ਸਮੇਂ ਦੀ ਚਾਲ

ਸਮੇਂ ਦੀ ਚਾਲ

ਗਧੇ ਘੋੜੇ ਜਿੱਥੇ ਮੁੱਲ ਇੱਕੋ,
ਓੱਥੇ ਹਾਥੀ ਵੀ ਜਾਣ ਲਿਤਾੜੇ ਬਾਬਾ।
ਟਿੱਚ ਕਰਕੇ ਸਮਝਦੇ ਆਮ ਤਾਈ ਂ,
ਟੱਟੂ ਕੁੜਮਾਂ ਦਾ ਕਰ ਭਾੜੇ ਬਾਬਾ।

ਬੋਲ਼ਾ ਅੰਨ੍ਹੇ ਨੂੰ ਧੂਹੀ ਫਿਰੇ ਏਥੇ,
ਪੁੱਛ ਦੱਸ ਨਾ ਤਾਈ ਂ ਮਾੜੇ ਬਾਬਾ।
ਜੀਹਦੀ ਮਰਜ਼ੀ ਪੂਛ ਨੂੰ ਹੱਥ ਲਾ ਲਉ,
ਡੰਗ ਮਾਰਦੇ ਸਭ ਕਰਾਰੇ ਬਾਬਾ।

ਚੁੱਕੀ ਫਿਰਦਾ ਹੱਥ ਵਿੱਚ ਝੁਰਲੂ,
ਫਿਰੇ ਬਣਿਆਂ ਹਰ ਕੋਈ ਮਦਾਰੀ ਬਾਬਾ।
ਭਾਈ ਘਣਈਆ ਨਾ ਭਾਈ ਬਹਿਲੋ ਏਥੇ,
ਸੱਜਣ ਠੱਗ ਨੇ ਸਭ ਬਲੀ ਕੰਧਾਰੀ ਬਾਬਾ।

ਰੋਈਏ ਇੱਕ ਨੂੰ ਕੀ ਗਿਆ ਊਤ ਆਵਾ,
ਏਥੇ ਕੋਈ ਨਾ ਕਿਸੇ ਦਾ ਬੇਲੀ ਬਾਬਾ।
ਸਮਝਣ ‘ਭਗਤਿਆ’ ਆਪ ਨੂੰ ਰੱਬ ਸਾਰੇ,
ਪੱਲੇ ਕਿਸੇ ਦੇ ਨਾ ਪੌਲੀ ਧੇਲੀ ਬਾਬਾ।

ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113 (ਕੈਨੇਡਾ)