨ ਕੈਂਸਰ ਹੋਣ ਦਾ ਖ਼ਤਰਾ ਵਧਦਾ ਹੈ।
* ਜ਼ਿਆਦਾ ਮਿੱਠਾ ਗੁਰਦਿਆਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।
* ਪਿੱਤੇ ਵਿਚ ਪੱਥਰੀ ਬਣਾਉਣ ਵਿਚ ਸਹਾਇਕ ਹੁੰਦਾ ਹੈ।
* ਜ਼ਿਆਦਾ ਮਿੱਠਾ ਪੇਟ ਵਿਚ ਗੈਸ ਦੀ ਸ਼ਿਕਾਇਤ ਨੂੰ ਵਧਾਉਂਦਾ ਹੈ।
* ਗਠੀਏ ਦੇ ਦਰਦਾਂ ਦਾ ਪ੍ਰਮੁੱਖ ਕਾਰਨ ਮਿੱਠੇ ਦੀ ਬਹੁਤਾਤ ਵੀ ਹੁੰਦੀ ਹੈ।
* ਮਿੱਠਾ ਸਰੀਰ ਵਿਚ ਮੌਜੂਦ ਵਿਟਾਮਿਨ ‘ਬੀ’ ਅਤੇ ‘ਕ੍ਰੋਮੀਅਮ’ ਨੂੰ ਖ਼ਤਮ ਕਰਦਾ ਹੈ।
ਸਾਵਧਾਨੀਆਂ
* ਡੱਬਾਬੰਦ ਖਾਧ ਪਦਾਰਥਾਂ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਰੇਸ਼ਾਯੁਕਤ ਭੋਜਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਭੋਜਨ ਵਿਚ ਹਰ ਰੋਜ਼ ਉਚਿਤ ਮਾਤਰਾ ਵਿਚ ਪ੍ਰੋਟੀਨ, ਵਿਟਾਮਿਨ, ਖਣਿਜ ਤੱਤ ਯੁਕਤ ਆਹਾਰ ਦਾ ਸੇਵਨ ਕਰੋ। ਜੋ ਵਿਅਕਤੀ ਸੰਤੁਲਤ ਆਹਾਰ ਲੈਂਦੇ ਹਨ, ਉਨ੍ਹਾਂ ਨੂੰ ਮਿੱਠਾ ਜ਼ਿਆਦਾ ਨੁਕਸਾਨ ਨਹੀਂ ਪਹੁੰਚਾਉਂਦਾ।
* ਕੁਦਰਤੀ ਮਿੱਠੇ ਫਲਾਂ ਦਾ ਸੇਵਨ ਕਰੋ, ਜਿਵੇਂ ਬੇਰ, ਖਜੂਰ, ਗਾਜਰ, ਸੇਬ, ਸ਼ਕਰਕੰਦੀ, ਪਪੀਤਾ ਆਦਿ। ਮਿੱਠੇ ਆਲੂਆਂ ਅਤੇ ਛੱਲੀਆਂ ਤੋਂ ਵੀ ਤੁਸੀਂ ਕਾਫ਼ੀ ਕੁਦਰਤੀ ਮਿਠਾਸ ਲੈ ਸਕਦੇ ਹੋ। ਬਾਜ਼ਾਰੂ ਮੁਰੱਬਿਆਂ ਅਤੇ ਸਾਫਟ ਡ੍ਰਿੰਕਸ ਦੀ ਜਗ੍ਹਾ ‘ਤੇ ਘਰ ਦਾ ਬਣਿਆ ਤਾਜ਼ੇ ਫਲਾਂ ਦਾ ਰਸ ਲਓ। ਬਹੁਤਾਤ ਕਿਸੇ ਵੀ ਚੀਜ਼ ਦੀ ਨੁਕਸਾਨ ਪਹੁੰਚਾਉਂਦੀ ਹੈ, ਇਸ ਗੱਲ ਦਾ ਧਿਆਨ ਜ਼ਰੂਰ ਰੱਖੋ।