ਪੀਂਘਾਂ ਕਿੱਥੇ ਪਾਵਾਂ?

ਪੀਂਘਾਂ ਕਿੱਥੇ ਪਾਵਾਂ?

ਪਿੱਪਲਾਂ ਦੇ ਸੰਗ ਬੋੜ੍ਹ ਗਵਾ ਲਏ,
ਬੌੜ੍ਹਾਂ ਦੇ ਸੰਗ ਛਾਵਾਂ।
ਟਾਹਲੀਆਂ ਗਈਆਂ ਆਏ ਸਫ਼ੈਦੇ,
ਪੀਂਘਾਂ ਕਿਥੇ ਪਾਵਾਂ।

ਚੁੰਝ ਵਿੱਚ ਤਿਨਕਾ ਲਈ ਪਰਿੰਦਾ
ਉਡਿਆ ਚਾਰ ਚੁਫੇਰੇ,
ਜੂਹਾਂ ਦੇਸੀ ਬਿਰਖ ਦਸੌਰੀ,
ਕਿਧਰ ਆਲ੍ਹਣਾ ਪਾਵਾਂ।

ਪਿਛਲੀ ਰਾਤੇ ਚੜ੍ਹੀ ਹਨ੍ਹੇਰੀ,
ਕਰ ਗਈ ਤੀਲ੍ਹਾ ਤੀਲ੍ਹਾ,
ਲੁੱਕ ਛੁਪ ਕੇ ਕੋਈ ਬਚੀ ਕਰੂੰਬਲ,
ਪੱਤਰ ਟਾਵਾਂ ਟਾਵਾਂ।

ਲੱਗੀ ਲੌਅ ਤੇ ਕੀ ਪਿਆ ਵੇਖਾਂ,
ਬੰਦ ਦਿਸਣ ਦਰਵਾਜ਼ੇ,
ਤੱਖਤਪੌਸ਼ ਤੇ ਖੁੱਲ੍ਹਿਆ ਠੇਕਾ
ਪਿੰਡ ਦੀ ਸੱਥ ਵਿੱਚ ਠਾਣਾ।

ਖੂਹਾਂ ਤੇ ਸੀ ਰੱਬ ਵਸੇਂਦਾ,
ਉਹ ਵੀ ਰੁੱਸਦਾ ਲਗਿਆ,
ਜੱਟ ਮਰਦਾ ਖੁਦਕੁਸ਼ੀਆਂ ਕਰਦਾਂ,
ਓਹਨੂੰ ਚੰਬੜੀਆਂ ਦਿਨੇ ਬਲਾਵਾਂ।

ਗੁਰੂਆਂ ਪੀਰਾਂ ਦੀ ਉਹ ਧਰਤੀ,
ਧਾਹਾਂ ਮਾਰ ਕੇ ਰੋਵੇ,
ਜਿਉਂ ਕੋਈ ਲਾੜੀ ਸੱਜ ਵਿਆਹੀ,
ਲੱਟ ਲਈ ਆਪ ਕਹਾਰਾਂ।

ਸੱਪਣੀ ਸਿਰ ਤੇ ਫੂਕਾਂ ਮਾਰੇ,
ਬੋਟ ਆਲ੍ਹਣੇ ਸਹਿਮੇ,
ਉਤਰ ਪਹਾੜੋਂ ਆ ਵੇ ਜੋਗੀ,
ਪੁੱਟ ਵਰਮੀ ਨੂੰ ਢਾਵਾਂ।

ਪਿੱਪਲਾਂ ਦੇ ਸੰਗ ਬੋੜ੍ਹ ਗਵਾ ਲਏ,
ਬੌੜ੍ਹਾਂ ਦੇ ਸੰਗ ਛਾਵਾਂ।
ਟਾਹਲੀਆਂ ਗਈਆਂ ਆਏ ਸਫ਼ੈਦੇ,
ਪੀਂਘਾਂ ਕਿਥੇ ਪਾਵਾਂ।

-ਪਸ਼ੌਰਾ ਸਿੰਘ ਢਿੱਲੋਂ