ਰੁਝਾਨ ਖ਼ਬਰਾਂ
ਪੰਜਾਬ ‘ਚ ‘ਆਪ’ ਪਾਰਟੀ ‘ਚ ਪਾੜਾ ਹੋਰ ਵਧਿਆ

ਪੰਜਾਬ ‘ਚ ‘ਆਪ’ ਪਾਰਟੀ ‘ਚ ਪਾੜਾ ਹੋਰ ਵਧਿਆ 

ਚੰਡੀਗੜ੍ਹ: ਪੰਜਾਬ ‘ਚ ‘ਆਪ’ ਦੀਆਂ ਦੋਵਾਂ ਧਿਰਾਂ ‘ਚ ਟਕਰਾਅ ਵਧਣ ਦੇ ਆਸਾਰ ਬਣੇ ਹੋਏ ਹਨ। ਇਕ ਪਾਸੇ ਬਾਗੀ ਧਿਰ ਨੇ ਸਾਫ ਕਰ ਦਿੱਤਾ ਹੈ ਕਿ ਬਠਿੰਡਾ ਕਨਵੈਨਸ਼ਨ ਦੇ ਮਤਿਆਂ ਨੂੰ ਸਿਰੇ ਚੜ੍ਹਾਏ ਬਿਨਾਂ ਉਹ ਹਾਈਕਮਾਂਡ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਗੇ।
ਦੂਜੇ ਪਾਸੇ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਮੀਟਿੰਗ ਵਿਚ ਮਤਾ ਪਾਸ ਕਰਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਵਿਰੁੱਧ ਤੁਰਤ ਸਖਤ ਕਾਰਵਾਈ ਕਰਨ ਦੀ ਕੀਤੀ ਮੰਗ ਅਨੁਸਾਰ ਹਾਈਕਮਾਂਡ ਇਸ ਮਤੇ ਉਪਰ ਗੰਭੀਰਤਾ ਨਾਲ ਗੌਰ ਕਰ ਰਹੀ ਹੈ। ਹਾਲਾਂਕਿ ਬਾਅਦ ਵਿਚ ਦਿੱਲੀ ਵਿਚ ਹੋਈ ਮੀਟਿੰਗ ਵਿਚ ਬਾਗੀਆਂ ਨਾਲ ਨਰਮੀ ਵਿਖਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਪਰ ਅੰਦਰੋਂ ਅੰਦਰੀਂ ਸਭ ਠੀਕ ਹੋਣ ਦੇ ਲੱਛਣ ਨਹੀਂ ਲੱਗ ਰਹੇ।
ਇਸੇ ਦੌਰਾਨ ਬਾਗੀ ਧੜੇ ਵੱਲੋਂ ਬਣਾਈ 16 ਮੈਂਬਰੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀ.ਏ.ਸੀ.) ਦੀ ਪਲੇਠੀ ਮੀਟਿੰਗ ਦੌਰਾਨ ਪਾਰਟੀ ਦੇ ਬਰਾਬਰ ਆਪਣਾ ਢਾਂਚਾ ਬਣਾਉਣਾ ਦਾ ਫੈਸਲਾ ਲੈਣ ਕਾਰਨ ਕਿਸੇ ਤਰ੍ਹਾਂ ਦੀ ਸਹਿਮਤੀ ਲਈ ਗੱਲਬਾਤ ਦੀਆਂ ਸੰਭਾਵਨਾਵਾਂ ਘਟਦੀਆਂ ਜਾ ਰਹੀਆਂ ਹਨ। ਮੀਟਿੰਗ ਤੋਂ ਬਾਅਦ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਨਾਲ ਪਾਰਟੀ ਦੇ ਕਿਸੇ ਵੀ ਆਗੂ ਵੱਲੋਂ ਹਾਲੇ ਤੱਕ ਸਮਝੌਤੇ ਬਾਰੇ ਕੋਈ ਸੰਪਰਕ ਨਹੀਂ ਕੀਤਾ ਗਿਆ। ਉਨ੍ਹਾਂ ਸਾਫ ਕੀਤਾ ਕਿ ਉਹ ਪੰਜਾਬ ਦੇ ਲੋਕਾਂ ਦਾ ਤੀਸਰੀ ਧਿਰ ਉਸਾਰਨ ਦਾ ਸੁਪਨਾ ਸਾਕਾਰ ਕਰਨ ਦੇ ਯਤਨਾਂ ਵਿਚ ਹਨ ਕਿਉਂਕਿ ਭੰਗ ਕੀਤੀ ਬਾਡੀ 1900 ਵੋਟਾਂ ਤੱਕ ਸਿਮਟ ਗਈ ਸੀ।
ਖਹਿਰਾ ਧੜੇ ਨੇ 22 ਅਗਸਤ ਨੂੰ ਫਰੀਦਕੋਟ, 25 ਅਗਸਤ ਨੂੰ ਗੁਰਦਾਸਪੁਰ ਅਤੇ 2 ਸਤੰਬਰ ਨੂੰ ਮੋਗਾ ਵਿਚ ਜ਼ਿਲ੍ਹਾ ਪੱਧਰੀ ਇਕੱਠ ਕਰਨ ਦਾ ਐਲਾਨ ਵੀ ਕੀਤਾ ਹੈ। ਇਸੇ ਤਰ੍ਹਾਂ ਬਾਗੀ ਧੜੇ ਨੇ 22 ਜ਼ਿਲ੍ਹਿਆਂ ਲਈ ਪੀ.ਏ.ਸੀ. ਦੇ 16 ਮੈਂਬਰਾਂ ਨੂੰ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਇਸ ਧੜੇ ਦੇ ਵਫਦ ਨੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੂੰ ਮਿਲ ਕੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਲਾਗੂ ਕਰਨ ਸਮੇਤ ਪੰਜਾਬ ਦੇ ਕਈ ਹੋਰ ਮੁੱਦੇ ਉਠਾਏ।