ਪੇਂਡੂ ਬੰਦਾ ਸ਼ਹਿਰੀ ਆਦਮੀ

ਪੇਂਡੂ ਬੰਦਾ ਸ਼ਹਿਰੀ ਆਦਮੀ

‘ਸ.ਬਿੰਦਰਪਾਲ ਸਿੰਘ ਔਲਖ ਰੈਜੀਡੈਂਸ’ ਮੈਂ ਪੜਕੇ ਇੱਕਦਮ ਤ੍ਰਬਕ ਗਿਆ।..ਹੈਂ ! ਇਹ ਕੀ! ਬਿੰਦੇ ਨੇ ਕਿਤੇ ਕੋਠੀ ਤਾਂ ਨਹੀਂ ਵੇਚਤੀ? ਸ਼ਾਇਦ ਤਾਂ ਹੀ ਫੋਨ ਕੀਤਾ ਹੋਣਾ। ਜਕੋ-ਤੱਕੀ ਵਿੱਚ ਘੰਟੀ ਵਜਾਈ,ਸੁੱਖ ਦਾ ਸਾਹ ਆਇਆ ਜਦੋਂ ਮੇਰੀ ਭਤੀਜੀ ਨੇ ਗੇਟ ਖੋਲਿਆ। ”ਕੌਣ ਆ ਰਾਣੋ ? ਬਿੰਦੇ ਨੇ ਗੇਟ ਖੜਕਦਾ ਸੁਣ ਪੁਛਿਆ। ”ਮਾਸਟਰ ਅੰਕਲ ਨੇ। ”ਕੁੜੀ ਨੇ ਰਸਮੀ ਸਤਿ ਸ਼੍ਰੀ ਅਕਾਲ ਬੁਲਾਉਦਿਆਂ ਜਵਾਬ ਦਿੱਤਾ। ”ਏਥੇ ਈ ਭੇਜ ਦੇ।” ਬਿੰਦੇ ਨੇ ਧੁੱਪੇ ਪਏ ਨੇ ਆਵਾਜ਼ ਦਿੱਤੀ। ਬਿੰਦਾ ਕੋਠੀ ਦੇ ਪਿਛਵਾੜੇ ਮੰਜਾ ਡਾਹੀ ਪਿਆ ਸੀ। ਮੈਂ ਵੀ ਸਿੱਧਾ ਉਧਰ ਹੀ ਤੁਰ ਪਿਆ। ” ਕਿਵੇਂ ਸਿਹਤ ਠੀਕ ਆ ?” ਮੈਂ ਖੜਿਆਂ ਖੜਿਆਂ ਹੀ ਪੁਛਿਆ। ਬਿੰਦੇ ਨੇ ਪਰਸੋਂ ਫੋਨ ਕਰਕੇ ਮੈਨੂੰ ਬੁਲਾਇਆ ਸੀ ਪਰ ਘਰੇਲੂ ਕੰਮਾਂ ਵਿੱਚ ਉਲਝਿਆ ਹੋਣ ਕਾਰਨ ਮੈਂ ਆ ਨਾ ਸਕਿਆ। ਅੱਜ ਮੈਂ ਸਵੇਰੇ ਹੀ ਆ ਗਿਆ ਸੀ। ”ਸਿਹਤ ਤਾਂ ਹੁਣ ਐਹੋ ਜਿਹੀ ਠੀਕ ਹੋਣੀ ਆ। ਮੈਂ ਤਾਂ ਤੈਨੂੰ ਖਾਸ ਗੱਲ ਕਰਨ ਲਈ ਸੱਦਿਆ।” ਬਿੰਦੇ ਨੇ ਢਿੱਲੀ ਜਿਹੀ ਆਵਾਜ਼ ਵਿੱਚ ਜਵਾਬ ਦਿੱਤਾ। ”ਬਾਹਰ ਕੋਠੀ ਦੇ ਨਵਾਂ ਜਿਹਾ ਨਾਮ ਵੇਖ ਮੈਂ ਤਾਂ ਠਠੰਬਰ ਹੀ ਗਿਆ ਸੀ ਕਿ ਕਿਤੇ ਕੋਠੀ ਵੇਚਕੇ ਹੋਰ ਥਾਂ ਚਲਿਆ ਗਿਆਂ।” ਮੈਂ ਨਾਲ ਪਈ ਕੁਰਸੀ ਤੇ ਬੈਠਦਿਆਂ ਪੁਛਿਆ। ”ਦਸਦਾਂ ਸਾਰੀ ਕਹਾਣੀ, ਰਾਣੋ ਚਾਹ ਬਣਾਓ। ” ਮੈਂ ਤੇ ਬਿੰਦਾ ਹਾਣੋਹਾਣੀ ਸਾਂ,ਦੋ ਚਾਰ ਮਹੀਨਿਆਂ ਦਾ ਫਰਕ ਹੋਣਾ। ਬਚਪਨ ਤੋਂ ਹੀ ਜਿਆਦਾਤਰ ਇਕੱਠੇ ਰਹੇ, ਇੱਕੋ ਜਮਾਤ ਵਿੱਚ, ਇੱਕੋ ਬੈਂਚ ਤੇ ਬੈਠਣਾ। ਰੋਟੀ ਕਿਹੜੇ ਘਰੋਂ ਖਾਲੀ ਪਤਾ ਨਾ ਹੁੰਦਾ। ਛੁੱਟੀ ਬਾਅਦ ਬੇਰ,ਚਿੱਬੜ, ਖਰਬੂਜ਼ੇ ਖਾਂਦੇ ਫਿਰਨਾ। ਬਿੰਦਾ ਜਿਸ ਨੂੰ ਉਦੋਂ ਅਜੇ ਬਿੰਦੀ ਕਿਹਾ ਜਾਂਦਾ ਸੀ ਸੱਤਵੀਂ ਜਮਾਤ ਵਿਚੋਂ ਅੰਗਰੇਜ਼ੀ ਵਾਲੇ ਮਾਸਟਰ ਨਰੋਤਮ ਸਿੰਘ ਤੋਂ ਡਰਦਾ ਸਕੂਲ ਛੱਡ ਗਿਆ। ਮੈਂ ਵੀ ਉਸ ਨੂੰ ਅੰਗਰੇਜ਼ੀ ਸਿਖਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਸ ਦੇ ਪੱਲੇ ਇਹ ਭਾਸ਼ਾ ਜਵਾਂ ਨਾ ਪਈ। ਬਿੰਦੀ ਦੇ ਸਕੂਲੋਂ ਹਟਣ ਕਾਰਨ ਮੇਰਾ ਵੀ ਦਿਲ ਨਾ ਲੱਗੇ। ਇੱਕੋ ਬੈਂਚ ਤੇ ਬੈਠਣ ਲਈ ਅਸੀਂ ਪਤਾ ਨਹੀਂ ਕਿੰਨੀ ਵਾਰ ਕੁੱਟ ਖਾਧੀ ਸੀ। ਮੈਂ ਬੀ.ਏ.,ਬੀਐੱਡ ਕਰ ਸਰਕਾਰੀ ਅਧਿਆਪਕ ਦੀ ਨੌਕਰੀ ਕਰ ਲਈ। ਵਿਆਹ ਵੀ ਨੌਕਰੀ ਵਾਲੀ ਕੁੜੀ ਨਾਲ ਹੋ ਗਿਆ। ਕੁੱਝ ਸਮੇਂ ਬਾਅਦ ਪਿੰਡ ਛੱਡ ਸ਼ਹਿਰ ਆ ਗਏ। ਬਿੰਦੀ ਵੀ ਪੱਕੀ ਉਸਾਰੀ ਦਾ ਕੰਮ ਸਿੱਖ ਮਿਸਤਰੀ ਬਣ ਗਿਆ। ਪਿੰਡ ਵਿੱਚ ਕੰਮ ਪੂਰਾ ਨਾ ਮਿਲਦਾ ਜਾਂ ਸਮੇਂ ਸਿਰ ਪੈਸੇ ਨਾ ਮਿਲਦੇ। ਇੱਕ ਦਿਨ ਗੱਲਾਂ-ਗੱਲਾਂ ਵਿੱਚ ਉਸ ਨੇ ਗੱਲ ਕੀਤੀ ਤਾਂ ਮੈਂ ਉਸ ਨੂੰ ਸ਼ਹਿਰ ਵਿੱਚ ਕੰਮ ਕਰਨ ਲਈ ਕਹਿ ਦਿੱਤਾ। ਕੁੱਝ ਦਿਨਾਂ ਬਾਅਦ ਬਿੰਦੀ ਸ਼ਹਿਰ ਆ ਗਿਆ ਅਤੇ ਉਸ ਨੇ ਕੰਮ ਵੀ ਲੱਭ ਲਿਆ। ਉਹ ਸਵੇਰੇ ਰੋਟੀ ਝੋਲੇ ਵਿੱਚ ਪਾ ਸਾਈਕਲ ਲੈ ਚਲਾ ਜਾਂਦਾ। ਬਿੰਦੀ ਮੇਰੇ ਸਾਥ ਅਤੇ ਕੰਮ ਮਿਲਣ ਕਾਰਨ ਪੂਰਾ ਖੁਸ਼ ਸੀ ਪਰ ਮੇਰੇ ਲਈ ਨਵੀਂ ਬਿਪਤਾ ਖੜੀ ਹੋ ਗਈ। ਘਰਵਾਲੀ ਨੂੰ ਇਹ ਸਭ ਪਸੰਦ ਨਹੀਂ ਸੀ। ਬਿੰਦੀ ਦਾ ਮਜਦੂਰੀ ਕੰਮ ਅਤੇ ਪੇਂਡੂ ਰਹਿਣ ਸਹਿਣ ਵੇਖ ਮੁਹੱਲੇ ਵਾਲੇ ਕੀ ਕਹਿਣਗੇ, ਇਹ ਗੱਲ ਉਸ ਨੂੰ ਸਦਾ ਰੜਕਦੀ ਰਹਿੰਦੀ। ਸਾਡੇ ਦੋਵਾਂ ਜੀਆਂ ਵਿੱਚ ਦੱਬਵੀਂ ਸੁਰ ਵਿੱਚ ਲੜਾਈ ਰਹਿਣ ਲੱਗੀ। ਇੱਕ ਦਿਨ ਬਿੰਦੀ ਦੇ ਕੰਮ ਤੇ ਜਾਣ ਮਗਰੋਂ ਸਾਡੇ ਵਿੱਚ ਕਾਫੀ ਬਹਿਸ ਹੋ ਗਈ। ਉਸੇ ਸਮੇਂ ਕੋਈ ਸੰਦ ਘਰ ਰਹਿ ਜਾਣ ਕਾਰਨ ਬਿੰਦੀ ਵੀ ਆ ਗਿਆ ਸੀ ਅਤੇ ਉਸ ਨੇ ਸਾਰੀ ਗੱਲ ਸੁਣ ਲਈ ਸੀ ਪਰ ਉਸ ਨੇ ਸਾਨੂੰ ਮਹਿਸੂਸ ਨਹੀਂ ਸੀ ਹੋਣ ਦਿੱਤਾ ਸਗੋਂ ਹਸਦਾ ਹੋਇਆ ਕਹਿਣ ਲੱਗਾ ਬਾਈ ਮੈਂ ਤਾਂ ਭੁੱਲ ਹੀ ਗਿਆ ਸੀ, ਕੰਮ ਦੂਰ ਮਿਲਣ ਕਰਕੇ ਅਸੀਂ ਸਭ ਨੇ ਉੱਥੇ ਹੀ ਰਹਿਣ ਦਾ ਪ੍ਰੋਗਰਾਮ ਬਣਾ ਲਿਆ ਹੈ। ਆਉਂਦੇ ਜਾਂਦੇ ਦੇਰ ਹੋ ਜਾਂਦੀ ਹੈ ਜਿਸ ਕਰਕੇ ਕੰਮ ਨਿਬੜਦਾ ਨਹੀਂ। ਮੈਂ ਤਾਂ ਆਪਣਾ ਸਮਾਨ ਲੈਣ ਆਇਆ ਸੀ ਅਤੇ ਤੁਹਾਨੂੰ ਦੱਸਣਾ ਸੀ। ਮੈਂ ਸਾਰੀ ਗੱਲ ਸਮਝ ਗਿਆ ਸੀ । ਮੈਂ ਨੀਵੀਂ ਪਾਈ ਖੜਾ ਸੀ। ਉਸ ਦੇ ਸਾਹਮਣੇ ਹੋਣ ਦੀ ਹਿੰਮਤ ਵੀ ਨਹੀਂ ਸੀ ਰਹਿ ਗਈ। ਬਿੰਦੀ ਚਲਾ ਗਿਆ ਸੀ ਪਰ ਇੱਕ ਬੋਝ ਮੇਰੇ ਮਨ ਤੇ ਸਦਾ ਲਈ ਛੱਡ ਗਿਆ ਸੀ। ਸਮੇਂ ਦੇ ਫੇਰ ਨਾਲ ਬਿੰਦੀ ਦਾ ਕੰਮ ਬੜਾ ਵਧੀਆ ਚਲ ਨਿਕਲਿਆ ਸੀ। ਹੁਣ ਉਸ ਨੇ ਖੁਦ ਮਕਾਨ ਬਣਾਉਣ ਦੇ ਠੇਕੇ ਲੈਣੇ ਸੁਰੂ ਕਰ ਦਿੱਤੇ ਸਨ। ਥੋੜੇ ਹੀ ਸਾਲਾਂ ਵਿੱਚ ਸ਼ਹਿਰ ਦੇ ਵਧੀਆ ਇਲਾਕੇ ਵਿੱਚ ਕੋਠੀ ਪਾ ਲਈ ਅਤੇ ਪੂਰੇ ਪਰਿਵਾਰ ਨੂੰ ਸ਼ਹਿਰ ਲੈ ਆਇਆ ਸੀ। ਸਾਡਾ ਰਸਮੀ ਆਉਣ ਜਾਣ ਤਾਂ ਬਣਿਆ ਰਿਹਾ ਪਰ ਰਿਸ਼ਤੇ ਵਿਚਲੀ ਮਿਠਾਸ ਗਾਇਬ ਸੀ। ਉਮਰ ਦੇ ਹਿਸਾਬ ਨਾਲ ਹੁਣ ਉਸ ਨੂੰ ਬਿੰਦੀ ਦੀ ਬਜਾਏ ਬਿੰਦਾ ਕਹਿਣ ਲੱਗ ਪਏ। ਮੈਂ ਨੌਕਰੀ ਤੋਂ ਰਿਟਾਇਰ ਹੋ ਗਿਆ ਸੀ ਅਤੇ ਬਿੰਦੇ ਨੇ ਵੀ ਕੰਮ ਛੱਡ ਦਿੱਤਾ ਸੀ। ਦੋਵਾਂ ਦੇ ਬੱਚੇ ਆਪ ਕਮਾਉਣ ਲੱਗੇ ਸਨ। ”ਚਾਹ ਪੀ ਲੈ। ” ਬਿੰਦਾ ਉਠਕੇ ਮੰਜੇ ਤੇ ਬੈਠ ਦਾ ਹੋਇਆ ਬੋਲਿਆ। ਮੈਂ ਵੀ ਸਮੇਂ ਦੇ ਗੇੜ ਵਿਚੋਂ ਬਾਹਰ ਆਇਆ। ਚਾਹ ਪੀਦਿਆਂ ਉਸ ਨੇ ਬੋਲਣਾ ਸ਼ੁਰੂ ਕੀਤਾ। ”ਤੇਰੇ ਮਨ ਤੇ ਜਿਹੜਾ ਬੋਝ ਆ ਉਹ ਨੂੰ ਲਾਹ ਦੇ,ਤੇਰਾ ਕੀ ਕਸੂਰ! ਸ਼ਹਿਰ ਦੀ ਜਿੰਦਗੀ ਹੀ ਇਹੋ ਜਿਹੀ ਹੈ। ਹੁਣ ਤਾਂ ਮੈਂ ਖੁਦ ਹੰਢਾ ਰਿਹਾ ਹਾਂ। ਇਨ੍ਹਾਂ ਸਾਲਾਂ ਵਿੱਚ ਮੈਂ ਦੇਖ ਲਿਆ ਇਥੇ ਰਿਸ਼ਤਿਆਂ ਵਿੱਚ ਪਿਆਰ ਨਹੀਂ, ਸਗੋਂ ਵਿਖਾਵਾ ਏ,ਇੱਕ ਢਕਵੰਜ ਆ। ਹੁਣ ਤਾਂ ਮੈਂ ਤੇਰੇ ਨਾਲੋਂ ਵੱਧ ਆਦੀ ਹੋ ਗਿਆ ਹਾਂ। ਪਿੰਡ ਦੀ ਗਾਮੋ ਨੂੰ ਇਥੇ ਲਿਆ ਗੁਰਨਾਮ ਕੌਰ ਬਣਾ ਦਿੱਤਾ। ਖੱਖੜੀਆਂ,ਖਰਬੂਜੇ ਖਾਣ ਵਾਲੇ ਨੂੰ ਜੁਆਕਾਂ ਨੇ ਸ਼ਹਿਰੀ ਤਹਿਜੀਬ ਵਿੱਚ ਬੰਨ੍ਹ ਦਿੱਤਾ, ਅਖੇ ਇਹ ਪੇਂਡੂ ਚੀਜ਼ਾਂ ਬੁਰੀਆਂ ਲੱਗਦੀਆਂ। ਸਲਾਦ ਵਿੱਚ ਇਹ ਹੋਣਾ ਚਾਹੀਦਾ, ਇਹ ਨਹੀਂ ਹੋਣਾ ਚਾਹੀਦਾ। ਫਰਿੱਜ ਵਿੱਚ ਫਰੂਟ ਆਹ ਹੋਣੇ ਚਾਹੀਦੇ ਹਨ। ਮੈਨੂੰ ਸਮਝ ਨਹੀਂ ਆਈ ਇਹ ਖਾਣ ਲਈ ਖਰੀਦਦੇ ਜਾਂ ਵਿਖਾਣ ਲਈ। ਰਿਸ਼ਤਿਆਂ ਵਿੱਚੋਂ ਵੀ ਨਿੱਘ ਨਹੀਂ ਆਉਂਦਾ। ਹੁਣੇ ਤੇਰੇ ਆਇਆਂ ਤੇ ਜਦੋਂ ਮਾਸਟਰ ਅੰਕਲ ਕਿਹਾ ਤਾਂ ਇਉਂ ਲੱਗਿਆ ਜਿਵੇਂ ਕਿਸੇ ਓਪਰੇ ਨੂੰ ਕਿਹਾ। ਜੇ ਤਾਇਆ ਚਾਚਾ ਕਹਿੰਦੇ ਤਾਂ ਮੈਨੂੰ ਵੀ ਭ ਰਾਵਾਂ ਵਾਲਾ ਰਿਸ਼ਤਾ ਦਿਸਦਾ ਪਰ ਇਥੇ ਤਾਂ…ਆਹ ਨਾਮ ਦੀ ਪਲੇਟ ਦੀ ਸੁਣ ਲੈ,ਮੇਰਾ ਨਾਮ ਬਿੰਦਾ ਸਿੰਘ ਪੇਂਡੂ ਲੱਗਦਾ ਸੀ, ਉਸ ਨੂੰ ਖਿੱਚ ਕੇ ਸ਼ਹਿਰੀ ਬਣਾ ਦਿੱਤਾ। ਕਿਸ ਨੂੰ ਦੋਸ਼ ਦੇਈਏ। ਬਸ ਭ ਰਾ ਪਤਾ ਲੱਗ ਗਿਆ ਫਰਕ ਪੇਂਡੂ ਬੰਦੇ ਅਤੇ ਸ਼ਹਿਰੀ ਆਦਮੀ ਵਿੱਚ। ” ਇਨ੍ਹਾਂ ਕਹਿ ਬਿੰਦਾ ਮੇਰਾ ਹੱਥ ਫੜ ਰੋਣ ਲੱਗ ਪਿਆ। ਮੇਰੇ ਵੀ ਅੱਖਾਂ ਵਿਚੋਂ ਹੰਝੂ ਡਿੱਗਣ ਲੱਗੇ।

-ਗੁਰਮੀਤ ਮਰਾੜ੍ਹ 9501400397