ਜਨਮ ਅਧਿਕਾਰ ਨਾਗਰਿਕਤਾ ਬਾਰੇ ਕੰਜ਼ਰਵੇਟਿਵ ਸਾਥੀਆਂ ਵਿਰੁੱਧ ਦੀਪਕ ਉਬਰਾਏ ਨੇ ਲਿਆ ਸਖ਼ਤ ਸਟੈਂਡ

ਜਨਮ ਅਧਿਕਾਰ ਨਾਗਰਿਕਤਾ ਬਾਰੇ ਕੰਜ਼ਰਵੇਟਿਵ ਸਾਥੀਆਂ ਵਿਰੁੱਧ
ਦੀਪਕ ਉਬਰਾਏ ਨੇ ਲਿਆ ਸਖ਼ਤ ਸਟੈਂਡ

ਕੈਲਗਰੀ, ਕੈਲਗਰੀ ਤੋਂ ਸੰਸਦ ਮੈਂਬਰ ਦੀਪਕ ਓਬਰਾਏ ਨੇ ਹਾਲੀਫੈਕਸ ‘ਚ ਹੋਈ ਪਾਰਟੀ ਦੀ ਨੀਤੀ ਕਨਵੈਨਸ਼ਨ ਵਿਚ ਜਨਮ ਅਧਿਕਾਰ ਨਾਗਰਿਕਤਾ ਬਾਰੇ ਬੋਲਦਿਆਂ ਆਪਣੇ ਕੰਜ਼ਰਵੇਟਿਵ ਸਾਥੀਆਂ ਵਿਰੁੱਧ ਸਖ਼ਤ ਸਟੈਂਡ ਲਿਆ। ਉਨ੍ਹਾਂ ਕਿਹਾ ਕਿ ਕੈਨੇਡੀਅਨ ਸਰਕਾਰ ਨੂੰ ਇਹ ਅਧਿਕਾਰ ਨਹੀਂ ਹੋਣਾ ਚਾਹੀਦਾ ਕਿ ਉਹ ਇਹ ਫ਼ੈਸਲਾ ਕਰੇ ਕਿ ਕੌਣ ਕੈਨੇਡੀਅਨ ਹੈ। ਇਸ ਕਨਵੈਨਸ਼ਨ ਵਿਚ ਜਨਮ ਅਧਿਕਾਰ ਨਾਗਰਿਕਤਾ ਖ਼ਤਮ ਕਰਨ ਸਬੰਧੀ ਮਤੇ ‘ਤੇ ਡੈਲੀਗੇਟਾਂ ਨੇ ਵੋਟਾਂ ਵੀ ਪਾਈਆਂ। ਇਸ ਮਤੇ ਵਿਚ ਜਿਨ੍ਹਾਂ ਬੱਚਿਆਂ ਦੇ ਮਾਪੇ ਕੈਨੇਡੀਅਨ ਨਹੀਂ ਹਨ ਜਾਂ ਜਿਨ੍ਹਾਂ ਦੇ ਮਾਪੇ ਸਥਾਈ ਰਿਹਾਇਸ਼ ਨਹੀਂ ਰੱਖਦੇ, ਦਾ ਨਾਗਰਿਕਤਾ ਅਧਿਕਾਰ ਖ਼ਤਮ ਕਰਨ ਦੀ ਗੱਲ ਕਹੀ ਗਈ ਹੈ। ਇਹ ਮਤਾ ਬਹੁਤ ਹੀ ਘੱਟ ਫ਼ਰਕ ਨਾਲ ਪਾਸ ਹੋ ਗਿਆ।  ਬਾਅਦ ‘ਚ ਓਬਰਾਏ ਨੇ ਫ਼ੋਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਵਿਸ਼ਵ ਭਰ ਵਿਚ ਸਰਕਾਰਾਂ ਲੋਕਾਂ ਨੂੰ ਨਾਗਰਿਕਤਾ ਦੇ ਹੱਕ ਤੋਂ ਵਾਂਝਾ ਕਰਨ ਲਈ ਕਾਨੂੰਨ ਦਾ ਸਹਾਰਾ ਲੈਂਦੀਆਂ ਹਨ, ਪਰ ਉਸ ਦਾ ਵਿਚਾਰ ਹੈ ਕਿ ਸਰਕਾਰ ਨੂੰ ਲੋਕਾਂ ਦੀ ਨਾਗਰਿਕਤਾ ਬਾਰੇ ਫ਼ੈਸਲਾ ਲੈਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਜ਼ਿਕਰਯੋਗ ਹੈ ਕਿ 2016 ਵਿਚ 3,80,000 ਤੋਂ ਵੱਧ ਬੱਚਿਆਂ ਨੇ ਕੈਨੇਡਾ ‘ਚ ਜਨਮ ਲਿਆ, ਜਿਨ੍ਹਾਂ ‘ਚੋਂ ਸਿਰਫ਼ 313 ਬੱਚਿਆਂ ਦੀਆਂ ਮਾਵਾਂ ਦੀ ਰਿਹਾਇਸ਼ ਕੈਨੇਡਾ ਤੋਂ ਬਾਹਰ ਹੈ।